ਪਰਮੇਸ਼ੁਰ ਦੇ ਲੋਕਾਂ ਦੀ ਸੁਰੱਖਿਆ
ਦਾਊਦ ਦਾ ਯਾਤਰਾ ਦਾ ਗੀਤ
1ਜਿਹੜੇ ਯਹੋਵਾਹ ਉੱਤੇ ਭਰੋਸਾ ਰੱਖਦੇ ਹਨ,
ਉਹ ਸੀਯੋਨ ਦੇ ਪਰਬਤ ਵਰਗੇ ਹਨ,
ਜੋ ਕਦੇ ਡੋਲਦਾ ਨਹੀਂ ਸਗੋਂ ਸਦਾ ਲਈ ਅਟੱਲ ਰਹਿੰਦਾ ਹੈ!
2ਜਿਵੇਂ ਪਰਬਤ ਯਰੂਸ਼ਲਮ ਦੇ ਆਲੇ-ਦੁਆਲੇ ਹਨ,
ਤਿਵੇਂ ਯਹੋਵਾਹ ਆਪਣੀ ਪਰਜਾ ਦੇ ਆਲੇ-ਦੁਆਲੇ ਹੈ,
ਹੁਣ ਤੋਂ ਲੈ ਕੇ ਸਦੀਪਕ ਕਾਲ ਤੱਕ ਹੈ।
3ਦੁਸ਼ਟਾਂ ਦਾ ਰਾਜ-ਡੰਡ ਧਰਮੀਆਂ ਦੇ ਉੱਤੇ ਬਣਿਆ ਨਾ ਰਹੇਗਾ,
ਅਜਿਹਾ ਨਾ ਹੋਵੇ ਕਿ ਧਰਮੀ ਆਪਣੇ ਹੱਥ ਬਦੀ ਵੱਲ ਵਧਾਉਣ।
4ਹੇ ਯਹੋਵਾਹ, ਭਲਿਆਂ ਨਾਲ ਭਲਿਆਈ ਕਰ,
ਅਤੇ ਸਿੱਧੇ ਮਨ ਵਾਲਿਆਂ ਨਾਲ ਵੀ।
5ਪਰ ਜਿਹੜੇ ਆਪਣੇ ਪੁੱਠੇ ਰਾਹਾਂ ਵੱਲ ਭਟਕ ਜਾਂਦੇ ਹਨ,
ਯਹੋਵਾਹ ਉਨ੍ਹਾਂ ਨੂੰ ਕੁਕਰਮੀਆਂ ਦੇ ਨਾਲ ਚਲਾਵੇਗਾ!
ਇਸਰਾਏਲ ਉੱਤੇ ਸਲਾਮਤੀ ਹੋਵੇ।