੪੧
੧ ਉਹ ਮੈਨੂੰ ਹੈਕਲ ਵਿੱਚ ਲਿਆਇਆ ਅਤੇ ਥੰਮਾਂ ਨੂੰ ਮਿਣਿਆ, ਛੇ ਹੱਥ ਦੀ ਚੌੜਾਈ ਇੱਕ ਪਾਸੇ ਅਤੇ ਛੇ ਹੱਥ ਦੀ ਚੌੜਾਈ ਦੂਜੇ ਪਾਸੇ, ਇਹੀ ਡੇਹਰੇ ਦੀ ਚੌੜਾਈ ਸੀ । ੨ ਦਰਵਾਜ਼ੇ ਦੀ ਚੌੜਾਈ ਦਸ ਹੱਥ ਸੀ । ਉਹ ਦਾ ਇੱਕ ਪਾਸਾ ਪੰਜ ਹੱਥ ਦਾ ਸੀ ਅਤੇ ਦੂਜਾ ਵੀ ਪੰਜ ਹੱਥ ਦਾ ਸੀ ਅਤੇ ਉਸ ਨੇ ਉਹ ਦੀ ਲੰਮਾਈ ਚਾਲੀ ਹੱਥ ਅਤੇ ਚੌੜਾਈ ਵੀਹ ਹੱਥ ਮਿਣੀ । ੩ ਤਦ ਉਹ ਅੰਦਰ ਗਿਆ ਅਤੇ ਦਰਵਾਜ਼ੇ ਦੇ ਹਰੇਕ ਥੰਮ੍ਹ ਨੂੰ, ਦੋ ਹੱਥ, ਮਿਣਿਆ ਅਤੇ ਦਰਵਾਜ਼ੇ ਨੂੰ, ਛੇ ਹੱਥ ਅਤੇ ਦਰਵਾਜ਼ੇ ਦੀ ਚੌੜਾਈ ਸੱਤ ਹੱਥ ਸੀ । ੪ ਉਸ ਨੇ ਹੈਕਲ ਦੇ ਸਾਹਮਣੇ ਦੀ ਲੰਮਾਈ ਨੂੰ ਵੀਹ ਹੱਥ ਅਤੇ ਚੌੜਾਈ ਨੂੰ ਵੀਹ ਹੱਥ ਮਿਣਿਆ ਅਤੇ ਮੈਨੂੰ ਆਖਿਆ ਕਿ ਇਹੀ ਅੱਤ ਪਵਿੱਤਰ ਸਥਾਨ ਹੈ ।
ਹੈਕਲ ਦੀਆਂ ਕੋਠੜੀਆਂ
੫ ਉਹ ਨੇ ਭਵਨ ਦੀ ਕੰਧ ਛੇ ਹੱਥ ਮਿਣੀ ਅਤੇ ਪਾਸੇ ਦੀ ਹਰੇਕ ਕੋਠੜੀ ਦੀ ਚੌੜਾਈ ਭਵਨ ਦੇ ਚੁਫੇਰੇ ਚਾਰ ਹੱਥ ਸੀ । ੬ ਪਾਸੇ ਦੀਆਂ ਕੋਠੜੀਆਂ ਤਿੰਨ ਮੰਜਲਾਂ ਵਾਲੀਆਂ ਸਨ, ਕੋਠੜੀ ਦੇ ਉੱਤੇ ਕੋਠੜੀ, ਪਾਲਾਂ ਵਿੱਚ ਤੀਹ ਅਤੇ ਉਹ ਉਸ ਕੰਧ ਵਿੱਚ ਜੋ ਭਵਨ ਦੇ ਚੁਫੇਰੇ ਦੀਆਂ ਕੋਠੜੀਆਂ ਦੇ ਲਈ ਸੀ, ਅੰਦਰ ਬਣਾਈਆਂ ਗਈਆਂ ਸਨ, ਤਾਂ ਜੋ ਪੱਕੀਆਂ ਹੋਣ, ਪਰ ਉਹ ਭਵਨ ਦੀ ਕੰਧ ਨਾਲ ਮਿਲੀਆਂ ਹੋਈਆਂ ਨਾ ਸਨ । ੭ ਉਹ ਪਾਸੇ ਵੱਲ ਦੀਆਂ ਕੋਠੜੀਆਂ ਉੱਤੇ ਤੱਕ ਚਾਰੇ ਪਾਸੇ ਬਹੁਤੀਆਂ ਖੁੱਲ੍ਹੀਆਂ ਹੁੰਦੀਆਂ ਜਾਂਦੀਆਂ ਸਨ, ਕਿਉਂ ਜੋ ਭਵਨ ਚੁਫੇਰਿਓਂ ਉੱਚਾ ਹੁੰਦਾ ਚਲਾ ਜਾਂਦਾ ਸੀ, ਭਵਨ ਦੀ ਚੌੜਾਈ ਉੱਤੇ ਤੱਕ ਇੱਕੋ ਜਿੰਨੀ ਸੀ ਅਤੇ ਉੱਪਰ ਦੀਆਂ ਕੋਠੜੀਆਂ ਦਾ ਰਾਹ ਵਿਚਕਾਰਲੀਆਂ ਕੋਠੜੀਆਂ ਦੇ ਵਿੱਚੋਂ ਦੀ ਸੀ । ੮ ਮੈਂ ਭਵਨ ਦੇ ਚੁਫੇਰੇ ਉੱਚਾ ਥੜਾ ਵੇਖਿਆ । ਪਾਸੇ ਦੀਆਂ ਕੋਠੜੀਆਂ ਦੀ ਨੀਂਹ ਛੇ ਵੱਡੇ ਹੱਥ ਦੇ ਪੂਰੇ ਕਾਨੇ ਜਿੰਨੀ ਸੀ । ੯ ਪਾਸੇ ਦੀਆਂ ਕੋਠੜੀਆਂ ਦੀ ਬਾਹਰਲੀ ਕੰਧ ਦੀ ਚੌੜਾਈ ਪੰਜ ਹੱਥ ਸੀ ਅਤੇ ਜਿਹੜੀ ਥਾਂ ਬਾਕੀ ਰਹੀ ਉਹ ਭਵਨ ਦੇ ਪਾਸੇ ਵੱਲ ਦੀਆਂ ਕੋਠੜੀਆਂ ਵਿਚਕਾਰ ਸੀ । ੧੦ ਕੋਠੜੀਆਂ ਦੇ ਵਿਚਕਾਰ ਭਵਨ ਦੇ ਚੁਫੇਰੇ ਵੀਹ ਹੱਥ ਦਾ ਫਾਸਲਾ ਸੀ । ੧੧ ਪਾਸੇ ਦੀਆਂ ਕੋਠੜੀਆਂ ਦੇ ਦਰਵਾਜ਼ੇ ਉਸ ਖਾਲੀ ਥਾਂ ਵੱਲ ਸਨ । ਇੱਕ ਦਰਵਾਜ਼ਾ ਉਤਰ ਵੱਲ ਦੇ ਰਾਹ ਵੱਲ ਅਤੇ ਇੱਕ ਦੱਖਣ ਵੱਲ ਅਤੇ ਖਾਲੀ ਥਾਂ ਦੀ ਚੌੜਾਈ ਚਾਰੇ ਪਾਸੇ ਪੰਜ ਹੱਥ ਸੀ ।
ਪੱਛਮ ਵੱਲ ਦਾ ਭਵਨ
੧੨ ਉਹ ਮਕਾਨ ਜਿਹੜਾ ਵੱਖਰੀ ਥਾਂ ਦੇ ਸਾਹਮਣੇ ਪੱਛਮ ਵੱਲ ਸੀ, ਉਹ ਦੀ ਚੌੜਾਈ ਸੱਤਰ ਹੱਥ ਸੀ ਅਤੇ ਉਸ ਮਕਾਨ ਦੀ ਕੰਧ ਚਾਰੋਂ ਪਾਸੇ ਪੰਜ ਹੱਥ ਮੋਟੀ ਅਤੇ ਨੱਬੇ ਹੱਥ ਲੰਮੀ ਸੀ ।
ਹੈਕਲ ਦਾ ਸੰਪੂਰਨ ਮਾਪ
੧੩ ਇਸ ਲਈ ਉਹ ਨੇ ਭਵਨ ਨੂੰ ਸੌ ਹੱਥ ਲੰਮਾ ਮਿਣਿਆ ਅਤੇ ਵੱਖਰੀ ਥਾਂ ਅਤੇ ਮਕਾਨ ਉਸ ਦੀਆਂ ਕੰਧਾਂ ਸਮੇਤ ਸੌ ਹੱਥ ਲੰਮਾ ਸੀ । ੧੪ ਭਵਨ ਦੇ ਸਾਹਮਣੇ ਦੀ ਅਤੇ ਉਸ ਪੂਰਬ ਵੱਲ ਦੀ ਵੱਖਰੀ ਥਾਂ ਦੀ ਚੌੜਾਈ ਸੌ ਹੱਥ ਸੀ । ੧੫ ਵੱਖਰੀ ਥਾਂ ਦੇ ਸਾਹਮਣੇ ਦੇ ਮਕਾਨ ਦੀ ਲੰਮਾਈ ਨੂੰ ਜੋ ਉਹ ਦੇ ਪਿੱਛੇ ਸੀ ਅਤੇ ਉਸ ਵੱਲ ਦੇ ਬਰਾਂਡੇ ਇਸ ਪਾਸਿਓਂ ਅਤੇ ਉਸ ਪਾਸਿਓਂ ਅਤੇ ਅੰਦਰ ਵੱਲ ਹੈਕਲ ਨੂੰ ਅਤੇ ਵੇਹੜੇ ਦੀ ਡਿਉੜ੍ਹੀ ਨੂੰ ਉਸ ਨੇ ਸੌ ਹੱਥ ਮਿਣਿਆ ।
ਹੈਕਲ ਦੀ ਸਜਾਵਟ
੧੬ ਸਰਦਲਾਂ, ਝਰੋਖਿਆਂ ਅਤੇ ਚੁਫੇਰੇ ਦੇ ਬਰਾਂਡਿਆਂ ਨੂੰ ਜਿਹੜੇ ਤਿੰਨ ਮੰਜਲੇ ਅਤੇ ਸਰਦਲਾਂ ਦੇ ਸਾਹਮਣੇ ਸਨ ਅਤੇ ਚੁਫੇਰਿਓਂ ਧਰਤੀ ਤੋਂ ਖਿੜਕੀਆਂ ਤੱਕ ਲੱਕੜੀ ਨਾਲ ਮੜ੍ਹੇ ਹੋਏ ਸਨ ਅਤੇ ਖਿੜਕੀਆਂ ਵੀ ਮੜ੍ਹੀਆਂ ਹੋਈਆਂ ਸਨ । ੧੭ ਦਰਵਾਜ਼ੇ ਦੇ ਉੱਪਰ ਤੱਕ ਅਤੇ ਅੰਦਰਲੇ ਭਵਨ ਤੱਕ ਅਤੇ ਉਹ ਦੇ ਬਾਹਰ ਵੀ ਚੁਫੇਰੇ ਦੀ ਸਾਰੀ ਕੰਧ ਤੱਕ ਅੰਦਰ-ਬਾਹਰ ਸਭ ਠੀਕ ਹਿਸਾਬ ਨਾਲ ਬਣੇ ਹੋਏ ਸਨ । ੧੮ ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ ਅਤੇ ਇੱਕ ਖਜ਼ੂਰ ਦੋ ਕਰੂਬੀਆਂ ਦੇ ਵਿਚਕਾਰ ਸੀ ਅਤੇ ਹਰੇਕ ਕਰੂਬੀ ਦੇ ਦੋ ਚਿਹਰੇ ਬਣੇ ਹੋਏ ਸਨ । ੧੯ ਸੋ ਇੱਕ ਪਾਸੇ ਖਜ਼ੂਰ ਵੱਲ ਦਾ ਚਿਹਰਾ ਮਨੁੱਖ ਵਰਗਾ ਸੀ ਅਤੇ ਦੂਜੇ ਪਾਸੇ ਜੁਆਨ ਬੱਬਰ ਸ਼ੇਰ ਵਰਗਾ ਚਿਹਰਾ ਵੀ ਖਜ਼ੂਰ ਵੱਲ ਸੀ, ਭਵਨ ਦੇ ਚੁਫੇਰੇ ਇਸੇ ਪ੍ਰਕਾਰ ਕੰਮ ਕੀਤਾ ਹੋਇਆ ਸੀ । ੨੦ ਧਰਤੀ ਤੋਂ ਦਰਵਾਜ਼ੇ ਦੇ ਉੱਪਰ ਤੱਕ ਅਤੇ ਹੈਕਲ ਦੀ ਕੰਧ ਤੇ ਕਰੂਬੀ ਅਤੇ ਖਜ਼ੂਰ ਦੇ ਰੁੱਖ ਬਣੇ ਹੋਏ ਸਨ ।
ਲੱਕੜੀ ਦੀ ਵੇਦੀ
੨੧ ਹੈਕਲ ਦੀ ਚੁਗਾਠ ਚਾਰ ਨੁੱਕਰੀ ਸੀ ਅਤੇ ਪਵਿੱਤਰ ਸਥਾਨ ਦੇ ਸਾਹਮਣੇ ਦੀ ਸ਼ਕਲ ਵੀ ਇਹੋ ਜਿਹੀ ਸੀ । ੨੨ ਜਗਵੇਦੀ ਲੱਕੜੀ ਦੀ ਸੀ, ਉਹ ਦੀ ਉਚਾਈ ਤਿੰਨ ਹੱਥ ਅਤੇ ਲੰਮਾਈ ਦੋ ਹੱਥ ਸੀ ਅਤੇ ਉਸ ਦੇ ਕੋਨੇ, ਉਹ ਦੀ ਕੁਰਸੀ ਅਤੇ ਉਹ ਦੀਆਂ ਕੰਧਾਂ ਲੱਕੜ ਦੀਆਂ ਸਨ ਅਤੇ ਉਹ ਮੈਨੂੰ ਬੋਲਿਆ ਕਿ ਇਹ ਯਹੋਵਾਹ ਦੇ ਸਾਹਮਣੇ ਦੀ ਮੇਜ਼ ਹੈ ।
ਪਵਿੱਤਰ ਸਥਾਨ ਦੇ ਦਰਵਾਜ਼ੇ
੨੩ ਹੈਕਲ ਅਤੇ ਪਵਿੱਤਰ ਸਥਾਨ ਦੇ ਦੋ ਦਰਵਾਜ਼ੇ ਸਨ । ੨੪ ਦਰਵਾਜ਼ਿਆਂ ਦੇ ਦੋ-ਦੋ ਤਾਕ ਸਨ ਜਿਹੜੇ ਮੁੜ ਸਕਦੇ ਸਨ, ਦੋ ਤਾਕ ਇੱਕ ਦਰਵਾਜ਼ੇ ਲਈ ਅਤੇ ਦੋ ਦੂਜੇ ਲਈ । ੨੫ ਉਹਨਾਂ ਤੇ ਅਰਥਾਤ ਹੈਕਲ ਦੇ ਦਰਵਾਜ਼ਿਆਂ ਤੇ ਕਰੂਬੀਆਂ ਅਤੇ ਖਜ਼ੂਰਾਂ ਦੀਆਂ ਮੂਰਤਾਂ ਬਣੀਆਂ ਹੋਈਆਂ ਸਨ, ਜਿਵੇਂ ਕਿ ਕੰਧ ਤੇ ਬਣੀਆਂ ਹੋਈਆਂ ਸਨ ਅਤੇ ਬਾਹਰ ਦੀ ਡਿਉੜ੍ਹੀ ਦੇ ਸਾਹਮਣੇ ਵੱਲ ਲੱਕੜੀ ਦੇ ਫੱਟੇ ਲੱਗੇ ਹੋਏ ਸਨ । ੨੬ ਡਿਉੜ੍ਹੀ ਦੇ ਅੰਦਰਲੇ ਅਤੇ ਬਾਹਰਲੇ ਪਾਸੇ ਵੱਖੀ ਵਿੱਚ ਝਰੋਖੇ ਤੇ ਖਜ਼ੂਰ ਦੇ ਰੁੱਖ ਬਣੇ ਸਨ ਅਤੇ ਭਵਨ ਦੀ ਵੱਖੀ ਦੀਆਂ ਕੋਠੜੀਆਂ ਅਤੇ ਫੱਟੇ ਲਗਾਉਣ ਦੀ ਇਹੋ ਸ਼ਕਲ ਸੀ ।