ਯਰੂਸ਼ਲਮ ਦੀ ਘੇਰਾਬੰਦੀ ਨੂੰ ਦਰਸਾਉਣਾ
1ਹੇ ਮਨੁੱਖ ਦੇ ਪੁੱਤਰ, ਤੂੰ ਇੱਕ ਇੱਟ ਲੈ ਅਤੇ ਆਪਣੇ ਅੱਗੇ ਰੱਖ ਕੇ ਉਸ ਉੱਤੇ ਇੱਕ ਸ਼ਹਿਰ, ਹਾਂ, ਯਰੂਸ਼ਲਮ ਦੀ ਤਸਵੀਰ ਬਣਾ। 2ਉਸ ਦੇ ਦੁਆਲੇ ਘੇਰਾ ਪਾ, ਅਤੇ ਉਸ ਦੇ ਸਾਹਮਣੇ ਗੜ੍ਹ ਬਣਾ ਅਤੇ ਉਸ ਦੇ ਸਾਹਮਣੇ ਘੇਰਾ ਬੰਦੀ ਕਰ ਅਤੇ ਉਸ ਦੇ ਦੁਆਲੇ ਤੰਬੂ ਖੜ੍ਹੇ ਕਰ, ਅਤੇ ਚਾਰੋਂ ਪਾਸੇ ਕਿਲ੍ਹਾ ਤੋੜਨ ਵਾਲੇ ਹਥਿਆਰ ਰੱਖ। 3ਫਿਰ ਤੂੰ ਲੋਹੇ ਦਾ ਇੱਕ ਤਵਾ ਲੈ ਕੇ ਆਪਣੇ ਅਤੇ ਸ਼ਹਿਰ ਦੇ ਵਿਚਾਲੇ ਉਹ ਨੂੰ ਗੱਡ। ਉਹ ਲੋਹੇ ਦੀ ਕੰਧ ਬਣ ਜਾਵੇ ਅਤੇ ਆਪਣਾ ਮੂੰਹ ਉਸ ਦੇ ਵੱਲ ਕਰ। ਉਹ ਘੇਰੇ ਵਿੱਚ ਆਇਆ ਹੋਵੇਗਾ ਅਤੇ ਤੂੰ ਉਸ ਨੂੰ ਘੇਰਨ ਵਾਲਾ ਹੋਵੇਂਗਾ। ਇਹ ਇਸਰਾਏਲ ਦੇ ਘਰਾਣੇ ਲਈ ਨਿਸ਼ਾਨ ਹੈ। 4ਉਸ ਤੋਂ ਬਾਅਦ ਤੂੰ ਆਪਣੇ ਖੱਬੇ ਪਾਸੇ ਲੇਟ ਅਤੇ ਇਸਰਾਏਲ ਦੇ ਘਰਾਣੇ ਦਾ ਅਪਰਾਧ ਆਪਣੇ ਉੱਤੇ ਲੈ। ਜਿੰਨੇ ਦਿਨ ਤੱਕ ਤੂੰ ਲੇਟਿਆ ਰਹੇਂਗਾ, ਤੂੰ ਉਹਨਾਂ ਦਾ ਪਾਪ ਆਪਣੇ ਉੱਤੇ ਝੱਲੇਂਗਾ। 5ਕਿਉਂ ਜੋ ਮੈਂ ਉਹਨਾਂ ਦੇ ਪਾਪਾਂ ਦੇ ਸਾਲਾਂ ਦੀ ਗਿਣਤੀ ਦੇ ਅਨੁਸਾਰ ਦਿਨ ਠਹਿਰਾਏ ਹਨ, ਇੱਕ ਸਾਲ ਦੇ ਲਈ ਇੱਕ ਦਿਨ, ਜੋ ਤਿੰਨ ਸੌ ਨੱਬੇ ਦਿਨ ਹਨ। ਇਸ ਤਰ੍ਹਾਂ ਤੂੰ ਇਸਰਾਏਲ ਦੇ ਘਰਾਣੇ ਦਾ ਪਾਪ ਝੱਲੇਂਗਾ। 6ਜਦ ਤੂੰ ਉਹਨਾਂ ਦਿਨਾਂ ਨੂੰ ਪੂਰਾ ਕਰ ਲਵੇਂ, ਤਾਂ ਫਿਰ ਆਪਣੇ ਸੱਜੇ ਪਾਸੇ ਵੱਲ ਲੇਟ ਜਾਵੀਂ ਅਤੇ ਚਾਲ੍ਹੀ ਦਿਨਾਂ ਤੱਕ ਯਹੂਦਾਹ ਦੇ ਘਰਾਣੇ ਦੇ ਪਾਪਾਂ ਨੂੰ ਝੱਲੀਂ। ਮੈਂ ਤੇਰੇ ਲਈ ਇੱਕ-ਇੱਕ ਸਾਲ ਬਦਲੇ ਇੱਕ-ਇੱਕ ਦਿਨ ਠਹਿਰਾਇਆ ਹੈ। 7ਫਿਰ ਤੂੰ ਯਰੂਸ਼ਲਮ ਦੇ ਘੇਰੇ ਵੱਲ ਮੂੰਹ ਕਰ ਅਤੇ ਆਪਣੀ ਬਾਂਹ ਨੰਗੀ ਕਰ ਅਤੇ ਉਹ ਦੇ ਵਿਰੁੱਧ ਭਵਿੱਖਬਾਣੀ ਕਰ 8ਅਤੇ ਵੇਖ, ਮੈਂ ਤੇਰੇ ਉੱਤੇ ਬੰਧਨ ਪਾਵਾਂਗਾ ਤਾਂ ਜੋ ਤੂੰ ਪਾਸਾ ਨਾ ਪਰਤ ਸਕੇਂ, ਜਦੋਂ ਤੱਕ ਤੂੰ ਆਪਣੇ ਘੇਰੇ ਦੇ ਦਿਨਾਂ ਨੂੰ ਪੂਰਾ ਨਾ ਕਰ ਲਵੇਂ। 9ਤੂੰ ਆਪਣੇ ਲਈ ਕਣਕ, ਜੌਂ, ਫਲੀਆਂ, ਦਾਲ, ਚੀਣਾ ਅਤੇ ਬਾਜਰਾ ਲੈ ਅਤੇ ਉਹਨਾਂ ਨੂੰ ਇੱਕ ਭਾਂਡੇ ਵਿੱਚ ਰੱਖ ਅਤੇ ਉਹਨਾਂ ਦੀਆਂ ਐਨੀਆਂ ਰੋਟੀਆਂ ਪਕਾ ਜਿੰਨੇ ਦਿਨਾਂ ਤੱਕ ਤੂੰ ਪਾਸੇ ਪਰਨੇ ਲੇਟਿਆ ਰਹੇਂਗਾ, ਤੂੰ ਤਿੰਨ ਸੌ ਨੱਬੇ ਦਿਨਾਂ ਤੱਕ ਉਹਨਾਂ ਨੂੰ ਖਾਵੀਂ। 10ਤੇਰਾ ਖਾਣਾ ਜੋ ਤੂੰ ਖਾਵੇਂਗਾ ਤੋਲ ਅਨੁਸਾਰ ਪਾਉ ਪੱਕਾ ਰੋਜ਼ ਦਾ ਹੋਵੇਗਾ। ਤੂੰ ਕਦੇ-ਕਦੇ ਖਾਈਂ। 11ਤੂੰ ਪਾਣੀ ਵੀ ਮਿਣ ਕੇ ਇੱਕ ਸੇਰ ਪੀਵੇਂਗਾ। ਤੂੰ ਕਦੇ-ਕਦੇ ਪੀਣਾ। 12ਤੂੰ ਜੌਂ ਦੇ ਫੁਲਕੇ ਖਾਵੀਂ ਅਤੇ ਉਹਨਾਂ ਨੂੰ ਤੂੰ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਮਨੁੱਖ ਦੇ ਮਲ ਦੀ ਅੱਗ ਉੱਤੇ ਪਕਾਵੀਂ। 13ਯਹੋਵਾਹ ਨੇ ਆਖਿਆ ਕਿ ਇਸ ਤਰ੍ਹਾਂ ਇਸਰਾਏਲ ਉਹਨਾਂ ਕੌਮਾਂ ਦੇ ਵਿਚਕਾਰ ਆਪਣੀ ਅਸ਼ੁੱਧ ਰੋਟੀ ਖਾਇਆ ਕਰੇਗਾ, ਜਿਹਨਾਂ ਵਿੱਚ ਮੈਂ ਉਹਨਾਂ ਨੂੰ ਧੱਕਾਂਗਾ। 14ਤਾਂ ਮੈਂ ਆਖਿਆ, ਹਾਏ ਪ੍ਰਭੂ ਯਹੋਵਾਹ! ਵੇਖ, ਮੇਰੀ ਜਾਨ ਕਦੇ ਅਸ਼ੁੱਧ ਨਹੀਂ ਹੋਈ ਅਤੇ ਮੈਂ ਆਪਣੀ ਜੁਆਨੀ ਤੋਂ ਲੈ ਕੇ ਅਸ਼ੁੱਧ ਨਹੀਂ ਹੋਇਆ। ਆਪਣੀ ਜਵਾਨੀ ਤੋਂ ਲੈ ਕੇ ਅੱਜ ਤੱਕ ਕੋਈ ਮਰੀ ਹੋਈ ਚੀਜ਼ ਮੈਂ ਕਦੇ ਨਹੀਂ ਖਾਧੀ, ਜਿਹੜੀ ਆਪ ਹੀ ਮਰ ਜਾਵੇ ਜਾਂ ਪਾੜੀ ਗਈ ਹੋਵੇ। ਅਸ਼ੁੱਧ ਮਾਸ ਮੇਰੇ ਮੂੰਹ ਵਿੱਚ ਕਦੇ ਨਹੀਂ ਪਿਆ। 15ਤਦ ਉਸ ਨੇ ਮੈਨੂੰ ਕਿਹਾ, ਵੇਖ, ਮੈਂ ਤੈਨੂੰ ਮਨੁੱਖ ਦੇ ਮਲ ਦੇ ਥਾਂ ਗਾਂ ਦਾ ਗੋਹਾ ਦਿੰਦਾ ਹੈ, ਸੋ ਤੂੰ ਆਪਣੀ ਰੋਟੀ ਉਹ ਦੀ ਅੱਗ ਉੱਤੇ ਪਕਾਵੀਂ। 16ਉਸ ਨੇ ਮੈਨੂੰ ਆਖਿਆ ਕਿ ਹੇ ਮਨੁੱਖ ਦੇ ਪੁੱਤਰ, ਵੇਖ, ਮੈਂ ਯਰੂਸ਼ਲਮ ਵਿੱਚ ਰੋਟੀ ਦੇ ਸਾਧਨ ਤੋੜ ਦਿਆਂਗਾ। ਇਸ ਲਈ ਉਹ ਰੋਟੀ ਤੋਲ ਕੇ ਚਿੰਤਾ ਨਾਲ ਖਾਣਗੇ ਅਤੇ ਪਾਣੀ ਵੀ ਦੁੱਖ ਨਾਲ ਮਿਣ-ਮਿਣ ਕੇ ਪੀਣਗੇ। 17ਇਹ ਇਸ ਲਈ ਹੋਵੇਗਾ, ਤਾਂ ਜੋ ਉਹਨਾਂ ਨੂੰ ਰੋਟੀ ਅਤੇ ਪਾਣੀ ਦੀ ਥੁੜ ਹੋਵੇ ਅਤੇ ਆਪੋ ਵਿੱਚ ਲਚਾਰ ਹੋਣ ਅਤੇ ਆਪਣੀ ਬੁਰਿਆਈ ਵਿੱਚ ਲਿੱਸੇ ਪੈ ਜਾਣ।