ਹੜਾਂ ਦੀ ਸਮਾਪਤੀ
8
ਪਰ ਪਰਮੇਸ਼ੁਰ ਨੇ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿੱਚ ਸਵਾਰ ਸਮੂਹ ਜਾਨਵਰਾਂ ਨੂੰ ਚੇਤੇ ਰੱਖਿਆ। ਪਰਮੇਸ਼ੁਰ ਨੇ ਧਰਤੀ ਉੱਤੇ ਹਵਾ ਵਗਾਈ। ਇਸ ਨਾਲ ਸਾਰਾ ਪਾਣੀ ਘਟਣਾ ਸ਼ੁਰੂ ਹੋ ਗਿਆ।
ਅਕਾਸ਼ ਵਿੱਚੋਂ ਬਾਰਿਸ਼ ਹੋਣੀ ਬੰਦ ਹੋ ਗਈ ਅਤੇ ਧਰਤੀ ਹੇਠੋਂ ਪਾਣੀ ਵਗਣਾ ਬੰਦ ਹੋ ਗਿਆ। 3-4 ਜਿਸ ਪਾਣੀ ਨੇ ਧਰਤੀ ਨੂੰ ਕਜਿਆ ਹੋਇਆ ਸੀ, ਉਹ ਹੇਠਾਂ ਜਾਣਾ ਸ਼ੁਰੂ ਹੋ ਗਿਆ। 150 ਦਿਨਾਂ ਮਗਰੋਂ ਪਾਣੀ ਇੰਨਾ ਘਟ ਗਿਆ ਕਿ ਕਿਸ਼ਤੀ ਫ਼ੇਰ ਇੱਕ ਵਾਰੀ ਧਰਤੀ ਨੂੰ ਛੂਹਣ ਲਗੀ। ਕਿਸ਼ਤੀ ਅਰਾਰਾਤ ਦੇ ਪਰਬਤ ਦੀ ਇੱਕ ਚੋਟੀ ਉੱਤੇ ਰੁਕ ਗਈ। ਇਹ ਸੱਤਵੇਂ ਮਹੀਨੇ ਦਾ ਸਤਾਰਵਾਂ ਦਿਨ ਸੀ। ਪਾਣੀ ਹੇਠਾਂ ਉੱਤਰਦਾ ਰਿਹਾ ਅਤੇ ਦਸਵੇਂ ਮਹੀਨੇ ਦੇ ਪਹਿਲੇ ਦਿਨ ਤੋਂ ਪਰਬਤਾਂ ਦੀਆਂ ਚੋਟੀਆਂ ਦਿਸਣ ਲੱਗ ਪਈਆਂ।
ਚਾਲੀ ਦਿਨਾਂ ਮਗਰੋਂ, ਨੂਹ ਨੇ ਉਹ ਖਿੜਕੀ ਖੋਲ੍ਹੀ, ਜਿਹੜੀ ਉਸ ਨੇ ਕਿਸ਼ਤੀ ਵਿੱਚ ਬਣਾਈ ਸੀ। ਫ਼ੇਰ ਨੂਹ ਨੇ ਇੱਕ ਕਾਂ ਨੂੰ ਛੱਡਿਆ। ਪੰਛੀ ਧਰਤੀ ਦੇ ਸੁੱਕ ਜਾਣ ਅਤੇ ਪਾਣੀ ਦੇ ਚੱਲੇ ਜਾਣ ਤੀਕ ਇੱਕ ਥਾਂ ਤੋਂ ਦੂਜੀ ਥਾਂ ਤੇ ਉੱਡਦਾ ਰਿਹਾ। ਨੂਹ ਨੇ ਇੱਕ ਘੁੱਗੀ ਵੀ ਛੱਡੀ। ਨੂਹ ਚਾਹੁੰਦਾ ਸੀ ਕਿ ਘੁੱਗੀ ਸੁੱਕੀ ਧਰਤੀ ਲੱਭ ਲਵੇ। ਉਹ ਜਾਨਣਾ ਚਾਹੁੰਦਾ ਸੀ ਕਿ ਕੀ ਪਾਣੀ ਅਜੇ ਵੀ ਸਾਰੀ ਧਰਤੀ ਉੱਤੇ ਫ਼ੈਲਿਆ ਹੋਇਆ ਸੀ।
ਘੁੱਗੀ ਨੂੰ ਟਿਕਾਣੇ ਵਾਲੀ ਕੋਈ ਥਾਂ ਨਹੀਂ ਲੱਭੀ ਕਿਉਂਕਿ ਪਾਣੀ ਨੇ ਹਾਲੇ ਵੀ ਧਰਤੀ ਨੂੰ ਢੱਕਿਆ ਹੋਇਆ ਸੀ, ਇਸ ਲਈ ਘੁੱਗੀ ਕਿਸ਼ਤੀ ਵਿੱਚ ਵਾਪਸ ਪਰਤ ਆਈ। ਨੂਹ ਨੇ ਹੱਥ ਵੱਧਾਕੇ ਘੁੱਗੀ ਨੂੰ ਫ਼ੜ ਲਿਆ ਅਤੇ ਇਸ ਨੂੰ ਕਿਸ਼ਤੀ ਵਿੱਚ ਲੈ ਆਂਦਾ।
10 ਸੱਤਾਂ ਦਿਨਾਂ ਬਾਦ, ਨੂਹ ਨੇ ਇੱਕ ਵਾਰ ਫ਼ੇਰ ਘੁੱਗੀ ਨੂੰ ਛੱਡਿਆ। 11 ਅਤੇ ਉਸ ਸ਼ਾਮ ਨੂੰ ਘੁੱਗੀ ਨੂਹ ਕੋਲ ਵਾਪਸ ਪਰਤ ਆਈ। ਘੁੱਗੀ ਦੀ ਚੁੰਜ ਵਿੱਚ ਜੈਤੂਨ ਦਾ ਇੱਕ ਤਾਜ਼ਾ ਪੱਤਾ ਸੀ। ਇਹ ਨੂਹ ਨੂੰ ਇਹ ਦਰਸਾਉਣ ਦਾ ਸੰਕੇਤ ਸੀ ਕਿ ਧਰਤੀ ਉੱਤੇ ਸੁੱਕੀ ਜ਼ਮੀਨ ਸੀ। 12 ਉਸ ਨੇ ਸੱਤਾਂ ਦਿਨਾਂ ਮਗਰੋਂ ਘੁੱਗੀ ਨੂੰ ਫ਼ੇਰ ਛੱਡਿਆ। ਪਰ ਇਸ ਵਾਰੀ ਘੁੱਗੀ ਵਾਪਸ ਨਹੀਂ ਪਰਤੀ।
13 ਇਸਤੋਂ ਮਗਰੋਂ, ਨੂਹ ਨੇ ਕਿਸ਼ਤੀ ਦਾ ਦਰਵਾਜ਼ਾ ਖੋਲ੍ਹ ਦਿੱਤਾ। ਨੂਹ ਨੇ ਨਜ਼ਰ ਮਾਰੀ ਅਤੇ ਦੇਖਿਆ ਕਿ ਧਰਤੀ ਸੁੱਕੀ ਸੀ। ਇਹ ਪਹਿਲੇ ਮਹੀਨੇ ਦਾ ਪਹਿਲਾ ਦਿਨ ਸੀ। ਨੂਹ 601 ਵਰ੍ਹਿਆਂ ਦਾ ਸੀ। 14 ਦੂਸਰੇ ਮਹੀਨੇ ਦੇ 27ਵੇਂ ਦਿਨ ਧਰਤੀ ਪੂਰੀ ਤਰ੍ਹਾਂ ਸੁੱਕੀ ਸੀ।
15 ਫ਼ੇਰ ਪਰਮੇਸ਼ੁਰ ਨੇ ਨੂਹ ਨੂੰ ਆਖਿਆ, 16 “ਕਿਸ਼ਤੀ ਵਿੱਚੋਂ ਬਾਹਰ ਆ ਜਾ। ਤੈਨੂੰ, ਤੇਰੀ ਪਤਨੀ, ਤੇਰੇ ਪੁੱਤਰਾਂ ਅਤੇ ਤੇਰੀ ਨੂਹਾਂ ਨੂੰ ਹੁਣ ਬਾਹਰ ਆ ਜਾਣਾ ਚਾਹੀਦਾ ਹੈ। 17 ਕਿਸ਼ਤੀ ਵਿੱਚਲੇ ਆਪਣੇ ਨਾਲ ਦੇ ਸਮੂਹ ਜਿਉਂਦੇ ਜਾਨਵਰਾਂ ਨੂੰ ਬਾਹਰ ਲਿਆ-ਸਮੂਹ ਪੰਛੀਆਂ, ਜਾਨਵਰਾਂ ਅਤੇ ਧਰਤੀ ਉੱਤੇ ਰੀਂਗਣ ਵਾਲੀ ਹਰ ਸ਼ੈਅ ਨੂੰ। ਉਹ ਜਾਨਵਰ ਹੋਰ ਬਹੁਤ ਸਾਰੇ ਜਾਨਵਰ ਪੈਦਾ ਕਰਨਗੇ, ਅਤੇ ਇੱਕ ਵਾਰੀ ਫ਼ੇਰ ਉਹ ਧਰਤੀ ਨੂੰ ਭਰ ਦੇਣਗੇ।”
18 ਇਸ ਲਈ ਨੂਹ ਆਪਣੇ ਪੁੱਤਰਾਂ, ਆਪਣੀ ਪਤਨੀ ਅਤੇ ਆਪਣੀਆਂ ਨੂਹਾਂ ਨਾਲ ਬਾਹਰ ਆ ਗਿਆ। 19 ਸਮੂਹ ਜਾਨਵਰ, ਰੀਂਗਣ ਵਾਲੇ ਜੀਵ ਅਤੇ ਹਰ ਪੰਛੀ ਅਤੇ ਹਰ ਜੀਵਿਤ ਪ੍ਰਾਣੀ ਜੋ ਧਰਤੀ ਉੱਤੇ ਚਲਦਾ ਕਿਸ਼ਤੀ ਵਿੱਚੋਂ ਪਰਿਵਾਰਾਂ ਨਾਲ ਬਾਹਰ ਆ ਗਏ।
20 ਫ਼ੇਰ ਨੂਹ ਨੇ ਯਹੋਵਾਹ ਦੀ ਉਪਾਸਨਾ ਲਈ ਇੱਕ ਜਗਵੇਦੀ ਉਸਾਰੀ। ਨੂਹ ਨੇ ਪਾਕ ਪੰਛੀਆਂ ਵਿੱਚੋਂ ਕੁਝ ਪੰਛੀਆਂ ਨੂੰ ਲਿਆ ਅਤੇ ਸ਼ੁਧ ਜਾਨਵਰਾਂ ਵਿੱਚੋਂ ਕੁਝ ਜਾਨਵਰਾਂ ਨੂੰ ਲਿਆ, ਅਤੇ ਉਨ੍ਹਾਂ ਨੂੰ ਸੁਗਾਤ ਵਜੋਂ ਪਰਮੇਸ਼ੁਰ ਨੂੰ ਚੜ੍ਹਾ ਦਿੱਤਾ।
21 ਯਹੋਵਾਹ ਨੇ ਇਨ੍ਹਾਂ ਬਲੀਆਂ ਦੀ ਸੁਗੰਧ ਲਈ ਅਤੇ ਇਸ ਨਾਲ ਪ੍ਰਸੰਨ ਹੋ ਗਿਆ। ਯਹੋਵਾਹ ਨੇ ਮਨ ਵਿੱਚ ਆਖਿਆ, “ਮੈਂ ਫ਼ੇਰ ਕਦੇ ਵੀ ਲੋਕਾਂ ਨੂੰ ਸਜ਼ਾ ਦੇਣ ਲਈ ਧਰਤੀ ਨੂੰ ਸਰਾਪ ਨਹੀਂ ਦੇਵਾਂਗਾ। ਜਵਾਨੀ ਵੇਲੇ ਤੋਂ ਲੋਕ ਮੰਦੇ ਹੁੰਦੇ ਹਨ। ਇਸ ਲਈ ਮੈਂ ਫ਼ੇਰ ਕਦੇ ਵੀ ਧਰਤੀ ਉੱਤੇ ਰਹਿਣ ਵਾਲੇ ਜੀਵਾਂ ਨੂੰ ਇਸ ਤਰ੍ਹਾਂ ਤਬਾਹ ਨਹੀਂ ਕਰਾਂਗਾ ਜਿਵੇਂ ਹੁਣੇ ਕੀਤਾ ਹੈ। 22 ਜਿੰਨਾ ਚਿਰ ਧਰਤੀ ਕਾਇਮ ਹੈ, ਇੱਥੇ ਸਦਾ ਹੀ ਬੀਜ ਬੀਜਣ ਅਤੇ ਫ਼ਸਲ ਕੱਟਣ ਦਾ ਸਮਾਂ ਰਹੇਗਾ। ਇੱਥੇ ਧਰਤੀ ਉੱਤੇ ਸਦਾ ਹੀ ਸਰਦੀ ਤੇ ਗਰਮੀ, ਗਰਮੀ ਦੀ ਰੁੱਤ ਅਤੇ ਸਰਦੀ ਦੀ ਰੁੱਤ, ਦਿਨ ਅਤੇ ਰਾਤ ਰਹਿਣਗੇ।”