੩੬
੧ ਬਸਲਏਲ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖ ਕੰਮ ਕਰਨ । ਯਹੋਵਾਹ ਨੇ ਉਨ੍ਹਾਂ ਨੂੰ ਬੁੱਧ ਅਤੇ ਸਮਝ ਦਿੱਤੀ ਕਿ ਉਹ ਜਾਣਨ ਕਿ ਪਵਿੱਤਰ ਸਥਾਨ ਦੀ ਉਪਾਸਨਾ ਦਾ ਸਾਰਾ ਕੰਮ ਯਹੋਵਾਹ ਦੇ ਸਾਰੇ ਹੁਕਮਾਂ ਅਨੁਸਾਰ ਕਿਵੇਂ ਕਰਨਾ ਹੈ ।
ਲੋਕਾਂ ਦੁਆਰਾ ਬਹੁਤ ਸਾਰੀ ਭੇਂਟ
੨ ਫੇਰ ਮੂਸਾ ਨੇ ਬਸਲਏਲ ਅਤੇ ਆਹਾਲੀਆਬ ਅਤੇ ਸਾਰੇ ਬੁੱਧਵਾਨ ਮਨੁੱਖਾਂ ਨੂੰ ਜਿਨ੍ਹਾਂ ਦੇ ਮਨਾਂ ਵਿੱਚ ਯਹੋਵਾਹ ਨੇ ਬੁੱਧ ਦਿੱਤੀ ਸੀ ਸੱਦਿਆ ਅਰਥਾਤ ਸਾਰੇ ਜਿਨ੍ਹਾਂ ਦੇ ਮਨਾਂ ਨੇ ਉਨ੍ਹਾਂ ਨੂੰ ਪਰੇਰਿਆ ਕਿ ਉਹ ਨੇੜੇ ਆ ਕੇ ਇਹ ਕੰਮ ਕਰਨ ੩ ਉਨ੍ਹਾਂ ਨੇ ਮੂਸਾ ਦੇ ਅੱਗੋਂ ਸਾਰੀਆਂ ਭੇਟਾਂ ਨੂੰ ਜਿਨ੍ਹਾਂ ਨੂੰ ਇਸਰਾਏਲੀਆਂ ਨੇ ਪਵਿੱਤਰ ਸਥਾਨ ਦੀ ਉਪਾਸਨਾ ਦੇ ਕੰਮ ਨੂੰ ਪੂਰਾ ਕਰਨ ਲਈ ਲਿਆਂਦਾ ਸੀ ਲੈ ਲਿਆ ਪਰ ਉਹ ਉਹ ਦੇ ਕੋਲ ਹਰ ਸਵੇਰ ਨੂੰ ਖੁਸ਼ੀ ਦੀਆਂ ਭੇਟਾਂ ਵਾਫ਼ਰ ਲਿਆਉਂਦੇ ਰਹੇ । ੪ ਤਾਂ ਸਾਰੇ ਬੁੱਧਵਾਨ ਜਿਹੜੇ ਪਵਿੱਤਰ ਸਥਾਨ ਦਾ ਸਾਰਾ ਕੰਮ ਕਰਦੇ ਸਨ ਆਪੋ ਆਪਣੇ ਕੰਮ ਤੋਂ ਜਿਹੜਾ ਉਹ ਕਰਦੇ ਸਨ ਆਏ ੫ ਅਤੇ ਉਨ੍ਹਾਂ ਨੇ ਮੂਸਾ ਨੂੰ ਆਖਿਆ ਕਿ ਲੋਕ ਉਪਾਸਨਾ ਦੇ ਕੰਮ ਦੀ ਲੋੜ ਤੋਂ ਜਿਹ ਦਾ ਯਹੋਵਾਹ ਨੇ ਬਣਾਉਣ ਦਾ ਹੁਕਮ ਦਿੱਤਾ ਹੈ ਵਧੇਰੇ ਲਿਆਉਂਦੇ ਹਨ । ੬ ਤਾਂ ਮੂਸਾ ਨੇ ਹੁਕਮ ਦਿੱਤਾ ਅਤੇ ਉਨ੍ਹਾਂ ਨੇ ਇਹ ਆਖ ਕੇ ਸਾਰੇ ਡੇਰੇ ਵਿੱਚ ਹੋਕਾ ਫਿਰਾਇਆ ਕਿ ਮਨੁੱਖ ਅਤੇ ਇਸਤਰੀਆਂ ਪਵਿੱਤਰ ਸਥਾਨ ਦੀ ਭੇਟਾਂ ਲਈ ਹੋਰ ਪ੍ਰਬੰਧ ਨਾ ਕਰਨ । ਸੋ ਲੋਕ ਲਿਆਉਣ ਤੋਂ ਹਟ ਗਏ ੭ ਕਿਉਂ ਜੋ ਉਸ ਸਾਰੇ ਕੰਮ ਦੇ ਬਣਾਉਣ ਲਈ ਮਸਾਲਾ ਬਹੁਤ ਸੀ ਸਗੋਂ ਵਧੇਰੇ ਵੀ ਸੀ ।
ਡੇਰੇ ਦਾ ਨਿਰਮਾਣ
(ਕੂਚ 26:1-37)
੮ ਤਾਂ ਉਨ੍ਹਾਂ ਸਾਰਿਆਂ ਬੁੱਧਵਾਨਾਂ ਨੇ ਜਿਹੜੇ ਇਹ ਕੰਮ ਕਰਦੇ ਸਨ ਡੇਰੇ ਦੇ ਦਸ ਪਰਦੇ ਉਣੀ ਹੋਈ ਮਹੀਨ ਕਤਾਨ ਦੇ ਨੀਲੇ ਬੈਂਗਣੀ ਅਤੇ ਕਿਰਮਚੀ ਰੰਗ ਦੇ ਬਣਾਏ । ਉਸ ਨੇ ਉਨ੍ਹਾਂ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ । ੯ ਹਰ ਇੱਕ ਪਰਦੇ ਦੀ ਲੰਬਾਈ ਅਠਾਈ ਹੱਥ ਅਤੇ ਹਰ ਪਰਦੇ ਦੀ ਚੌੜਾਈ ਚਾਰ ਹੱਥ ਸੀ ਅਤੇ ਇੱਕੋ ਹੀ ਨਾਪ ਸਾਰਿਆਂ ਪਰਦਿਆਂ ਦਾ ਸੀ । ੧੦ ਉਸ ਨੇ ਪੰਜ ਪਰਦੇ ਇੱਕ ਦੂਜੇ ਨਾਲ ਜੋੜੇ ਅਤੇ ਦੂਜੇ ਪੰਜ ਪਰਦੇ ਭੀ ਇੱਕ ਦੂਜੇ ਨਾਲ ਜੋੜੇ ੧੧ ਅਤੇ ਉਸ ਨੇ ਨੀਲੇ ਰੰਗ ਦੇ ਬੀੜੇ ਹਰ ਇੱਕ ਪਰਦੇ ਦੀ ਸੰਜਾਫ਼ ਵਿੱਚ ਜੋੜ ਕੇ ਸਿਰੇ ਵੱਲ ਬਣਾਏ ਅਤੇ ਇਸ ਤਰ੍ਹਾਂ ਹੀ ਉਸ ਪਰਦੇ ਦੀ ਸੰਜਾਫ਼ ਦੇ ਦੂਜੇ ਬਾਹਰਲੇ ਜੋੜ ਦੇ ਸਿਰੇ ਉੱਤੇ ਬਣਾਏ । ੧੨ ਪੰਜਾਹ ਬੀੜੇ ਉਸ ਨੇ ਇੱਕ ਪਰਦੇ ਵਿੱਚ ਅਤੇ ਪੰਜਾਹ ਬੀੜੇ ਉਸ ਨੇ ਸਿਰੇ ਵੱਲ ਜਿਹੜਾ ਦੂਜੇ ਜੋੜ ਵਿੱਚ ਸੀ ਬਣਾਏ । ਉਹ ਬੀੜੇ ਇੱਕ ਦੂਜੇ ਦੇ ਆਹਮੋ ਸਾਹਮਣੇ ਸਨ ੧੩ ਅਤੇ ਉਸ ਨੇ ਪੰਜਾਹ ਕੁੰਡੀਆਂ ਸੋਨੇ ਦੀਆਂ ਬਣਾਈਆਂ ਅਤੇ ਪੜਦਿਆਂ ਨੂੰ ਇੱਕ ਦੂਜੇ ਨਾਲ ਕੁੰਡੀਆਂ ਨਾਲ ਜੋੜਿਆ । ਇਸ ਤਰ੍ਹਾਂ ਡੇਰਾ ਇੱਕੋ ਹੀ ਸੀ । ੧੪ ਅਤੇ ਉਸ ਨੇ ਪਸ਼ਮ ਦੇ ਪਰਦੇ ਡੇਰੇ ਦੇ ਉਪਰਲੇ ਤੰਬੂ ਲਈ ਬਣਾਏ ਅਤੇ ਉਸ ਨੇ ਉਹ ਗਿਆਰਾਂ ਪਰਦੇ ਬਣਾਏ । ੧੫ ਹਰ ਇੱਕ ਪਰਦੇ ਦੀ ਲੰਬਾਈ ਤੀਹ ਹੱਥ ਅਤੇ ਹਰ ਇੱਕ ਪਰਦੇ ਦੀ ਚੌੜਾਈ ਚਾਰ ਹੱਥ ਅਤੇ ਇਹ ਗਿਆਰਾਂ ਪਰਦੇ ਇੱਕੋ ਨਾਪ ਦੇ ਸਨ । ੧੬ ਉਸ ਨੇ ਪੰਜ ਪਰਦੇ ਵੱਖਰੇ ਜੋੜੇ ਅਤੇ ਛੇ ਪਰਦੇ ਵੱਖਰੇ । ੧੭ ਉਸ ਨੇ ਪੰਜਾਹ ਬੀੜੇ ਉਸ ਪਰਦੇ ਦੀ ਸੰਜਾਫ਼ ਵਿੱਚ ਜਿਹੜੀ ਜੋੜ ਦੇ ਸਿਰੇ ਉੱਤੇ ਸੀ ਅਤੇ ਪੰਜਾਹ ਬੀੜੇ ਦੂਜੇ ਜੋੜ ਦੇ ਪਰਦੇ ਦੀ ਸੰਜਾਫ਼ ਵਿੱਚ ਬਣਾਏ ੧੮ ਅਤੇ ਉਸ ਨੇ ਪੰਜਾਹ ਕੁੰਡੀਆਂ ਪਿੱਤਲ ਦੀਆਂ ਤੰਬੂ ਦੇ ਜੋੜਨ ਲਈ ਬਣਾਈਆਂ ਤਾਂ ਜੋ ਉਹ ਇੱਕੋ ਹੀ ਹੋ ਜਾਵੇ ੧੯ ਅਤੇ ਉਸ ਨੇ ਤੰਬੂ ਦਾ ਢੱਕਣ ਛੱਤ੍ਰਿਆਂ ਦੀਆਂ ਲਾਲ ਰੰਗੀਆਂ ਹੋਈਆਂ ਖੱਲਾਂ ਦਾ ਅਤੇ ਉਤਲਾ ਢੱਕਣ ਸਮੁੰਦਰੀ ਜੀਵ ਦੀਆਂ ਖੱਲਾਂ ਦਾ ਬਣਾਇਆ । ੨੦ ਉਸ ਨੇ ਸ਼ਿੱਟੀਮ ਦੀ ਲੱਕੜੀ ਦੇ ਖੜਵੇਂ ਫੱਟੇ ਡੇਰੇ ਲਈ ਬਣਾਏ । ੨੧ ਹਰ ਫੱਟੇ ਦੀ ਲੰਬਾਈ ਦਸ ਹੱਥ ਅਤੇ ਹਰ ਫੱਟੇ ਦੀ ਚੌੜਾਈ ਡੇਢ ਹੱਥ ਸੀ ੨੨ ਅਤੇ ਹਰ ਫੱਟੇ ਵਿੱਚ ਦੋ ਚੂਲਾਂ ਇੱਕ ਦੂਜੇ ਨੂੰ ਜੋੜਨ ਲਈ ਸਨ । ਇਸ ਤਰ੍ਹਾਂ ਉਸ ਨੇ ਡੇਰੇ ਦੇ ਸਾਰੇ ਫੱਟੇ ਬਣਾਏ । ੨੩ ਉਸ ਨੇ ਡੇਰੇ ਦੇ ਫੱਟੇ ਇਸ ਤਰ੍ਹਾਂ ਬਣਾਏ - ਵੀਹ ਫੱਟੇ ਦੱਖਣ ਦੇ ਪਾਸੇ ਵੱਲ ਲਈ ੨੪ ਅਤੇ ਉਸ ਨੇ ਚਾਂਦੀ ਦੀਆਂ ਚਾਲੀ ਚੀਥੀਆਂ ਉਨ੍ਹਾਂ ਵੀਹਾਂ ਫੱਟਿਆਂ ਦੇ ਹੇਠ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ਉਨ੍ਹਾਂ ਦੀਆਂ ਦੋਹਾਂ ਚੂਲਾਂ ਲਈ ਬਣਾਈਆਂ ਅਤੇ ਦੂਜੇ ਫੱਟੇ ਲਈ ਦੋ ਚੀਥੀਆਂ ਉਸ ਦੀਆਂ ਦੋਹਾਂ ਚੂਲਾਂ ਲਈ । ੨੫ ਅਤੇ ਡੇਰੇ ਦੇ ਦੂਜੇ ਪਾਸੇ ਲਈ ਉੱਤਰ ਵੱਲ ਵੀਹ ਫੱਟੇ ਬਣਾਏ ੨੬ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਚਾਲੀ ਚੀਥੀਆਂ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ ੨੭ ਅਤੇ ਡੇਰੇ ਦੇ ਪਿਛਵਾੜੇ ਦੇ ਲਹਿੰਦੇ ਪਾਸੇ ਵੱਲ ਉਸ ਨੇ ਛੇ ਫੱਟੇ ਬਣਾਏ । ੨੮ ਉਸ ਨੇ ਦੋ ਫੱਟੇ ਡੇਰੇ ਦੇ ਪਿਛਵਾੜੇ ਦੇ ਖੂੰਜਿਆਂ ਲਈ ਬਣਾਏ । ੨੯ ਉਹ ਹੇਠੋਂ ਦੋਹਰੇ ਸਨ ਅਤੇ ਉਹ ਇਸ ਪਰਕਾਰ ਆਪਣਿਆਂ ਸਿਰਿਆਂ ਤੱਕ ਇੱਕ ਕੜੇ ਨਾਲ ਸਾਬਤ ਰਹਿੰਦੇ ਸਨ । ਇਸ ਤਰ੍ਹਾਂ ਉਸ ਨੇ ਉਨ੍ਹਾਂ ਦੋਹਾਂ ਨੂੰ ਦੋਹਾਂ ਖੂੰਜਿਆਂ ਵਿੱਚ ਬਣਾਇਆ ੩੦ ਅਤੇ ਉਹ ਅੱਠ ਫੱਟੇ ਸਨ ਅਤੇ ਉਨ੍ਹਾਂ ਦੀਆਂ ਚਾਂਦੀ ਦੀਆਂ ਸੋਲਾਂ ਚੀਥੀਆਂ ਸਨ ਅਰਥਾਤ ਹਰ ਇੱਕ ਫੱਟੇ ਹੇਠ ਦੋ ਚੀਥੀਆਂ । ੩੧ ਅਤੇ ਉਸ ਨੇ ਸ਼ਿੱਟੀਮ ਦੀ ਲੱਕੜੀ ਦੇ ਹੋੜੇ ਬਣਾਏ ਡੇਰੇ ਦੇ ਇੱਕ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ ਅਤੇ ਦੂਜੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ ੩੨ ਅਤੇ ਡੇਰੇ ਦੇ ਪਿਛਲੇ ਲਹਿੰਦੇ ਪਾਸੇ ਦੇ ਫੱਟਿਆਂ ਲਈ ਪੰਜ ਹੋੜੇ ੩੩ ਅਤੇ ਵਿੱਚਲਾ ਹੋੜਾ ਫੱਟਿਆਂ ਦੇ ਵਿਚਕਾਰੋਂ ਦੁਸਾਰ ਪਾਰ ਲੰਘਾਇਆ ੩੪ ਅਤੇ ਉਸ ਨੇ ਫੱਟਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਹੋੜਿਆਂ ਦੇ ਥਾਵਾਂ ਲਈ ਸੋਨੇ ਦੇ ਕੜੇ ਬਣਾਏ ਅਤੇ ਉਸ ਨੇ ਹੋੜਿਆਂ ਨੂੰ ਸੋਨੇ ਨਾਲ ਮੜ੍ਹਿਆ । ੩੫ ਉਸ ਨੇ ਨੀਲੇ, ਬੈਂਗਣੀ ਕਿਰਮਚੀ ਅਤੇ ਮਹੀਨ ਉਣੇ ਹੋਏ ਕਤਾਨ ਦਾ ਇੱਕ ਪਰਦਾ ਬਣਾਇਆ । ਉਸ ਨੇ ਉਹ ਨੂੰ ਕਰੂਬੀਆਂ ਨਾਲ ਕਾਰੀਗਰੀ ਦਾ ਕੰਮ ਬਣਾਇਆ । ੩੬ ਉਸ ਨੇ ਸ਼ਿੱਟੀਮ ਦੀ ਲੱਕੜੀ ਦੀਆਂ ਚਾਰ ਥੰਮ੍ਹੀਆਂ ਬਣਾਈਆਂ ਅਤੇ ਉਨ੍ਹਾਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਦੇ ਕੁੰਡੇ ਸੋਨੇ ਦੇ ਸਨ ਅਤੇ ਉਸ ਨੇ ਚਾਂਦੀ ਦੀਆਂ ਚਾਰ ਚੀਥੀਆਂ ਉਨ੍ਹਾਂ ਲਈ ਢਾਲੀਆਂ । ੩੭ ਅਤੇ ਉਸ ਨੇ ਤੰਬੂ ਦੇ ਦਰਵਾਜ਼ੇ ਲਈ ਇੱਕ ਓਟ ਨੀਲੇ ਬੈਂਗਣੀ ਕਿਰਮਚੀ ਰੰਗ ਦੀ ਮਹੀਨ ਉਣੇ ਹੋਏ ਕਤਾਨ ਦੀ ਬਣਾਈ । ਇਹ ਕਸੀਦੇਕਾਰ ਦਾ ਕੰਮ ਸੀ । ੩੮ ਉਸ ਨੇ ਪੰਜ ਥੰਮ੍ਹੀਆਂ ਉਹ ਦੇ ਲਈ ਕੁੰਡਿਆਂ ਸਣੇ ਬਣਾਈਆਂ ਅਤੇ ਉਨ੍ਹਾਂ ਦੇ ਸਿਰਿਆਂ ਅਤੇ ਕੜਿਆਂ ਨੂੰ ਸੋਨੇ ਨਾਲ ਮੜ੍ਹਿਆ ਅਤੇ ਉਨ੍ਹਾਂ ਦੀਆਂ ਪੰਜ ਚੀਥੀਆਂ ਪਿੱਤਲ ਦੀਆਂ ਸਨ ।