ਇੱਕ ਖਰੇ ਵਿਅਕਤੀ ਦੀ ਪ੍ਰਾਰਥਨਾ
ਦਾਊਦ ਦਾ ਭਜਨ।
1ਹੇ ਯਹੋਵਾਹ, ਮੇਰਾ ਨਿਆਂ ਕਰ
ਕਿਉਂ ਜੋ ਮੈਂ ਖਰਿਆਈ ਨਾਲ ਹੀ ਚੱਲਿਆ
ਹਾਂ, ਮੈਂ ਯਹੋਵਾਹ ਉੱਤੇ ਅਟੱਲ ਭਰੋਸਾ ਰੱਖਿਆ ਹੈ।
2ਹੇ ਯਹੋਵਾਹ, ਮੈਨੂੰ ਪਰਖ ਅਤੇ ਮੈਨੂੰ ਪਰਤਾ,
ਮੇਰੇ ਗੁਰਦੇ ਅਤੇ ਮੇਰੇ ਦਿਲ ਨੂੰ ਜਾਂਚ,
3ਕਿਉਂ ਜੋ ਤੇਰੀ ਦਯਾ ਮੇਰੀ ਅੱਖੀਆਂ ਦੇ ਅੱਗੇ ਹੈ,
ਅਤੇ ਮੈਂ ਤੇਰੀ ਸਚਿਆਈ ਵਿੱਚ ਚੱਲਿਆ ਹਾਂ।
4ਮੈਂ ਨਿਕੰਮਿਆਂ ਦੇ ਸੰਗ ਨਹੀਂ ਬੈਠਾ,
ਨਾ ਮੈਂ ਕਪਟੀਆਂ ਦੇ ਸੰਗ ਅੰਦਰ ਜਾਂਵਾਂਗਾ।
5ਬੁਰਿਆਂ ਦੀ ਸਭਾ ਨਾਲ ਮੈਂ ਵੈਰ ਰੱਖਿਆ ਹੈ,
ਅਤੇ ਦੁਸ਼ਟਾਂ ਦੇ ਸੰਗ ਮੈਂ ਨਹੀਂ ਬੈਠਾਂਗਾ।
6ਹੇ ਯਹੋਵਾਹ, ਮੈਂ ਆਪਣੇ ਹੱਥਾਂ ਨੂੰ ਨਿਰਮਲਤਾਈ ਦੇ ਜਲ ਨਾਲ ਧੋਵਾਂਗਾ,
ਇਸ ਲਈ ਮੈਂ ਤੇਰੀ ਜਗਵੇਦੀ ਦੀ ਪਰਿਕਰਮਾ ਕਰਾਂਗਾ,
7ਤਾਂ ਜੋ ਮੈਂ ਧੰਨਵਾਦ ਦਾ ਸ਼ਬਦ ਸੁਣਾਵਾਂ,
ਅਤੇ ਤੇਰੇ ਸਾਰਿਆਂ ਅਚਰਜ਼ ਕੰਮਾਂ ਦਾ ਬਿਆਨ ਕਰਾਂ।
8ਹੇ ਯਹੋਵਾਹ, ਮੈਂ ਤੇਰੇ ਭਵਨ ਦੇ ਵਸੇਬਿਆਂ ਨਾਲ,
ਅਤੇ ਤੇਰੀ ਮਹਿਮਾ ਦੇ ਡੇਰੇ ਨਾਲ ਪ੍ਰੇਮ ਰੱਖਦਾ ਹਾਂ।
9ਮੇਰੀ ਜਾਨ ਨੂੰ ਪਾਪੀਆਂ ਦੇ ਨਾਲ ਨਾ ਮਿਲਾ,
ਨਾ ਮੇਰੀ ਜਿੰਦ ਨੂੰ ਖੂਨੀਆਂ ਦੇ ਨਾਲ।
10ਜਿਨ੍ਹਾਂ ਦੇ ਹੱਥਾਂ ਵਿੱਚ ਸ਼ਰਾਰਤ ਹੈ,
ਅਤੇ ਜਿਨ੍ਹਾਂ ਦਾ ਸੱਜਾ ਹੱਥ ਰਿਸ਼ਵਤਾਂ ਨਾਲ ਭਰਿਆ ਹੋਇਆ ਹੈ।
11ਪਰ ਮੈਂ ਖਰਾ ਹੀ ਚੱਲਾਂਗਾ,
ਮੈਨੂੰ ਛੁਟਕਾਰਾ ਦੇ ਅਤੇ ਮੇਰੇ ਉੱਤੇ ਦਯਾ ਕਰ।
12ਮੇਰਾ ਪੈਰ ਪੱਧਰੇ ਥਾਂ ਉੱਤੇ ਟਿਕਿਆ ਹੋਇਆ ਹੈ,
ਮੈਂ ਸਭਾਵਾਂ ਵਿੱਚ ਯਹੋਵਾਹ ਨੂੰ ਧੰਨ ਆਖਾਂਗਾ।