ਇੱਕ ਬਜ਼ੁਰਗ ਦੀ ਪ੍ਰਾਰਥਨਾ
1ਹੇ ਯਹੋਵਾਹ, ਮੈਂ ਤੇਰੀ ਸ਼ਰਨ ਆਇਆ ਹਾਂ,
ਮੈਨੂੰ ਕਦੇ ਵੀ ਸ਼ਰਮਿੰਦਾ ਨਾ ਹੋਣ ਦੇ!
2ਆਪਣੇ ਧਰਮ ਨਾਲ ਮੇਰਾ ਛੁਟਕਾਰਾ ਕਰ ਕੇ ਮੈਨੂੰ ਛੁਡਾ,
ਆਪਣਾ ਕੰਨ ਮੇਰੀ ਵੱਲ ਲਾ ਕੇ ਮੈਨੂੰ ਬਚਾ!
3ਤੂੰ ਮੇਰੇ ਨਿਵਾਸ ਦੀ ਚੱਟਾਨ ਬਣ ਜਿੱਥੇ ਮੈਂ ਹਰ ਰੋਜ਼ ਜਾਇਆ ਕਰਾਂ,
ਤੂੰ ਮੇਰੇ ਬਚਾਓ ਦੀ ਆਗਿਆ ਦਿੱਤੀ ਹੈ,
ਕਿਉਂ ਜੋ ਤੂੰ ਹੀ ਮੇਰੀ ਚੱਟਾਨ ਅਤੇ ਮੇਰਾ ਗੜ੍ਹ ਹੈਂ।
4ਹੇ ਮੇਰੇ ਪਰਮੇਸ਼ੁਰ, ਮੈਨੂੰ ਦੁਸ਼ਟ ਦੇ ਹੱਥੋਂ
ਅਤੇ ਕੁਧਰਮੀ ਤੇ ਜ਼ਾਲਿਮ ਦੇ ਪੰਜਿਓਂ ਛੁਡਾ!
5ਹੇ ਪ੍ਰਭੂ ਯਹੋਵਾਹ, ਤੂੰ ਹੀ ਮੇਰੀ ਆਸ ਹੈਂ,
ਅਤੇ ਮੇਰੀ ਜਵਾਨੀ ਤੋਂ ਮੇਰਾ ਭਰੋਸਾ ਤੇਰੇ ਉੱਤੇ ਹੈ।
6ਮੈਂ ਜਨਮ ਤੋਂ ਹੀ ਤੇਰੇ ਦੁਆਰਾ ਸੰਭਾਲਿਆ ਗਿਆ ਹਾਂ,
ਮੇਰੀ ਮਾਤਾ ਦੀ ਕੁੱਖ ਤੋਂ ਤੂੰ ਹੀ ਮੈਨੂੰ ਕੱਢਿਆ,
ਮੈਂ ਸਦਾ ਤੇਰੀ ਉਸਤਤ ਕਰਾਂਗਾ।
7ਮੈਂ ਬਹੁਤਿਆਂ ਦੇ ਲਈ ਇੱਕ ਅਚੰਭਾ ਜਿਹਾ ਬਣਿਆ,
ਪਰ ਤੂੰ ਮੇਰੀ ਪੱਕੀ ਪਨਾਹ ਹੈਂ।
8ਮੇਰਾ ਮੂੰਹ ਤੇਰੀ ਉਸਤਤ
ਅਤੇ ਤੇਰੀ ਪ੍ਰਸ਼ੰਸਾ ਨਾਲ ਸਾਰਾ ਦਿਨ ਭਰਿਆ ਰਹੇਗਾ।
9ਬੁਢੇਪੇ ਦੇ ਸਮੇਂ ਮੈਨੂੰ ਤਿਆਗ ਨਾ ਦੇ,
ਜਦ ਮੇਰਾ ਬਲ ਘਟੇ ਤਾਂ ਮੈਨੂੰ ਨਾ ਛੱਡ!
10ਮੇਰੇ ਵੈਰੀ ਤਾਂ ਮੇਰੇ ਵਿਖੇ ਆਖਦੇ ਹਨ,
ਅਤੇ ਮੇਰੀ ਜਾਨ ਦੇ ਵੈਰੀ ਆਪਸ ਵਿੱਚ ਮਤਾ ਪਕਾਉਂਦੇ ਹਨ।
11ਓਹ ਕਹਿੰਦੇ ਹਨ ਕਿ ਪਰਮੇਸ਼ੁਰ ਨੇ ਉਹ ਨੂੰ ਤਿਆਗ ਦਿੱਤਾ ਹੈ,
ਉਹ ਦਾ ਪਿੱਛਾ ਕਰ ਕੇ ਉਹ ਨੂੰ ਫੜ ਲਵੋ, ਕਿਉਂ ਜੋ ਉਸਦਾ ਛੁਡਾਉਣ ਵਾਲਾ ਕੋਈ ਨਹੀਂ ਹੈ।
12ਹੇ ਪਰਮੇਸ਼ੁਰ, ਮੈਥੋਂ ਦੂਰ ਨਾ ਰਹਿ,
ਹੇ ਮੇਰੇ ਪਰਮੇਸ਼ੁਰ, ਮੇਰੀ ਸਹਾਇਤਾ ਛੇਤੀ ਕਰ!
13ਜੋ ਮੇਰੀ ਜਾਨ ਦੇ ਵਿਰੋਧੀ ਹਨ
ਓਹ ਸ਼ਰਮਿੰਦੇ ਅਤੇ ਨਾਸ ਹੋ ਜਾਣ,
ਜੋ ਮੇਰਾ ਬੁਰਾ ਚਾਹੁੰਦੇ ਹਨ
ਓਹ ਉਲਾਹਮੇ ਅਤੇ ਨਿਰਾਦਰੀ ਵਿੱਚ ਭਰ ਜਾਣ!
14ਪਰ ਮੈਂ ਸਦਾ ਤੇਰੇ ਉੱਤੇ ਆਸ ਰੱਖਾਂਗਾ
ਅਤੇ ਤੇਰੀ ਉਸਤਤ ਤੇ ਉਸਤਤ ਕਰਦਾ ਹੀ ਜਾਂਵਾਂਗਾ।
15ਮੇਰਾ ਮੂੰਹ ਜੀਵਨ ਭਰ ਤੇਰੇ ਧਰਮ
ਅਤੇ ਤੇਰੀ ਮੁਕਤੀ ਦਾ ਵਰਣਨ ਕਰੇਗਾ,
ਜਿਨ੍ਹਾਂ ਦਾ ਲੇਖਾ ਵੀ ਮੈਂ ਨਹੀਂ ਜਾਣ ਸਕਦਾ।
16ਮੈਂ ਪ੍ਰਭੂ ਯਹੋਵਾਹ ਦੇ ਬਲ ਵਿੱਚ ਚੱਲਾਂਗਾ,
ਮੈਂ ਕੇਵਲ ਤੇਰੇ ਹੀ ਧਰਮ ਦਾ ਜ਼ਿਕਰ ਕਰਾਂਗਾ।
17ਹੇ ਪਰਮੇਸ਼ੁਰ, ਤੂੰ ਮੈਨੂੰ ਜਵਾਨੀ ਤੋਂ ਸਿਖਾਇਆ ਹੈ,
ਅਤੇ ਹੁਣ ਤੱਕ ਮੈਂ ਤੇਰੇ ਅਨੋਖੇ ਕੰਮਾਂ ਨੂੰ ਦੱਸਦਾ ਰਿਹਾ।
18ਸੋ ਬੁਢੇਪੇ ਤੇ ਧੌਲਿਆਂ ਤੱਕ ਵੀ, ਹੇ ਪਰਮੇਸ਼ੁਰ,
ਮੈਨੂੰ ਨਾ ਤਿਆਗ, ਜਦ ਤੱਕ ਮੈਂ ਆਉਣ ਵਾਲੀ ਪੀੜ੍ਹੀ ਨੂੰ ਤੇਰਾ ਬਲ,
ਅਤੇ ਸਾਰੇ ਆਉਣ ਵਾਲਿਆਂ ਨੂੰ ਤੇਰੀ ਸਮਰੱਥਾ ਨਾ ਦੱਸਾਂ।
19ਅਤੇ ਤੇਰਾ ਧਰਮ, ਹੇ ਪਰਮੇਸ਼ੁਰ, ਅੱਤ ਉੱਚਾ ਹੈ,
ਤੂੰ ਵੱਡੇ-ਵੱਡੇ ਕੰਮ ਕੀਤੇ ਹਨ!
ਹੇ ਪਰਮੇਸ਼ੁਰ, ਤੇਰੇ ਤੁੱਲ ਕੌਣ ਹੈ?
20ਤੂੰ ਜਿਸ ਨੇ ਮੈਨੂੰ ਬਹੁਤ ਅਤੇ ਬੁਰੀਆਂ ਬਿਪਤਾਵਾਂ ਵਿਖਾਈਆਂ ਹਨ,
ਮੁੜ ਕੇ ਮੈਨੂੰ ਜਿਵਾਏਂਗਾ,
ਅਤੇ ਧਰਤੀ ਦੀਆਂ ਡੁੰਘਿਆਈਆਂ ਵਿੱਚੋਂ ਫੇਰ ਮੈਨੂੰ ਉਠਾਵੇਂਗਾ।
21ਤੂੰ ਮੇਰੇ ਆਦਰ ਨੂੰ ਵਧਾ,
ਅਤੇ ਮੁੜ ਕੇ ਮੈਨੂੰ ਦਿਲਾਸਾ ਦੇ।
22ਹੇ ਮੇਰੇ ਪਰਮੇਸ਼ੁਰ,
ਮੈਂ ਵੀ ਤੇਰੀ ਸਚਿਆਈ ਦੇ ਕਾਰਨ, ਸਿਤਾਰ ਵਜਾ ਕੇ ਤੇਰਾ ਧੰਨਵਾਦ ਕਰਾਂਗਾ,
ਇਸਰਾਏਲ ਦੇ ਪਵਿੱਤਰ ਪੁਰਖ, ਮੈਂ ਬਰਬਤ ਵਜਾ ਕੇ ਤੇਰਾ ਜਸ ਗਾਵਾਂਗਾ।
23ਮੇਰੇ ਬੁੱਲ੍ਹ ਜੈਕਾਰਾ ਗਜਾਉਣਗੇ ਜਦ ਮੈਂ ਤੇਰਾ ਜਸ ਗਾਵਾਂਗਾ,
ਅਤੇ ਮੇਰੀ ਜਾਨ ਵੀ ਜਿਸ ਨੂੰ ਤੂੰ ਛੁਟਕਾਰਾ ਦਿੱਤਾ ਹੈ।
24ਮੇਰੀ ਜੀਭ ਵੀ ਸਾਰਾ ਦਿਨ ਤੇਰੇ ਧਰਮ ਦੀ ਚਰਚਾ ਕਰੇਗੀ,
ਕਿਉਂਕਿ ਜਿਹੜੇ ਮੇਰਾ ਬੁਰਾ ਚਾਹੁੰਦੇ ਹਨ,
ਓਹ ਲੱਜਿਆਵਾਨ ਅਤੇ ਸ਼ਰਮਿੰਦੇ ਹਨ।