ਯਿਸੂ ਦਾ ਯਰੂਸ਼ਲਮ ਵਿੱਚ ਸ਼ਾਹੀ ਦਾਖਲਾ
(ਮਰਕੁਸ 11:1-11; ਲੂਕਾ 19:28-38; ਯੂਹੰਨਾ 12:12-19)
21
1 ਯਿਸੂ ਅਤੇ ਉਸ ਦੇ ਚੇਲੇ ਯਰੂਸ਼ਲਮ ਦੇ ਨੇੜੇ ਆ ਰਹੇ ਸਨ, ਪਰ ਰਾਹ ਵਿੱਚ ਉਹ ਜੈਤੂਨ ਦੇ ਪਹਾੜ ਉੱਤੇ, ਬੈਤਫ਼ਗਾ ਕੋਲ, ਰੁਕੇ ਯਿਸੂ ਨੇ ਆਪਣੇ ਦੋ ਚੇਲਿਆਂ ਨੂੰ ਨਗਰ ਵਿੱਚ ਭੇਜਿਆ।
2 ਅਤੇ ਆਖਿਆ, “ਜੋ ਸ਼ਹਿਰ ਤੁਹਾਡੇ ਸਾਹਮਣੇ ਹੈ ਉਸ ਅੰਦਰ ਜਾਓ, ਸ਼ਹਿਰ ਅੰਦਰ ਵੜਦੇ ਸਾਰ ਹੀ, ਤੁਸੀਂ ਇੱਕ ਗਧੀ ਨੂੰ ਆਪਣੇ ਛੋਟੇ ਬੱਚੇ ਨਾਲ ਬੰਨ੍ਹਿਆ ਪਾਵੋਂਗੇ, ਉਸ ਨੂੰ ਖੋਲ੍ਹਕੇ ਤੁਸੀਂ ਮੇਰੇ ਕੋਲ ਲੈ ਆਵੋ।
3 ਜੇਕਰ ਤੁਹਾਨੂੰ ਕੋਈ ਕੁਝ ਕਹੇ, ਤਾਂ ਉਸ ਨੂੰ ਆਖਣਾ, ‘ਪ੍ਰਭੂ ਨੂੰ ਇਨ੍ਹਾਂ ਗਧਿਆਂ ਦੀ ਲੋੜ ਹੈ। ਫ਼ੇਰ ਉਹ ਜਲਦੀ ਹੀ ਉਨ੍ਹਾਂ ਨੂੰ ਵਾਪਿਸ ਭੇਜ ਦੇਵੇਗਾ।’”
4 ਇਹ ਇਸ ਲਈ ਹੋਇਆ ਕਿ ਨਬੀ ਦਾ ਇਹ ਬਚਨ ਪੂਰਾ ਹੋਵੇ:
5 “ਸੀਯੋਨ ਦੇ ਸ਼ਹਿਰ ਨੂੰ ਦੱਸੋ,
‘ਕਿ ਤੇਰਾ ਬਾਦਸ਼ਾਹ ਤੇਰੇ ਵੱਲ ਆ ਰਿਹਾ ਹੈ,
ਉਹ ਨਿਮ੍ਰਤਾ ਨਾਲ ਗਧੀ ਉੱਤੇ,
ਹਾਂ ਗਧੀ ਦੇ ਬੱਚੇ, ਉੱਤੇ ਬੈਠਕੇ ਆ ਰਿਹਾ ਹੈ।’” ਜਕਰਯਾਹ 9:9
6 ਤਾਂ ਚੇਲਿਆਂ ਨੇ ਜਾਕੇ ਜਿਵੇਂ ਯਿਸੂ ਨੇ ਹੁਕਮ ਦਿੱਤਾ ਸੀ ਤਿਵੇਂ ਹੀ ਕੀਤਾ।
7 ਉਹ ਗਧੀ ਨੂੰ ਗਧੀ ਦੇ ਬੱਚੇ ਸਮੇਤ ਲਿਆਏ ਅਤੇ ਆਪਣੇ ਕੱਪੜੇ ਗਧੀ ਦੇ ਬੱਚੇ ਉੱਤੇ ਪਾ ਦਿੱਤੇ ਅਤੇ ਯਿਸੂ ਉਸ ਉੱਪਰ ਬੈਠ ਗਿਆ।
8 ਭੀੜ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਯਿਸੂ ਵਾਸਤੇ ਰਸਤੇ ਤੇ ਆਪਣੇ ਕੱਪੜੇ ਵਿਛਾ ਦਿੱਤੇ। ਕਈਆਂ ਨੇ ਬਿਰਛਾਂ ਦੀ ਟਹਿਣੀਆਂ ਵਢੱਕੇ ਰਸਤੇ ਵਿੱਚ ਵਿਛਾ ਦਿੱਤੀਆਂ।
9 ਭੀੜ ਜਿਹੜੀ ਉਸ ਦੇ ਅੱਗੇ ਤੇ ਪਿੱਛੇ ਚਲੀ ਆਉਂਦੀ ਸੀ ਉੱਚੀ ਆਵਾਜ਼ ਵਿੱਚ ਆਖਣ ਲੱਗੀ,
“ਦਾਊਦ ਦੇ ਪੁੱਤਰ ਨੂੰ ਉਸਤਤਿ
‘ਉਹ ਧੰਨ ਹੈ ਜਿਹੜਾ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ!’ ਜਬੂਰ 118:25-26
ਸਵਰਗ ਵਿੱਚ ਪਰਮੇਸ਼ੁਰ ਨੂੰ ਉਸਤਤਿ!”
10 ਜਦੋਂ ਯਿਸੂ ਨੇ ਯਰੂਸ਼ਲਮ ਵਿੱਚ ਪ੍ਰਵੇਸ਼ ਕੀਤਾ, ਉਸ ਸ਼ਹਿਰ ਦੇ ਸਾਰੇ ਲੋਕ ਸ਼ਸ਼ੋਪੰਚ ਵਿੱਚ ਪੈ ਗਏ ਅਤੇ ਪੁੱਛਿਆ, “ਇਹ ਆਦਮੀ ਕੌਣ ਹੈ?”
11 ਯਿਸੂ ਨਾਲ ਜਾ ਰਹੀ ਭੀੜ ਨੇ ਉੱਤਰ ਦਿੱਤਾ, “ਇਹ ਯਿਸੂ ਹੈ, ਗਲੀਲ ਦੇ ਕਸਬੇ ਨਾਸਰਤ ਦਾ ਇੱਕ ਨਬੀ।”
ਯਿਸੂ ਦਾ ਮੰਦਰ ਵਿੱਚ ਹੋਣਾ
(ਮਰਕੁਸ 11:15-19; ਲੂਕਾ 19:45-48; ਯੂਹੰਨਾ 2:13-22)
12 ਫ਼ੇਰ ਯਿਸੂ ਮੰਦਰ ਦੇ ਇਲਾਕੇ ਵੱਲ ਗਿਆ ਉਸ ਨੇ ਉਨ੍ਹਾਂ ਸਭ ਲੋਕਾਂ ਨੂੰ ਜਿਹੜੇ ਉੱਥੇ ਚੀਜ਼ਾਂ ਖਰੀਦ ਅਤੇ ਵੇਚ ਰਹੇ ਸਨ ਬਾਹਰ ਕੱਢ ਦਿੱਤਾ। ਅਤੇ ਸਰਾਫ਼ਾਂ ਦੇ ਤਖਤਪੋਸ਼ ਅਤੇ ਘੁੱਗੀਆਂ ਵੇਚਣ ਵਾਲਿਆਂ ਦੀਆਂ ਮੇਜ਼ਾਂ ਉਲਟਾ ਸੁੱਟੀਆਂ।
13 “ਉਸਨੇ ਉਨ੍ਹਾਂ ਲੋਕਾਂ ਨੂੰ ਆਖਿਆ, ਇਹ ਪੋਥੀਆਂ ਵਿੱਚ ਲਿਖਿਆ ਹੈ, ‘ਕਿ ਮੇਰਾ ਘਰ ਪ੍ਰਾਰਥਨਾ ਦਾ ਘਰ ਸਦਾਵੇਗਾ’ ਪਰ ਤੁਸੀਂ ਇਸ ਜਗ੍ਹਾ ਨੂੰ ਚੋਰਾ ਦੇ ਲੁਕਣ ਦੀ ਜਗ੍ਹਾ ਬਣਾ ਰਹੇ ਹੋ।’”
14 ਅਤੇ ਉਸ ਮੰਦਰ ਦੇ ਇਲਾਕੇ ਵਿੱਚ ਬਹੁਤ ਸਾਰੇ ਅੰਨ੍ਹੇ ਅਤੇ ਲੰਗੜ੍ਹੇ ਯਿਸੂ ਕੋਲ ਆਏ ਅਤੇ ਉਸ ਨੇ ਉਨ੍ਹਾਂ ਨੂੰ ਚੰਗਾ ਕੀਤਾ।
15 ਜਦੋਂ ਪਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੇ ਉਨ੍ਹਾਂ ਅਚਰਜ ਕੰਮਾਂ ਨੂੰ ਦੇਖਿਆ ਜਿਹੜੇ ਉਸ ਨੇ ਕੀਤੇ ਅਤੇ ਬੱਚਿਆਂ ਨੂੰ ਉਸ ਮੰਦਰ ਵਿੱਚ ਉੱਚੀ ਅਵਾਜ਼ ਨਾਲ ਬੋਲਦੇ ਅਤੇ “ਦਾਊਦ ਦੇ ਪੁੱਤਰ ਨੂੰ ਉਸਤਤਿ” ਆਖਦੇ ਵੇਖਿਆ ਤਾਂ ਉਹ ਗੁੱਸੇ ਵਿੱਚ ਆ ਗਏ।
16 ਉਨ੍ਹਾਂ ਨੇ ਯਿਸੂ ਨੂੰ ਆਖਿਆ, “ਕੀ ਤੂੰ ਸੁਣ ਰਿਹਾ ਹੈਂ ਇਹ ਬੱਚੇ ਕੀ ਆਖ ਰਹੇ ਹਨ?”
ਯਿਸੂ ਨੇ ਉੱਤਰ ਦਿੱਤਾ, “ਕੀ ਤੁਸੀਂ ਕਦੇ ਵੀ ਪੋਥੀਆਂ ਵਿੱਚ ਨਹੀਂ ਪੜ੍ਹਿਆ, ‘ਤੁਸੀਂ ਬੱਚਿਆਂ ਅਤੇ ਜੁਆਕਾਂ ਨੂੰ ਉਸਤਤਿ ਕਰਨੀ ਸਿੱਖਾਈ?’”
17 ਇਹ ਵਾਪਰਨ ਤੋਂ ਬਾਅਦ ਯਿਸੂ ਉਨ੍ਹਾਂ ਲੋਕਾਂ ਤੋਂ ਵਿਦਾ ਹੋ ਗਿਆ ਅਤੇ ਰਾਤ ਕੱਟਣ ਲਈ ਬਾਹਰ ਬੈਤਅਨੀਆ ਸ਼ਹਿਰ ਨੂੰ ਚੱਲਿਆ ਗਿਆ।
ਯਿਸੂ ਨੇ ਵਿਸ਼ਵਾਸ ਦੀ ਸ਼ਕਤੀ ਵਿਖਾਈ
(ਮਰਕੁਸ 11:12-14, 20-24)
18 ਅਗਲੀ ਸਵੇਰ ਜਦ ਯਿਸੂ ਸ਼ਹਿਰ ਵੱਲ ਮੁੜਿਆ ਜਾਂਦਾ ਸੀ ਤਾਂ ਉਸ ਨੂੰ ਭੁੱਖ ਲੱਗੀ।
19 ਰਸਤੇ ਵਿੱਚ ਅੰਜੀਰ ਦਾ ਬਿਰਛ ਵੇਖਕੇ ਉਸ ਦੇ ਨੇੜੇ ਗਿਆ ਪਰ ਸਿਵਾਇ ਪੱਤਿਆਂ ਦੇ ਉੱਥੇ ਉਸ ਨੂੰ ਹੋਰ ਕੁਝ ਵੀ ਨਾ ਲੱਭਿਆ ਤਾਂ ਉਸ ਨੇ ਬਿਰਛ ਨੂੰ ਕਿਹਾ ਕਿ “ਅੱਜ ਤੋਂ ਤੈਨੂੰ ਭਵਿੱਖ ਵਿੱਚ ਕਦੇ ਵੀ ਫ਼ਲ ਨਾ ਲੱਗਣ।” ਤੁਰੰਤ ਹੀ ਰੁੱਖ ਸੁੱਕ ਗਿਆ।
20 ਚੇਲੇ ਵੇਖਕੇ ਹੈਰਾਨ ਹੋਏ ਅਤੇ ਉਨ੍ਹਾਂ ਨੇ ਪੁੱਛਿਆ, “ਅੰਜੀਰ ਦਾ ਰੁੱਖ ਇੰਨੀਂ ਛੇਤੀ ਕਿਵੇਂ ਕੁਮਲਾ ਗਿਆ?”
21 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਜੇਕਰ ਤੁਹਾਨੂੰ ਨਿਹਚਾ ਹੋਵੇ ਅਤੇ ਤੁਸੀਂ ਕੋਈ ਭਰਮ ਨਾ ਰੱਖੋ। ਤੁਸੀਂ ਸਿਰਫ਼ ਇਹੋ ਹੀ ਕਰੋਂਗੇ ਜੋ ਅੰਜੀਰ ਦੇ ਬਿਰਛ ਨਾਲ ਮੈਂ ਕੀਤਾ ਸਗੋਂ ਤੁਸੀਂ ਇਸ ਪਹਾੜ ਨੂੰ ਵੀ ਆਖ ਸੱਕਦੇ ਹੋ ਜਾ ਅਤੇ ਸਮੁੰਦਰ ਵਿੱਚ ਜਾਕੇ ਡਿੱਗ ਤਾਂ ਅਜਿਹਾ ਹੀ ਹੋਵੇਗਾ।
22 ਜੇਕਰ ਤੁਸੀਂ ਵਿਸ਼ਵਾਸ ਕਰੋ, ਤਾਂ ਉਹ ਸਭ ਕੁਝ ਜੋ ਤੁਸੀਂ ਪ੍ਰਾਰਥਨਾ ਰਾਹੀਂ ਮੰਗੋਂਗੇ ਤੁਹਾਨੂੰ ਦਿੱਤਾ ਜਾਵੇਗਾ।”
ਯਹੂਦੀ ਆਗੂਆਂ ਨੇ ਯਿਸੂ ਦੇ ਅਧਿਕਾਰ ਤੇ ਸ਼ੱਕ ਕੀਤਾ
(ਮਰਕੁਸ 11:27-33; ਲੂਕਾ 20:1-8)
23 ਜਦੋਂ ਯਿਸੂ ਮੰਦਰ ਦੇ ਇਲਾਕੇ ਵਿੱਚ ਦਾਖਲ ਹੋਇਆ, ਅਤੇ ਜਦੋਂ ਉਹ ਉਪਦੇਸ਼ ਦੇ ਰਿਹਾ ਸੀ ਤਾਂ ਪ੍ਰਧਾਨ ਜਾਜਕ ਅਤੇ ਲੋਕਾਂ ਦੇ ਬਜ਼ੁਰਗ ਉਸ ਪਾਸੇ ਆਏ ਅਤੇ ਕਹਿਣ ਲੱਗੇ “ਇਹ ਸਭ ਤੂੰ ਕਿਸ ਅਧਿਕਾਰ ਨਾਲ ਕਰਦਾ ਹੈ? ਇਹ ਅਧਿਕਾਰ ਤੈਨੂੰ ਕਿਸਨੇ ਦਿੱਤਾ?”
24 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਮੈਂ ਵੀ ਤੁਹਾਨੂੰ ਇੱਕ ਸਵਾਲ ਪੁੱਛਦਾ ਹਾਂ। ਜੇਕਰ ਤੁਸੀਂ ਮੈਨੂੰ ਉੱਤਰ ਦੇਵੋ ਮੈਂ ਵੀ ਤੁਹਾਨੂੰ ਦੱਸਾਂਗਾ ਕਿ ਕਿਸ ਅਧਿਕਾਰ ਨਾਲ ਮੈਂ ਇਹ ਸਭ ਗੱਲਾਂ ਕਰਦਾ ਹਾਂ।
25 ਯੂਹੰਨਾ ਦਾ ਬਪਤਿਸਮਾ ਕੀ ਇਹ ਪਰਮੇਸ਼ੁਰ ਵੱਲੋਂ ਆਇਆ ਜਾਂ ਮਨੁੱਖਾਂ ਵੱਲੋਂ?”
ਉਨ੍ਹਾਂ ਨੇ ਆਪਸ ਵਿੱਚ ਵਿੱਚਾਰ ਕੀਤਾ, ਜੇ ਅਸੀਂ ਕਹੀਏ “ਯੂਹੰਨਾ ਦਾ ਬਪਤਿਸਮਾ ਸਵਰਗ ਵੱਲੋਂ ਸੀ” ਤਾਂ ਉਹ ਸਾਨੂੰ ਆਖੇਗਾ ਕਿ ਫ਼ੇਰ ਤੁਸੀਂ ਉਸਤੇ ਭਰੋਸਾ ਕਿਉਂ ਨਾ ਕੀਤਾ?
26 ਪਰ ਜੇਕਰ ਅਸੀਂ ਆਖੀਏ, ‘ਇਹ ਲੋਕਾਂ ਵੱਲੋਂ ਸੀ’, ਤਾਂ ਸਾਰੇ ਲੋਕ ਸਾਡੇ ਨਾਲ ਗੁੱਸੇ ਹੋਣਗੇ। ਕਿਉਂਕਿ ਇਹ ਸਭ ਯੂਹੰਨਾ ਨੂੰ ਨਬੀ ਸਮਝਦੇ ਹਨ।”
27 ਸੋ ਉਨ੍ਹਾਂ ਨੇ ਯਿਸੂ ਨੂੰ ਉੱਤਰ ਦਿੱਤਾ, “ਅਸੀਂ ਨਹੀਂ ਜਾਣਦੇ ਕਿ ਯੂਹੰਨਾ ਨੂੰ ਬਪਤਿਸਮਾ ਦੇਣ ਦੀ ਸ਼ਕਤੀ, ਕਿੱਥੋਂ ਆਈ।”
ਤਾਂ ਫ਼ਿਰ ਯਿਸੂ ਨੇ ਆਖਿਆ, “ਤਾਂ ਮੈਂ ਵੀ ਤੁਹਾਨੂੰ ਨਹੀਂ ਦੱਸਾਂਗਾ ਕਿ ਇਹ ਸਭ ਗੱਲਾਂ ਮੈਂ ਕਿਸ ਅਧਿਕਾਰ ਨਾਲ ਕਰ ਰਿਹਾ ਹਾਂ।
ਯਿਸੂ ਦੋ ਪੁੱਤਰਾਂ ਦੀ ਦ੍ਰਿਸ਼ਟਾਂਤ ਸੁਨਾਉਂਦਾ
28 “ਮੈਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ? ਇੱਕ ਮਨੁੱਖ ਦੇ ਦੋ ਪੁੱਤਰ ਸਨ ਅਤੇ ਉਹ ਪਹਿਲੇ ਦੇ ਕੋਲ ਆਕੇ ਬੋਲਿਆ, ‘ਪੁੱਤਰ, ਜਾ! ਅੱਜ ਅੰਗੂਰ ਦੇ ਬਾਗ ਵਿੱਚ ਕੰਮ ਕਰ।’
29 “ਉਸਨੇ ਉੱਤਰ ਦਿੱਤਾ, ‘ਮੈਂ ਨਹੀਂ ਜਾਵਾਂਗਾ’, ਪੁੱਤਰ ਬਾਦ ਵਿੱਚ, ਉਸ ਨੇ ਆਪਣਾ ਮਨ ਬਦਲਿਆ ਅਤੇ ਚੱਲਿਆ ਗਿਆ।
30 “ਫ਼ੇਰ ਪਿਤਾ ਦੂਜੇ ਪੁੱਤਰ ਕੋਲ ਗਿਆ ਅਤੇ ਉਸ ਨੂੰ ਵੀ ਉਹੀ ਗੱਲ ਕਹੀ। ਉਸ ਨੇ ਉੱਤਰ ਦਿੱਤਾ, ‘ਹਾਂ ਜੀ, ਮੈਂ ਜਾਵਾਂਗਾ।’ ਪਰ ਉਹ ਨਾ ਗਿਆ।
31 “ਸੋ ਦੋਹਾਂ ਵਿੱਚੋਂ ਕਿਸਨੇ ਪਿਤਾ ਦੀ ਮਰਜ਼ੀ ਪੂਰੀ ਕੀਤੀ?”
ਉਨ੍ਹਾਂ ਆਖਿਆ, “ਪਹਿਲੇ ਨੇ।”
ਯਿਸੂ ਨੇ ਉਨ੍ਹਾਂ ਨੂੰ ਕਿਹਾ, “ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਸੂਲੀਏ ਅਤੇ ਕੰਜਰੀਆਂ ਤੁਹਾਡੇ ਨਾਲੋਂ ਪਹਿਲਾਂ ਪਰਮੇਸ਼ੁਰ ਦੇ ਰਾਜ ਵਿੱਚ ਜਾਂਦੇ ਹਨ।
32 ਕਿਉਂਕਿ ਯੂਹੰਨਾ ਤੁਹਾਨੂੰ ਜਿਉਣ ਦਾ ਸਹੀ ਢੰਗ ਸਿੱਖਾਉਣ ਲਈ ਆਇਆ ਪਰ ਤੁਸੀਂ ਉਸਦੀ ਪਰਤੀਤ ਨਾ ਕੀਤੀ ਸਗੋਂ ਮਸੂਲੀਆਂ ਅਤੇ ਕੰਜਰੀਆਂ ਨੇ ਉਸਦੀ ਪਰਤੀਤ ਕੀਤੀ। ਪਰ ਤੁਸੀਂ ਇਹ ਵੇਖਕੇ ਪਿੱਛੋਂ ਵੀ ਆਪਣੇ ਜੀਵਨ ਨਹੀਂ ਬਦਲੇ ਅਤੇ ਨਾ ਹੀ ਉਸ ਉੱਤੇ ਵਿਸ਼ਵਾਸ ਕੀਤਾ।
ਪਰਮੇਸ਼ੁਰ ਆਪਣਾ ਪੁੱਤਰ ਭੇਜਦਾ ਹੈ
(ਮਰਕੁਸ 12:1-12; ਲੂਕਾ 20:9-19)
33 “ਇੱਕ ਹੋਰ ਦ੍ਰਿਸ਼ਟਾਂਤ ਸੁਣੋ: ਇੱਕ ਜ਼ਿਮੀਦਾਰ ਸੀ। ਉਸ ਨੇ ਇੱਕ ਅੰਗੂਰਾਂ ਦਾ ਬਾਗ ਲਾਇਆ। ਉਸ ਨੇ ਖੇਤ ਦੇ ਚੁਫ਼ੇਰੇ ਵਾੜ ਕਰ ਦਿੱਤੀ ਅਤੇ ਉਸ ਨੇ ਰਸ ਵਾਸਤੇ ਇੱਕ ਚੁਬੱਚਾ ਕੱਢਿਆ। ਫ਼ਿਰ ਉਸ ਆਦਮੀ ਨੇ ਉੱਥੇ ਇੱਕ ਬੁਰਜ ਉਸਾਰਿਆ ਅਤੇ ਉਸ ਨੂੰ ਕਿਸਾਨਾਂ ਦੇ ਹੱਥ ਸੌਂਪਕੇ ਖੁਦ ਪਰਦੇਸ ਚੱਲਿਆ ਗਿਆ।
34 ਜਦੋਂ ਫ਼ਲਾਂ ਦੀ ਰੁੱਤ ਨੇੜੇ ਆਈ ਤਾਂ ਉਸ ਨੇ ਆਪਣੇ ਨੋਕਰ ਕਿਸਾਨਾਂ ਦੇ ਕੋਲ ਆਪਣੇ ਅੰਗੂਰਾਂ ਦਾ ਹਿੱਸਾ ਲੈਣ ਲਈ ਭੇਜੇ।
35 “ਪਰ ਕਿਸਾਨਾਂ ਨੇ ਉਨ੍ਹਾਂ ਨੂੰ ਫ਼ੜ ਲਿਆ ਅਤੇ ਇੱਕ ਨੂੰ ਕੁਟਿਆ ਦੂਜੇ ਨੂੰ ਮਾਰ ਦਿੱਤਾ ਅਤੇ ਤੀਜੇ ਨੋਕਰ ਨੂੰ ਪੱਥਰਾਂ ਨਾਲ ਮਾਰ ਦਿੱਤਾ।
36 ਫ਼ੇਰ ਮਾਲਕ ਨੇ ਪਹਿਲੀ ਵਾਰ ਨਾਲੋਂ ਵੱਧ ਨੋਕਰ ਕਿਸਾਨਾਂ ਕੋਲ ਭੇਜੇ ਪਰ ਕਿਸਾਨਾਂ ਨੇ ਉਨ੍ਹਾਂ ਨਾਲ ਵੀ ਉਸੇ ਤਰ੍ਹਾਂ ਹੀ ਕੀਤਾ।
37 ਅਖੀਰ ਵਿੱਚ ਮਾਲਕ ਨੇ ਆਪਣੇ ਪੁੱਤਰ ਨੂੰ ਉਨ੍ਹਾਂ ਦੇ ਕੋਲ ਇਹ ਸੋਚਕੇ ਭੇਜਿਆ ਕਿ ‘ਉਹ ਮੇਰੇ ਪੁੱਤਰ ਦਾ ਆਦਰ ਕਰਨਗੇ।’
38 “ਪਰ ਜਦੋਂ ਕਿਸਾਨਾਂ ਨੇ ਉਸ ਦੇ ਪੁੱਤਰ ਨੂੰ ਵੇਖਿਆ ਤਾਂ ਆਪਸ ਵਿੱਚ ਸੋਚਿਆ, ‘ਵਾਰਸ ਇਹੋ ਹੈ। ਅਸੀਂ ਇਸ ਨੂੰ ਮਾਰ ਦੇਈਏ ਅਤੇ ਉਸ ਦੇ ਵਿਰਸੇ ਤੇ ਕਬਜ਼ਾ ਕਰ ਲਈਏ।’
39 ਤਾਂ ਉਨ੍ਹਾਂ ਨੇ ਪੁੱਤਰ ਨੂੰ ਫ਼ੜ ਲਿਆ ਅਤੇ ਬਾਗ ਵਿੱਚੋਂ ਬਾਹਰ ਕੱਢ ਉਸ ਨੂੰ ਮਾਰ ਦਿੱਤਾ।
40 “ਤਾਂ ਜਦੋਂ ਖੇਤ ਦਾ ਮਾਲਕ ਆਵੇਗਾ, ਉਹ ਉਨ੍ਹਾਂ ਕਿਸਾਨਾਂ ਨਾਲ ਕੀ ਕਰੇਗਾ?”
41 ਉਨ੍ਹਾਂ ਨੇ ਉਸ ਨੂੰ ਆਖਿਆ, “ਉਹ ਉਨ੍ਹਾਂ ਦੁਸ਼ਟ ਲੋਕਾਂ ਨੂੰ ਕਸ਼ਟ ਦਾਇੱਕ ਮੌਤ ਦੇਵੇਗਾ ਅਤੇ ਖੇਤ ਹੋਰਨਾਂ ਕਿਸਾਨਾਂ ਦੇ ਹੱਥ ਸੌਂਪ ਦੇਵੇਗਾ ਜੋ ਉਸ ਨੂੰ ਵਾਢੀ ਦੇ ਸਮੇਂ ਉਸਦਾ ਹਿੱਸਾ ਦੇਣਗੇ।”
42 ਯਿਸੂ ਨੇ ਉਨ੍ਹਾਂ ਨੂੰ ਆਖਿਆ, “ਭਲਾ ਤੁਸੀਂ ਪੋਥੀਆਂ ਵਿੱਚ ਕਦੇ ਨਹੀਂ ਪੜ੍ਹਿਆ:
‘ਜਿਹੜਾ ਪੱਥਰ ਰਾਜਾਂ ਦੁਆਰਾ ਨਾਮੰਜ਼ੂਰ ਕੀਤਾ ਗਿਆ
ਸੀ ਖੂੰਜੇ ਦਾ ਸਿਰਾ ਹੋ ਗਿਆ।
ਪ੍ਰਭੂ ਨੇ ਇਸ ਨੂੰ ਵਾਪਰਨ ਦਿੱਤਾ
ਅਤੇ ਸਾਡੇ ਲਈ ਇਹ ਅਚੰਭਾ ਹੈ।’ ਜ਼ਬੂਰ 118:22-23
43 “ਇਸ ਕਰਕੇ ਮੈਂ ਤੁਹਾਨੂੰ ਆਖਦਾ ਹਾਂ ਕਿ ਪਰਮੇਸ਼ੁਰ ਦਾ ਰਾਜ ਤੁਹਾਡੇ ਕੋਲੋਂ ਖੋਹਿਆ ਜਾਵੇਗਾ ਅਤੇ ਇਹ ਉਨ੍ਹਾਂ ਲੋਕਾਂ ਨੂੰ ਦਿੱਤਾ ਜਾਵੇਗਾ ਜਿਹੜੇ ਉਹੀ ਗੱਲਾਂ ਕਰਨਗੇ ਜੋ ਪਰਮੇਸ਼ੁਰ ਆਪਣੇ ਰਾਜ ਵਿੱਚ ਚਾਹੁੰਦਾ ਹੈ।
44 ਜੇਕਰ ਕੋਈ ਉਸ ਪੱਥਰ ਉੱਤੇ ਡਿੱਗੇਗਾ, ਉਹ ਚੂਰ-ਚੂਰ ਹੋ ਜਾਵੇਗਾ। ਜੇਕਰ ਪੱਥਰ ਕਿਸੇ ਉੱਪਰ ਡਿੱਗੇਗਾ, ਤਾਂ ਉਹ ਵਿਅਕਤੀ ਵੀ ਪੱਥਰ ਦੁਆਰਾ ਕੁਚੱਲਿਆ ਜਾਵੇਗਾ।”
45 ਜਦੋਂ ਪ੍ਰਧਾਨ ਜਾਜਕਾਂ ਅਤੇ ਫ਼ਰੀਸੀਆਂ ਨੇ ਯਿਸੂ ਦੇ ਆਖੇ ਦ੍ਰਿਸ਼ਟਾਂਤ ਸੁਣੇ, ਤਾਂ ਉਹ ਜਾਣ ਗਏ ਕਿ ਉਹ ਉਨ੍ਹਾਂ ਬਾਰੇ ਹੀ ਗੱਲਾਂ ਕਰ ਰਿਹਾ ਸੀ।
46 ਉਹ ਉਸ ਨੂੰ ਗਿਰਫ਼ਤਾਰ ਕਰਨ ਦਾ ਕੋਈ ਉਪਾਅ ਕਰਨਾ ਚਾਹੁੰਦੇ ਸਨ, ਪਰ ਉਹ ਲੋਕਾਂ ਤੋਂ ਡਰਦੇ ਸਨ ਕਿਉਂਕਿ ਉਹ ਉਸ ਨੂੰ ਨਬੀਂ ਮੰਨਦੇ ਸਨ।