ਹੜ੍ਹ ਦਾ ਆਰੰਭ ਹੋਣਾ
7
ਫ਼ੇਰ ਯਹੋਵਾਹ ਨੇ ਨੂਹ ਨੂੰ ਆਖਿਆ, “ਮੈਂ ਦੇਖਿਆ ਹੈ ਕਿ ਤੂੰ ਚੰਗਾ ਆਦਮੀ ਹੈਂ, ਇਸ ਸਮੇਂ ਦੇ ਮੰਦੇ ਲੋਕਾਂ ਵਿੱਚ ਰਹਿੰਦਾ ਹੋਇਆ ਵੀ। ਇਸ ਲਈ ਆਪਣੇ ਸਾਰੇ ਪਰਿਵਾਰ ਨੂੰ ਇਕੱਠਿਆਂ ਕਰਕੇ ਕਿਸ਼ਤੀ ਵਿੱਚ ਲੈ ਜਾ। ਸਾਰੇ ਪਾਕ ਜਾਨਵਰਾਂ ਦੇ ਸੱਤ ਜੋੜੇ (ਨਰ ਅਤੇ ਮਾਦਾ) ਜੋ ਬਲੀ ਦੇ ਲਾਇੱਕ ਹੋਣ ਅਤੇ ਹੋਰ ਸਾਰੇ ਜਾਨਵਰਾਂ ਦਾ ਇੱਕ ਜੋੜਾ (ਇੱਕ ਨਰ ਤੇ ਸੱਤ ਮਾਦਾ) ਇਸ ਤਰ੍ਹਾਂ ਇਹ ਸਾਰੇ ਜਾਨਵਰ ਜਿਉਂਦੇ ਰਹਿਣਗੇ। 3-4 ਅੱਜ ਤੋਂ ਸੱਤਾਂ ਦਿਨਾਂ ਬਾਅਦ ਮੈਂ ਧਰਤੀ ਉੱਤੇ ਭਾਰੀ ਬਾਰਿਸ਼ ਭੇਜਾਂਗਾ। ਚਾਲੀ ਦਿਨਾਂ ਅਤੇ ਚਾਲੀ ਰਾਤਾਂ ਤੱਕ ਬਾਰਿਸ਼ ਹੁੰਦੀ ਰਹੇਗੀ। ਅਤੇ ਮੈਂ ਧਰਤੀ ਦੇ ਚਿਹਰੇ ਉੱਤੋਂ ਹਰ ਸ਼ੈਅ ਨੂੰ ਪੂੰਝ ਸੁੱਟਾਂਗਾ। ਮੈਂ ਹਰ ਓਸ ਚੀਜ਼ ਨੂੰ ਤਬਾਹ ਕਰ ਦਿਆਂਗਾ ਜਿਸ ਨੂੰ ਮੈਂ ਸਾਜਿਆ ਸੀ।” ਨੂਹ ਨੇ ਹਰ ਉਹ ਗੱਲ ਕੀਤੀ ਜਿਸਦਾ ਯਹੋਵਾਹ ਨੇ ਉਸ ਨੂੰ ਕਰਨ ਲਈ ਹੁਕਮ ਦਿੱਤਾ ਸੀ।
ਜਦੋਂ ਹੜ੍ਹ ਆਏ, ਨੂਹ 600 ਵਰ੍ਹਿਆਂ ਦਾ ਸੀ। ਨੂਹ ਅਤੇ ਉਸਦਾ ਪਰਿਵਾਰ ਹੜ੍ਹ ਤੋਂ ਬਚਣ ਲਈ ਕਿਸ਼ਤੀ ਅੰਦਰ ਚੱਲਿਆ ਗਿਆ। ਨੂਹ ਦੀ ਪਤਨੀ ਅਤੇ ਉਸ ਦੇ ਪੁੱਤਰ ਅਤੇ ਨੂਹਾਂ ਉਸ ਦੇ ਨਾਲ ਕਿਸ਼ਤੀ ਵਿੱਚ ਸਨ। ਸਾਰੇ ਪਾਕ ਜਾਨਵਰ, ਧਰਤੀ ਦੇ ਹੋਰ ਸਾਰੇ ਜਾਨਵਰ, ਪੰਛੀ ਅਤੇ ਧਰਤੀ ਉੱਤੇ ਰੀਂਗਣ ਵਾਲੇ ਜੀਵ, ਨੂਹ ਦੇ ਨਾਲ ਹੀ ਕਿਸ਼ਤੀ ਵਿੱਚ ਚੱਲੇ ਗਏ। ਏਹ ਜਾਨਵਰ ਪਰਮੇਸ਼ੁਰ ਦੇ ਆਦੇਸ਼ ਅਨੁਸਾਰ ਜੋੜਿਆਂ, ਨਰ ਅਤੇ ਮਾਦਾ, ਦੇ ਰੂਪ ਵਿੱਚ ਗਏ ਸਨ। 10 ਸੱਤਾਂ ਦਿਨਾਂ ਬਾਅਦ ਹੜ੍ਹ ਸ਼ੁਰੂ ਹੋ ਗਿਆ। ਧਰਤੀ ਉੱਤੇ ਬਾਰਿਸ਼ ਹੋਣ ਲੱਗ ਪਈ।
11 ਨੂਹ ਦੇ 600 ਵਰ੍ਹੇ ਦੀ ਉਮਰ ਦੇ ਦੂਸਰੇ ਮਹੀਨੇ ਦੇ 17ਵੇਂ ਦਿਨ ਨੂੰ ਧਰਤੀ ਹੇਠਲੇ ਸਮੂਜ ਝਰਨੇ ਫ਼ਟ ਕੇ ਫੁੱਟ ਪਏ ਓਸੇ ਦਿਨ, ਧਰਤੀ ਉੱਤੇ ਭਾਰੀ ਬਾਰਿਸ਼ ਹੋਣ ਲੱਗ ਪਈ ਜਿਵੇਂ ਕਿ ਅਕਾਸ਼ ਦੀਆਂ ਖਿੜਕੀਆਂ ਖੁਲ੍ਹ ਗਈਆਂ ਹੋਣ। 12 ਚਾਲੀ ਦਿਨ ਤੇ ਚਾਲੀ ਰਾਤਾਂ ਭਾਰੀ ਬਾਰਿਸ਼ ਹੁੰਦੀ ਰਹੀ। 13 ਓਸੇ ਦਿਨ ਨੂਹ ਅਤੇ ਉਸਦੀ ਪਤਨੀ, ਉਸ ਦੇ ਪੁੱਤਰ-ਸ਼ੇਮ, ਹਾਮ ਅਤੇ ਯਾਫ਼ਥ-ਅਤੇ ਉਨ੍ਹਾਂ ਦੀਆਂ ਪਤਨੀਆਂ ਕਿਸ਼ਤੀ ਵਿੱਚ ਚਲੀਆਂ ਗਈਆਂ। 14 ਉਹ ਲੋਕ ਅਤੇ ਧਰਤੀ ਦੇ ਹੋਰ ਸਾਰੇ ਜਾਨਵਰ ਕਿਸ਼ਤੀ ਵਿੱਚ ਸਨ। ਹਰ ਤਰ੍ਹਾਂ ਦੇ ਪਸ਼ੂ, ਹਰ ਤਰ੍ਹਾਂ ਦੇ ਧਰਤੀ ਉੱਤੇ ਰੀਂਗਣ ਵਾਲੇ ਜਾਨਵਰ, ਅਤੇ ਹਰ ਤਰ੍ਹਾਂ ਦੇ ਪੰਛੀ ਕਿਸ਼ਤੀ ਵਿੱਚ ਸਨ। 15 ਹਰ ਤਰ੍ਹਾਂ ਦੇ ਜਿਉਣ ਵਾਲੇ ਪ੍ਰਾਣੀਆਂ ਦਾ ਇੱਕ-ਇੱਕ ਜੋੜਾ ਨੂਹ ਕੋਲ ਕਿਸ਼ਤੀ ਅੰਦਰ ਆ ਗਿਆ। 16 ਇਹ ਸਮੂਹ ਜਾਨਵਰ ਉਸੇ ਤਰ੍ਹਾਂ ਜੋੜਿਆਂ (ਨਰ ਅਤੇ ਮਾਦਾ) ਵਿੱਚ ਕਿਸ਼ਤੀ ਵਿੱਚ ਚੱਲੇ ਗਏ ਜਿਵੇਂ ਪਰਮੇਸ਼ੁਰ ਨੇ ਨੂਹ ਨੂੰ ਹੁਕਮ ਦਿੱਤਾ ਸੀ। ਫ਼ੇਰ ਯਹੋਵਾਹ ਨੇ ਨੂਹ ਦੇ ਪਿੱਛੇ ਦਰਵਾਜ਼ਾ ਬੰਦ ਕਰ ਦਿੱਤਾ।
17 ਧਰਤੀ ਉੱਤੇ ਚਾਲੀ ਦਿਨਾਂ ਤੱਕ ਹੜ੍ਹ ਫ਼ੈਲਿਆ ਰਿਹਾ। ਪਾਣੀ ਚਢ਼ਣਾ ਸ਼ੁਰੂ ਹੋ ਗਿਆ ਅਤੇ ਉਸ ਨੇ ਕਿਸ਼ਤੀ ਨੂੰ ਧਰਤੀ ਤੋਂ ਉੱਪਰ ਉੱਠਾ ਦਿੱਤਾ। 18 ਪਾਣੀ ਚੜ੍ਹਦਾ ਗਿਆ ਅਤੇ ਕਿਸ਼ਤੀ ਧਰਤੀ ਤੋਂ ਉੱਪਰ ਪਾਣੀ ਉੱਤੇ ਤੈਰਨ ਲਗੀ। 19 ਪਾਣੀ ਇੰਨਾ ਚੜ੍ਹ ਗਿਆ ਕਿ ਸਭ ਤੋਂ ਉੱਚੇ ਪਹਾੜ ਵੀ ਪਾਣੀ ਨਾਲ ਢੱਕੇ ਗਏ। 20 ਪਾਣੀ ਪਹਾੜਾਂ ਤੋਂ ਉੱਚਾ ਉੱਠਣ ਲੱਗਾ। ਪਾਣੀ ਸਭ ਤੋਂ ਉੱਚੇ ਪਹਾੜ ਤੋਂ ਵੀ 20 ਫੁੱਟ ਉੱਚਾ ਉੱਠ ਗਿਆ।
21-22 ਧਰਤੀ ਉਤਲਾ ਹਰ ਜੀਵ ਮਰ ਗਿਆ-ਹਰ ਆਦਮੀ ਤੇ ਹਰ ਔਰਤ, ਹਰ ਪੰਛੀ, ਅਤੇ ਧਰਤੀ ਦਾ ਹਰ ਤਰ੍ਹਾਂ ਦਾ ਜਾਨਵਰ ਮਰ ਗਿਆ। ਸੁੱਕੀ ਧਰਤੀ ਉੱਤੇ ਰਹਿਣ ਵਾਲੀ ਅਤੇ ਸਾਹ ਲੈਣ ਵਾਲੀ ਹਰ ਸ਼ੈਅ ਮਰ ਗਈ। 23 ਪਰਮੇਸ਼ੁਰ ਨੇ ਧਰਤੀ ਦੀ ਹਰ ਜਿਉਂਦੀ ਸ਼ੈਅ ਨੂੰ ਤਬਾਹ ਕਰ ਦਿੱਤਾ: ਹਰ ਆਦਮੀ, ਹਰ ਜਾਨਵਰ, ਹਰ ਰੀਂਗਣ ਵਾਲਾ ਜੀਵ ਅਤੇ ਹਰ ਪੰਛੀ। ਇਹ ਸਾਰੀਆਂ ਸ਼ੈਆਂ ਧਰਤੀ ਤੋਂ ਤਬਾਹ ਹੋ ਗਈਆਂ ਸਨ। ਜਿਹੜਾ ਜੀਵਨ ਬਚਾਇਆ ਗਿਆ ਉਹ ਨੂਹ ਅਤੇ ਉਸ ਦੇ ਨਾਲ ਕਿਸ਼ਤੀ ਵਿੱਚ ਸਵਾਰ ਲੋਕ ਅਤੇ ਜੀਵਿਤ ਪ੍ਰਾਣੀ ਸਨ। 24 ਪਾਣੀ 150 ਦਿਨਾਂ ਤੱਕ ਧਰਤੀ ਉੱਤੇ ਫ਼ੈਲਿਆ ਰਿਹਾ।