੩੨
ਯਿਰਮਿਯਾਹ ਦੁਆਰਾ ਖੇਤ ਖਰੀਦਿਆ ਜਾਣਾ
੧ ਉਹ ਬਚਨ ਜਿਹੜਾ ਯਹੂਦਾਹ ਦੇ ਰਾਜਾ ਸਿਦਕੀਯਾਹ ਦੇ ਦਸਵੇਂ ਸਾਲ ਜੋ ਨਾਬੂਕਦਰੱਸਰ ਦਾ ਅਠਾਰ੍ਹਵਾਂ ਵਰ੍ਹਾ ਸੀ ਯਹੋਵਾਹ ਵੱਲੋਂ ਯਿਰਮਿਯਾਹ ਕੋਲ ਆਇਆ ੨ ਉਸ ਵੇਲੇ ਬਾਬਲ ਦੇ ਰਾਜਾ ਦੀ ਫੌਜ ਨੇ ਯਰੂਸ਼ਲਮ ਉੱਤੇ ਘੇਰਾ ਪਾਇਆ ਹੋਇਆ ਸੀ ਅਤੇ ਯਿਰਮਿਯਾਹ ਨਬੀ ਉਸ ਕੈਦ ਖਾਨੇ ਦੇ ਵੇਹੜੇ ਵਿੱਚ ਜਿਹੜਾ ਯਹੂਦਾਹ ਦੇ ਰਾਜਾ ਦੇ ਮਹਿਲ ਵਿੱਚ ਸੀ ਬੰਦ ਸੀ ੩ ਅਤੇ ਯਹੂਦਾਹ ਦੇ ਰਾਜਾ ਸਿਦਕੀਯਾਹ ਨੇ ਉਹ ਨੂੰ ਇਹ ਆਖ ਕੇ ਕੈਦ ਕੀਤਾ ਭਈ ਤੂੰ ਕਿਉਂ ਅਗੰਮ ਵਾਚਦਾ ਹੈਂ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖੋ, ਮੈਂ ਇਸ ਸ਼ਹਿਰ ਨੂੰ ਬਾਬਲ ਦੇ ਰਾਜਾ ਦੇ ਹੱਥ ਵਿੱਚ ਦੇ ਦਿਆਂਗਾ ਅਤੇ ਉਹ ਇਹ ਨੂੰ ਲੈ ਲਵੇਗਾ ? ੪ ਯਹੂਦਾਹ ਦਾ ਰਾਜਾ ਸਿਦਕੀਯਾਹ ਕਸਦੀਆਂ ਦੇ ਹੱਥੋਂ ਨਾ ਬਚੇਗਾ, ਉਹ ਸੱਚ-ਮੁੱਚ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਜਾਵੇਗਾ ਅਤੇ ਉਹ ਉਸ ਦੇ ਨਾਲ ਦੂਹ ਬਦੂਹ ਗੱਲਾਂ ਕਰੇਗਾ ਅਤੇ ਉਹ ਅੱਖ ਨਾਲ ਅੱਖ ਮਿਲਾ ਕੇ ਵੇਖੇਗਾ ੫ ਉਹ ਸਿਦਕੀਯਾਹ ਨੂੰ ਬਾਬਲ ਵਿੱਚ ਲੈ ਜਾਵੇਗਾ । ਉਹ ਉੱਥੇ ਰਹੇਗਾ ਜਦ ਤੱਕ ਮੈਂ ਉਹ ਦੀ ਖ਼ਬਰ ਨਾ ਲਵਾਂ, ਯਹੋਵਾਹ ਦਾ ਵਾਕ ਹੈ, ਭਾਵੇਂ ਤੁਸੀਂ ਕਸਦੀਆਂ ਨਾਲ ਲੜਾਈ ਕਰੋ ਪਰ ਜਿੱਤੋਗੇ ਨਹੀਂ । ੬ ਤਾਂ ਯਿਰਮਿਯਾਹ ਨੇ ਆਖਿਆ ਕਿ ਯਹੋਵਾਹ ਦ ਬਚਨ ਆਇਆ ਕਿ ੭ ਵੇਖ, ਤੇਰੇ ਚਾਚੇ ਸ਼ੱਲੂਮ ਦਾ ਪੁੱਤਰ ਹਨਮਏਲ ਤੇਰੇ ਕੋਲ ਆ ਕੇ ਆਖੇਗਾ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਹੈ ਆਪਣੇ ਲਈ ਮੁੱਲ ਲੈ ਲੈ ਕਿਉਂ ਜੋ ਉਹ ਦਾ ਮੁੱਲ ਦੇ ਕੇ ਛੁਡਾਉਣ ਦਾ ਤੇਰਾ ਹੱਕ ਹੈ ੮ ਤਾਂ ਮੇਰੇ ਚਾਚੇ ਦਾ ਪੁੱਤਰ ਹਨਮਏਲ ਮੇਰੇ ਕੋਲ ਕੈਦਖ਼ਾਨੇ ਦੇ ਵੇਹੜੇ ਵਿੱਚ ਯਹੋਵਾਹ ਦੇ ਬਚਨ ਅਨੁਸਾਰ ਆਇਆ ਅਤੇ ਉਸ ਮੈਨੂੰ ਆਖਿਆ ਕਿ ਮੇਰਾ ਖੇਤ ਜਿਹੜਾ ਅਨਾਥੋਥ ਵਿੱਚ ਬਿਨਯਾਮੀਨ ਦੇ ਦੇਸ ਵਿੱਚ ਹੈ ਮੁੱਲ ਲੈ ਲੈ ਕਿਉਂ ਜੋ ਉਹ ਦੇ ਕਬਜ਼ੇ ਦਾ ਅਤੇ ਉਹ ਦੇ ਛੁਡਾਉਣ ਦਾ ਹੱਕ ਤੇਰਾ ਹੈ, ਉਹ ਨੂੰ ਆਪਣੇ ਲਈ ਮੁੱਲ ਲੈ ਲੈ । ਤਦ ਮੈਂ ਜਾਣ ਗਿਆ ਕਿ ਇਹ ਯਹੋਵਾਹ ਦਾ ਬਚਨ ਸੀ ੯ ਮੈਂ ਉਸ ਖੇਤ ਨੂੰ ਜਿਹੜਾ ਅਨਾਥੋਥ ਵਿੱਚ ਸੀ ਆਪਣੇ ਚਾਚੇ ਦੇ ਪੁੱਤਰ ਹਨਮਏਲ ਤੋਂ ਮੁੱਲ ਲੈ ਲਿਆ ਅਤੇ ਮੈਂ ਉਹ ਨੂੰ ਤੋਲ ਕੇ ਚਾਂਦੀ ਦਿੱਤੀ ਅਰਥਾਤ ਸਤਾਰਾਂ ਰੁਪਏ ਚਾਂਦੀ ੧੦ ਤਾਂ ਮੈਂ ਬੈ-ਨਾਮੇ ਉੱਤੇ ਦਸਤਖਤ ਕੀਤੇ, ਮੋਹਰ ਲਾਈ ਅਤੇ ਗਵਾਹਾਂ ਨੇ ਗਵਾਹੀ ਦਿੱਤੀ ਅਤੇ ਚਾਂਦੀ ਕੰਡੇ ਉੱਤੇ ਤੋਲੀ ੧੧ ਤਾਂ ਮੈਂ ਉਸ ਬੈ-ਨਾਮੇ ਦੀ ਲਿਖਤ ਨੂੰ ਜਿਹ ਨੂੰ ਮੋਹਰ ਲੱਗੀ ਹੋਈ ਸੀ, ਜੋ ਕਨੂੰਨਾਂ ਅਤੇ ਬਿਧੀਆ ਦੇ ਅਨੁਸਾਰ ਸੀ, ਅਤੇ ਉਹ ਦੀ ਖੁੱਲ੍ਹੀ ਨਕਲ ਨੂੰ ਵੀ ਲਿਆ ੧੨ ਤਾਂ ਮੈਂ ਉਹ ਬੈ-ਨਾਮੇ ਦੀ ਲਿਖਤ ਮਹਸੇਯਾਹ ਦੇ ਪੋਤੇ ਅਤੇ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਆਪਣੇ ਭਰਾ ਹਨਮਏਲ ਦੇ ਸਾਹਮਣੇ ਅਤੇ ਗਵਾਹਾਂ ਦੇ ਸਾਹਮਣੇ ਜਿਹਨਾਂ ਨੇ ਉਸ ਬੈ-ਨਾਮੇ ਦੀ ਲਿਖਤ ਉੱਤੇ ਦਸਤਖਤ ਕੀਤੇ ਸਨ ਅਤੇ ਉਹਨਾਂ ਸਾਰੇ ਯਹੂਦੀਆਂ ਦੇ ਸਾਹਮਣੇ ਜਿਹੜੇ ਕੈਦਖ਼ਾਨੇ ਦੇ ਵੇਹੜੇ ਵਿੱਚ ਬੈਠੇ ਸਨ ਦਿੱਤੀ ੧੩ ਅਤੇ ਮੈਂ ਉਹਨਾਂ ਦੇ ਸਾਹਮਣੇ ਬਾਰੂਕ ਨੂੰ ਹੁਕਮ ਦਿੱਤਾ ਕਿ ੧੪ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਇਹ ਲਿਖਤਾਂ ਲੈ, ਇਹ ਮੋਹਰ ਵਾਲਾ ਬੈ-ਨਾਮਾ ਅਤੇ ਇਹ ਖੁੱਲ੍ਹੀ ਲਿਖਤ, ਅਤੇ ਉਹਨਾਂ ਨੂੰ ਇੱਕ ਮਿੱਟੀ ਦੇ ਭਾਂਡੇ ਵਿੱਚ ਰੱਖ ਭਈ ਉਹ ਬਹੁਤ ਦਿਨਾਂ ਤੱਕ ਰਹਿ ਸੱਕਣ ੧੫ ਕਿਉਂ ਜੋ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਘਰ ਅਤੇ ਖੇਤ ਅਤੇ ਅੰਗੂਰੀ ਬਾਗ ਇਸ ਦੇਸ ਵਿੱਚ ਫੇਰ ਮੁੱਲ ਲਏ ਜਾਣਗੇ ।
ਯਿਰਮਿਯਾਹ ਦੀ ਪ੍ਰਾਰਥਨਾ
੧੬ ਇਸ ਦੇ ਪਿੱਛੋਂ ਕਿ ਮੈਂ ਉਹ ਬੈ-ਨਾਮੇ ਦੀ ਲਿਖਤ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਦਿੱਤੀ ਮੈਂ ਯਹੋਵਾਹ ਕੋਲ ਪ੍ਰਾਰਥਨਾ ਕੀਤੀ ਕਿ ੧੭ ਹੇ ਪ੍ਰਭੁ ਯਹੋਵਾਹ, ਵੇਖ ! ਤੂੰ ਅਕਾਸ਼ ਅਤੇ ਧਰਤੀ ਨੂੰ ਵੱਡੀ ਸ਼ਕਤੀ ਅਤੇ ਪਸਾਰੀ ਹੋਈ ਬਾਂਹ ਨਾਲ ਬਣਾਇਆ ਅਤੇ ਤੇਰੇ ਲਈ ਕੋਈ ਕੰਮ ਕਠਣ ਨਹੀਂ ਹੈ ੧੮ ਤੂੰ ਹਜ਼ਾਰਾਂ ਉੱਤੇ ਦਯਾ ਕਰਦਾ ਹੈ ਅਤੇ ਪਿਉ-ਦਾਦਿਆਂ ਦੀ ਬਦੀ ਦਾ ਬਦਲਾ ਉਹਨਾਂ ਦੇ ਪਿੱਛੋਂ ਉਹਨਾਂ ਦੇ ਪੁੱਤਰ ਦੀ ਝੋਲੀ ਵਿੱਚ ਰੱਖਦਾ ਹੈ । ਇਹ ਵੱਡਾ ਅਤੇ ਬਲਵੰਤ ਪਰਮੇਸ਼ੁਰ, ਸੈਨਾਂ ਦਾ ਯਹੋਵਾਹ ਉਹ ਦਾ ਨਾਮ ਹੈ ੧੯ ਸੁਲਾਹ ਵਿੱਚ ਵੱਡਾ ਅਤੇ ਕੰਮਾਂ ਵਿੱਚ ਸੂਰਮਾ ਜਿਹ ਦੀਆਂ ਅੱਖਾਂ ਆਦਮ ਵੰਸ ਦੇ ਸਭ ਰਾਹਾਂ ਉੱਤੇ ਖੁੱਲ੍ਹੀਆਂ ਹਨ ਕਿ ਹਰੇਕ ਨੂੰ ਉਹ ਦੇ ਰਾਹਾਂ ਅਤੇ ਉਹ ਦੇ ਕੰਮਾਂ ਦੇ ਫਲ ਅਨੁਸਾਰ ਦੇਵੇ ੨੦ ਜਿਸ ਮਿਸਰ ਦੇ ਦੇਸ ਵਿੱਚ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਅਤੇ ਦੂਸਰੇ ਆਦਮੀਆਂ ਵਿੱਚ ਨਿਸ਼ਾਨ ਅਤੇ ਅਚੰਭੇ ਕੀਤੇ ਅਤੇ ਆਪਣੇ ਲਈ ਇੱਕ ਨਾਮ ਪੈਦਾ ਕੀਤਾ ਜਿਹੜਾ ਅੱਜ ਦੇ ਦਿਨ ਤੱਕ ਹੈ ੨੧ ਤੂੰ ਆਪਣੀ ਪਰਜਾ ਇਸਰਾਏਲ ਨੂੰ ਮਿਸਰ ਦੇ ਦੇਸ ਵਿੱਚੋਂ ਨਿਸ਼ਾਨਾਂ ਅਤੇ ਅਚੰਭਿਆਂ ਨਾਲ ਤਕੜੇ ਹੱਥ ਅਤੇ ਪਸਾਰੀ ਹੋਈ ਬਾਂਹ ਨਾਲ ਅਤੇ ਵੱਡੇ ਭੈ ਨਾਲ ਬਾਹਰ ਲਿਆਂਦਾ ੨੨ ਅਤੇ ਇਹ ਦੇਸ ਉਹਨਾਂ ਨੂੰ ਦਿੱਤਾ ਜਿਹ ਦਾ ਤੂੰ ਉਹਨਾਂ ਦੇ ਪਿਉ-ਦਾਦਿਆਂ ਨਾਲ ਉਹਨਾਂ ਨੂੰ ਦੇਣ ਦੀ ਸੌਂਹ ਖਾਧੀ ਸੀ, ਇੱਕ ਦੇਸ ਜਿਸ ਵਿੱਚ ਦੁੱਧ ਅਤੇ ਸ਼ਹਿਤ ਵੱਗਦਾ ਸੀ । ੨੩ ਉਹ ਉਹ ਦੇ ਵਿੱਚ ਆ ਵੜੇ ਅਤੇ ਉਹਨਾਂ ਨੇ ਕਬਜਾ ਕਰ ਲਿਆ, ਪਰ ਉਹਨਾਂ ਤੇਰੀ ਅਵਾਜ਼ ਨਾ ਸੁਣੀ, ਨਾ ਤੇਰੀ ਬਿਵਸਥਾ ਉੱਤੇ ਚੱਲੇ, ਅਤੇ ਕੁਝ ਨਾ ਕੀਤਾ ਜਿਹੜਾ ਤੂੰ ਉਹਨਾਂ ਨੂੰ ਕਰਨ ਦਾ ਹੁਕਮ ਦਿੱਤਾ ਸੀ । ਇਸ ਲਈ ਤੈ ਸਾਰੀ ਬੁਰਿਆਈ ਨੂੰ ਉਹਨਾਂ ਲਈ ਸੱਦ ਲਿਆ ੨੪ ਵੇਖ, ਸ਼ਹਿਰ ਦੇ ਲੈ ਲੈਣ ਲਈ ਉਸ ਤੱਕ ਦਮਦਮੇ ਬਣ ਗਏ ਹਨ ਅਤੇ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਜਿਹਨਾਂ ਉਹ ਦੇ ਉੱਤੇ ਚੜ੍ਹਾਈ ਕੀਤੀ ਹੈ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਦਿੱਤਾ ਗਿਆ ਹੈ ਅਤੇ ਜੋ ਉਹ ਬੋਲਿਆ ਸੋ ਉਹ ਹੋ ਗਿਆ ਹੈ, ਅਤੇ ਵੇਖ, ਤੂੰ ਆਪ ਦੇਖਦਾ ਹੈਂ ੨੫ ਹੇ ਪ੍ਰਭੂ ਯਹੋਵਾਹ, ਤੂੰ ਹੀ ਤਾਂ ਮੈਨੂੰ ਆਖਿਆ ਕਿ ਚਾਂਦੀ ਨਾਲ ਉਹ ਖੇਤ ਆਪਣੇ ਲਈ ਮੁੱਲ ਲੈ ਅਤੇ ਗਵਾਹਾਂ ਦੀ ਗਵਾਹੀ ਕਰਵਾ, ਭਾਵੇਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ । ੨੬ ਤਾਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ਕਿ ੨੭ ਵੇਖ, ਮੈਂ ਸਾਰੇ ਬਸ਼ਰ ਦਾ ਯਹੋਵਾਹ ਪਰਮੇਸ਼ੁਰ ਹਾਂ । ਕੀ ਕੋਈ ਕੰਮ ਮੇਰੇ ਲਈ ਕਠਣ ਹੈ ? ੨੮ ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਇਹ ਸ਼ਹਿਰ ਕਸਦੀਆਂ ਦੇ ਹੱਥ ਵਿੱਚ ਅਤੇ ਬਾਬਲ ਦੇ ਰਾਜਾ ਨਬੂਕਦਰੱਸਰ ਦੇ ਹੱਥ ਵਿੱਚ ਦੇ ਰਿਹਾ ਹਾਂ ਅਤੇ ਉਹ ਇਹ ਨੂੰ ਲੈ ਲਵੇਗਾ ੨੯ ਕਸਦੀ ਜਿਹੜੇ ਇਸ ਸ਼ਹਿਰ ਦੇ ਵਿਰੁੱਧ ਲੜਦੇ ਹਨ ਆਉਣਗੇ ਅਤੇ ਇਸ ਸ਼ਹਿਰ ਨੂੰ ਅੱਗ ਲਾ ਦੇਣਗੇ ਅਤੇ ਇਸ ਨੂੰ ਸਾੜ ਦੇਣਗੇ ਅਤੇ ਉਹਨਾਂ ਘਰਾਂ ਨੂੰ ਵੀ ਜਿਹਨਾਂ ਦੀਆਂ ਛੱਤਾਂ ਉੱਤੇ ਉਹਨਾਂ ਨੇ ਬਆਲ ਲਈ ਧੂਪ ਧੁਖਾਈ ਅਤੇ ਦੂਜੇ ਦੇਵਤਿਆਂ ਲਈ ਪੀਣ ਦੀਆਂ ਭੇਟਾਂ ਡੋਹਲੀਆਂ ਭਈ ਮੈਨੂੰ ਗੁੱਸਾ ਚੜ੍ਹਾਉਣ ੩੦ ਕਿਉਂ ਜੋ ਇਸਰਾਏਲੀਆਂ ਅਤੇ ਯਹੂਦੀਆਂ ਨੇ ਆਪਣੀ ਜੁਆਨੀ ਵਿੱਚ ਨਿਰਾ ਉਹ ਕੀਤਾ ਜਿਹੜਾ ਮੇਰੀ ਨਿਗਾਹ ਵਿੱਚ ਬੁਰਾ ਸੀ ਕਿਉਂ ਜੋ ਇਸਰਾਏਲੀਆਂ ਨੇ ਆਪਣੇ ਹੱਥਾਂ ਦੇ ਕੰਮਾਂ ਨਾਲ ਮੈਨੂੰ ਨਿਰਾ ਗੁੱਸਾ ਹੀ ਚੜ੍ਹਾਇਆ, ਯਹੋਵਾਹ ਦਾ ਵਾਕ ਹੈ ੩੧ ਇਹ ਸ਼ਹਿਰ ਜਿਸ ਦਿਨ ਤੋਂ ਉਹਨਾਂ ਇਸ ਨੂੰ ਬਣਾਇਆ ਅੱਜ ਦੇ ਦਿਨ ਤੱਕ ਮੇਰੇ ਕ੍ਰੋਧ ਅਤੇ ਗੁੱਸੇ ਦੇ ਭੜਕਾਉਣ ਦਾ ਕਾਰਨ ਬਣਿਆ ਹੋਇਆ ਹੈ । ਇਸ ਲਈ ਮੈਂ ਉਹ ਨੂੰ ਆਪਣੇ ਅੱਗੋਂ ਹਟਾ ਦਿਆਂਗਾ ੩੨ ਨਾਲੇ ਉਹ ਸਾਰੀ ਬੁਰਿਆਈ ਦੇ ਕਾਰਨ ਜਿਹੜੀ ਇਸਰਾਏਲੀਆਂ ਅਤੇ ਯਹੂਦੀਆਂ ਨੇ ਕੀਤੀ ਭਈ ਮੇਰੇ ਗੁੱਸੇ ਨੂੰ ਭੜਕਾਉਣ, ਉਹਨਾਂ ਨੇ ਅਤੇ ਉਹਨਾਂ ਦੇ ਰਾਜਿਆਂ, ਸਰਦਾਰਾਂ, ਜਾਜਕਾਂ, ਨਬੀਆਂ ਨੇ ਨਾਲੇ ਯਹੂਦਾਹ ਦੇ ਮਨੁੱਖਾਂ ਅਤੇ ਯਰੂਸ਼ਲਮ ਦੇ ਵਾਸੀਆਂ ਨੇ ਵੀ ੩੩ ਉਹਨਾਂ ਨੇ ਮੇਰੀ ਵੱਲ ਆਪਣੀ ਪਿਠ ਕੀਤੀ ਪਰ ਮੂੰਹ ਨਾ ਕੀਤਾ ਅਤੇ ਭਾਵੇਂ ਮੈਂ ਉਹਨਾਂ ਨੂੰ ਸਿਖਾਇਆ, ਸਗੋਂ ਜਤਨ ਨਾਲ ਸਿਖਾਇਆ ਪਰ ਉਹਨਾਂ ਨੇ ਨਾ ਸੁਣਿਆ ਭਈ ਇਸ ਤੋਂ ਸਿੱਖਿਆ ਲੈਂਦੇ ੩੪ ਸਗੋਂ ਉਹਨਾਂ ਨੇ ਉਸ ਘਰ ਵਿੱਚ ਜਿਹੜਾ ਮੇਰੇ ਨਾਮ ਦਾ ਅਖਵਾਉਂਦਾ ਹੈ ਆਪਣੀਆਂ ਪਲੀਤ ਚੀਜਾਂ ਰੱਖੀਆਂ ਭਈ ਉਹ ਨੂੰ ਭਰਿਸ਼ਟ ਕਰਨ ੩੫ ਉਹਨਾਂ ਨੇ ਬਆਲ ਦੇ ਉੱਚੇ ਸਥਾਨ ਜਿਹੜੇ ਬਨ-ਹਿੰਨੋਮ ਦੀ ਵਾਦੀ ਵਿੱਚ ਹਨ ਬਣਾਏ ਭਈ ਆਪਣੇ ਪੁੱਤਰਾਂ ਅਤੇ ਧੀਆਂ ਨੂੰ ਮੋਲਕ ਲਈ ਉਹ ਦੇ ਵਿੱਚੋਂ ਦੀ ਲੰਘਾਉਣ ਜਿਹ ਦੀ ਮੈਂ ਉਹਨਾਂ ਨੂੰ ਆਗਿਆ ਨਹੀਂ ਦਿੱਤੀ, ਨਾ ਇਹ ਮੇਰੇ ਮੰਨ ਵਿੱਚ ਆਇਆ ਕਿ ਉਹ ਇਹ ਘਿਣਾਉਣੇ ਕੰਮ ਕਰ ਕੇ ਯਹੂਦਾਹ ਤੋਂ ਪਾਪ ਕਰਾਉਣ ।
ਆਸਾ ਦਾ ਵਾਅਦਾ
੩੬ ਇਸ ਲਈ ਹੁਣ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਸ਼ਹਿਰ ਦੇ ਬਾਰੇ ਜਿਹ ਨੂੰ ਤੁਸੀਂ ਆਖਦੇ ਹੋ ਕਿ ਤਲਵਾਰ, ਕਾਲ ਅਤੇ ਬਵਾ ਦੇ ਕਾਰਨ ਬਾਬਲ ਦੇ ਰਾਜਾ ਦੇ ਹੱਥ ਵਿੱਚ ਦਿੱਤਾ ਗਿਆ ਹੈ ਇਸ ਤਰ੍ਹਾਂ ਆਖਦਾ ਹੈ, - ੩੭ ਵੇਖੋ, ਮੈਂ ਉਹਨਾਂ ਨੂੰ ਸਾਰਿਆਂ ਦੇਸਾਂ ਵਿੱਚੋਂ ਜਿੱਥੇ ਮੈਂ ਉਹਨਾਂ ਨੂੰ ਆਪਣੇ ਕ੍ਰੋਧ, ਗੁੱਸੇ ਅਤੇ ਵੱਡੇ ਕੋਪ ਨਾਲ ਹੱਕ ਦਿੱਤਾ ਸੀ ਇਕੱਠਾ ਕਰਾਂਗਾ ਅਤੇ ਉਹਨਾਂ ਨੂੰ ਇਸ ਸਥਾਨ ਨੂੰ ਫੇਰ ਲਿਆਵਾਂਗਾ ਅਤੇ ਉਹਨਾਂ ਨੂੰ ਚੈਨ ਨਾਲ ਵਸਾਵਾਂਗਾ ੩੮ ਉਹ ਮੇਰੀ ਪਰਜਾ ਹੋਵੇਗੀ ਅਤੇ ਮੈਂ ਉਹਨਾਂ ਦਾ ਪਰਮੇਸ਼ੁਰ ਹੋਵਾਂਗਾ ੩੯ ਮੈਂ ਉਹਨਾਂ ਨੂੰ ਇੱਕ ਦਿਲ ਅਤੇ ਇੱਕ ਮਾਰਗ ਦਿਖਾਵਾਂਗਾ ਭਈ ਉਹ ਸਦਾ ਲਈ ਆਪਣੇ ਅਤੇ ਆਪਣੇ ਪਿੱਛੋਂ ਆਪਣੇ ਪੁੱਤਰਾਂ ਦੀ ਭਲਿਆਈ ਲਈ ਮੈਥੋਂ ਡਰਨ ੪੦ ਮੈਂ ਉਹਨਾਂ ਨਾਲ ਇੱਕ ਸਦਾ ਦਾ ਨੇਮ ਬੰਨ੍ਹਾਂਗਾ ਅਤੇ ਮੈਂ ਉਹਨਾਂ ਦਾ ਭਲਾ ਕਰਨ ਤੋਂ ਨਾ ਹੱਟਾਂਗਾ ਅਤੇ ਮੈਂ ਆਪਣਾ ਭੈ ਉਹਨਾਂ ਦੇ ਦਿਲ ਵਿੱਚ ਪਾਵਾਂਗਾ ਭਈ ਉਹ ਫੇਰ ਮੈਥੋਂ ਫਿਰ ਨਾ ਜਾਣ ੪੧ ਮੈਂ ਖੁਸ਼ ਹੋ ਕੇ ਉਹਨਾਂ ਉੱਤੇ ਭਲਿਆਈ ਕਰਾਂਗਾ, ਮੈਂ ਆਪਣੇ ਸਾਰੇ ਦਿਲ ਅਤੇ ਆਪਣੀ ਸਾਰੀ ਜਾਨ ਨਾਲ ਸੱਚ-ਮੁੱਚ ਉਹਨਾਂ ਨੂੰ ਇਸ ਦੇਸ ਵਿੱਚ ਲਾਵਾਂਗਾ । ੪੨ ਯਹੋਵਾਹ ਤਾਂ ਇਸ ਤਰ੍ਹਾਂ ਆਖਦਾ ਹੈ ਕਿ ਜਿਵੇਂ ਮੈਂ ਇਸ ਪਰਜਾ ਉੱਤੇ ਇਹ ਸਾਰੀ ਵੱਡੀ ਬੁਰਿਆਈ ਲਿਆਂਦੀ ਤਿਵੇਂ ਮੈਂ ਉਹਨਾਂ ਉੱਤੇ ਸਾਰੀ ਭਲਿਆਈ ਲਿਆਵਾਂਗਾ ਜਿਹ ਦੀ ਮੈਂ ਉਹਨਾਂ ਨਾਲ ਗੱਲ ਕੀਤੀ ਸੀ ੪੩ ਇਸ ਦੇਸ ਵਿੱਚ ਖੇਤ ਮੁੱਲ ਲਏ ਜਾਣਗੇ ਜਿਹ ਦੇ ਬਾਰੇ ਤੁਸੀਂ ਆਖਦੇ ਹੋ ਕਿ ਇਹ ਵਿਰਾਨ ਹੈ, ਇਹ ਦੇ ਵਿੱਚ ਆਦਮ ਅਤੇ ਡੰਗਰ ਨਹੀਂ । ਇਹ ਕਸਦੀਆਂ ਦੇ ਹੱਥ ਵਿੱਚ ਦਿੱਤਾ ਗਿਆ ਹੈ ੪੪ ਉਹ ਚਾਂਦੀ ਨਾਲ ਖੇਤ ਮੁੱਲ ਲੈਣਗੇ ਅਤੇ ਬੈ-ਨਾਮਿਆਂ ਤੇ ਦਸਤਖਤ ਕਰਨਗੇ, ਮੋਹਰਾਂ ਲਾਉਣਗੇ, ਗਵਾਹ ਗਵਾਹੀ ਦੇਣਗੇ, ਬਿਨਯਾਮੀਨ ਦੇ ਦੇਸ ਵਿੱਚ, ਯਰੂਸ਼ਲਮ ਦੇ ਆਲੇ-ਦੁਆਲੇ, ਯਹੂਦਾਹ ਦੇ ਸ਼ਹਿਰਾਂ ਵਿੱਚ, ਪਹਾੜੀ ਸ਼ਹਿਰਾਂ ਵਿੱਚ, ਮਦਾਨੀ ਸ਼ਹਿਰਾਂ ਵਿੱਚ ਅਤੇ ਦੱਖਣ ਦੇ ਸ਼ਹਿਰਾਂ ਵਿੱਚ, ਕਿਉਂ ਜੋ ਮੈਂ ਉਹਨਾਂ ਦੀ ਗ਼ੁਲਾਮੀ ਨੂੰ ਮੁਕਾ ਦਿਆਂਗਾ, ਯਹੋਵਾਹ ਦਾ ਵਾਕ ਹੈ ।