੩੧
ਯਹੋਸ਼ੁਆ ਦਾ ਚੁਣਿਆ ਜਾਣਾ
੧ ਮੂਸਾ ਨੇ ਜਾ ਕੇ ਸਾਰੇ ਇਸਰਾਏਲ ਨਾਲ ਇਹ ਗੱਲਾਂ ਕੀਤੀਆਂ ੨ ਅਤੇ ਉਸ ਨੇ ਉਨ੍ਹਾਂ ਨੂੰ ਆਖਿਆ, “ਅੱਜ ਮੈਂ ਇੱਕ ਸੌ ਵੀਹ ਸਾਲਾਂ ਦਾ ਹਾਂ । ਮੈਂ ਹੁਣ ਹੋਰ ਅੰਦਰ-ਬਾਹਰ ਆ ਜਾ ਨਹੀਂ ਸਕਦਾ ਅਤੇ ਯਹੋਵਾਹ ਨੇ ਮੈਨੂੰ ਆਖਿਆ ਹੈ ਕਿ ਤੂੰ ਇਸ ਯਰਦਨ ਤੋਂ ਪਾਰ ਨਹੀਂ ਜਾਵੇਂਗਾ । ੩ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਅੱਗੇ-ਅੱਗੇ ਜਾਵੇਗਾ ਅਤੇ ਇਨ੍ਹਾਂ ਕੌਮਾਂ ਨੂੰ ਤੁਹਾਡੇ ਅੱਗਿਓਂ ਮਿਟਾ ਦੇਵੇਗਾ, ਅਤੇ ਤੁਸੀਂ ਉਹਨਾਂ ਉੱਤੇ ਅਧਿਕਾਰ ਕਰੋਗੇ । ਯਹੋਸ਼ੁਆ ਤੁਹਾਡੇ ਅੱਗੇ-ਅੱਗੇ ਪਾਰ ਜਾਵੇਗਾ ਜਿਵੇਂ ਯਹੋਵਾਹ ਨੇ ਆਖਿਆ ਹੈ । ੪ ਯਹੋਵਾਹ ਉਹਨਾਂ ਨਾਲ ਉਸੇ ਤਰ੍ਹਾਂ ਹੀ ਕਰੇਗਾ ਜਿਵੇਂ ਉਸ ਨੇ ਅਮੋਰੀਆਂ ਦੇ ਰਾਜਿਆਂ ਸੀਹੋਨ ਅਤੇ ਓਗ ਨਾਲ ਅਤੇ ਉਹਨਾਂ ਦੇ ਦੇਸ਼ ਨਾਲ ਕੀਤਾ ਸੀ, ਜਿਨ੍ਹਾਂ ਨੂੰ ਉਸ ਨੇ ਮਿਟਾ ਦਿੱਤਾ । ੫ ਜਦ ਯਹੋਵਾਹ ਉਹਨਾਂ ਨੂੰ ਤੁਹਾਡੇ ਅੱਗੇ ਹਰਾ ਦੇਵੇਗਾ ਤਦ ਤੁਸੀਂ ਉਹਨਾਂ ਨਾਲ ਉਸ ਸਾਰੇ ਹੁਕਮ ਦੇ ਅਨੁਸਾਰ ਕਰਿਓ, ਜਿਹੜਾ ਮੈਂ ਤੁਹਾਨੂੰ ਦਿੱਤਾ ਸੀ । ੬ ਤਕੜੇ ਹੋਵੋ, ਹੌਂਸਲਾ ਰੱਖੋ, ਉਹਨਾਂ ਤੋਂ ਨਾ ਡਰੋ ਅਤੇ ਨਾ ਕੰਬੋ ਕਿਉਂ ਜੋ ਯਹੋਵਾਹ ਤੁਹਾਡਾ ਪਰਮੇਸ਼ੁਰ ਤੁਹਾਡੇ ਨਾਲ-ਨਾਲ ਜਾਂਦਾ ਹੈ ! ਉਹ ਨਾ ਤਾਂ ਤੁਹਾਨੂੰ ਛੱਡੇਗਾ ਅਤੇ ਨਾ ਤੁਹਾਨੂੰ ਤਿਆਗੇਗਾ । “
੭ ਤਦ ਮੂਸਾ ਨੇ ਸਾਰੇ ਇਸਰਾਏਲ ਦੇ ਵੇਖਦਿਆਂ ਯਹੋਸ਼ੁਆ ਨੂੰ ਸੱਦ ਕੇ ਆਖਿਆ, “ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂ ਜੋ ਤੂੰ ਇਸ ਪਰਜਾ ਨਾਲ ਉਸ ਦੇਸ਼ ਵਿੱਚ ਜਾਵੇਂਗਾ, ਜਿਸ ਨੂੰ ਦੇਣ ਦੀ ਯਹੋਵਾਹ ਨੇ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ ਅਤੇ ਤੂੰ ਇਨ੍ਹਾਂ ਨੂੰ ਉਸ ਦੇਸ਼ ਦਾ ਅਧਿਕਾਰੀ ਬਣਾਵੇਂਗਾ । ੮ ਯਹੋਵਾਹ ਆਪ ਤੇਰੇ ਅੱਗੇ-ਅੱਗੇ ਜਾਵੇਗਾ । ਉਹ ਤੇਰੇ ਨਾਲ ਹੋਵੇਗਾ, ਉਹ ਨਾ ਤਾਂ ਤੈਨੂੰ ਛੱਡੇਗਾ ਅਤੇ ਨਾ ਤਿਆਗੇਗਾ । ਇਸ ਲਈ ਨਾ ਡਰ ਅਤੇ ਨਾ ਘਬਰਾ !”
ਹਰੇਕ ਸੱਤਵੇਂ ਸਾਲ ਬਿਵਸਥਾ ਦਾ ਪੜ੍ਹਿਆ ਜਾਣਾ
੯ ਤਦ ਮੂਸਾ ਨੇ ਇਸ ਬਿਵਸਥਾ ਨੂੰ ਲਿਖ ਕੇ ਲੇਵੀ ਜਾਜਕਾਂ ਨੂੰ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ, ਅਤੇ ਇਸਰਾਏਲ ਦੇ ਸਾਰੇ ਬਜ਼ੁਰਗਾਂ ਨੂੰ ਸੌਂਪ ਦਿੱਤੀ । ੧੦ ਤਦ ਮੂਸਾ ਨੇ ਇਹ ਆਖ ਕੇ ਉਨ੍ਹਾਂ ਨੂੰ ਹੁਕਮ ਦਿੱਤਾ, “ਸੱਤ-ਸੱਤ ਸਾਲਾਂ ਦੇ ਅੰਤ ਵਿੱਚ ਅਰਥਾਤ ਛੁਟਕਾਰੇ ਦੇ ਠਹਿਰਾਏ ਹੋਏ ਸਮੇਂ ਉੱਤੇ ਡੇਰਿਆਂ ਦੇ ਪਰਬ ਵਿੱਚ, ੧੧ ਜਦ ਸਾਰਾ ਇਸਰਾਏਲ ਆ ਕੇ, ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨਮੁਖ ਉਸ ਸਥਾਨ ਉੱਤੇ ਹਾਜ਼ਰ ਹੋਵੇ ਜਿਹੜਾ ਉਹ ਚੁਣੇਗਾ, ਤਦ ਤੁਸੀਂ ਸਾਰੇ ਇਸਰਾਏਲ ਦੇ ਸੁਣਦਿਆਂ ਉਨ੍ਹਾਂ ਦੇ ਅੱਗੇ ਇਸ ਬਿਵਸਥਾ ਨੂੰ ਪੜ੍ਹ ਦੇ ਸੁਣਾਇਓ । ੧੨ ਸਾਰੀ ਪਰਜਾ ਨੂੰ ਇੱਕਠਾ ਕਰਿਓ, ਭਾਵੇਂ ਪੁਰਖ, ਭਾਵੇਂ ਇਸਤਰੀਆਂ, ਭਾਵੇਂ ਬੱਚੇ, ਭਾਵੇਂ ਪਰਦੇਸੀ ਜਿਹੜੇ ਤੁਹਾਡੇ ਫਾਟਕਾਂ ਦੇ ਅੰਦਰ ਹੋਣ, ਤਾਂ ਜੋ ਉਹ ਸੁਣਨ ਅਤੇ ਸਿੱਖਣ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨ ਅਤੇ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਦੀ ਪਾਲਨਾ ਕਰਨ, ੧੩ ਅਤੇ ਉਨ੍ਹਾਂ ਦੇ ਬੱਚੇ ਜਿਨ੍ਹਾਂ ਨੇ ਇਹ ਗੱਲਾਂ ਨਹੀਂ ਸੁਣੀਆਂ, ਉਹ ਵੀ ਸੁਣਨ ਅਤੇ ਯਹੋਵਾਹ ਤੁਹਾਡੇ ਪਰਮੇਸ਼ੁਰ ਤੋਂ ਡਰਨਾ ਸਿੱਖਣ, ਜਦ ਤੱਕ ਤੁਸੀਂ ਉਸ ਭੂਮੀ ਉੱਤੇ ਜੀਉਂਦੇ ਰਹੋ, ਜਿਸ ਉੱਤੇ ਅਧਿਕਾਰ ਕਰਨ ਲਈ ਤੁਸੀਂ ਯਰਦਨ ਪਾਰ ਜਾ ਰਹੇ ਹੋ । “
ਪਰਮੇਸ਼ੁਰ ਦੁਆਰਾ ਮੂਸਾ ਅਤੇ ਯਹੋਸ਼ੁਆ ਨੂੰ ਬੁਲਾਇਆ ਜਾਣਾ
੧੪ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, “ਵੇਖ, ਤੇਰੀ ਮੌਤ ਦੇ ਦਿਨ ਨੇੜੇ ਆ ਗਏ ਹਨ । ਯਹੋਸ਼ੁਆ ਨੂੰ ਸੱਦ ਅਤੇ ਤੁਸੀਂ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਹੋਵੇ ਤਾਂ ਜੋ ਮੈਂ ਉਸ ਨੂੰ ਹੁਕਮ ਦੇਵਾਂ । “ ਤਦ ਮੂਸਾ ਅਤੇ ਯਹੋਸ਼ੁਆ ਨੇ ਆਪਣੇ ਆਪ ਨੂੰ ਮੰਡਲੀ ਦੇ ਤੰਬੂ ਵਿੱਚ ਹਾਜ਼ਰ ਕੀਤਾ । ੧੫ ਤਦ ਯਹੋਵਾਹ ਨੇ ਤੰਬੂ ਵਿਚ ਬੱਦਲ ਦੇ ਥੰਮ੍ਹ ਵਿੱਚ ਹੋ ਕੇ ਦਰਸ਼ਣ ਦਿੱਤਾ ਅਤੇ ਉਹ ਬੱਦਲ ਦਾ ਥੰਮ੍ਹ ਤੰਬੂ ਦੇ ਦਰਵਾਜ਼ੇ ਉੱਤੇ ਠਹਿਰ ਗਿਆ ।
੧੬ ਤਦ ਯਹੋਵਾਹ ਨੇ ਮੂਸਾ ਨੂੰ ਆਖਿਆ, “ਵੇਖ, ਤੂੰ ਆਪਣੇ ਪਿਉ-ਦਾਦਿਆਂ ਨਾਲ ਸੌਂ ਜਾਣ ਵਾਲਾ ਹੈ ਅਤੇ ਇਹ ਪਰਜਾ ਉੱਠ ਕੇ ਉਸ ਦੇਸ਼ ਦੇ ਪਰਾਏ ਦੇਵਤਿਆਂ ਦੇ ਪਿੱਛੇ, ਜਿਨ੍ਹਾਂ ਦੇ ਵਿੱਚ ਰਹਿਣ ਨੂੰ ਇਹ ਜਾਂਦੀ ਹੈ, ਹਰਾਮਕਾਰੀ ਕਰੇਗੀ ਅਤੇ ਮੈਨੂੰ ਤਿਆਗ ਕੇ ਮੇਰੇ ਨੇਮ ਨੂੰ ਜਿਹੜਾ ਮੈਂ ਉਨ੍ਹਾਂ ਨਾਲ ਬੰਨ੍ਹਿਆ ਸੀ, ਭੰਗ ਕਰੇਗੀ । ੧੭ ਉਸ ਸਮੇਂ ਮੇਰਾ ਕ੍ਰੋਧ ਇਨ੍ਹਾਂ ਉੱਤੇ ਭੜਕ ਉੱਠੇਗਾ । ਮੈਂ ਇਨ੍ਹਾਂ ਨੂੰ ਤਿਆਗ ਦਿਆਂਗਾ ਅਤੇ ਆਪਣਾ ਮੂੰਹ ਇਨ੍ਹਾਂ ਤੋਂ ਲੁਕਾ ਲਵਾਂਗਾ ਅਤੇ ਇਹ ਨਿਗਲ ਲਏ ਜਾਣਗੇ, ਅਤੇ ਇਨ੍ਹਾਂ ਉੱਤੇ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਂ ਆ ਪੈਣਗੀਆਂ, ਇੱਥੋਂ ਤੱਕ ਕਿ ਇਹ ਉਸ ਦਿਨ ਆਖਣਗੇ, 'ਕੀ ਇਨ੍ਹਾਂ ਬੁਰਿਆਈਆਂ ਦਾ ਸਾਡੇ ਉੱਤੇ ਆਉਣ ਦਾ ਕਾਰਨ ਇਹ ਨਹੀਂ ਹੈ ਕਿ ਸਾਡਾ ਪਰਮੇਸ਼ੁਰ ਸਾਡੇ ਵਿਚਕਾਰ ਨਹੀਂ ਹੈ ? ' ੧੮ ਉਸ ਸਮੇਂ ਮੈਂ ਵੀ ਉਨ੍ਹਾਂ ਸਾਰੀਆਂ ਬੁਰਿਆਈਆਂ ਦੇ ਕਾਰਨ ਜਿਹੜੀ ਇਹ ਪਰਾਏ ਦੇਵਤਿਆਂ ਦੇ ਵੱਲ ਮੁੜ ਕੇ ਕਰਨਗੇ, ਆਪਣਾ ਮੂੰਹ ਉਨ੍ਹਾਂ ਤੋਂ ਲੁਕਾ ਲਵਾਂਗਾ । ੧੯ ਇਸ ਲਈ ਹੁਣ ਤੁਸੀਂ ਆਪਣੇ ਲਈ ਇਹ ਗੀਤ ਲਿਖ ਲਓ ਅਤੇ ਇਸਰਾਏਲੀਆਂ ਨੂੰ ਜ਼ੁਬਾਨੀ ਸਿਖਾਓ ਤਾਂ ਜੋ ਇਹ ਗੀਤ ਇਸਰਾਏਲੀਆਂ ਦੇ ਵਿਰੁੱਧ ਮੇਰੇ ਲਈ ਗਵਾਹ ਹੋਵੇਗਾ । ੨੦ ਜਦ ਮੈਂ ਇਨ੍ਹਾਂ ਨੂੰ ਉਸ ਦੇਸ਼ ਵਿੱਚ ਪਹੁੰਚਾ ਦੇਵਾਂਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਦੇ ਪਿਉ-ਦਾਦਿਆਂ ਨਾਲ ਸਹੁੰ ਖਾਧੀ ਸੀ, ਜਿੱਥੇ ਦੁੱਧ ਅਤੇ ਸ਼ਹਿਦ ਵੱਗਦਾ ਹੈ ਅਤੇ ਇਹ ਖਾ-ਖਾ ਕੇ ਰੱਜ ਜਾਣਗੇ ਅਤੇ ਮੋਟੇ ਹੋ ਗਏ ਹੋਣਗੇ ਤਦ ਇਹ ਪਰਾਏ ਦੇਵਤਿਆਂ ਵੱਲ ਮੁੜ ਕੇ ਉਹਨਾਂ ਦੀ ਪੂਜਾ ਕਰਨਗੇ ਅਤੇ ਮੈਨੂੰ ਛੱਡ ਦੇਣਗੇ ਅਤੇ ਮੇਰਾ ਨੇਮ ਭੰਗ ਕਰ ਸੁੱਟਣਗੇ । ੨੧ ਅਜਿਹਾ ਹੋਵੇਗਾ ਕਿ ਜਦ ਬਹੁਤ ਸਾਰੀਆਂ ਬੁਰਿਆਈਆਂ ਅਤੇ ਬਿਪਤਾਂ ਇਨ੍ਹਾਂ ਉੱਤੇ ਆ ਪੈਣਗੀਆਂ ਤਾਂ ਇਹ ਗੀਤ ਇਨ੍ਹਾਂ ਦੇ ਅੱਗੇ ਸਾਖੀ ਲਈ ਗਵਾਹ ਹੋਵੇਗਾ ਕਿਉਂ ਜੋ ਇਨ੍ਹਾਂ ਦੇ ਸੰਤਾਨ ਇਸ ਨੂੰ ਕਦੇ ਨਹੀਂ ਭੁੱਲੇਗੀ । ਕਿਉਂ ਜੋ ਅਜੇ ਜਦ ਕਿ ਮੈਂ ਇਨ੍ਹਾਂ ਨੂੰ ਉਸ ਦੇਸ਼ ਵਿੱਚ ਨਹੀਂ ਪਹੁੰਚਾਇਆ ਹੈ ਜਿਸ ਨੂੰ ਦੇਣ ਦੀ ਮੈਂ ਸਹੁੰ ਖਾਧੀ ਸੀ, ਮੈਂ ਜਾਣਦਾ ਹਾਂ ਕਿ ਉਹ ਕੀ-ਕੀ ਯੋਜਨਾ ਬਣਾਉਂਦੇ ਹਨ । “
੨੨ ਤਦ ਮੂਸਾ ਨੇ ਉਸੇ ਦਿਨ ਇਹ ਗੀਤ ਲਿਖਿਆ ਅਤੇ ਇਸਰਾਏਲੀਆਂ ਨੂੰ ਸਿਖਾਇਆ । ੨੩ ਉਸ ਨੇ ਨੂਨ ਦੇ ਪੁੱਤਰ ਯਹੋਸ਼ੁਆ ਨੂੰ ਇਹ ਆਖ ਕੇ ਹੁਕਮ ਦਿੱਤਾ, “ਤਕੜਾ ਹੋ ਅਤੇ ਹੌਂਸਲਾ ਰੱਖ, ਕਿਉਂ ਜੋ ਤੂੰ ਇਸਰਾਏਲੀਆਂ ਨੂੰ ਉਸ ਦੇਸ਼ ਵਿੱਚ ਲੈ ਜਾਵੇਂਗਾ ਜਿਸ ਨੂੰ ਦੇਣ ਦੀ ਮੈਂ ਉਨ੍ਹਾਂ ਨਾਲ ਸਹੁੰ ਖਾਧੀ ਸੀ ਅਤੇ ਮੈਂ ਤੇਰੇ ਨਾਲ ਹੋਵਾਂਗਾ । “
੨੪ ਜਦ ਮੂਸਾ ਇਸ ਬਿਵਸਥਾ ਦੀਆਂ ਸਾਰੀਆਂ ਗੱਲਾਂ ਨੂੰ ਪੁਸਤਕ ਵਿੱਚ ਲਿਖ ਚੁੱਕਿਆ, ੨੫ ਤਦ ਮੂਸਾ ਨੇ ਲੇਵੀਆਂ ਨੂੰ ਜਿਹੜੇ ਯਹੋਵਾਹ ਦੇ ਨੇਮ ਦਾ ਸੰਦੂਕ ਚੁੱਕਦੇ ਸਨ, ਹੁਕਮ ਦਿੱਤਾ, ੨੬ “ਬਿਵਸਥਾ ਦੀ ਇਸ ਪੁਸਤਕ ਨੂੰ ਲੈ ਕੇ ਯਹੋਵਾਹ ਆਪਣੇ ਪਰਮੇਸ਼ੁਰ ਦੇ ਨੇਮ ਦੇ ਸੰਦੂਕ ਦੇ ਇੱਕ ਪਾਸੇ ਰੱਖ ਦਿਓ, ਤਾਂ ਜੋ ਇਹ ਉੱਥੇ ਤੁਹਾਡੇ ਵਿਰੁੱਧ ਸਾਖੀ ਹੋਵੇ । ੨੭ ਕਿਉਂ ਜੋ ਮੈਂ ਤੁਹਾਡੇ ਢੀਠਪੁਣੇ ਅਤੇ ਤੁਹਾਡੀ ਆਕੜੀ ਧੌਣ ਨੂੰ ਜਾਣਦਾ ਹਾਂ । ਵੇਖੋ, ਅੱਜ ਤੱਕ ਜਦ ਕਿ ਮੈਂ ਜੀਉਂਦਾ ਅਤੇ ਤੁਹਾਡੇ ਨਾਲ ਹਾਂ, ਤੁਸੀਂ ਯਹੋਵਾਹ ਦੇ ਵਿਰੁੱਧ ਆਕੀ ਰਹੇ ਹੋ ਤਾਂ ਮੇਰੀ ਮੌਤ ਤੋਂ ਬਾਅਦ ਕਿੰਨ੍ਹਾਂ ਵੱਧ ਨਾ ਕਰੋਗੇ ? ੨੮ ਮੇਰੇ ਅੱਗੇ ਆਪਣੇ ਗੋਤਾਂ ਦੇ ਸਾਰੇ ਬਜ਼ੁਰਗਾਂ ਅਤੇ ਸਰਦਾਰਾਂ ਨੂੰ ਇਕੱਠਾ ਕਰੋ ਤਾਂ ਜੋ ਮੈਂ ਇਹ ਗੱਲਾਂ ਉਨ੍ਹਾਂ ਦੇ ਕੰਨਾਂ ਵਿੱਚ ਪਾਵਾਂ ਅਤੇ ਅਕਾਸ਼ ਅਤੇ ਧਰਤੀ ਨੂੰ ਉਨ੍ਹਾਂ ਦੇ ਵਿਰੁੱਧ ਗਵਾਹ ਬਣਾਵਾਂ, ੨੯ ਕਿਉਂ ਜੋ ਮੈਂ ਜਾਣਦਾ ਹਾਂ ਕਿ ਮੇਰੀ ਮੌਤ ਤੋਂ ਬਾਅਦ ਤੁਸੀਂ ਆਪਣੇ ਆਪ ਨੂੰ ਪੂਰੀ ਤਰ੍ਹਾਂ ਹੀ ਵਿਗਾੜ ਲਓਗੇ ਅਤੇ ਉਸ ਮਾਰਗ ਤੋਂ ਮੁੜ ਜਾਓਗੇ ਜਿਸ ਦਾ ਮੈਂ ਤੁਹਾਨੂੰ ਹੁਕਮ ਦਿੱਤਾ ਸੀ, ਅਤੇ ਆਖਿਰੀ ਦਿਨਾਂ ਵਿੱਚ ਬੁਰਿਆਈ ਤੁਹਾਡੇ ਉੱਤੇ ਆ ਪਵੇਗੀ ਕਿਉਂ ਜੋ ਤੁਸੀਂ ਉਹ ਕਰੋਗੇ ਜੋ ਯਹੋਵਾਹ ਦੀ ਨਿਗਾਹ ਵਿੱਚ ਬੁਰਾ ਹੈ ਅਤੇ ਤੁਸੀਂ ਆਪਣੇ ਹੱਥਾਂ ਦੇ ਕੰਮਾਂ ਨਾਲ ਉਹ ਨੂੰ ਕ੍ਰੋਧਵਾਨ ਬਣਾਉਗੇ । “
੩੦ ਤਦ ਮੂਸਾ ਨੇ ਇਸਰਾਏਲ ਦੀ ਸਾਰੀ ਸਭਾ ਦੇ ਕੰਨਾਂ ਵਿੱਚ ਇਸ ਗੀਤ ਦੀਆਂ ਤੁਕਾਂ ਸ਼ੁਰੂ ਤੋਂ ਅੰਤ ਤੱਕ ਪਾਈਆਂ ।