ਵਿਆਹ ਦੀ ਦਾਵਤ ਦੇ ਨਿਉਂਤੇ ਬਾਰੇ ਇੱਕ ਦ੍ਰਿਸ਼ਟਾਂਤ
(ਲੂਕਾ 14:15-24)
22
ਯਿਸੂ ਉਨ੍ਹਾਂ ਨਾਲ ਫ਼ੇਰ ਦ੍ਰਿਸ਼ਟਾਤਾਂ ਵਿੱਚ ਬੋਲਿਆ: “ਸਵਰਗ ਦਾ ਰਾਜ ਇੱਕ ਬਾਦਸ਼ਾਹ ਵਰਗਾ ਹੈ ਜਿਸਨੇ ਆਪਣੇ ਪੁੱਤਰ ਦੇ ਵਿਆਹ ਦੀ ਦਾਵਤ ਤਿਆਰ ਕਰਵਾਈ। ਰਾਜੇ ਨੇ ਆਪਣੇ ਨੋਕਰਾਂ ਨੂੰ ਉਨ੍ਹਾਂ ਲੋਕਾਂ ਨੂੰ ਲਿਆਉਣ ਲਈ ਭੇਜਿਆ ਜਿਨ੍ਹਾਂ ਨੂੰ ਉਸ ਨੇ ਵਿਆਹ ਦੀ ਦਾਵਤ ਤੇ ਸੱਦਾ ਦਿੱਤਾ ਸੀ। ਜਦੋਂ ਦਾਵਤ ਦੀ ਤਿਆਰੀ ਹੋ ਗਈ ਤਾਂ ਉਸ ਨੇ ਜਿਨ੍ਹਾਂ ਨੂੰ ਸੱਦਾ ਦਿੱਤਾ ਸੀ ਉਨ੍ਹਾਂ ਨੂੰ ਨੋਕਰਾਂ ਹੱਥ ਆਉਣ ਲਈ ਸੁਨੇਹਾ ਭੇਜਿਆ, ਪਰ ਲੋਕਾਂ ਨੇ ਰਾਜੇ ਦੀ ਦਾਵਤ ਤੇ ਆਉਣ ਤੋਂ ਇਨਕਾਰ ਕਰ ਦਿੱਤਾ।
“ਫ਼ੇਰ ਉਸ ਨੇ ਹੋਰ ਵੱਧ ਨੋਕਰਾਂ ਨੂੰ ਸੱਦੇ ਹੋਏ ਲੋਕਾਂ ਨੂੰ ਦੱਸਣ ਲਈ ਭੇਜਿਆ, ‘ਉਨ੍ਹਾਂ ਲੋਕਾਂ ਨੂੰ ਦੱਸੋ ਜਿਨ੍ਹਾਂ ਨੂੰ ਮੈਂ ਸੱਦਿਆ; ਦਾਵਤ ਤਿਆਰ ਹੈ। ਮੈਂ ਆਪਣੇ ਬਲਦਾਂ ਅਤੇ ਮੋਟੇ ਪਸ਼ੂਆਂ ਨੂੰ ਖਾਣ ਲਈ ਵੱਢਿਆ ਹੈ ਤੇ ਸਭ ਕੁਝ ਤਿਆਰ ਹੈ ਵਿਆਹ ਦੀ ਦਾਵਤ ਲਈ ਆਓ।’
“ਸੇਵਕ ਗਏ ਅਤੇ ਲੋਕਾਂ ਨੂੰ ਆਉਣ ਵਾਸਤੇ ਕਹਿ ਆਏ” ਪਰ ਲੋਕਾਂ ਨੇ ਉਨ੍ਹਾਂ ਨੂੰ ਸੁਨਣ ਤੋਂ ਇਨਕਾਰ ਕਰ ਦਿੱਤਾ। ਕੋਈ ਆਪਣੇ ਖੇਤਾਂ ਨੂੰ ਚੱਲਾ ਗਿਆ ਅਤੇ ਕੋਈ ਆਪਣੇ ਵਣਜ ਨੂੰ। ਕੁਝ ਹੋਰ ਲੋਕਾਂ ਨੇ ਇਕੱਠੇ ਹੋਕੇ ਉਨ੍ਹਾਂ ਨੋਕਰਾਂ ਨੂੰ ਫ਼ੜਿਆ, ਕੁਟਿਆ ਅਤੇ ਜਾਨੋ ਮਾਰ ਦਿੱਤਾ। ਬਾਦਸ਼ਾਹ ਨੂੰ ਬੜਾ ਗੁੱਸਾ ਆਇਆ। ਉਸ ਨੇ ਉਨ੍ਹਾਂ ਕਾਤਲਾਂ ਨੂੰ ਮਾਰਨ ਲਈ ਅਤੇ ਉਨ੍ਹਾਂ ਦਾ ਸ਼ਹਿਰ ਸਾੜਨ ਲਈ ਆਪਣੀ ਫ਼ੌਜ ਨੂੰ ਭੇਜਿਆ।
“ਉਸਤੋਂ ਬਾਦ ਬਾਦਸ਼ਾਹ ਨੇ ਆਪਣੇ ਨੋਕਰਾਂ ਨੂੰ ਆਖਿਆ, ‘ਦਾਵਤ ਤਾਂ ਤਿਆਰ ਹੀ ਹੈ। ਮੈਂ ਜਿਨ੍ਹਾਂ ਨੂੰ ਇਸ ਦਾਵਤ ਲਈ ਸੱਦਾ ਦਿੱਤਾ ਸੀ ਉਹ ਇਸ ਕਾਬਿਲ ਨਹੀਂ ਸੀ ਕਿ ਇੱਥੇ ਆਉਂਦੇ। ਸੋ ਤੁਸੀਂ ਚੁਰਾਹਿਆਂ ਤੇ ਜਾਵੋ ਅਤੇ ਜਿਨ੍ਹਾਂ ਲੋਕਾਂ ਨੂੰ ਵੀ ਤੁਸੀਂ ਮਿਲੋ ਉਨ੍ਹਾਂ ਨੂੰ ਵਿਆਹ ਦੀ ਦਾਵਤ ਤੇ ਆਉਣ ਦਾ ਨਿਉਂਤਾ ਦਿਉ।’ 10 ਤਾਂ ਨੋਕਰ ਬਾਹਰ ਚੁਰਾਹਿਆਂ ਤੇ ਗਏ। ਜਿਨ੍ਹਾਂ ਨੂੰ ਵੀ ਉਹ ਲੱਭ ਸੱਕੇ, ਉਨ੍ਹਾਂ ਨੇ ਸਾਰੇ ਭਲੇ ਬੁਰੇ ਲੋਕ ਇਕੱਠੇ ਕਰ ਲਏ। ਤਾਂ ਉਹ ਜਗ੍ਹਾ ਮਹਿਮਾਨਾਂ ਨਾਲ ਭਰ ਗਈ।
11 “ਜਦੋਂ ਬਾਦਸ਼ਾਹ ਮਹਿਮਾਨਾਂ ਨੂੰ ਵੇਖਣ ਅੰਦਰ ਆਇਆ, ਤਾਂ ਉਸ ਨੇ ਇੱਕ ਆਦਮੀ ਨੂੰ ਵੇਖਿਆ ਜਿਸਨੇ ਵਿਆਹ ਦੇ ਕੱਪੜੇ ਨਹੀਂ ਪਾਏ ਹੋਏ ਸਨ। 12 ਬਾਦਸ਼ਾਹ ਨੇ ਉਸ ਨੂੰ ਕਿਹਾ, ‘ਭਈ ਤੂੰ ਇੱਥੇ ਵਿਆਹ ਵਾਲੀ ਪੋਸ਼ਾਕ ਪਾਏ ਬਗੈਰ ਅੰਦਰ ਕਿਵੇਂ ਆਇਆ?’ ਪਰ ਉਸ ਆਦਮੀ ਨੇ ਕੁਝ ਨਾ ਕਿਹਾ। 13 ਤਾਂ ਬਾਦਸ਼ਾਹ ਨੇ ਕੁਝ ਨੋਕਰਾਂ ਨੂੰ ਕਿਹਾ, ‘ਇਸ ਦੇ ਹੱਥ-ਪੈਰ ਬੰਨ੍ਹਕੇ ਇਸ ਨੂੰ ਬਾਹਰ ਦੇ ਹਨੇਰ ਵਿੱਚ ਸੁੱਟ ਦਿਉ। ਉਸ ਜਗ਼੍ਹਾ ਲੋਕ ਰੋਂਦੇ ਹੋਣਗੇ ਅਤੇ ਦਰਦ ਨਾਲ ਆਪਣੇ ਦੰਦ ਕਰੀਚ ਰਹੇ ਹੋਣਗੇ।’
14 “ਹਾਂ, ਬਹੁਤ ਸਾਰਿਆਂ ਨੂੰ ਸੱਦਾ ਦਿੱਤਾ ਗਿਆ ਹੈ ਪਰ ਥੋੜੇ ਹੀ ਚੁਣੇ ਗਏ ਹਨ।”
ਕੁਝ ਯਹੂਦੀਆਂ ਨੇ ਯਿਸੂ ਨਾਲ ਧੋਖਾ ਕਰਨ ਦੀ ਕੋਸ਼ਿਸ਼ ਕੀਤੀ
(ਮਰਕੁਸ 12:13-17; ਲੂਕਾ 20:20-26)
15 ਉਸਤੋਂ ਬਾਦ ਫ਼ਰੀਸੀ ਬਾਹਰ ਗਏ ਅਤੇ ਉਨ੍ਹਾਂ ਨੇ ਯਿਸੂ ਨੂੰ ਪ੍ਰਸ਼ਨਾਂ ਰਾਹੀਂ ਫ਼ਸਾਉਣ ਦਾ ਫ਼ੈਸਲਾ ਕੀਤਾ। 16 ਉਨ੍ਹਾਂ ਨੇ ਆਪਣੇ ਕੁਝ ਚੇਲਿਆਂ ਨੂੰ ਹੇਰੋਦੀਆਂ ਨਾਮੇ ਸਮੂਹ ਦੇ ਕੁਝ ਆਦਮੀਆਂ ਨਾਲ ਯਿਸੂ ਕੋਲ ਭੇਜਿਆ। ਇਨ੍ਹਾਂ ਆਦਮੀਆਂ ਨੇ ਆਖਿਆ, “ਗੁਰੂ ਜੀ, ਅਸੀਂ ਜਾਣਦੇ ਹਾਂ ਕਿ ਤੁਸੀਂ ਇੱਕ ਇਮਾਨਦਾਰ ਆਦਮੀ ਹੋ ਅਤੇ ਤੁਸੀਂ ਪਰਮੇਸ਼ੁਰ ਦੇ ਰਾਹ ਬਾਰੇ ਸੱਚਾਈ ਦਾ ਉਪਦੇਸ਼ ਦਿੰਦੇ ਹੋ। ਤੁਸੀਂ ਕਿਸੇ ਤੋਂ ਵੀ ਪ੍ਰਭਾਵਿਤ ਨਹੀਂ ਹੁੰਦੇ ਕਿਉਂਕਿ ਤੁਸੀਂ ਇਸ ਗੱਲ ਦੀ ਪ੍ਰਵਾਹ ਨਹੀਂ ਕਰਦੇ ਕਿ ਉਹ ਕੌਣ ਹਨ? 17 ਸੋ ਸਾਨੂੰ ਦੱਸੋ ਕਿ ਤੁਸੀਂ ਕੀ ਸੋਚਦੇ ਹੋ ਕੀ ਕੈਸਰ* ਨੂੰ ਮਸੂਲ ਦੇਣਾ ਨਿਆਂ ਅਨੁਸਾਰ ਹੈ ਜਾਂ ਨਹੀਂ?”
18 ਪਰ ਯਿਸੂ ਉਨ੍ਹਾਂ ਦੇ ਦੁਸ਼ਟ ਇਰਾਦਿਆਂ ਨੂੰ ਜਾਣਦਾ ਸੀ ਤਾਂ ਉਸ ਨੇ ਆਖਿਆ, “ਤੁਸੀਂ ਕਪਟੀ ਹੋ, ਤੁਸੀਂ ਮੈਨੂੰ ਫ਼ਸਾਉਣ ਦੀ ਕੋਸ਼ਿਸ਼ ਕਿਉਂ ਕਰ ਰਹੇ ਹੋ? 19 ਜਿਹੜਾ ਸਿੱਕਾ ਤੁਸੀਂ ਮਹਿਸੂਲ ਦਿੰਦੇ ਹੋ ਮੈਨੂੰ ਵਿਖਾਓ।” ਤੱਦ ਉਹ ਇੱਕ ਚਾਂਦੀ ਦਾ ਸਿੱਕਾ ਉਸ ਕੋਲ ਲਿਆਏ। 20 ਤਾਂ ਯਿਸੂ ਨੇ ਉਨ੍ਹਾਂ ਨੂੰ ਕਿਹਾ, “ਇਸ ਉੱਪਰ ਇਹ ਮੂਰਤ ਅਤੇ ਲਿਖਤ ਕਿਸਦੀ ਹੈ?”
21 ਉਨ੍ਹਾਂ ਨੇ ਉੱਤਰ ਦਿੱਤਾ, “ਇਹ ਕੈਸਰ ਦੀ ਤਸਵੀਰ ਅਤੇ ਕੈਸਰ ਦਾ ਨਾਂ ਹੈ।”
ਤੱਦ ਉਸ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਜਿਹੜੀਆਂ ਵਸਤਾਂ ਕੈਸਰ ਦੀਆਂ ਹਨ ਉਹ ਕੈਸਰ ਨੂੰ ਦਿਉ ਅਤੇ ਜਿਹੜੀਆਂ ਵਸਤਾਂ ਪਰਮੇਸ਼ੁਰ ਦੀਆਂ ਹਨ ਉਹ ਪਰਮੇਸ਼ੁਰ ਨੂੰ ਦਿਉ।”
22 ਅਤੇ ਉਹ ਇਹ ਸੁਣਕੇ ਬੜੇ ਹੈਰਾਨ ਹੋਏ ਅਤੇ ਉਸ ਨੂੰ ਛੱਡ ਕੇ ਚੱਲੇ ਗਏ।
ਕੁਝ ਸਦੂਕੀਆਂ ਨੇ ਯਿਸੂ ਨਾਲ ਚਾਲ ਚੱਲੀ
(ਮਰਕੁਸ 12:18-27; ਲੂਕਾ 20:27-40)
23 ਉਸੇ ਦਿਨ, ਕੁਝ ਸਦੂਕੀ ਯਿਸੂ ਕੋਲ ਆਏ। ਉਹ ਵਿਸ਼ਵਾਸ ਕਰਦੇ ਸਨ ਕਿ ਪੁਨਰ ਉਥਾਨ ਨਹੀਂ ਹੈ। ਅਤੇ ਇਹ ਕਹਿਕੇ ਉਸਤੋਂ ਸਵਾਲ ਪੁੱਛਿਆ, 24 ਕਿ “ਗੁਰੂ ਜੀ ਮੂਸਾ ਨੇ ਆਖਿਆ ਸੀ ਕਿ ਜੇ ਕੋਈ ਵਿਆਹੁਤਾ ਮਰਦ ਬੇਉਲਾਦ ਮਰ ਜਾਵੇ ਤਾਂ ਉਸਦਾ ਭਰਾ ਉਸਦੀ ਪਤਨੀ ਨਾਲ ਵਿਆਹ ਕਰ ਲਵੇ। ਅਤੇ ਉਸ ਨੂੰ ਆਪਣੇ ਭਰਾ ਲਈ ਵਾਰਿਸ ਦੇਣ ਲਈ ਬੱਚੇ ਪੈਦਾ ਕਰਨੇ ਚਾਹੀਦੇ ਹਨ। 25 ਸਾਡੇ ਵਿੱਚਕਾਰ ਸੱਤ ਭਰਾ ਸਨ। ਪਹਿਲੇ ਨੇ ਵਿਆਹ ਕੀਤਾ ਅਤੇ ਮਰ ਗਿਆ। ਕਿਉਂ ਜੋ ਉਸਦੀ ਕੋਈ ਉਲਾਦ ਨਹੀਂ ਸੀ, ਉਸ ਦੇ ਭਰਾ ਨੇ ਉਸਦੀ ਵਿਧਵਾ ਨਾਲ ਵਿਆਹ ਕਰਵਾ ਲਿਆ। 26 ਦੂਜੇ ਅਤੇ ਤੀਜੇ ਭਰਾ ਤੋਂ ਲੈ ਕੇ ਸੱਤਾਂ ਭਰਾਵਾਂ ਨਾਲ ਇਵੇਂ ਹੀ ਵਾਪਰਿਆ। 27 ਸਾਰਿਆਂ ਦੇ ਪਿੱਛੋਂ ਉਹ ਔਰਤ ਵੀ ਮਰ ਗਈ। 28 ਇਸ ਲਈ, ਜਿਵੇਂ ਕਿ ਸਾਰੇ ਭਰਾਵਾਂ ਨੇ ਉਸ ਨਾਲ ਵਿਆਹ ਕੀਤਾ, ਪੁਨਰ ਉਥਾਨ ਦੇ ਦਿਨ ਉਹ ਕਿਸਦੀ ਪਤਨੀ ਹੋਵੇਗੀ?”
29 ਯਿਸੂ ਨੇ ਉਨ੍ਹਾਂ ਨੂੰ ਉੱਤਰ ਦਿੱਤਾ, “ਤੁਸੀਂ ਭੁੱਲ ਵਿੱਚ ਹੋ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਪੋਥੀਆਂ ਕੀ ਆਖਦੀਆਂ ਹਨ। ਅਤੇ ਤੁਸੀਂ ਪਰਮੇਸ਼ੁਰ ਦੀ ਸ਼ਕਤੀ ਬਾਰੇ ਨਹੀਂ ਜਾਣਦੇ। 30 ਕਿਉਂ ਜੋ ਪੁਨਰ ਉਥਾਨ ਤੋਂ ਬਾਦ, ਉੱਥੇ ਕੋਈ ਵਿਆਹ ਨਹੀਂ ਹੋਵੇਗਾ। ਉਹ ਇੱਕ ਦੂਜੇ ਨਾਲ ਵਿਆਹੇ ਨਹੀਂ ਜਾਨਗੇ। ਉਹ ਸਵਰਗ ਵਿੱਚ ਦੂਤਾਂ ਵਾਂਗ ਹੋਣਗੇ। 31 ਕੀ ਤੁਸੀਂ ਉਹ ਨਹੀਂ ਪੜ੍ਹਿਆ ਜੋ ਪਰਮੇਸ਼ੁਰ ਨੇ ਮੁਰਦਿਆਂ ਦੇ ਪੁਨਰ ਉਥਾਨ ਬਾਰੇ ਲਿਖਿਆ ਹੈ। 32 ‘ਕਿ ਮੈਂ ਅਬਰਾਹਾਮ ਦਾ ਪਰਮੇਸ਼ੁਰ ਅਤੇ ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ।’ ਉਹ ਮੁਰਦਿਆਂ ਦਾ ਪਰਮੇਸ਼ੁਰ ਨਹੀਂ ਜਿਉਂਦਿਆਂ ਦਾ ਹੈ।”
33 ਲੋਕ ਉਸਦਾ ਇਹ ਉਪਦੇਸ਼ ਸੁਣਕੇ ਹੈਰਾਨ ਹੋਏ।
ਕਿਹੜਾ ਨੇਮ ਸਭ ਤੋਂ ਜ਼ਰੂਰੀ ਹੈ
(ਮਰਕੁਸ 12:28-34; ਲੂਕਾ 10:25-28)
34 ਜਦੋਂ ਫ਼ਰੀਸੀਆਂ ਨੇ ਸੁਣਿਆ ਕਿ ਉਸ ਨੇ ਸਦੂਕੀਆਂ ਦਾ ਮੂੰਹ ਬੰਦ ਕਰ ਦਿੱਤਾ ਹੈ ਤਾਂ ਉਹ ਇੱਕ ਥਾਂ ਇਕੱਠੇ ਹੋਏ। 35 ਇੱਕ ਫ਼ਰੀਸੀ ਜੋ ਮੂਸਾ ਦੀ ਸ਼ਰ੍ਹਾ ਦਾ ਉਸਤਾਦ ਸੀ ਯਿਸੂ ਨੂੰ ਪਰਤਾਉਣ ਲਈ ਉਸ ਨੂੰ ਇੱਕ ਸਵਾਲ ਪੁੱਛਿਆ, 36 ਫ਼ਰੀਸੀ ਨੇ ਆਖਿਆ, “ਗੁਰੂ ਜੀ, ਸ਼ਰ੍ਹਾ ਵਿੱਚ ਸਭ ਤੋਂ ਜ਼ਰੂਰੀ ਹੁਕਮ ਕਿਹੜਾ ਹੈ?”
37 ਯਿਸੂ ਨੇ ਜਵਾਬ ਦਿੱਤਾ, “ਤੈਨੂੰ ਆਪਣੇ ਪ੍ਰਭੂ ਪਰਮੇਸ਼ੁਰ ਨੂੰ ਆਪਣੇ ਸਾਰੇ ਦਿਲ ਨਾਲ, ਆਪਣੀ ਸਾਰੀ ਰੂਹ ਨਾਲ, ਅਤੇ ਪੂਰੇ ਮਨ ਨਾਲ ਪਿਆਰ ਕਰਨਾ ਚਾਹੀਦਾ। 38 ਪਹਿਲਾ ਅਤੇ ਇਹੀ ਸਭ ਤੋਂ ਜ਼ਰੂਰੀ ਹੁਕਮ ਹੈ। 39 ਅਤੇ ਦੂਜਾ ਹੁਕਮ ਵੀ ਪਹਿਲੇ ਜਿੰਨਾ ਹੀ ਮਹੱਤਵਪੂਰਣ ਹੈ: ‘ਤੈਨੂੰ ਆਪਣੇ ਗੁਆਂਢੀ ਨੂੰ ਉਵੇਂ ਹੀ ਪਿਆਰ ਕਰਨਾ ਚਾਹੀਦਾ ਹੈ ਜਿਵੇਂ ਤੂੰ ਆਪਣੇ-ਆਪ ਨੂੰ ਪਿਆਰ ਕਰਦਾ ਹੈਂ। 40 ਇਨ੍ਹਾਂ ਦੋਹਾਂ ਹੁਕਮਾਂ ਉੱਤੇ ਹੀ ਸਾਰੇ ਨੇਮ ਅਤੇ ਨਬੀਆਂ ਦੀਆਂ ਲਿਖਤਾਂ ਟਿਕੇ ਹੋਏ ਹਨ।”
ਯਿਸੂ ਦਾ ਫ਼ਰੀਸੀਆਂ ਨੂੰ ਇੱਕ ਸਵਾਲ
(ਮਰਕੁਸ 12:35-37; ਲੂਕਾ 20:41-44)
41 ਜਦੋਂ ਫ਼ਰੀਸੀ ਇਕੱਠੇ ਹੋਏ, ਤਾਂ ਯਿਸੂ ਨੇ ਉਨ੍ਹਾਂ ਨੂੰ ਇੱਕ ਸਵਾਲ ਪੁੱਛਿਆ। 42 “ਤੁਸੀਂ ਮਸੀਹ ਬਾਰੇ ਕੀ ਸੋਚਦੇ ਹੋ। ਕਿ ਉਹ ਕਿਸਦਾ ਪੁੱਤਰ ਹੈ?”
ਉਨ੍ਹਾਂ ਨੇ ਯਿਸੂ ਨੂੰ ਕਿਹਾ, “ਦਾਊਦ ਦਾ ਪੁੱਤਰ।”
43 ਤਾਂ ਯਿਸੂ ਨੇ ਉਨ੍ਹਾਂ ਨੂੰ ਆਖਿਆ, “ਤਾਂ ਫ਼ਿਰ ਦਾਊਦ ਪਵਿੱਤਰ ਆਤਮਾ ਰਾਹੀਂ ਉਸ ਨੂੰ ‘ਪ੍ਰਭੂ’ ਕਿਉਂ ਬੁਲਾਉਂਦਾ ਹੈ? ਜਦੋਂ ਉਸ ਨੇ ਇਹ ਆਖਿਆ,
44 ‘ਪ੍ਰਭੂ ਨੇ ਮੇਰੇ ਪ੍ਰਭੂ ਨੂੰ ਆਖਿਆ,
ਤੂੰ ਮੇਰੇ ਸੱਜੇ ਪਾਸੇ ਬੈਠ ਜਦ
ਤੀਕਰ ਮੈਂ ਤੇਰੇ ਵੈਰੀਆਂ ਨੂੰ ਤੇਰੇ ਪੈਰਾਂ ਹੇਠ ਨਾ ਕਰ ਦਿਆਂ।’ ਜ਼ਬੂਰ 110:1
45 ਇਸ ਲਈ ਜੇਕਰ ਦਾਊਦ ਉਸ ਨੂੰ ‘ਪ੍ਰਭੂ’, ਬੁਲਾਉਂਦਾ ਹੈ, ਤਾਂ ਉਹ ਉਸਦਾ ਪੁੱਤਰ ਕਿਵੇਂ ਹੋ ਸੱਕਦਾ ਹੈ?”
46 ਕੋਈ ਵੀ ਫ਼ਰੀਸੀ ਯਿਸੂ ਦੇ ਸਵਾਲ ਦਾ ਜਵਾਬ ਨਾ ਦੇ ਸੱਕਿਆ। ਉਸ ਦਿਨ ਤੋਂ ਬਾਦ, ਕਿਸੇ ਨੇ ਵੀ ਉਸ ਨੂੰ ਕੋਈ ਹੋਰ ਸਵਾਲ ਕਰਨ ਦਾ ਹੌਂਸਲਾ ਨਾ ਕੀਤਾ।
* 22:17 ਕੈਸਰ ਰੋਮ ਦੇ ਸ਼ਾਸਕ ਦਾ ਨਾਮ। 22:24 “ਜੇ ਕੋਈ … ਚਾਹੀਦੇ ਹਨ” ਬਿਵਸਥਾ ਸਾਰ 25:5, 6 22:32 ਕੂਚ 3:6 22:37 ਬਿਵਸਥਾ ਸਾਰ 6:5 22:39 ਲੇਵੀਆਂ 19:18