ਅੱਯੂਬ ਦਾ ਆਪਣੇ ਪੈਦਾ ਹੋਣ ਦੇ ਦਿਨ ਨੂੰ ਫਿਟਕਾਰਨਾ
1ਇਹ ਦੇ ਬਾਅਦ, ਅੱਯੂਬ ਨੇ ਆਪਣਾ ਮੂੰਹ ਖੋਲ੍ਹ ਕੇ ਆਪਣੇ ਜੰਮਣ ਦੇ ਦਿਨ ਨੂੰ ਸਰਾਪ ਦਿੱਤਾ।
2ਅਤੇ ਅੱਯੂਬ ਆਖਣ ਲੱਗਾ,
3“ਨਾਸ ਹੋਵੇ ਉਹ ਦਿਨ ਜਿਸ ਦੇ ਵਿੱਚ ਮੈਂ ਜੰਮਿਆ ਸੀ,
ਅਤੇ ਉਹ ਰਾਤ ਜਦੋਂ ਕਿਹਾ ਗਿਆ ਕਿ ਬੱਚਾ ਗਰਭ ਵਿੱਚ ਪਿਆ!
4ਉਹ ਦਿਨ ਹਨ੍ਹੇਰਾ ਹੋ ਜਾਵੇ,
ਪਰਮੇਸ਼ੁਰ ਉੱਪਰੋਂ ਉਹ ਦੀ ਸਾਰ ਨਾ ਲਵੇ,
ਨਾ ਉਸ ਉੱਤੇ ਚਾਨਣ ਚਮਕੇ!
5ਹਨੇਰ ਅਤੇ ਮੌਤ ਦਾ ਸਾਯਾ ਉਹ ਨੂੰ ਆਪਣਾ ਲੈਣ,
ਉਹ ਦੇ ਉੱਤੇ ਬੱਦਲ ਛਾਇਆ ਰਹੇ,
ਦਿਨ ਦਾ ਹਨ੍ਹੇਰਾ ਉਸ ਨੂੰ ਡਰਾਵੇ!
6ਘੁੱਪ ਹਨ੍ਹੇਰਾ ਉਹ ਨੂੰ ਆ ਫੜ੍ਹੇ,
ਉਹ ਸਾਲ ਦੇ ਦਿਨਾਂ ਵਿੱਚ ਅਨੰਦ ਨਾ ਮਨਾਵੇ,
ਅਤੇ ਨਾ ਉਹ ਮਹੀਨਿਆਂ ਦੀ ਗਿਣਤੀ ਵਿੱਚ ਆਵੇ!
7ਵੇਖੋ, ਉਹ ਰਾਤ ਬਾਂਝ ਰਹਿ ਜਾਵੇ,
ਉਸ ਵਿੱਚ ਕੋਈ ਜੈਕਾਰੇ ਦੀ ਗੂੰਜ ਸੁਣਾਈ ਨਾ ਦੇਵੇ!
8ਦਿਨ ਨੂੰ ਫਿਟਕਾਰਣ ਵਾਲੇ
ਅਤੇ ਜਿਹੜੇ ਲਿਵਯਾਥਾਨ ਨੂੰ ਛੇੜਨ ਵਿੱਚ ਨਿਪੁੰਨ ਹਨ, ਉਸ ਦਿਨ ਨੂੰ ਫਿਟਕਾਰਣ!
9ਉਹ ਦੇ ਸ਼ਾਮ ਦੇ ਤਾਰੇ ਕਾਲੇ ਹੋ ਜਾਣ,
ਉਹ ਚਾਨਣ ਨੂੰ ਉਡੀਕੇ ਪਰ ਉਹ ਹੋਵੇ ਨਾ,
ਉਹ ਸਵੇਰ ਦੀਆਂ ਕਿਰਨਾਂ ਨੂੰ ਨਾ ਵੇਖੇ,
10ਕਿਉਂ ਜੋ ਉਹ ਨੇ ਮੇਰੀ ਮਾਂ ਦੀ ਕੁੱਖ ਨੂੰ ਬੰਦ ਨਾ ਕੀਤਾ,
ਅਤੇ ਨਾ ਕਸ਼ਟ ਨੂੰ ਮੇਰੀਆਂ ਅੱਖਾਂ ਤੋਂ ਛੁਪਾਇਆ!
11“ਮੈਂ ਕੁੱਖ ਵਿੱਚ ਹੀ ਕਿਉਂ ਨਾ ਮਰ ਗਿਆ,
ਪੇਟ ਵਿੱਚੋਂ ਨਿੱਕਲਦਿਆਂ ਹੀ ਮੈਂ ਪ੍ਰਾਣ ਕਿਉਂ ਨਾ ਛੱਡ ਦਿੱਤੇ?
12ਗੋਡਿਆਂ ਨੇ ਮੈਨੂੰ ਕਿਉਂ ਕਬੂਲ ਕੀਤਾ,
ਅਤੇ ਦੁੱਧੀਆਂ ਨੂੰ ਮੈਂ ਕਿਉਂ ਚੁੰਘ ਸਕਿਆ?
13ਨਹੀਂ ਤਾਂ ਹੁਣ ਮੈਂ ਚੈਨ ਨਾਲ ਪਿਆ ਹੁੰਦਾ,
ਮੈਂ ਸੁੱਤਾ ਹੁੰਦਾ ਅਤੇ ਮੈਨੂੰ ਅਰਾਮ ਮਿਲਦਾ,
14ਮੈਂ ਧਰਤੀ ਦੇ ਉਨ੍ਹਾਂ ਰਾਜਿਆਂ ਅਤੇ ਹਾਕਮਾਂ ਨਾਲ ਹੁੰਦਾ,
ਜਿਹੜੇ ਆਪਣੇ ਲਈ ਕਬਰਾਂ ਨੂੰ ਉਸਾਰਦੇ ਹਨ,
15ਜਾਂ ਉਨ੍ਹਾਂ ਰਾਜਕੁਮਾਰਾਂ ਨਾਲ ਹੁੰਦਾ, ਜਿਨ੍ਹਾਂ ਦੇ ਕੋਲ ਸੋਨਾ ਸੀ,
ਜਿਨ੍ਹਾਂ ਨੇ ਆਪਣੇ ਘਰਾਂ ਨੂੰ ਚਾਂਦੀ ਨਾਲ ਭਰਿਆ ਸੀ।
16ਜਾਂ ਮੈਂ ਸਮੇਂ ਤੋਂ ਪਹਿਲਾਂ ਜੰਮੇ ਹੋਏ ਬੱਚੇ ਵਾਂਗੂੰ ਹੁੰਦਾ,
ਜਾਂ ਅਜਿਹੇ ਬੱਚਿਆਂ ਵਾਂਗੂੰ ਜਿਨ੍ਹਾਂ ਨੇ ਚਾਨਣਾ ਕਦੀ ਵੇਖਿਆ ਹੀ ਨਹੀਂ।
17ਉੱਥੇ ਦੁਸ਼ਟ ਦੁੱਖ ਦੇਣ ਤੋਂ ਰੁੱਕ ਜਾਂਦੇ ਹਨ,
ਉੱਥੇ ਥੱਕੇ-ਮਾਂਦੇ ਅਰਾਮ ਪਾਉਂਦੇ ਹਨ।
18ਬੰਦੀ ਇਕੱਠੇ ਹੋ ਕੇ ਸ਼ਾਂਤੀ ਨਾਲ ਰਹਿੰਦੇ ਹਨ,
ਉਹ ਦਰੋਗੇ ਦੀ ਅਵਾਜ਼ ਫੇਰ ਨਹੀਂ ਸੁਣਦੇ।
19ਛੋਟੇ ਅਤੇ ਵੱਡੇ ਸਾਰੇ ਉੱਥੇ ਰਹਿੰਦੇ ਹਨ,
ਅਤੇ ਦਾਸ ਆਪਣੇ ਮਾਲਕ ਤੋਂ ਅਜ਼ਾਦ ਹੈ।
20“ਦੁਖਿਆਰਾਂ ਨੂੰ ਚਾਨਣ
ਅਤੇ ਉਦਾਸ ਮਨ ਵਾਲਿਆਂ ਨੂੰ ਜੀਵਨ ਕਿਉਂ ਦਿੱਤਾ ਜਾਂਦਾ ਹੈ?
21ਜਿਹੜੇ ਮੌਤ ਨੂੰ ਉਡੀਕਦੇ ਹਨ ਪਰ ਉਹ ਆਉਂਦੀ ਨਹੀਂ,
ਜਿਹੜੇ ਦੱਬੇ ਹੋਏ ਖ਼ਜ਼ਾਨਿਆਂ ਤੋਂ ਵੱਧ ਉਹ ਦੀ ਖੋਜ ਕਰਦੇ ਹਨ,
22ਜਿਹੜੇ ਵਧੇਰੇ ਅਨੰਦ ਹੁੰਦੇ, ਅਤੇ ਖੁਸ਼ੀ ਮਨਾਉਂਦੇ ਹਨ,
ਜਦ ਉਹ ਕਬਰ ਨੂੰ ਪਾ ਲੈਂਦੇ ਹਨ,
23ਉਸ ਪੁਰਖ ਨੂੰ ਵੀ ਚਾਨਣ ਕਿਉਂ ਮਿਲਦਾ ਹੈ
ਜਿਸ ਦਾ ਰਾਹ ਲੁਕਿਆ ਹੋਇਆ ਹੈ,
ਅਤੇ ਜਿਸ ਦੇ ਚੁਫ਼ੇਰੇ ਪਰਮੇਸ਼ੁਰ ਨੇ ਵਾੜ ਲਾਈ ਹੋਈ ਹੈ?
24ਕਿਉਂਕਿ ਮੇਰੇ ਰੋਟੀ ਖਾਣ ਤੋਂ ਪਹਿਲਾਂ ਮੇਰੇ ਹਾਉਂਕੇ ਨਿੱਕਲਦੇ ਹਨ,
ਅਤੇ ਮੇਰਾ ਵਿਰਲਾਪ ਪਾਣੀ ਵਾਂਗੂੰ ਵਗਦਾ ਹੈ।
25ਜਿਸ ਗੱਲ ਤੋਂ ਮੈਂ ਡਰਦਾ ਹਾਂ, ਉਹ ਮੇਰੇ ਉੱਤੇ ਆ ਪੈਂਦੀ ਹੈ,
ਅਤੇ ਜਿਸ ਤੋਂ ਮੈਂ ਭੈਅ ਖਾਂਦਾ ਹਾਂ ਉਹ ਵੀ ਮੇਰੇ ਉੱਤੇ ਆਉਂਦੀ ਹੈ।
26ਨਾ ਮੈਨੂੰ ਸੁੱਖ ਹੈ, ਨਾ ਚੈਨ, ਨਾ ਅਰਾਮ ਹੈ,
ਸਗੋਂ ਬੇਚੈਨੀ ਹੀ ਬੇਚੈਨੀ ਹੈ।”