੧੮
ਮੂਸਾ ਆਪਣੇ ਸਹੁਰੇ ਨੂੰ ਮਿਲਦਾ ਹੈ
੧ ਜਦ ਮੂਸਾ ਦੇ ਸੌਹਰੇ ਨੇ ਜਿਹੜਾ ਮਿਦਯਾਨ ਦਾ ਜਾਜਕ ਸੀ ਸਭ ਕੁੱਝ ਜੋ ਪਰਮੇਸ਼ੁਰ ਨੇ ਮੂਸਾ ਅਤੇ ਆਪਣੀ ਪਰਜਾ ਇਸਰਾਏਲ ਲਈ ਕੀਤਾ ਸੁਣਿਆ ਅਰਥਾਤ ਜਿਵੇਂ ਯਹੋਵਾਹ ਇਸਰਾਏਲ ਨੂੰ ਮਿਸਰੋਂ ਬਾਹਰ ਲੈ ਆਇਆ । ੨ ਤਦ ਮੂਸਾ ਦੇ ਸੌਹਰੇ ਯਿਥਰੋ ਨੇ ਮੂਸਾ ਦੀ ਪਤਨੀ ਸਿੱਪੋਰਾਹ ਨੂੰ ਉਸ ਦੇ ਛੱਡਣ ਦੇ ਪਿੱਛੋਂ ਲਿਆ ੩ ਨਾਲੇ ਉਸ ਦੇ ਦੋਹਾਂ ਪੁੱਤਰਾਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਗੇਰਸ਼ੋਮ ਸੀ ਕਿਉਂ ਜੋ ਉਸ ਆਖਿਆ, ਮੈਂ ਪਰਦੇਸ ਵਿੱਚ ਓਪਰਾ ਰਿਹਾ । ੪ ਅਤੇ ਦੂਜੇ ਦਾ ਨਾਮ ਅਲੀਅਜ਼ਰ ਸੀ ਕਿਉਂ ਜੋ ਉਸ ਆਖਿਆ, ਮੇਰੇ ਪਿਤਾ ਦਾ ਪਰਮੇਸ਼ੁਰ ਮੇਰਾ ਸਹਾਇਕ ਸੀ ਅਤੇ ਮੈਨੂੰ ਫ਼ਿਰਊਨ ਦੀ ਤੇਗ ਤੋਂ ਬਚਾਇਆ । ੫ ਅਤੇ ਮੂਸਾ ਦਾ ਸੌਹਰਾ ਯਿਥਰੋ ਉਸ ਦੇ ਪੁੱਤਰਾਂ ਅਤੇ ਉਸ ਦੀ ਪਤਨੀ ਨੂੰ ਉਜਾੜ ਵਿੱਚ ਮੂਸਾ ਕੋਲ ਲਿਆਇਆ ਜਿੱਥੇ ਉਸ ਨੇ ਪਰਮੇਸ਼ੁਰ ਦੇ ਪਹਾੜ ਉੱਤੇ ਡੇਰਾ ਲਾਇਆ ਹੋਇਆ ਸੀ । ੬ ਉਹ ਨੇ ਮੂਸਾ ਨੂੰ ਆਖਿਆ, ਮੈਂ ਤੇਰਾ ਸੌਹਰਾ ਯਿਥਰੋ ਅਤੇ ਤੇਰੀ ਪਤਨੀ ਉਹ ਦੇ ਦੋਹਾਂ ਪੁੱਤਰਾਂ ਨਾਲ ਤੇਰੇ ਕੋਲ ਆਏ ਹਾਂ । ੭ ਤਦ ਮੂਸਾ ਆਪਣੇ ਸੌਹਰੇ ਨੂੰ ਮਿਲਣ ਲਈ ਬਾਹਰ ਆਇਆ ਅਤੇ ਉਸ ਦੇ ਅੱਗੇ ਨਿਵਿਆ ਅਤੇ ਉਸ ਨੂੰ ਚੁੰਮਿਆ ਅਤੇ ਇੱਕ ਦੂਜੇ ਦੀ ਸੁੱਖ-ਸਾਂਦ ਪੁੱਛੀ ਅਤੇ ਤੰਬੂ ਵਿੱਚ ਆਏ । ੮ ਮੂਸਾ ਨੇ ਆਪਣੇ ਸੌਹਰੇ ਨੂੰ ਉਹ ਸਭ ਕੁੱਝ ਜਿਹੜਾ ਯਹੋਵਾਹ ਨੇ ਇਸਰਾਏਲ ਦੇ ਕਾਰਨ ਫ਼ਿਰਊਨ ਅਤੇ ਮਿਸਰੀਆਂ ਨਾਲ ਕੀਤਾ ਅਤੇ ਉਹ ਕਸ਼ਟ ਜਿਹੜਾ ਰਾਹ ਵਿੱਚ ਉਨ੍ਹਾਂ ਉੱਤੇ ਆਇਆ ਅਤੇ ਯਹੋਵਾਹ ਨੇ ਕਿਵੇਂ ਉਨ੍ਹਾਂ ਨੂੰ ਬਚਾਇਆ ਦੱਸਿਆ । ੯ ਤਦ ਯਿਥਰੋ ਉਸ ਸਾਰੀ ਭਲਿਆਈ ਦੇ ਕਾਰਨ ਜਿਹੜੀ ਯਹੋਵਾਹ ਨੇ ਇਸਰਾਏਲ ਨਾਲ ਕੀਤੀ ਜਦ ਉਸ ਨੂੰ ਮਿਸਰੀਆਂ ਦੇ ਹੱਥੋਂ ਬਚਾ ਦਿੱਤਾ ਅਨੰਦ ਹੋਇਆ । ੧੦ ਯਿਥਰੋ ਨੇ ਆਖਿਆ, ਯਹੋਵਾਹ ਮੁਬਾਰਕ ਹੈ ਜਿਸ ਤੁਹਾਨੂੰ ਮਿਸਰੀਆਂ ਦੇ ਹੱਥੋਂ ਅਤੇ ਫ਼ਿਰਊਨ ਦੇ ਹੱਥੋਂ ਬਚਾ ਦਿੱਤਾ ਅਤੇ ਜਿਸ ਲੋਕਾਂ ਨੂੰ ਮਿਸਰੀਆਂ ਦੇ ਹੱਥ ਹੇਠੋਂ ਬਚਾਇਆ । ੧੧ ਹੁਣ ਮੈਂ ਜਾਣਿਆ ਕਿ ਯਹੋਵਾਹ ਸਾਰੇ ਦੇਵਤਿਆਂ ਨਾਲੋਂ ਵੱਡਾ ਹੈ ਹਾਂ, ਉਸ ਗੱਲ ਵਿੱਚ ਵੀ ਜਿਸ ਵਿੱਚ ਉਹ ਉਨ੍ਹਾਂ ਉੱਤੇ ਘੁਮੰਡ ਕਰਦੇ ਸਨ । ੧੨ ਮੂਸਾ ਦਾ ਸੌਹਰਾ ਯਿਥਰੋ ਹੋਮ ਦੀ ਭੇਟ ਅਤੇ ਬਲੀਆਂ ਪਰਮੇਸ਼ੁਰ ਲਈ ਲਿਆਇਆ ਅਤੇ ਹਾਰੂਨ ਅਤੇ ਇਸਰਾਏਲ ਦੇ ਸਾਰੇ ਬਜ਼ੁਰਗ ਮੂਸਾ ਦੇ ਸੌਹਰੇ ਯਿਥਰੋ ਨਾਲ ਪਰਮੇਸ਼ੁਰ ਦੇ ਸਨਮੁਖ ਰੋਟੀ ਖਾਣ ਲਈ ਆਏ ।
ਪ੍ਰਧਾਨਾਂ ਦੀ ਨਿਯੁਕਤੀ
(ਬਿਵਸਥਾ ਸਾਰ 1:9-18)
੧੩ ਅਗਲੇ ਦਿਨ ਇਸ ਤਰ੍ਹਾਂ ਹੋਇਆ ਕਿ ਮੂਸਾ ਪਰਜਾ ਦਾ ਨਿਆਂ ਕਰਨ ਲਈ ਬੈਠਾ ਅਤੇ ਪਰਜਾ ਮੂਸਾ ਦੇ ਅੱਗੇ ਸਵੇਰ ਤੋਂ ਸ਼ਾਮ ਤੱਕ ਖੜੀ ਰਹੀ । ੧੪ ਜਦ ਮੂਸਾ ਦੇ ਸੌਹਰੇ ਨੇ ਉਹ ਸਭ ਕੁੱਝ ਜੋ ਉਸ ਨੇ ਪਰਜਾ ਨਾਲ ਕੀਤਾ ਵੇਖਿਆ ਤਾਂ ਆਖਿਆ, ਇਹ ਕੀ ਗੱਲ ਹੈ ਜੋ ਤੂੰ ਪਰਜਾ ਨਾਲ ਕਰਦਾ ਹੈਂ ? ਤੂੰ ਕਿਉਂ ਇਕੱਲਾ ਬੈਠਦਾ ਹੈਂ ਅਤੇ ਸਾਰੀ ਪਰਜਾ ਸਵੇਰ ਤੋਂ ਸ਼ਾਮ ਤੱਕ ਤੇਰੇ ਅੱਗੇ ਖੜੀ ਰਹਿੰਦੀ ਹੈ ? ੧੫ ਤਾਂ ਮੂਸਾ ਨੇ ਆਪਣੇ ਸੌਹਰੇ ਨੂੰ ਆਖਿਆ, ਇਸ ਕਰਕੇ ਕਿ ਪਰਜਾ ਮੇਰੇ ਕੋਲ ਪਰਮੇਸ਼ੁਰ ਦੀ ਭਾਲ ਲਈ ਆਉਂਦੀ ਹੈ । ੧੬ ਜਦ ਉਨ੍ਹਾਂ ਵਿੱਚ ਕੋਈ ਗੱਲ ਹੁੰਦੀ ਹੈ ਤਾਂ ਉਹ ਮੇਰੇ ਕੋਲ ਆਉਂਦੇ ਹਨ ਮੈਂ ਉਸ ਮਨੁੱਖ ਅਤੇ ਉਸ ਦੇ ਗਵਾਂਢੀ ਵਿੱਚ ਨਿਆਂ ਕਰ ਦਿੰਦਾ ਹਾਂ ਅਤੇ ਮੈਂ ਉਨ੍ਹਾਂ ਨੂੰ ਪਰਮੇਸ਼ੁਰ ਦੀਆਂ ਬਿਧੀਆਂ ਅਤੇ ਬਿਵਸਥਾ ਦਸ ਦਿੰਦਾ ਹਾਂ । ੧੭ ਤਾਂ ਮੂਸਾ ਦੇ ਸੌਹਰੇ ਨੇ ਉਹ ਨੂੰ ਆਖਿਆ, ਜੋ ਤੂੰ ਕਰਦਾ ਹੈਂ ਸੋ ਚੰਗੀ ਗੱਲ ਨਹੀਂ ਹੈ । ੧੮ ਤੂੰ ਜ਼ਰੂਰ ਥੱਕ ਜਾਵੇਂਗਾ, ਤੂੰ ਵੀ ਅਤੇ ਤੇਰੇ ਨਾਲ ਇਹ ਲੋਕ ਵੀ ਕਿਉਂ ਜੋ ਇਹ ਕੰਮ ਤੇਰੇ ਲਈ ਬਹੁਤਾ ਭਾਰੀ ਹੈ । ਤੂੰ ਇਕੱਲਾ ਇਸ ਨੂੰ ਨਹੀਂ ਕਰ ਸਕਦਾ । ੧੯ ਤੂੰ ਹੁਣ ਮੇਰੀ ਗੱਲ ਸੁਣ । ਮੈਂ ਤੈਨੂੰ ਮੱਤ ਦਿੰਦਾ ਹਾਂ ਅਤੇ ਪਰਮੇਸ਼ੁਰ ਤੇਰੇ ਨਾਲ ਹੋਵੇਗਾ । ਤੂੰ ਲੋਕਾਂ ਲਈ ਪਰਮੇਸ਼ੁਰ ਦੇ ਥਾਂ ਰਹੀਂ ਅਤੇ ਤੂੰ ਉਨ੍ਹਾਂ ਗੱਲਾਂ ਨੂੰ ਪਰਮੇਸ਼ੁਰ ਅੱਗੇ ਲਿਆਈਂ । ੨੦ ਤੂੰ ਬਿਧੀਆਂ ਅਤੇ ਬਿਵਸਥਾਵਾਂ ਉਨ੍ਹਾਂ ਨੂੰ ਸਿਖਾ ਅਤੇ ਉਹ ਰਾਹ ਜਿਸ ਉੱਤੇ ਚੱਲਣਾ ਹੈ ਅਤੇ ਉਹ ਕੰਮ ਜਿਸ ਨੂੰ ਕਰਨਾ ਹੈ ਉਨ੍ਹਾਂ ਨੂੰ ਦਸ ਦੇ । ੨੧ ਨਾਲੇ ਤੂੰ ਸਾਰਿਆਂ ਲੋਕਾਂ ਵਿੱਚੋਂ ਸਿਆਣੇ ਮਨੁੱਖਾਂ ਨੂੰ ਜਿਹੜੇ ਪਰਮੇਸ਼ੁਰ ਤੋਂ ਡਰਦੇ ਅਤੇ ਸਤਵਾਦੀ ਅਤੇ ਲੋਭ ਦੇ ਵੈਰੀ ਹੋਣ ਚੁਣ ਲੈ । ਉਨ੍ਹਾਂ ਨੂੰ ਲੋਕਾਂ ਉੱਤੇ ਹਜ਼ਾਰਾਂ ਦੇ ਸਰਦਾਰ ਸੈਂਕੜਿਆਂ ਦੇ ਸਰਦਾਰ, ਪੰਜਾਹ ਦੇ ਸਰਦਾਰ ਅਤੇ ਦਸਾਂ ਦੇ ਸਰਦਾਰ ਠਹਿਰਾ ਦੇਣਾ । ੨੨ ਉਹ ਹਰ ਵੇਲੇ ਲੋਕਾਂ ਦਾ ਨਿਆਂ ਕਰਨ ਅਤੇ ਇਸ ਤਰ੍ਹਾਂ ਹੋਵੇ ਕਿ ਹਰ ਇੱਕ ਵੱਡੀ ਗੱਲ ਤੇਰੇ ਕੋਲ ਲਿਆਉਣ ਪਰ ਛੋਟੀਆਂ ਗੱਲਾਂ ਨੂੰ ਆਪ ਨਬੇੜਨ ਸੋ ਇਸ ਤਰ੍ਹਾਂ ਤੇਰੇ ਲਈ ਸੌਖਾ ਰਹੇਗਾ ਅਤੇ ਉਹ ਤੇਰੇ ਨਾਲ ਭਾਰ ਹਲਕਾ ਕਰਨ । ੨੩ ਜੇ ਤੂੰ ਇਸ ਗੱਲ ਨੂੰ ਕਰੇਂਗਾ ਅਤੇ ਪਰਮੇਸ਼ੁਰ ਤੈਨੂੰ ਹੁਕਮ ਦੇਵੇ ਤਾਂ ਤੂੰ ਝੱਲ ਸਕੇਂਗਾ ਅਤੇ ਇਹ ਸਾਰੇ ਲੋਕ ਵੀ ਸੁੱਖ-ਸਾਂਦ ਨਾਲ ਆਪਣੇ ਸਥਾਨਾ ਨੂੰ ਜਾਣਗੇ । ੨੪ ਸੋ ਮੂਸਾ ਨੇ ਆਪਣੇ ਸੌਹਰੇ ਦੀ ਗੱਲ ਨੂੰ ਸੁਣਿਆ ਅਤੇ ਜੋ ਉਸ ਆਖਿਆ ਸੀ ਸੋ ਹੀ ਕੀਤਾ । ੨੫ ਤਦ ਮੂਸਾ ਨੇ ਸਿਆਣੇ ਮਨੁੱਖਾਂ ਨੂੰ ਇਸਰਾਏਲ ਵਿੱਚੋਂ ਚੁਣ ਕੇ ਉਹਨਾਂ ਨੂੰ ਪਰਜਾ ਉੱਤੇ ਪਰਧਾਨ ਠਹਿਰਾਇਆ ਹਜ਼ਾਰਾਂ ਦੇ ਸਰਦਾਰ, ਸੈਂਕੜਿਆਂ ਦੇ ਸਰਦਾਰ, ਪੰਜਾਹਾਂ ਦੇ ਸਰਦਾਰ ਅਤੇ ਦਸਾਂ ਦੇ ਸਰਦਾਰ । ੨੬ ਉਹ ਹਰ ਵੇਲੇ ਪਰਜਾ ਦਾ ਨਿਆਂ ਕਰਦੇ ਸਨ ਅਤੇ ਔਖਾ ਕੰਮ ਮੂਸਾ ਕੋਲ ਲਿਆਉਂਦੇ ਸਨ ਪਰ ਸਾਰੇ ਛੋਟੇ ਕੰਮ ਆਪ ਨਬੇੜ ਲੈਂਦੇ ਸਨ । ੨੭ ਮੂਸਾ ਨੇ ਆਪਣੇ ਸੌਹਰੇ ਨੂੰ ਵਿਦਿਆ ਕੀਤਾ ਤਾਂ ਉਹ ਆਪਣੇ ਦੇਸ ਦੇ ਰਾਹ ਪੈ ਗਿਆ ।