੩
ਸੁੱਕੇ ਹੱਥ ਵਾਲੇ ਮਨੁੱਖ ਨੂੰ ਚੰਗਾ ਕਰਨਾ
(ਮੱਤੀ 12:9-14; ਲੂਕਾ 6:6-11)
੧ ਯਿਸੂ ਫੇਰ ਉਨ੍ਹਾਂ ਦੇ ਪ੍ਰਾਰਥਨਾ ਘਰਾਂ ਵਿੱਚ ਗਿਆ ਅਤੇ ਉੱਥੇ ਇੱਕ ਮਨੁੱਖ ਸੀ, ਜਿਸ ਦਾ ਹੱਥ ਸੁੱਕਿਆ ਹੋਇਆ ਸੀ । ੨ ਅਤੇ ਉਹ ਉਸ ਦੀ ਤੱਕ ਵਿੱਚ ਲੱਗੇ ਹੋਏ ਸਨ, ਕਿ ਵੇਖੀਏ ਉਹ ਸਬਤ ਦੇ ਦਿਨ ਉਸ ਨੂੰ ਚੰਗਾ ਕਰਦਾ ਹੈ ਕਿ ਨਹੀਂ ਤਾਂ ਕਿ ਉਹ ਦੇ ਜੁੰਮੇ ਦੋਸ਼ ਲਾਉਣ । ੩ ਉਹ ਨੇ ਉਸ ਸੁੱਕੇ ਹੱਥ ਵਾਲੇ ਮਨੁੱਖ ਨੂੰ ਕਿਹਾ, ਵਿਚਕਾਰ ਖੜ੍ਹਾ ਹੋ । ੪ ਫੇਰ ਉਹ ਨੇ ਉਨ੍ਹਾਂ ਤੋਂ ਪੁੱਛਿਆ ਕਿ ਸਬਤ ਦੇ ਦਿਨ ਭਲਾ ਕਰਨਾ ਯੋਗ ਹੈ ਜਾਂ ਬੁਰਾ ਕਰਨਾ ? ਜਾਨ ਬਚਾਉਣੀ ਜਾਂ ਜਾਨ ਨੂੰ ਮਾਰਨਾ ? ਪਰ ਉਹ ਚੁੱਪ ਹੀ ਰਹੇ । ੫ ਤਦ ਉਹ ਨੇ ਉਨ੍ਹਾਂ ਦੀ ਸਖ਼ਤ ਦਿਲੀ ਦੇ ਕਾਰਨ ਉਦਾਸ ਹੋ ਕੇ ਉਨ੍ਹਾਂ ਵੱਲ ਗੁੱਸੇ ਨਾਲ ਚਾਰੇ - ਪਾਸੇ ਨਜ਼ਰ ਕੀਤੀ ਅਤੇ ਉਸ ਮਨੁੱਖ ਨੂੰ ਕਿਹਾ, ਆਪਣਾ ਹੱਥ ਵਧਾ । ਤਾਂ ਉਸ ਨੇ ਵਧਾਇਆ ਅਤੇ ਉਸ ਦਾ ਹੱਥ ਫੇਰ ਚੰਗਾ ਹੋ ਗਿਆ । ੬ ਤਦ ਫ਼ਰੀਸੀਆਂ ਨੇ ਨਿੱਕਲ ਕੇ ਉਸ ਵੇਲੇ ਹੇਰੋਦੀਆਂ ਨਾਲ ਉਹ ਦੇ ਵਿਰੁੱਧ ਯੋਜਨਾ ਬਣਾਉਣ ਲੱਗੇ ਜੋ ਕਿਸ ਤਰ੍ਹਾਂ ਉਹ ਦਾ ਨਾਸ ਕਰੀਏ ।
ਭੀੜ ਯਿਸੂ ਦੇ ਪਿੱਛੇ ਚੱਲਦੀ ਹੈ
੭ ਯਿਸੂ ਆਪਣੇ ਚੇਲਿਆਂ ਸਣੇ ਝੀਲ ਵੱਲ ਚੱਲਿਆ ਗਿਆ ਅਤੇ ਗਲੀਲ ਤੋਂ ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ ਤੁਰ ਪਈ । ੮ ਯਹੂਦਿਯਾ, ਯਰੂਸ਼ਲਮ, ਅਦੂਮ ਅਤੇ ਯਰਦਨ ਦੇ ਪਾਰੋਂ ਅਤੇ ਸੂਰ ਅਤੇ ਸੈਦਾ ਦੇ ਆਲੇ ਦੁਆਲਿਓਂ ਇੱਕ ਵੱਡੀ ਭੀੜ ਇਹ ਸੁਣ ਕੇ ਜੋ ਉਹ ਕਿੰਨੇ ਵੱਡੇ-ਵੱਡੇ ਕੰਮ ਕਰਦਾ ਹੈ, ਉਹ ਦੇ ਕੋਲ ਆਈ । ੯ ਤਾਂ ਉਹ ਨੇ ਆਪਣੇ ਚੇਲਿਆਂ ਨੂੰ ਕਿਹਾ, ਭੀੜ ਦੇ ਕਾਰਨ ਇੱਕ ਕਿਸ਼ਤੀ ਮੇਰੇ ਲਈ ਤਿਆਰ ਕਰੋ ਤਾਂ ਕਿ ਲੋਕ ਮੈਨੂੰ ਦਬਾ ਨਾ ਲੈਣ । ੧੦ ਕਿਉਂਕਿ ਉਹ ਨੇ ਬਹੁਤਿਆਂ ਨੂੰ ਚੰਗਾ ਕੀਤਾ ਸੀ ਐਥੋਂ ਤੱਕ ਕਿ ਜਿੰਨੇ ਰੋਗੀ ਸਨ, ਉਹ ਉਸ ਨੂੰ ਛੋਹਣ ਲਈ ਉਸ ਉੱਤੇ ਡਿੱਗਦੇ ਜਾਂਦੇ ਸਨ । ੧੧ ਅਤੇ ਜਿਹਨਾਂ ਵਿੱਚ ਅਸ਼ੁੱਧ ਆਤਮਾਵਾਂ ਸਨ ਜਦੋਂ ਉਹ ਨੂੰ ਵੇਖਿਆ ਤਾਂ ਉਹ ਦੇ ਅੱਗੇ ਡਿੱਗ ਪਏ ਅਤੇ ਚੀਕਾਂ ਮਾਰ ਕੇ ਬੋਲੇ, ਤੂੰ ਪਰਮੇਸ਼ੁਰ ਦਾ ਪੁੱਤਰ ਹੈਂ ! ੧੨ ਤਦ ਉਸ ਨੇ ਉਨ੍ਹਾਂ ਨੂੰ ਚਿਤਾਵਨੀ ਦੇ ਕੇ ਕਿਹਾ ਜੋ ਮੈਨੂੰ ਉਜਾਗਰ ਨਾ ਕਰੋ ! ।
ਬਾਰਾਂ ਚੇਲਿਆਂ ਦੀ ਨਿਯੁਕਤੀ
(ਮੱਤੀ 10:1-4; ਲੂਕਾ 6:12-16)
੧੩ ਫੇਰ ਉਹ ਪਹਾੜ ਉੱਤੇ ਚੜ੍ਹ ਕੇ ਜਿਨ੍ਹਾਂ ਨੂੰ ਉਹ ਆਪ ਚਾਹੁੰਦਾ ਸੀ, ਉਨ੍ਹਾਂ ਨੂੰ ਕੋਲ ਸੱਦਿਆ ਅਤੇ ਉਹ ਉਸ ਦੇ ਕੋਲ ਆਏ । ੧੪ ਅਤੇ ਉਹ ਨੇ ਬਾਰਾਂ ਪੁਰਸ਼ ਠਹਿਰਾਏ (ਉਹਨਾਂ ਨੂੰ ਉਸਨੇ ਰਸੂਲ ਆਖਿਆ) ਜੋ ਉਹ ਦੇ ਨਾਲ ਰਹਿਣ ਅਤੇ ਉਹ ਉਨ੍ਹਾਂ ਨੂੰ ਭੇਜੇ, ਜੋ ਪਰਚਾਰ ਕਰਨ । ੧੫ ਉਨ੍ਹਾਂ ਨੂੰ ਬਿਮਾਰਾਂ ਨੂੰ ਚੰਗੇ ਕਰਨ ਅਤੇ ਭੂਤਾਂ ਨੂੰ ਕੱਢਣ ਦਾ ਅਧਿਕਾਰ ਦਿੱਤਾ । ੧੬ ਅਤੇ ਉਹ ਇਹ ਹਨ, ਸ਼ਮਊਨ ਜਿਸ ਦਾ ਨਾਮ ਉਹ ਨੇ ਪਤਰਸ ਰੱਖਿਆ, ੧੭ ਅਤੇ ਜ਼ਬਦੀ ਦਾ ਪੁੱਤਰ ਯਾਕੂਬ ਅਤੇ ਯਾਕੂਬ ਦਾ ਭਰਾ ਯੂਹੰਨਾ ਜਿਨ੍ਹਾਂ ਦੋਵਾਂ ਦਾ ਨਾਮ ਉਹ ਨੇ ਬਨੀ-ਰੋਗਿਜ਼ ਰੱਖਿਆ ਅਰਥਾਤ ਗਰਜਣ ਦੇ ਪੁੱਤਰ ੧੮ ਅਤੇ ਅੰਦ੍ਰਿਯਾਸ ਅਤੇ ਫ਼ਿਲਿੱਪੁਸ ਅਤੇ ਬਰਥੁਲਮਈ ਅਤੇ ਮੱਤੀ ਅਤੇ ਥੋਮਾ ਅਤੇ ਹਲਫ਼ਾ ਦਾ ਪੁੱਤਰ ਯਾਕੂਬ ਅਤੇ ਥੱਦਈ ਅਤੇ ਸ਼ਮਊਨ ਕਨਾਨੀ ੧੯ ਅਤੇ ਯਹੂਦਾ ਇਸਕਰਿਯੋਤੀ, ਜਿਸ ਨੇ ਉਸ ਨੂੰ ਫੜਵਾ ਵੀ ਦਿੱਤਾ ਸੀ ।
ਯਿਸੂ ਅਤੇ ਬਆਲਜ਼ਬੂਲ
(ਮੱਤੀ 12:22-32; ਲੂਕਾ 11:14-23, 12:10)
੨੦ ਯਿਸੂ ਆਪਣੇ ਘਰ ਆਇਆ ਅਤੇ ਫੇਰ ਐਨੀ ਵੱਡੀ ਭੀੜ ਇਕੱਠੀ ਹੋ ਗਈ, ਜੋ ਉਹ ਰੋਟੀ ਵੀ ਨਾ ਖਾ ਸਕੇ । ੨੧ ਜਦੋਂ ਉਹ ਦੇ ਰਿਸ਼ਤੇਦਾਰਾਂ ਨੇ ਇਹ ਸੁਣਿਆ ਤਾਂ ਉਹ ਉਸ ਨੂੰ ਫੜਨ ਲਈ ਨਿੱਕਲੇ ਕਿਉਂ ਜੋ ਉਨ੍ਹਾਂ ਨੇ ਆਖਿਆ, ਉਹ ਆਪਣੇ ਆਪ ਤੋਂ ਬਾਹਰ ਹੋ ਗਿਆ ਹੈ । ੨੨ ਅਤੇ ਉਪਦੇਸ਼ਕਾਂ ਨੇ ਜਿਹੜੇ ਯਰੂਸ਼ਲਮ ਤੋਂ ਆਏ ਸਨ ਇਹ ਕਿਹਾ ਕਿ ਉਹ ਸ਼ੈਤਾਨ (ਮੂਲ ਭਾਸ਼ਾ ਵਿੱਚ ਬਾਲਜਬੂਲ) ਨਾਲ ਮਿਲਿਆ ਹੋਇਆ ਹੈ ਅਤੇ ਭੂਤਾਂ ਦੇ ਸਰਦਾਰ ਦੀ ਸਹਾਇਤਾ ਨਾਲ ਭੂਤਾਂ ਨੂੰ ਕੱਢਦਾ ਹੈ । ੨੩ ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਕੋਲ ਬੁਲਾ ਕੇ ਦ੍ਰਿਸ਼ਟਾਂਤਾਂ ਵਿੱਚ ਉਨ੍ਹਾਂ ਨੂੰ ਕਿਹਾ ਕਿ ਸ਼ੈਤਾਨ ਨੂੰ ਸ਼ੈਤਾਨ ਕਿਸ ਤਰ੍ਹਾਂ ਕੱਢ ਸਕਦਾ ਹੈ ? ੨੪ ਜੇ ਕਿਸੇ ਰਾਜ ਵਿੱਚ ਫੁੱਟ ਪੈ ਜਾਵੇ ਤਾਂ ਉਹ ਰਾਜ ਠਹਿਰ ਨਹੀਂ ਸਕਦਾ । ੨੫ ਅਤੇ ਜੇ ਕਿਸੇ ਘਰ ਵਿੱਚ ਫੁੱਟ ਪੈ ਜਾਵੇ ਤਾਂ ਉਹ ਘਰ ਬਣਿਆ ਨਹੀਂ ਰਹਿੰਦਾ । ੨੬ ਜੇ ਸ਼ੈਤਾਨ ਆਪਣੇ ਹੀ ਵਿਰੁੱਧ ਉੱਠੇ ਅਤੇ ਉਸ ਵਿੱਚ ਫੁੱਟ ਪੈ ਜਾਵੇ ਤਾਂ ਉਹ ਠਹਿਰ ਨਹੀਂ ਸਕਦਾ ਸਗੋਂ ਉਹ ਦਾ ਅੰਤ ਹੀ ਹੋ ਜਾਵੇਗਾ । ੨੭ ਪਰ ਕੋਈ ਕਿਸੇ ਜ਼ੋਰਾਵਰ ਦੇ ਘਰ ਵਿੱਚ ਵੜ ਕੇ ਉਹ ਦਾ ਮਾਲ ਨਹੀਂ ਲੁੱਟ ਸਕਦਾ ਜੇ ਪਹਿਲਾਂ ਉਸ ਨੂੰ ਬੰਨ੍ਹ ਨਾ ਲਵੇ, ਤਦ ਉਹ ਉਸ ਦਾ ਘਰ ਲੁੱਟ ਸਕੇਗਾ । ੨੮ ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਮਨੁੱਖਾਂ ਦੇ ਪੁੱਤਰਾਂ ਦੇ ਸਾਰੇ ਪਾਪ ਅਤੇ ਨਿੰਦਿਆ ਜਿੰਨੇ ਉਹ ਕਰਨ, ਮਾਫ਼ ਕੀਤੇ ਜਾ ਸਕਦੇ ਹਨ । ੨੯ ਪਰ ਜੋ ਕੋਈ ਪਵਿੱਤਰ ਆਤਮਾ ਦੇ ਵਿਰੁੱਧ ਕੁਫ਼ਰ ਬੋਲੇ ਉਹ ਨੂੰ ਕਦੇ ਵੀ ਮਾਫ਼ੀ ਨਹੀਂ ਮਿਲੇਗੀ ਪਰ ਉਹ ਸਦਾ ਦੇ ਪਾਪ ਦੇ ਵੱਸ ਵਿੱਚ ਆ ਕੇ ਦੋਸ਼ੀ ਠਹਿਰੇਗਾ । ੩੦ ਕਿਉਂ ਜੋ ਉਨ੍ਹਾਂ ਨੇ ਆਖਿਆ ਸੀ ਜੋ ਉਹ ਦੇ ਵਿੱਚ ਅਸ਼ੁੱਧ ਆਤਮਾ ਹੈ ।
ਯਿਸੂ ਦੀ ਮਾਤਾ ਅਤੇ ਭਰਾ
(ਮੱਤੀ 12:46-50; ਲੂਕਾ 8:19-21)
੩੧ ਤਦ ਉਹ ਦੀ ਮਾਤਾ ਅਤੇ ਉਹ ਦੇ ਭਰਾ ਆਏ ਅਤੇ ਬਾਹਰ ਖੜੇ ਹੋ ਕੇ ਉਹ ਨੂੰ ਬੁਲਾਵਾ ਭੇਜਿਆ । ੩੨ ਅਤੇ ਬਹੁਤ ਲੋਕ ਉਹ ਦੇ ਚੁਫ਼ੇਰੇ ਬੈਠੇ ਸਨ ਸੋ ਉਹ ਨੂੰ ਕਹਿਣ ਲੱਗੇ, ਵੇਖੋ ਤੁਹਾਡੀ ਮਾਤਾ ਅਤੇ ਤੁਹਾਡੇ ਭਰਾ ਬਾਹਰ ਖੜ੍ਹੇ ਹਨ । ੩੩ ਉਸ ਨੇ ਉਨ੍ਹਾਂ ਨੂੰ ਉੱਤਰ ਦਿੱਤਾ, ਕੌਣ ਹੈ ਮੇਰੀ ਮਾਤਾ ਅਤੇ ਮੇਰੇ ਭਰਾ ? ੩੪ ਅਤੇ ਉਸ ਨੇ ਉਨ੍ਹਾਂ ਵੱਲ ਜਿਹੜੇ ਉਸ ਦੇ ਆਲੇ-ਦੁਆਲੇ ਬੈਠੇ ਸਨ, ਚਾਰੇ ਪਾਸੇ ਵੇਖ ਕੇ ਕਿਹਾ, ਇਹ ਵੇਖੋ ਮੇਰੀ ਮਾਤਾ ਅਤੇ ਮੇਰੇ ਭਰਾ ਇਹ ਹਨ । ੩੫ ਕਿਉਂਕਿ ਜੋ ਕੋਈ ਪਰਮੇਸ਼ੁਰ ਦੀ ਮਰਜ਼ੀ ਉੱਤੇ ਚੱਲਦਾ ਹੈ, ਉਹੀ ਮੇਰਾ ਭਰਾ ਅਤੇ ਭੈਣ ਅਤੇ ਮਾਤਾ ਹੈ ।