ਧਨ ਉੱਤੇ ਭਰੋਸਾ ਰੱਖਣ ਦੀ ਮੂਰਖਤਾ
ਪ੍ਰਧਾਨ ਵਜਾਉਣ ਵਾਲੇ ਦੇ ਲਈ ਕੋਰਹ ਵੰਸ਼ੀਆਂ ਦਾ ਭਜਨ।
1ਹੇ ਸਾਰੇ ਲੋਕੋ, ਇਹ ਸੁਣੋ,
ਹੇ ਜਗਤ ਦੇ ਸਾਰੇ ਵਾਸੀਓ ਕੰਨ ਲਾਓ!
2ਕੀ ਊਚ, ਕੀ ਨੀਚ,
ਧਨੀ ਅਤੇ ਕੰਗਾਲ ਇਕੱਠੇ।
3ਮੇਰੇ ਮੂੰਹ ਵਿੱਚੋਂ ਬੁੱਧ ਦੀਆਂ ਗੱਲਾਂ ਨਿੱਕਲਣਗੀਆਂ,
ਅਤੇ ਮੇਰੇ ਮਨ ਦਾ ਵਿਚਾਰ ਗਿਆਨ ਦਾ ਹੋਵੇਗਾ।
4ਮੈਂ ਆਪਣੇ ਕੰਨ ਦ੍ਰਿਸ਼ਟਾਂਤ ਵੱਲ ਲਾਵਾਂਗਾ,
ਮੈਂ ਬਰਬਤ ਨਾਲ ਆਪਣਾ
ਭੇਤ ਖੋਲ੍ਹਾਂਗਾ।
5ਬੁਰੇ ਦਿਨਾਂ ਵਿੱਚ ਮੈਂ ਕਿਉਂ ਡਰਾਂ,
ਜਦ ਧੋਖੇਬਾਜ਼ਾਂ ਦੀ ਬਦੀ ਮੈਨੂੰ ਘੇਰ ਲੈਂਦੀ ਹੈ?
6ਜਿਹੜੇ ਆਪਣੀ ਮਾਇਆ ਉੱਤੇ ਭਰੋਸਾ ਰੱਖਦੇ ਹਨ,
ਅਤੇ ਆਪਣੇ ਧਨ ਦੀ ਬਹੁਤਾਇਤ ਉੱਤੇ ਫੁੱਲਦੇ ਹਨ,
7ਉਨ੍ਹਾਂ ਵਿੱਚੋਂ ਕੋਈ ਆਪਣੇ ਆਪ ਦਾ ਛੁਟਕਾਰਾ ਕਰ ਨਹੀਂ ਸਕਦਾ,
ਨਾ ਪਰਮੇਸ਼ੁਰ ਨੂੰ ਉਹ ਦੇ ਬਦਲੇ ਪ੍ਰਾਸਚਿਤ ਦੇ ਸਕਦਾ ਹੈ,
8ਕਿਉਂ ਜੋ ਉਨ੍ਹਾਂ ਦੀ ਜਾਨ ਦਾ ਛੁਟਕਾਰਾ ਮਹਿੰਗਾ ਹੈ,
ਅਤੇ ਉਹ ਸਦਾ ਤੱਕ ਅਸਾਧ ਹੈ,
9ਕਿ ਉਹ ਅਨੰਤ ਕਾਲ ਤੱਕ ਜਿਉਂਦਾ ਰਹੇ,
ਅਤੇ ਕਬਰ ਨੂੰ ਨਾ ਵੇਖੇ।
10ਉਹ ਤਾਂ ਵੇਖਦਾ ਹੈ ਕਿ ਬੁੱਧਵਾਨ ਵੀ ਮਰਦੇ,
ਅਤੇ ਮੂਰਖ ਅਤੇ ਖਚਰਾ ਦੋਵੇਂ ਨਸ਼ਟ ਹੋ ਜਾਂਦੇ ਹਨ,
ਅਤੇ ਆਪਣੀ ਮਾਇਆ ਹੋਰਨਾਂ ਲਈ ਛੱਡ ਜਾਂਦੇ ਹਨ।
11ਉਨ੍ਹਾਂ ਦੇ ਅੰਦਰ ਇਹ ਭੁਲੇਖਾ ਹੈ
ਕਿ ਸਾਡੀਆਂ ਕਬਰਾਂ ਸਦਾ ਤੱਕ
ਅਤੇ ਸਾਡੇ ਨਿਵਾਸ ਪੀੜ੍ਹੀਓਂ ਪੀੜ੍ਹੀ ਰਹਿਣਗੇ,
ਓਹ ਆਪਣੀਆਂ ਭੂਮੀਆਂ ਉੱਤੇ ਆਪਣੇ ਨਾਮ ਰੱਖਦੇ ਹਨ।
12ਪਰ ਆਦਮੀ ਆਦਰ ਵਿੱਚ ਨਹੀਂ ਟਿਕੇਗਾ,
ਉਹ ਡੰਗਰਾਂ ਵਰਗੇ ਹਨ ਜਿਹੜੇ ਨਸ਼ਟ ਹੋ ਜਾਂਦੇ ਹਨ।
13ਉਨ੍ਹਾਂ ਦੀ ਇਹ ਚਾਲ ਉਨ੍ਹਾਂ ਦੀ ਮੂਰਖਤਾਈ ਹੈ,
ਤਾਂ ਵੀ ਜਿਹੜੇ ਉਨ੍ਹਾਂ ਦੇ ਮਗਰ ਆਉਂਦੇ ਹਨ,
ਓਹ ਉਨ੍ਹਾਂ ਦੀਆਂ ਗੱਲਾਂ ਨੂੰ
ਪਸੰਦ ਕਰਦੇ ਹਨ। ਸਲਹ।
14ਇੱਜੜ ਵਾਂਗੂੰ ਉਹ ਪਤਾਲ ਵਿੱਚ ਰੱਖੇ ਜਾਂਦੇ ਹਨ,
ਮੌਤ ਉਨ੍ਹਾਂ ਦੀ ਅਯਾਲੀ ਹੋਵੇਗੀ,
ਅਤੇ ਸਵੇਰ ਨੂੰ ਧਰਮੀ ਉਨ੍ਹਾਂ ਉੱਤੇ ਰਾਜ ਕਰਨਗੇ।
ਉਨ੍ਹਾਂ ਦਾ ਰੂਪ ਪਤਾਲ ਵਿੱਚ ਗਲ਼ ਜਾਵੇਗਾ,
ਉਹ ਦਾ ਕੋਈ ਟਿਕਾਣਾ ਨਾ ਰਹੇਗਾ।
15ਪਰੰਤੂ ਪਰਮੇਸ਼ੁਰ ਮੇਰੀ ਜਾਨ ਨੂੰ ਪਤਾਲ ਦੇ
ਵੱਸ ਤੋਂ ਛੁਟਕਾਰਾ ਦੇਵੇਗਾ,
ਕਿਉਂ ਜੋ ਉਹ ਮੈਨੂੰ ਕਬੂਲ ਕਰੇਗਾ। ਸਲਹ।
16ਤੂੰ ਨਾ ਡਰ ਜਦ ਕੋਈ ਮਨੁੱਖ ਧਨੀ ਹੋ ਜਾਵੇ, ਜਦ ਉਹ ਦੇ ਘਰ ਦਾ
ਪਰਤਾਪ ਵਧ ਜਾਵੇ,
17ਕਿਉਂ ਜੋ ਉਹ ਮਰਨ ਦੇ ਵੇਲੇ ਕੁਝ ਵੀ ਨਾ ਲਈ ਜਾਵੇਗਾ,
ਉਹ ਦਾ ਪਰਤਾਪ ਉਹ ਦੇ ਪਿੱਛੇ ਨਾ ਉੱਤਰੇਗਾ,
18ਭਾਵੇਂ ਉਹ ਆਪਣੇ ਜਿਉਂਦੇ ਜੀਅ ਆਪਣੀ ਜਾਨ ਨੂੰ ਮੁਬਾਰਕ ਆਖਦਾ,
- ਜਦੋਂ ਤੂੰ ਆਪਣਾ ਭਲਾ ਕਰੇਂ ਤਾਂ ਲੋਕ
ਤੈਨੂੰ ਸਲਾਹੁਣਗੇ, -
19ਤਦ ਵੀ ਉਹ ਆਪਣੇ ਪੁਰਖਿਆਂ ਦੀ ਪੀੜ੍ਹੀ ਵਿੱਚ ਜਾ ਰਲੇਗਾ,
ਜਿਹੜੇ ਕਦੇ ਵੀ ਚਾਨਣ ਨਾ ਵੇਖਣਗੇ।
20ਜਿਹੜਾ ਆਦਮੀ ਆਦਰ ਵਿੱਚ ਹੈ
ਪਰ ਸਮਝ ਨਹੀਂ ਰੱਖਦਾ,
ਉਹ ਡੰਗਰਾਂ ਦੇ ਵਰਗਾ ਹੈ ਜਿਹੜੇ ਨਸ਼ਟ ਹੋ ਜਾਂਦੇ ਹਨ!

Notes


*49:7 49:7 ਭਰਾ

49:16 49:16 ਦੌਲਤ