੯
ਪਰਮੇਸ਼ੁਰ ਅਤੇ ਉਸ ਦੇ ਚੁਣੇ ਹੋਏ ਲੋਕ
੧ ਮੈਂ ਮਸੀਹ ਵਿੱਚ ਸੱਚ ਕਹਿੰਦਾ ਹਾਂ, ਝੂਠ ਨਹੀਂ ਬੋਲਦਾ ਅਤੇ ਮੇਰਾ ਵਿਵੇਕ ਪਵਿੱਤਰ ਆਤਮਾ ਵਿੱਚ ਮੇਰਾ ਗਵਾਹ ਹੈ । ੨ ਕਿ ਮੈਨੂੰ ਵੱਡਾ ਸੋਗ ਹੈ ਅਤੇ ਮੇਰਾ ਮਨ ਸਦਾ ਦੁੱਖੀ ਰਹਿੰਦਾ ਹੈ । ੩ ਮੈਂ ਚਾਹੁੰਦਾ ਸੀ ਕਿ ਆਪਣੇ ਭੈਣ ਭਰਾਵਾਂ ਦੇ ਲਈ ਜਿਹੜੇ ਸਰੀਰ ਦੇ ਅਨੁਸਾਰ ਮੇਰੇ ਸਕੇ-ਸਬੰਧੀ ਹਨ, ਮੈਂ ਆਪ ਮਸੀਹ ਵੱਲੋਂ ਸਰਾਪੀ ਹੁੰਦਾ । ੪ ਉਹ ਇਸਰਾਏਲੀ ਹਨ ਅਤੇ ਲੇਪਾਲਕਪਨ ਦਾ ਹੱਕ, ਮਹਿਮਾ, ਨੇਮ, ਬਿਵਸਥਾ ਦਾ ਦਾਨ, ਪਰਮੇਸ਼ੁਰ ਦੀ ਬੰਦਗੀ ਅਤੇ ਵਾਇਦੇ ਉਹਨਾਂ ਦੇ ਹਨ । ੫ ਨਾਲੇ ਵੱਡੇ ਬਜ਼ੁਰਗ ਵੀ ਉਹਨਾਂ ਦੇ ਹਨ; ਅਤੇ ਮਸੀਹ ਵੀ ਸਰੀਰ ਦੇ ਅਨੁਸਾਰ ਉਹਨਾਂ ਵਿੱਚੋਂ ਹੀ ਹੋਇਆ ਜੋ ਸਭਨਾਂ ਉੱਤੇ ਪਰਮੇਸ਼ੁਰ ਅਤੇ ਜੁੱਗੋ-ਜੁੱਗ ਧੰਨ ਹੈ, ਆਮੀਨ ! ੬ ਪਰ ਇਸ ਤਰ੍ਹਾਂ ਨਹੀਂ ਜੋ ਪਰਮੇਸ਼ੁਰ ਦਾ ਬਚਨ ਟਲ ਗਿਆ; ਕਿਉਂਕਿ ਜਿਹੜੇ ਇਸਰਾਏਲ ਦੇ ਵਿੱਚੋਂ ਹਨ, ਉਹ ਸਾਰੇ ਇਸਰਾਏਲੀ ਨਹੀਂ । ੭ ਅਤੇ ਅਬਰਾਹਮ ਦੀ ਅੰਸ ਹੋਣ ਕਰਕੇ ਉਹ ਸਾਰੇ ਉਹ ਦੀ ਸੰਤਾਨ ਨਹੀਂ ਹਨ, ਸਗੋਂ ਇਸਹਾਕ ਹੀ ਤੋਂ ਤੇਰੀ ਅੰਸ ਪੁਕਾਰੀ ਜਾਵੇਗੀ । ੮ ਅਰਥਾਤ ਜਿਹੜੇ ਸਰੀਰਕ ਹਨ ਉਹ ਪਰਮੇਸ਼ੁਰ ਦੀ ਸੰਤਾਨ ਨਹੀਂ, ਪਰ ਵਾਇਦੇ ਦੀ ਸੰਤਾਨ ਅੰਸ ਗਿਣੀ ਜਾਂਦੀ ਹੈ । ੯ ਵਾਇਦੇ ਦਾ ਬਚਨ ਤਾਂ ਇਹ ਹੈ, ਕਿ ਇਸੇ ਸਮੇਂ ਦੇ ਅਨੁਸਾਰ ਮੈਂ ਆਵਾਂਗਾ ਅਤੇ ਸਾਰਾਹ ਇੱਕ ਪੁੱਤਰ ਜਣੇਗੀ । ੧੦ ਅਤੇ ਕੇਵਲ ਇਹੋ ਨਹੀਂ ਸਗੋਂ ਜਦੋਂ ਰਿਬਕਾਹ ਇੱਕ ਜਣੇ ਤੋਂ ਅਰਥਾਤ ਸਾਡੇ ਪਿਤਾ ਇਸਹਾਕ ਤੋਂ ਗਰਭਵਤੀ ਹੋਈ । ੧੧ ਭਾਵੇਂ ਬਾਲਕ ਹਾਲੇ ਤੱਕ ਜੰਮੇ ਨਹੀਂ ਸਨ, ਅਤੇ ਨਾ ਹੀ ਉਨ੍ਹਾਂ ਨੇ ਕੁੱਝ ਭਲਾ ਬੁਰਾ ਕੀਤਾ ਸੀ, ਅਤੇ ਉਸ ਨੇ ਕਿਹਾ ਵੱਡਾ ਛੋਟੇ ਦੀ ਸੇਵਾ ਕਰੇਗਾ, ੧੨ ਤਾਂ ਜੋ ਪਰਮੇਸ਼ੁਰ ਦੀ ਯੋਜਨਾ ਜਿਹੜੀ ਚੋਣ ਦੇ ਅਨੁਸਾਰ ਹੈ, ਕਰਨੀਆਂ ਤੋਂ ਨਹੀਂ ਸਗੋਂ ਬਲਾਉਣ ਵਾਲੇ ਦੀ ਮਰਜ਼ੀ ਅਨੁਸਾਰ ਬਣੀ ਰਹੇ l ੧੩ ਜਿਵੇਂ ਲਿਖਿਆ ਹੋਇਆ ਹੈ, ਜੋ ਮੈਂ ਯਾਕੂਬ ਨਾਲ ਪਿਆਰ ਪਰ ਏਸਾਉ ਨਾਲ ਵੈਰ ਕੀਤਾ ।
੧੪ ਫੇਰ ਅਸੀਂ ਕੀ ਆਖੀਏ ? ਭਲਾ, ਪਰਮੇਸ਼ੁਰ ਬੇਇਨਸਾਫ਼ੀ ਕਰਦਾ ਹੈ ? ਕਦੇ ਨਹੀਂ ! ੧੫ ਕਿਉਂਕਿ ਉਹ ਮੂਸਾ ਨੂੰ ਆਖਦਾ ਹੈ, ਕਿ ਮੈਂ ਜਿਹ ਦੇ ਉੱਤੇ ਦਯਾ ਕਰਨੀ ਚਾਹਾਂ ਉਸ ਉੱਤੇ ਦਯਾ ਕਰਾਂਗਾ ਅਤੇ ਜਿਹ ਦੇ ਉੱਤੇ ਮੈਂ ਰਹਿਮ ਕਰਨਾ ਚਾਹਾਂ ਉਸ ਉੱਤੇ ਰਹਿਮ ਕਰਾਂਗਾ । ੧੬ ਸੋ ਇਹ ਤਾਂ ਨਾ ਚਾਹੁਣ ਵਾਲੇ ਦਾ, ਅਤੇ ਨਾ ਦੌੜ ਭੱਜ ਕਰਨ ਵਾਲੇ ਦਾ, ਸਗੋਂ ਦਯਾ ਕਰਨ ਵਾਲੇ ਪਰਮੇਸ਼ੁਰ ਦਾ ਕੰਮ ਹੈ । ੧੭ ਕਿਉਂ ਜੋ ਪਵਿੱਤਰ ਗ੍ਰੰਥ ਵਿੱਚ ਫ਼ਿਰਊਨ ਨੂੰ ਕਿਹਾ ਗਿਆ, ਕਿ ਮੈਂ ਇਸੇ ਕਾਰਨ ਤੈਨੂੰ ਖੜ੍ਹਾ ਕੀਤਾ ਤਾਂ ਜੋ ਤੇਰੇ ਵਿੱਚ ਆਪਣੀ ਸਮਰੱਥ ਪਰਗਟ ਕਰਾਂ ਤਾਂ ਜੋ ਸਾਰੀ ਧਰਤੀ ਤੇ ਮੇਰੇ ਨਾਮ ਦਾ ਪਰਚਾਰ ਹੋਵੇ । ੧੮ ਸੋ ਉਹ ਜਿਹ ਦੇ ਉੱਤੇ ਚਾਹੁੰਦਾ ਹੈ ਉਹ ਦੇ ਉੱਤੇ ਦਯਾ ਕਰਦਾ ਹੈ, ਅਤੇ ਜਿਹ ਦੇ ਉੱਤੇ ਚਾਹੁੰਦਾ ਉਹ ਦੇ ਉੱਤੇ ਸਖਤੀ ਕਰਦਾ ਹੈ ।
ਪਰਮੇਸ਼ੁਰ ਦਾ ਕ੍ਰੋਧ ਅਤੇ ਦਯਾ
੧੯ ਤਾਂ ਤੂੰ ਮੈਨੂੰ ਇਹ ਆਖੇਂਗਾ, ਕਿ ਉਹ ਹੁਣ ਕਿਉਂ ਦੋਸ਼ ਲਾਉਂਦਾ ਹੈ, ਕਿਉਂ ਜੋ ਉਸ ਦੀ ਮਰਜ਼ੀ ਦਾ ਕਿਸ ਨੇ ਸਾਹਮਣਾ ਕੀਤਾ ? ੨੦ ਹੇ ਮਨੁੱਖ, ਤੂੰ ਪਰਮੇਸ਼ੁਰ ਨਾਲ ਵਿਵਾਦ ਕਰਨ ਵਾਲਾ ਕੌਣ ਹੈ ? ਭਲਾ ਘੜੀ ਹੋਈ ਚੀਜ਼ ਆਪਣੇ ਘੜਨ ਵਾਲੇ ਨੂੰ ਕਹਿ ਸਕਦੀ ਹੈ ਕਿ ਤੂੰ ਮੈਨੂੰ ਅਜਿਹਾ ਕਿਉਂ ਬਣਾਇਆ ? ੨੧ ਕੀ ਘੁਮਿਆਰ ਨੂੰ ਮਿੱਟੀ ਦੇ ਉੱਪਰ ਅਧਿਕਾਰ ਨਹੀਂ, ਜੋ ਇੱਕੋ ਪੇੜੇ ਵਿੱਚੋਂ ਇੱਕ ਭਾਂਡਾ ਆਦਰ ਅਤੇ ਦੂਜਾ ਨਿਰਾਦਰ ਦੇ ਕੰਮ ਲਈ ਬਣਾਵੇ ? ੨੨ ਅਤੇ ਕੀ ਹੋਇਆ ਜੇ ਪਰਮੇਸ਼ੁਰ ਨੇ ਇਹ ਚਾਹ ਕੇ ਜੋ ਆਪਣਾ ਕ੍ਰੋਧ ਵਿਖਾਵੇ ਅਤੇ ਆਪਣੀ ਸ਼ਕਤੀ ਪ੍ਰਗਟ ਕਰੇ ਕ੍ਰੋਧ ਦੇ ਭਾਂਡਿਆਂ ਨੂੰ ਜਿਹੜੇ ਨਾਸ ਦੇ ਲਈ ਤਿਆਰ ਕੀਤੇ ਹੋਏ ਸਨ, ਵੱਡੇ ਧੀਰਜ ਨਾਲ ਸਹਾਰਿਆ । ੨੩ ਤਾਂ ਜੋ ਦਯਾ ਦੇ ਭਾਂਡਿਆਂ ਉੱਤੇ ਜਿਨ੍ਹਾਂ ਨੂੰ ਉਸ ਨੇ ਪਹਿਲਾਂ ਹੀ ਮਹਿਮਾ ਦੇ ਲਈ ਤਿਆਰ ਕੀਤਾ ਸੀ, ਆਪਣੀ ਮਹਿਮਾ ਦਾ ਧੰਨ ਪ੍ਰਗਟ ਕਰੇ । ੨੪ ਅਰਥਾਤ ਸਾਡੇ ਉੱਤੇ ਜਿਹਨਾਂ ਨੂੰ ਉਸ ਨੇ ਕੇਵਲ ਯਹੂਦੀਆਂ ਵਿੱਚੋਂ ਹੀ ਨਹੀਂ, ਸਗੋਂ ਪਰਾਈਆਂ ਕੌਮਾਂ ਵਿੱਚੋਂ ਵੀ ਬੁਲਾਇਆ । ੨੫ ਜਿਵੇਂ ਹੋਸ਼ੇਆ ਦੀ ਪੁਸਤਕ ਵਿੱਚ ਵੀ ਉਹ ਕਹਿੰਦਾ ਹੈ, ਕਿ ਜਿਹੜੀ ਮੇਰੀ ਪਰਜਾ ਨਹੀਂ ਸੀ, ਉਹ ਨੂੰ ਮੈਂ ਆਪਣੀ ਪਰਜਾ ਆਖਾਂਗਾ ਅਤੇ ਜਿਹੜੀ ਪਿਆਰੀ ਨਹੀਂ ਸੀ, ਉਹ ਨੂੰ ਪਿਆਰੀ ਆਖਾਂਗਾ । ੨੬ ਅਤੇ ਐਉਂ ਹੋਵੇਗਾ, ਕਿ ਜਿੱਥੇ ਉਨ੍ਹਾਂ ਨੂੰ ਇਹ ਆਖਿਆ ਗਿਆ ਸੀ, ਕਿ ਤੁਸੀਂ ਮੇਰੀ ਪਰਜਾ ਨਹੀਂ, ਉੱਥੇ ਉਹ ਜਿਉਂਦੇ ਪਰਮੇਸ਼ੁਰ ਦੀ ਸੰਤਾਨ ਅਖਵਾਉਣਗੇ ।
੨੭ ਯਸਾਯਾਹ ਇਸਰਾਏਲ ਦੇ ਵਿਖੇ ਪੁਕਾਰ ਕੇ ਕਹਿੰਦਾ ਹੈ, ਜੋ ਇਸਰਾਏਲ ਦਾ ਵੰਸ਼ ਭਾਵੇਂ ਗਿਣਤੀ ਵਿੱਚ ਸਮੁੰਦਰ ਦੀ ਰੇਤ ਦੇ ਤੁੱਲ ਹੋਵੇ ਪਰ ਉਹ ਦਾ ਕੁੱਝ ਹੀ ਹਿੱਸਾ ਬਚਾਇਆ ਜਾਵੇਗਾ । ੨੮ ਕਿਉਂ ਜੋ ਪ੍ਰਭੂ ਆਪਣੇ ਬਚਨ ਨੂੰ ਆਪਣੀ ਧਾਰਮਿਕਤਾ ਦੇ ਅਨੁਸਾਰ ਛੇਤੀ ਕਰ ਕੇ ਧਰਤੀ ਉੱਤੇ ਪੂਰਾ ਕਰੇਗਾ । ੨੯ ਜਿਵੇਂ ਯਸਾਯਾਹ ਨੇ ਪਹਿਲਾਂ ਵੀ ਕਿਹਾ ਸੀ, ਕੀ ਜੇ ਸੈਨਾਂ ਦੇ ਪ੍ਰਭੂ ਨੇ ਸਾਡੇ ਲਈ ਅੰਸ ਨਾ ਛੱਡੀ ਹੁੰਦੀ ਤਾਂ ਅਸੀਂ ਸਦੂਮ ਵਰਗੇ ਹੋ ਜਾਂਦੇ ਅਤੇ ਅਮੂਰਾਹ ਜਿਹੇ ਬਣ ਜਾਂਦੇ ।
ਇਸਰਾਏਲ ਦਾ ਅਵਿਸ਼ਵਾਸ
੩੦ ਫੇਰ ਅਸੀਂ ਕੀ ਆਖੀਏ ? ਕਿ ਪਰਾਈਆਂ ਕੌਮਾਂ ਜਿਹੜੀਆਂ ਧਾਰਮਿਕਤਾ ਦਾ ਪਿੱਛਾ ਨਹੀਂ ਕਰਦੀਆਂ ਸਨ, ਉਹਨਾਂ ਨੇ ਧਾਰਮਿਕਤਾ ਨੂੰ ਪ੍ਰਾਪਤ ਕੀਤਾ ਸਗੋਂ ਉਸ ਧਾਰਮਿਕਤਾ ਨੂੰ ਜਿਹੜਾ ਵਿਸ਼ਵਾਸ ਤੋਂ ਹੁੰਦਾ ਹੈ । ੩੧ ਭਾਵੇਂ ਇਸਰਾਏਲ ਨੇ ਬਿਵਸਥਾ ਦੁਆਰਾ ਧਾਰਮਿਕਤਾ ਦਾ ਪਿੱਛਾ ਕੀਤਾ ਤਾਂ ਵੀ ਉਹ ਬਿਵਸਥਾ ਤੱਕ ਨਾ ਪਹੁੰਚ ਸਕੇ । ੩੨ ਕਿਉਂ ? ਇਸ ਲਈ ਜੋ ਉਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ ਨਹੀਂ ਪਰ ਕੰਮਾਂ ਦੇ ਰਾਹੀਂ ਉਹ ਦਾ ਪਿੱਛਾ ਕੀਤਾ । ਉਨ੍ਹਾਂ ਨੇ ਠੋਕਰ ਖੁਆਉਣ ਵਾਲੇ ਪੱਥਰ ਨਾਲ ਠੇਡਾ ਖਾਧਾ । ੩੩ ਜਿਵੇਂ ਲਿਖਿਆ ਹੋਇਆ ਹੈ, ਵੇਖੋ, ਮੈਂ ਸੀਯੋਨ ਵਿੱਚ ਠੇਡਾ ਲੱਗਣ ਦਾ ਪੱਥਰ, ਅਤੇ ਠੋਕਰ ਖਾਣ ਦੀ ਚੱਟਾਨ ਰੱਖਦਾ ਹਾਂ, ਅਤੇ ਜਿਹੜਾ ਉਸ ਉੱਤੇ ਵਿਸ਼ਵਾਸ ਕਰਦਾ ਹੈ, ਉਹ ਸ਼ਰਮਿੰਦਾ ਨਾ ਹੋਵੇਗਾ ।