ਯਿਸੂ ਦਾ ਖੇਤ ਦੇ ਮਜਦੂਰਾਂ ਬਾਰੇ ਇੱਕ ਦ੍ਰਿਸ਼ਟਾਂਤ
20
“ਸਵਰਗ ਦਾ ਰਾਜ ਤਾਂ ਇੱਕ ਜਿਮੀਦਾਰ ਵਰਗਾ ਹੈ, ਜੋ ਤੜਕੇ ਹੀ ਘਰੋਂ ਨਿੱਕਲਿਆ ਕਿ ਆਪਣੇ ਅੰਗੂਰਾਂ ਦੇ ਬਾਗ ਵਿੱਚ ਕੁਝ ਕਾਮੇ ਲਾਵੇ। ਉਸ ਨੇ ਕਾਮਿਆਂ ਨਾਲ ਇੱਕ ਚਾਂਦੀ ਦਾ ਸਿੱਕਾ ਦਿਹਾੜੀ ਕੀਤੀ ਅਤੇ ਉਨ੍ਹਾਂ ਨੂੰ ਆਪਣੇ ਬਾਗ ਵਿੱਚ ਭੇਜ ਦਿੱਤਾ।
“ਨੌ ਕੁ ਵਜੇ ਉਹ ਆਦਮੀ ਬਜ਼ਾਰ ਗਿਆ ਤਾਂ ਕੁਝ ਬੰਦਿਆਂ ਨੂੰ ਉੱਥੇ ਖੜੇ ਵੇਖਿਆ, ਇਹ ਲੋਕ ਕੁਝ ਵੀ ਨਹੀਂ ਸੀ ਕਰ ਰਹੇ। ਤਾਂ ਉਸ ਨੇ ਉਨ੍ਹਾਂ ਨੂੰ ਕਿਹਾ, ‘ਜੇਕਰ ਤੁਸੀਂ ਵੀ ਮੇਰੇ ਬਾਗਾਂ ਵਿੱਚ ਜਾਕੇ ਕੰਮ ਕਰੋ ਤਾਂ ਮੈਂ ਤੁਹਾਨੂੰ ਜਿੰਨਾ ਤੁਹਾਡਾ ਹੱਕ ਬਣੇਗਾ ਦੇਵਾਂਗਾ।’ ਅਤੇ ਉਹ ਲੋਕ ਵੀ ਉਸ ਦੇ ਖੇਤ ਵਿੱਚ ਕੰਮ ਕਰਨ ਲਈ ਚੱਲੇ ਗਏ।
“ਅਤੇ ਫ਼ਿਰ ਉਹੀ ਆਦਮੀ ਬਾਰ੍ਹਾਂ ਕੁ ਵਜੇ ਬਾਹਰ ਗਿਆ, ਅਤੇ ਫ਼ਿਰ ਤਿੰਨ ਕੁ ਵਜੇ। ਦੋਨੋਂ ਵਾਰੀ ਉਸ ਨੇ ਕੁਝ ਕਾਮਿਆਂ ਨੂੰ ਉਸ ਦੇ ਬਾਗ ਵਿੱਚ ਕੰਮ ਕਰਨ ਲਈ ਲਿਆਂਦਾ। ਆਥਣ ਵੇਲੇ, ਪੰਜ ਕੁ ਵਜੇ ਉਹ ਬਾਹਰ ਗਿਆ ਅਤੇ ਕੁਝ ਹੋਰ ਲੋਕਾਂ ਨੂੰ ਬਜ਼ਾਰ ਵਿੱਚ ਖੜੇ ਵੇਖਿਆ। ਅਤੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਇੱਥੇ ਸਾਰਾ ਦਿਨ ਕੁਝ ਕੀਤੇ ਬਿਨਾ ਖੜ੍ਹੇ ਰਹਿੰਦੇ ਹੋ?’
“ਉਨ੍ਹਾਂ ਮਨੁੱਖਾਂ ਨੇ ਜਵਾਬ ਦਿੱਤਾ, ‘ਸਾਨੂੰ ਕਿਸੇ ਨੇ ਵੀ ਨੌਕਰੀ ਨਹੀਂ ਦਿੱਤੀ।’
“ਉਸ ਆਦਮੀ ਨੇ ਉਨ੍ਹਾਂ ਨੂੰ ਕਿਹਾ, ‘ਤੁਸੀਂ ਵੀ ਮੇਰੇ ਬਾਗ ਵਿੱਚ ਜਾਕੇ ਕੰਮ ਕਰ ਸੱਕਦੇ ਹੋ।’
“ਸ਼ਾਮ ਵੇਲੇ, ਅੰਗੂਰਾਂ ਦੇ ਬਾਗ ਦੇ ਮਾਲਕ ਨੇ ਕਾਮਿਆਂ ਦੇ ਮੁਖਤਿਆਰ ਨੂੰ ਆਖਿਆ, ‘ਕਾਮਿਆਂ ਨੂੰ ਸੱਦ ਅਤੇ ਪਿੱਛਲਿਆਂ ਤੋਂ ਲੈ ਕੇ ਪਹਿਲਿਆਂ ਤੀਕ ਉਨ੍ਹਾਂ ਸਾਰਿਆਂ ਨੂੰ ਉਨ੍ਹਾਂ ਦੀ ਮਜੂਰੀ ਦੇ।’
“ਜਿਹੜੇ ਕਾਮੇ ਪੰਜ ਵਜੇ ਲਿਆਂਦੇ ਗਏ ਸਨ, ਆਏ ਅਤੇ ਇੱਕ ਚਾਂਦੀ ਦਾ ਸਿੱਕਾ ਪ੍ਰਾਪਤ ਕੀਤਾ। 10 ਫ਼ਿਰ ਜਿਹੜੇ ਕਾਮੇ ਪਹਿਲਾਂ ਲਿਆਂਦੇ ਗਏ ਸਨ ਆਏ। ਉਨ੍ਹਾਂ ਨੇ ਸੋਚਿਆ ਕਿ ਸ਼ਾਇਦ ਉਹ ਦੂਜਿਆਂ ਕਾਮਿਆਂ ਨਾਲੋਂ ਵੱਧ ਪ੍ਰਾਪਤ ਕਰਨਗੇ। ਪਰ ਉਨ੍ਹਾਂ ਨੂੰ ਵੀ ਇੱਕ ਚਾਂਦੀ ਦਾ ਸਿੱਕਾ ਹੀ ਮਿਲਿਆ। 11 ਪਰ ਉਹ ਇਹ ਸਿੱਕਾ ਲੈ ਕੇ ਘਰ ਦੇ ਮਾਲਕ ਉੱਤੇ ਕੁੜ੍ਹਨ ਲੱਗੇ। 12 ਅਤੇ ਬੋਲੇ, ‘ਜਿਹੜੇ ਲੋਕ ਅੰਤ ਵਿੱਚ ਲਿਆਂਦੇ ਗਏ ਸਨ ਅਤੇ ਜਿਨ੍ਹਾਂ ਨੇ ਸਿਰਫ਼ ਇੱਕ ਹੀ ਘੰਟੇ ਲਈ ਕੰਮ ਕੀਤਾ, ਤੁਸੀਂ ਉਨ੍ਹਾਂ ਨੂੰ ਵੀ ਸਾਡੇ ਜਿੰਨਾ ਹੀ ਦਿੱਤਾ। ਅਤੇ ਅਸੀਂ ਸਾਰਾ ਦਿਨ ਧੁੱਪੇ ਸਖਤ ਮਿਹਨਤ ਕੀਤੀ।’
13 “ਜਿਮੀਦਾਰ ਨੇ ਉਨ੍ਹਾਂ ਵਿੱਚੋਂ ਇੱਕ ਨੂੰ ਆਖਿਆ, ‘ਮਿੱਤਰਾ, ਮੈਂ ਤੇਰੇ ਨਾਲ ਬੇਈਮਾਨੀ ਨਹੀਂ ਕੀਤੀ। ਕੀ ਤੂੰ ਇੱਕ ਚਾਂਦੀ ਦੇ ਸਿੱਕੇ ਵਾਸਤੇ ਕੰਮ ਕਰਨ ਲਈ ਰਾਜੀ ਨਹੀਂ ਹੋਇਆ? 14 ਤੂੰ ਆਪਣੀ ਮਜੂਰੀ ਲੈ ਤੇ ਚੱਲਿਆ ਜਾ। ਪਰ ਮੈਂ ਅਖੀਰਲੇ ਬੰਦੇ ਨੂੰ ਵੀ ਉਹੀ ਦੇਣਾ ਚਾਹੁੰਦਾ ਹਾਂ ਜੋ ਮੈਂ ਤੈਨੂੰ ਦਿੱਤਾ। 15 ਕੀ ਇਹ ਮੇਰਾ ਹੱਕ ਨਹੀਂ ਕਿ ਮੈਂ ਆਪਣੇ ਪੈਸੇ ਨੂੰ ਜਿਵੇਂ ਚਾਹਾਂ ਇਸਤੇਮਾਲ ਕਰਾਂ? ਜਾਂ ਤੈਨੂੰ ਈਰਖਾ ਹੈ ਕਿਉਂਕਿ ਮੈਂ ਉਨ੍ਹਾਂ ਲੋਕਾਂ ਨਾਲ ਉਦਾਰ ਹਾਂ ਜੋ ਮਗਰੋਂ ਆਏ।’
16 “ਇਸੇ ਤਰ੍ਹਾਂ ਜਿਹੜੇ ਲੋਕਾਂ ਦਾ ਹੁਣ ਪਿੱਛਲਾ ਦਰਜਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਹਿਲਾ ਦਰਜਾ ਹੋਵੇਗਾ ਅਤੇ ਉਹ ਲੋਕ ਜਿਨ੍ਹਾਂ ਦਾ ਹੁਣ ਦਰਜਾ ਪਹਿਲਾ ਹੈ ਭਵਿੱਖ ਵਿੱਚ ਉਨ੍ਹਾਂ ਦਾ ਦਰਜਾ ਪਿੱਛਲਾ ਹੋਵੇਗਾ।”
ਯਿਸੂ ਦਾ ਆਪਣੀ ਮੌਤ ਬਾਰੇ ਦੱਸਣਾ
(ਮਰਕੁਸ 10:32-34; ਲੂਕਾ 18:31-34)
17 ਜਦੋਂ ਯਿਸੂ ਯਰੂਸਲਮ ਜਾ ਰਿਹਾ ਸੀ, ਉਸ ਦੇ ਬਾਰ੍ਹਾਂ ਚੇਲੇ ਵੀ ਉਸ ਦੇ ਨਾਲ ਸਨ। ਰਾਹ ਵਿੱਚ ਉਸ ਨੇ ਉਨ੍ਹਾਂ ਨੂੰ ਇੱਕ ਸਾਥ ਇਕੱਠਾ ਕੀਤਾ ਅਤੇ ਉਨ੍ਹਾਂ ਨੂੰ ਇੱਕਾਂਤ ਵਿੱਚ ਆਖਿਆ। 18 “ਵੇਖੋ, ਅਸੀਂ ਯਰੂਸ਼ਲਮ ਵੱਲ ਨੂੰ ਜਾ ਰਹੇ ਹਾਂ। ਮਨੁੱਖ ਦਾ ਪੁੱਤਰ ਪ੍ਰਧਾਨ ਜਾਜਕਾਂ ਅਤੇ ਨੇਮ ਦੇ ਉਪਦੇਸ਼ਕਾਂ ਨੂੰ ਫ਼ੜਾ ਦਿੱਤਾ ਜਾਵੇਗਾ ਅਤੇ ਉਹ ਉਸ ਨੂੰ ਮੌਤ ਦੇ ਦੇਣਗੇ। 19 ਉਹ ਮਨੁੱਖ ਦੇ ਪੁੱਤਰ ਨੂੰ ਗੈਰ-ਯਹੂਦੀਆਂ ਨੂੰ ਦੇ ਦੇਣਗੇ। ਉਹ ਉਸ ਉੱਤੇ ਹੱਸਣਗੇ ਅਤੇ ਕੋੜਿਆਂ ਨਾਲ ਕੁੱਟਣਗੇ ਅਤੇ ਸਲੀਬ ਤੇ ਚੜ੍ਹਾ ਦੇਣਗੇ। ਅਤੇ ਮੌਤ ਤੋਂ ਤੀਜੇ ਦਿਨ ਬਾਦ, ਫਿਰ ਜੀ ਉੱਠੇਗਾ।”
ਇੱਕ ਮਾਤਾ ਵੱਲੋਂ ਵਿਸ਼ੇਸ਼ ਬੇਨਤੀ
(ਮਰਕੁਸ 10:35-45)
20 ਉਸ ਸਮੇਂ, ਜ਼ਬਦੀ ਦੇ ਪੁੱਤਰਾਂ ਦੀ ਮਾਂ ਆਪਣੇ ਪੁੱਤਰਾਂ ਸਮੇਤ ਯਿਸੂ ਕੋਲ ਆਈ ਅਤੇ ਉਸ ਅੱਗੇ ਝੁਕੀ ਅਤੇ ਉਸ ਕੋਲੋਂ ਇੱਕ ਸਹਾਇਤਾ ਮੰਗੀ।
21 ਯਿਸੂ ਨੇ ਆਖਿਆ, “ਤੂੰ ਕੀ ਚਾਹੁੰਦੀ ਹੈ?”
ਉਸ ਨੇ ਯਿਸੂ ਨੂੰ ਕਿਹਾ, “ਵਾਅਦਾ ਕਰੋ ਕਿ ਤੁਹਾਡੇ ਰਾਜ ਵਿੱਚ ਮੇਰੇ ਇਹ ਦੋਵੇਂ ਪੁੱਤਰ ਇੱਕ ਤੁਹਾਡੇ ਸੱਜੇ ਤੇ ਇੱਕ ਤੁਹਾਡੇ ਖੱਬੇ ਪਾਸੇ ਬੈਠਣ।”
22 ਯਿਸੂ ਨੇ ਉਸ ਦੇ ਪੁੱਤਰਾਂ ਨੂੰ ਕਿਹਾ, “ਤੁਸੀਂ ਨਹੀਂ ਜਾਣਦੇ ਤੁਸੀਂ ਕੀ ਮੰਗ ਰਹੇ ਹੋ?ਕੀ ਤੁਸੀਂ ਉਹ ਕਸ਼ਟ ਝੱਲ ਸੱਕਦੇ ਹੋਂ ਜਿਹੜੇ ਮੈਂ ਝੱਲਣੇ ਹਨ।”
ਉਨ੍ਹਾਂ ਨੇ ਜਵਾਬ ਦਿੱਤਾ, “ਹਾਂ ਅਸੀਂ ਝੱਲ ਸੱਕਦੇ ਹਾਂ!”
23 ਯਿਸੂ ਨੇ ਉਨ੍ਹਾਂ ਨੂੰ ਕਿਹਾ, “ਸੱਚ ਮੁੱਚ ਜੋ ਕਸ਼ਟ ਮੈਂ ਝੱਲਾਂਗਾ ਤੁਸੀਂ ਵੀ ਝੱਲੋਂਗੇ। ਪਰ ਮੈਂ ਉਹ ਨਹੀਂ ਹਾਂ ਜੋ ਇਸ ਗੱਲ ਦੀ ਚੋਣ ਕਰੇਗਾ ਕਿ ਕੌਣ ਮੇਰੇ ਸੱਜੇ ਪਾਸੇ ਬੈਠੇਗਾ ਅਤੇ ਕੌਣ ਖੱਬੇ ਪਾਸੇ। ਉਹ ਜਗ੍ਹਾਵਾਂ ਕੌਣ ਪਾਵੇਗਾ ਮੇਰੇ ਪਿਤਾ ਨੇ ਫ਼ੈਸਲਾ ਕਰ ਲਿਆ ਹੈ। ਉਹ ਥਾਵਾਂ ਉਨ੍ਹਾਂ ਲੋਕਾਂ ਨਾਲ ਸੰਬੰਧਿਤ ਹਨ ਜਿਨ੍ਹਾਂ ਲਈ ਉਹ ਬਣਾਈਆਂ ਗਈਆਂ ਹਨ।”
24 ਜਦੋਂ ਦਸਾਂ ਚੇਲਿਆਂ ਨੇ ਇਹ ਸੁਣਿਆ ਤਾਂ ਉਹ ਉਨ੍ਹਾਂ ਦੋਹਾਂ ਭਰਾਵਾਂ ਤੇ ਖਿਝ ਗਏ। 25 ਤੱਦ ਯਿਸੂ ਨੇ ਉਨ੍ਹਾਂ ਸਾਰਿਆਂ ਨੂੰ ਇਕੱਠਿਆਂ ਕੋਲ ਸੱਦਕੇ ਆਖਿਆ, “ਤੁਸੀਂ ਜਾਣਦੇ ਹੋ ਕਿ ਗੈਰ-ਯਹੂਦੀਆਂ ਦੇ ਹਾਕਮ ਦੂਜਿਆਂ ਤੇ ਹੁਕਮ ਚਲਾਉਣਾ ਪਸੰਦ ਕਰਦੇ ਹਨ, ਅਤੇ ਉਨ੍ਹਾਂ ਦੇ ਮਹੱਤਵਪੂਰਣ ਆਗੂ ਲੋਕਾਂ ਤੇ ਆਪਣੀ ਸ਼ਕਤੀ ਇਸਤੇਮਲ ਕਰਨਾ ਪਸੰਦ ਕਰਦੇ ਹਨ। 26 ਤੁਹਾਡੇ ਵਿੱਚ ਅਜਿਹਾ ਨਾ ਹੋਵੇ, ਪਰ ਜੇਕਰ ਤੁਹਾਡੇ ਵਿੱਚੋਂ ਕੋਈ ਵੱਡਾ ਹੋਣਾ ਚਾਹੇ ਉਸ ਨੂੰ ਸੇਵਕ ਵਾਂਗ ਤੁਹਾਡੀ ਸੇਵਾ ਕਰਨੀ ਚਾਹੀਦੀ ਹੈ। 27 ਜੇਕਰ ਤੁਹਾਡੇ ਵਿੱਚੋਂ ਕੋਈ ਪਹਿਲਾ ਬਨਣਾ ਚਾਹੇ ਉਹ ਪਹਿਲਾਂ ਤੁਹਾਡਾ ਦਾਸ ਹੋਵੇ। 28 ਉਵੇਂ ਹੀ ਜਿਵੇਂ ਮਨੁੱਖ ਦਾ ਪੁੱਤਰ ਆਪਣੀ ਸੇਵਾ ਕਰਵਾਉਨ ਨਹੀਂ ਸਗੋਂ ਉਹ ਹੋਰਨਾਂ ਲੋਕਾਂ ਦੀ ਸੇਵਾ ਕਰਨ ਲਈ ਆਇਆ ਹੈ। ਉਹ ਬਹੁਤ ਸਾਰੇ ਲੋਕਾਂ ਨੂੰ ਬਚਾਉਣ ਦੀ ਖਾਤਿਰ ਆਪਣੀ ਜਾਨ ਕੁਰਬਾਨ ਕਰਨ ਲਈ ਆਇਆ ਹੈ।”
ਯਿਸੂ ਦਾ ਦੋ ਅੰਨ੍ਹਿਆਂ ਨੂੰ ਰਾਜੀ ਕਰਨਾ
(ਮਰਕੁਸ 10:46-52; ਲੂਕਾ 18:35-43)
29 ਜਦੋਂ ਉਹ ਅਤੇ ਉਸ ਦੇ ਚੇਲੇ ਯਰੀਹੋ ਤੋਂ ਵਿਦਾ ਹੋ ਰਹੇ ਸਨ, ਲੋਕਾਂ ਦੀ ਇੱਕ ਵੱਡੀ ਭੀੜ ਨੇ ਯਿਸੂ ਦਾ ਪਿੱਛਾ ਕੀਤਾ। 30 ਦੋ ਅੰਨ੍ਹੇ ਮਨੁੱਖ ਸੜਕ ਦੇ ਕੰਢੇ ਬੈਠੇ ਸਨ। ਜਦੋਂ ਉਨ੍ਹਾਂ ਸੁਣਿਆ ਕਿ ਯਿਸੂ ਲੰਘਿਆ ਜਾਂਦਾ ਹੈ ਤਾਂ ਉਹ ਉੱਚੀ ਆਵਾਜ਼ ਵਿੱਚ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ, ਸਾਡੇ ਉੱਤੇ ਦਯਾ ਕਰ।”
31 ਉਨ੍ਹਾਂ ਨੇ ਅੰਨ੍ਹੇ ਆਦਮੀਆਂ ਨੂੰ ਝਿੜਕਿਆ ਅਤੇ ਚੁੱਪ ਰਹਿਣ ਲਈ ਕਿਹਾ, ਪਰ ਉਹ ਹੋਰ ਵੀ ਉੱਚੀ ਬੋਲੇ, “ਹੇ ਪ੍ਰਭੂ, ਦਾਊਦ ਦੇ ਪੁੱਤਰ ਕਿਰਪਾ ਕਰਕੇ ਸਾਡੀ ਸਹਾਇਤਾ ਕਰ।”
32 ਤੱਦ ਯਿਸੂ ਰੁਕਿਆ ਅਤੇ ਉਨ੍ਹਾਂ ਨੂੰ ਸੱਦਕੇ ਪੁੱਛਿਆ, “ਤੁਸੀਂ ਮੈਥੋਂ ਆਪਣੇ ਵਾਸਤੇ ਕੀ ਕਰਾਉਨਾ ਚਾਹੁੰਦੇ ਹੋ?”
33 ਤੱਦ ਉਨ੍ਹਾਂ ਦੋਹਾਂ ਨੇ ਕਿਹਾ, “ਪ੍ਰਭੂ ਜੀ ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਅੱਖਾਂ ਖੁਲ੍ਹ ਜਾਣ ਜੋ ਅਸੀਂ ਵੇਖ ਸੱਕੀਏ।”
34 ਯਿਸੂ ਨੇ ਉਨ੍ਹਾਂ ਅੰਨ੍ਹਿਆਂ ਆਦਮੀਆਂ ਲਈ ਤਰਸ ਮਹਿਸੂਸ ਕੀਤਾ ਅਤੇ ਉਨ੍ਹਾਂ ਦੀਆਂ ਅੱਖਾਂ ਨੂੰ ਛੋਹਿਆ ਉਹ ਝੱਟ ਸੁਜਾਖੇ ਹੋ ਗਏ ਅਤੇ ਯਿਸੂ ਦੇ ਮਗਰ ਹੋ ਤੁਰੇ।