੩
ਪਰਮੇਸ਼ੁਰ ਮੂਸਾ ਨਾਲ ਬਲਦੀ ਝਾੜੀ ਵਿੱਚੋਂ ਗੱਲ ਕਰਦਾ ਹੈ
੧ ਮੂਸਾ ਆਪਣੇ ਸੌਹਰੇ ਯਿਥਰੋ ਮਿਦਯਾਨੀ ਜਾਜਕ ਦੇ ਇੱਜੜ ਨੂੰ ਚਾਰਦਾ ਸੀ । ਉਸ ਨੇ ਇੱਜੜ ਨੂੰ ਉਜਾੜ ਦੇ ਪਿਛਲੀ ਵੱਲ ਹੱਕ ਦਿੱਤਾ ਅਤੇ ਉਹ ਪਰਮੇਸ਼ੁਰ ਦੇ ਪਹਾੜ ਹੋਰੇਬ ਦੇ ਕੋਲ ਆਇਆ । ੨ ਤਦ ਯਹੋਵਾਹ ਦੇ ਇੱਕ ਦੂਤ ਨੇ ਇੱਕ ਝਾੜੀ ਵਿੱਚੋਂ ਅੱਗ ਦੀ ਲਾਟ ਵਿੱਚ ਉਸ ਨੂੰ ਦਰਸ਼ਨ ਦਿੱਤਾ । ਜਦ ਉਸ ਨੇ ਵੇਖਿਆ ਤਾਂ ਵੇਖੋ, ਉਹ ਝਾੜੀ ਅੱਗ ਵਿੱਚ ਬਲ ਰਹੀ ਸੀ ਪਰ ਝਾੜੀ ਭਸਮ ਨਹੀਂ ਹੁੰਦੀ ਸੀ । ੩ ਤਦ ਮੂਸਾ ਨੇ ਆਖਿਆ, ਮੈਂ ਇੱਕ ਪਾਸੇ ਵੱਲੋਂ ਹੋ ਕੇ ਜਾਂਵਾਂਗਾ ਅਤੇ ਇਸ ਵੱਡੇ ਨਜ਼ਾਰੇ ਨੂੰ ਵੇਖਾਂਗਾ ਕਿ ਕਿਉਂ ਝਾੜੀ ਨਹੀਂ ਸੜਦੀ । ੪ ਯਹੋਵਾਹ ਨੇ ਵੇਖਿਆ ਕਿ ਉਹ ਵੇਖਣ ਨੂੰ ਇੱਕ ਪਾਸੇ ਨੂੰ ਮੁੜਿਆ ਤਦ ਪਰਮੇਸ਼ੁਰ ਨੇ ਉਸ ਝਾੜੀ ਵਿੱਚੋਂ ਪੁਕਾਰ ਕੇ ਉਸ ਨੂੰ ਆਖਿਆ, “ਹੇ ਮੂਸਾ, ਹੇ ਮੂਸਾ !” ਤਦ ਉਸ ਨੇ ਆਖਿਆ, “ਮੈਂ ਹਾਜ਼ਰ ਹਾਂ । ” ੫ ਫਿਰ ਉਸ ਨੇ ਆਖਿਆ, ਇੱਧਰ ਨੇੜੇ ਨਾ ਆ । ਆਪਣੇ ਪੈਰਾਂ ਤੋਂ ਜੁੱਤੀ ਉਤਾਰ ਦੇ ਕਿਉਂ ਜੋ ਇਹ ਥਾਂ ਜਿੱਥੇ ਤੂੰ ਖੜ੍ਹਾ ਹੈਂ, ਪਵਿੱਤਰ ਭੂਮੀ ਹੈ । ੬ ਉਸਨੇ ਇਹ ਵੀ ਆਖਿਆ, “ਮੈਂ ਤੇਰੇ ਪਿਤਾ ਦਾ ਪਰਮੇਸ਼ੁਰ, ਅਬਰਾਹਾਮ ਦਾ ਪਰਮੇਸ਼ੁਰ, ਇਸਹਾਕ ਦਾ ਪਰਮੇਸ਼ੁਰ ਅਤੇ ਯਾਕੂਬ ਦਾ ਪਰਮੇਸ਼ੁਰ ਹਾਂ । ” ਮੂਸਾ ਨੇ ਆਪਣਾ ਮੂੰਹ ਢੱਕ ਲਿਆ ਕਿਉਂ ਜੋ ਉਹ ਪਰਮੇਸ਼ੁਰ ਵੱਲ ਦੇਖਣ ਤੋਂ ਡਰਦਾ ਸੀ । ੭ ਯਹੋਵਾਹ ਨੇ ਆਖਿਆ ਕਿ ਮੈਂ ਆਪਣੀ ਪਰਜਾ ਦੀ ਮੁਸੀਬਤ ਨੂੰ ਜਿਹੜੀ ਮਿਸਰ ਵਿੱਚ ਹੈ, ਸੱਚ-ਮੁੱਚ ਵੇਖਿਆ ਹੈ ਅਤੇ ਉਨ੍ਹਾਂ ਦੀ ਦੁਹਾਈ ਜੋ ਉਨ੍ਹਾਂ ਤੋਂ ਬੇਗ਼ਾਰ ਕਰਾਉਣ ਵਾਲਿਆਂ ਦੇ ਕਾਰਨ ਹੈ, ਸੁਣੀ ਕਿਉਂ ਜੋ ਮੈਂ ਉਨ੍ਹਾਂ ਦੇ ਦੁੱਖਾਂ ਨੂੰ ਜਾਣਦਾ ਹਾਂ । ੮ ਮੈਂ ਉਤਰਿਆ ਹਾਂ, ਤਾਂ ਜੋ ਉਨ੍ਹਾਂ ਨੂੰ ਮਿਸਰੀਆਂ ਦੇ ਹੱਥੋਂ ਛੁਡਾਵਾਂ ਅਤੇ ਉਸ ਧਰਤੀ ਵਿੱਚੋਂ ਕੱਢ ਕੇ ਚੰਗੀ ਅਤੇ ਉਪਜਾਊ ਧਰਤੀ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ ਅਰਥਾਤ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਦੀ ਥਾਂ ਵਿੱਚ ਉਤਾਹਾਂ ਲਿਆਵਾਂ । ੯ ਸੋ ਹੁਣ ਵੇਖ, ਇਸਰਾਏਲੀਆਂ ਦੀ ਦੁਹਾਈ ਮੇਰੇ ਤੱਕ ਪਹੁੰਚੀ ਅਤੇ ਮੈਂ ਉਸ ਅਨ੍ਹੇਰ ਨੂੰ ਵੀ ਜੋ ਮਿਸਰੀ ਉਨ੍ਹਾਂ ਉੱਤੇ ਕਰਦੇ ਹਨ, ਵੇਖਿਆ ਹੈ । ੧੦ ਹੁਣ ਤੂੰ ਆ । ਮੈਂ ਤੈਨੂੰ ਫ਼ਿਰਊਨ ਕੋਲ ਭੇਜਾਂਗਾ ਤਾਂ ਜੋ ਤੂੰ ਮੇਰੀ ਪਰਜਾ ਅਰਥਾਤ ਇਸਰਾਏਲੀਆਂ ਨੂੰ ਮਿਸਰ ਵਿੱਚੋਂ ਕੱਢ ਲਿਆਵੇਂ । ੧੧ ਤਦ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, “ਮੈਂ ਕੌਣ ਹਾਂ ਜੋ ਮੈਂ ਫ਼ਿਰਊਨ ਕੋਲ ਜਾਂਵਾਂ ਅਤੇ ਇਸਰਾਏਲੀਆਂ ਨੂੰ ਮਿਸਰ ਤੋਂ ਕੱਢ ਲਿਆਵਾਂ ? ” ੧੨ ਉਸ ਨੇ ਆਖਿਆ, ਮੈਂ ਤੇਰੇ ਨਾਲ ਹੀ ਹੋਵਾਂਗਾ ਅਤੇ ਤੇਰੇ ਲਈ ਇਹ ਪਤਾ ਹੋਵੇਗਾ ਕਿ ਮੈਂ ਤੈਨੂੰ ਭੇਜਿਆ ਕਿ ਜਦ ਤੂੰ ਇਸ ਪਰਜਾ ਨੂੰ ਮਿਸਰ ਤੋਂ ਕੱਢ ਲਿਆਵੇਂਗਾ ਤਦ ਤੁਸੀਂ ਇਸ ਪਹਾੜ ਉੱਤੇ ਪਰਮੇਸ਼ੁਰ ਦੀ ਉਪਾਸਨਾ ਕਰੋਗੇ । ੧੩ ਫਿਰ ਮੂਸਾ ਨੇ ਪਰਮੇਸ਼ੁਰ ਨੂੰ ਆਖਿਆ, ਵੇਖ, ਜਦ ਮੈਂ ਇਸਰਾਏਲੀਆਂ ਦੇ ਕੋਲ ਜਾਂਵਾਂ ਅਤੇ ਉਨ੍ਹਾਂ ਨੂੰ ਆਖਾਂ ਕਿ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ ਤਦ ਉਹ ਮੈਨੂੰ ਆਖਣਗੇ ਕਿ ਉਸ ਦਾ ਨਾਮ ਕੀ ਹੈ ? ਤਾਂ ਮੈਂ ਉਨ੍ਹਾਂ ਨੂੰ ਕੀ ਦੱਸਾਂ ? ੧੪ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਮੈਂ ਹਾਂ ਜੋ ਮੈਂ ਹਾਂ” ਅਤੇ ਤੂੰ ਇਸਰਾਏਲੀਆਂ ਨੂੰ ਇਸ ਤਰ੍ਹਾਂ ਆਖੀਂ ਕਿ ਜਿਸ ਦਾ ਨਾਮ ਮੈਂ ਹਾਂ ਜੋ ਮੈਂ ਹਾਂ, ਉਸੇ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ । ੧੫ ਪਰਮੇਸ਼ੁਰ ਨੇ ਮੂਸਾ ਨੂੰ ਹੋਰ ਇਹ ਆਖਿਆ, “ਤੂੰ ਇਸਰਾਏਲੀਆਂ ਨੂੰ ਅਜਿਹਾ ਆਖੀਂ ਕਿ ਯਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ ਦੇ ਪਰਮੇਸ਼ੁਰ, ਇਸਹਾਕ ਦੇ ਪਰਮੇਸ਼ੁਰ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਮੈਨੂੰ ਤੁਹਾਡੇ ਕੋਲ ਭੇਜਿਆ ਹੈ । ਸਦੀਪਕਾਲ ਤੋਂ ਮੇਰਾ ਇਹੋ ਹੀ ਨਾਮ ਹੈ ਅਤੇ ਪੀੜ੍ਹੀਓਂ ਪੀੜ੍ਹੀ ਮੇਰੀ ਇਹੋ ਹੀ ਯਾਦਗਿਰੀ ਹੈ । ” ੧੬ ਜਾਹ, ਇਸਰਾਏਲ ਦੇ ਬਜ਼ੁਰਗਾਂ ਨੂੰ ਇਕੱਠੇ ਕਰ ਅਤੇ ਉਨ੍ਹਾਂ ਨੂੰ ਆਖ ਕਿ ਯਾਹੋਵਾਹ ਤੁਹਾਡੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਅਬਰਾਹਾਮ, ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਇਸ ਤਰ੍ਹਾਂ ਆਖ ਕੇ ਮੈਨੂੰ ਦਰਸ਼ਨ ਦਿੱਤਾ ਕਿ ਮੈਂ ਜ਼ਰੂਰ ਤੁਹਾਡੀ ਖ਼ਬਰ ਲਈ ਹੈ ਅਤੇ ਜੋ ਕੁੱਝ ਮਿਸਰ ਵਿੱਚ ਤੁਹਾਡੇ ਉੱਤੇ ਬੀਤਿਆ ਹੈ, ਉਹ ਸਭ ਵੇਖਿਆ ਹੈ । ੧੭ ਮੈਂ ਆਖਿਆ ਹੈ ਕਿ ਮੈਂ ਤੁਹਾਨੂੰ ਮਿਸਰ ਦੇ ਦੁੱਖਾਂ ਤੋਂ ਕਨਾਨੀਆਂ, ਹਿੱਤੀਆਂ, ਅਮੋਰੀਆਂ, ਫਰਿੱਜੀਆਂ, ਹਿੱਵੀਆਂ ਅਤੇ ਯਬੂਸੀਆਂ ਦੇ ਦੇਸ ਵਿੱਚ ਅਰਥਾਤ ਅਜਿਹੇ ਦੇਸ ਵਿੱਚ ਜਿੱਥੇ ਦੁੱਧ ਅਤੇ ਸ਼ਹਿਦ ਵਗਦਾ ਹੈ, ਉਤਾਹਾਂ ਲਿਆਵਾਂਗਾ । ੧੮ ਉਹ ਤੇਰੀ ਗੱਲ ਨੂੰ ਸੁਣਨਗੇ, ਤੂੰ ਅਤੇ ਇਸਰਾਏਲ ਦੇ ਬਜ਼ੁਰਗ ਮਿਸਰ ਦੇ ਰਾਜੇ ਦੇ ਕੋਲ ਜਾ ਕੇ ਉਸ ਨੂੰ ਆਖਿਓ ਕਿ ਯਹੋਵਾਹ ਇਬਰਾਨੀਆਂ ਦਾ ਪਰਮੇਸ਼ੁਰ ਸਾਨੂੰ ਮਿਲਿਆ ਹੈ । ਹੁਣ ਤੂੰ ਸਾਨੂੰ ਤਿੰਨ ਦਿਨਾਂ ਦੇ ਰਸਤੇ ਲਈ ਉਜਾੜ ਵਿੱਚ ਜਾਣ ਦੇ ਤਾਂ ਜੋ ਅਸੀਂ ਯਹੋਵਾਹ ਆਪਣੇ ਪਰਮੇਸ਼ੁਰ ਲਈ ਬਲੀਆਂ ਚੜ੍ਹਾਈਏ । ੧੯ ਪਰ ਮੈਂ ਜਾਣਦਾ ਹਾਂ ਕਿ ਮਿਸਰ ਦਾ ਰਾਜਾ ਤੁਹਾਨੂੰ ਨਾ ਜਾਣ ਦੇਵੇਗਾ । ਹਾਂ, ਬਹੁਤ ਜਿਆਦਾ ਦਬਾਓ ਪਾਉਣ ਤੇ ਵੀ ਉਹ ਜਾਣ ਨਹੀਂ ਦੇਵੇਗਾ । ੨੦ ਮੈਂ ਆਪਣਾ ਹੱਥ ਵਧਾਵਾਂਗਾ ਅਤੇ ਮਿਸਰ ਨੂੰ ਆਪਣਿਆਂ ਸਭ ਅਚਰਜ ਕੰਮਾਂ ਨਾਲ ਜੋ ਮੈਂ ਉਸ ਵਿੱਚ ਵਿਖਾਵਾਂਗਾ, ਮਾਰਾਂਗਾ । ਉਸ ਦੇ ਪਿੱਛੋਂ ਉਹ ਤੁਹਾਨੂੰ ਜਾਣ ਦੇਵੇਗਾ । ੨੧ ਮੈਂ ਇਸ ਪਰਜਾ ਲਈ ਮਿਸਰੀਆਂ ਦੀਆਂ ਅੱਖਾਂ ਵਿੱਚ ਦਯਾ ਪਾਵਾਂਗਾ ਅਤੇ ਅਜਿਹਾ ਹੋਵੇਗਾ ਕਿ ਜਦ ਤੁਸੀਂ ਜਾਓਗੇ ਤਾਂ ਖਾਲੀ ਹੱਥ ਨਾ ਜਾਓਗੇ । ੨੨ ਸਗੋਂ ਇੱਕ-ਇੱਕ ਔਰਤ ਆਪਣੀ ਗੁਆਂਢਣ ਤੋਂ ਅਤੇ ਉਸ ਤੋਂ ਜੋ ਉਸ ਦੇ ਘਰ ਵਿੱਚ ਰਹਿੰਦੀ ਹੈ, ਚਾਂਦੀ ਦੇ ਗਹਿਣੇ, ਸੋਨੇ ਦੇ ਗਹਿਣੇ ਅਤੇ ਬਸਤਰ ਮੰਗੇਗੀ ਅਤੇ ਤੁਸੀਂ ਆਪਣੇ ਪੁੱਤਰਾਂ ਅਤੇ ਧੀਆਂ ਦੇ ਪਾਓਗੇ ਅਤੇ ਮਿਸਰੀਆਂ ਨੂੰ ਲੁੱਟ ਲਓਗੇ ।