੨
ਨਬੂਕਦਨੱਸਰ ਦਾ ਸੁਫ਼ਨਾ
੧ ਨਬੂਕਦਨੱਸਰ ਨੇ ਆਪਣੇ ਰਾਜ ਦੇ ਦੂਜੇ ਸਾਲ ਵਿੱਚ ਅਜਿਹੇ ਸੁਫ਼ਨੇ ਵੇਖੇ, ਜਿਸ ਕਾਰਨ ਉਸ ਦੀ ਜਾਨ ਘਬਰਾ ਗਈ ਅਤੇ ਉਹ ਦੀ ਨੀਂਦ ਜਾਂਦੀ ਰਹੀ । ੨ ਤਦ ਰਾਜੇ ਨੇ ਹੁਕਮ ਦਿੱਤਾ ਕਿ ਜਾਦੂਗਰਾਂ, ਜੋਤਸ਼ੀਆਂ, ਮੰਤਰੀਆਂ ਤੇ ਕਸਦੀਆਂ ਨੂੰ ਸੱਦੋ ਜੋ ਉਹ ਰਾਜੇ ਦਾ ਸੁਫ਼ਨਾ ਉਹ ਨੂੰ ਦੱਸਣ, ਇਸ ਲਈ ਉਹ ਆਏ ਅਤੇ ਰਾਜੇ ਦੇ ਦਰਬਾਰ ਪੇਸ਼ ਹੋਏ । ੩ ਤਦ ਰਾਜੇ ਨੇ ਉਹਨਾਂ ਨੂੰ ਆਖਿਆ ਕਿ ਮੈਂ ਇੱਕ ਸੁਫ਼ਨਾ ਵੇਖਿਆ ਹੈ ਪਰ ਮੇਰਾ ਆਤਮਾ ਉਸ ਸੁਫ਼ਨੇ ਨੂੰ ਸਮਝਣ ਦੇ ਲਈ ਘਬਰਾਇਆ ਹੋਇਆ ਹੈ । ੪ ਅੱਗੋਂ ਕਸਦੀਆਂ ਨੇ ਰਾਜੇ ਦੇ ਅੱਗੇ ਅਰਾਮੀ ਭਾਸ਼ਾ ਵਿੱਚ ਬੇਨਤੀ ਕੀਤੀ, ਭਈ ਹੇ ਰਾਜਾ, ਤੁਸੀਂ ਲੰਮੀ ਉਮਰ ਜੀਉਂਦੇ ਰਹੋ ! ਆਪਣੇ ਬੰਦਿਆਂ ਨੂੰ ਸੁਫ਼ਨਾ ਸੁਣਾਓ ਅਤੇ ਅਸੀਂ ਉਸ ਦਾ ਅਰਥ ਦੱਸਾਂਗੇ । ੫ ਰਾਜੇ ਨੇ ਕਸਦੀਆਂ ਨੂੰ ਉੱਤਰ ਦਿੱਤਾ ਕਿ ਗੱਲ ਮੇਰੇ ਮਨ ਵਿਚੋਂ ਜਾਂਦੀ ਰਹੀ ਹੈ । ਜੇ ਤੁਸੀਂ ਸੁਫ਼ਨਾ ਨਾ ਦੱਸੋ ਅਤੇ ਉਹ ਦਾ ਅਰਥ ਨਾ ਸੁਣਾਓ ਤਾਂ ਤੁਸੀਂ ਟੁਕੜੇ ਟੁਕੜੇ ਕੀਤੇ ਜਾਓਗੇ ਅਤੇ ਤੁਹਾਡੇ ਘਰ ਕੂੜੇ ਦੇ ਢੇਰ ਬਣਨਗੇ ! ੬ ਪਰ ਜੇ ਸੁਫ਼ਨਾ ਅਤੇ ਉਹਦਾ ਅਰਥ ਦੱਸੋ ਤਾਂ ਮੇਰੇ ਕੋਲੋਂ ਦਾਤਾਂ, ਇਨਾਮ ਤੇ ਬਹੁਤ ਆਦਰ ਪਾਓਗੇ, ਸੋ ਸੁਫ਼ਨਾ ਅਤੇ ਉਹ ਦਾ ਅਰਥ ਮੈਂਨੂੰ ਦੱਸੋ । ੭ ਉਹਨਾਂ ਨੇ ਫੇਰ ਦੂਜੀ ਵਾਰੀ ਬੇਨਤੀ ਕਰ ਕੇ ਆਖਿਆ, ਰਾਜਾ ਆਪਣੇ ਬੰਦਿਆਂ ਨੂੰ ਸੁਫ਼ਨਾ ਸੁਣਾਵੇ ਤਾਂ ਅਸੀਂ ਉਹ ਦਾ ਅਰਥ ਦੱਸਾਂਗੇ । ੮ ਰਾਜੇ ਨੇ ਉੱਤਰ ਦਿੱਤਾ, ਮੈਂ ਯਕੀਨਨ ਜਾਣਦਾ ਹਾਂ ਕਿ ਤੁਸੀਂ ਟਾਲਣਾ ਚਾਹੁੰਦੇ ਹੋ ਕਿਉਂ ਜੋ ਤੁਸੀਂ ਜਾਣਦੇ ਹੋ ਕਿ ਉਹ ਗੱਲ ਮੇਰੇ ਮਨੋਂ ਜਾਂਦੀ ਰਹੀ ਹੈ । ੯ ਪਰ ਜੇ ਤੁਸੀਂ ਮੈਨੂੰ ਸੁਫ਼ਨਾ ਨਾ ਦੱਸੋਗੇ ਤਾਂ ਤੁਹਾਡੇ ਲਈ ਇੱਕੋ ਹੀ ਹੁਕਮ ਹੈ, ਕਿਉਂ ਜੋ ਤੁਸੀਂ ਝੂਠ ਤੇ ਵਿਗਾੜ ਦੀਆਂ ਗੱਲਾਂ ਬਣਾਈਆਂ ਤਾਂ ਜੋ ਮੇਰੇ ਅੱਗੇ ਸੁਣਾਓ ਕਿ ਸਮਾਂ ਟਲ ਜਾਵੇ । ਸੋ ਸੁਫ਼ਨਾ ਸੁਣਾਓ ਤਦ ਮੈਂ ਜਾਣ ਲਵਾਂਗਾ ਜੋ ਤੁਸੀਂ ਉਹ ਦਾ ਅਰਥ ਵੀ ਦੱਸ ਸਕਦੇ ਹੋ ! ੧੦ ਕਸਦੀਆਂ ਨੇ ਰਾਜੇ ਨੂੰ ਉੱਤਰ ਦਿੱਤਾ ਕਿ ਧਰਤੀ ਉੱਤੇ ਕੋਈ ਅਜਿਹਾ ਮਨੁੱਖ ਨਹੀਂ ਜਿਹੜਾ ਰਾਜੇ ਦੇ ਮਨ ਦੀ ਗੱਲ ਦੱਸ ਸਕੇ, ਨਾ ਕੋਈ ਅਜਿਹਾ ਰਾਜਾ ਜਾਂ ਸਰਦਾਰ ਜਾਂ ਹਾਕਮ ਅਜਿਹਾ ਹੋਇਆ ਹੈ ਜਿਸ ਨੇ ਕਿਸੇ ਜਾਦੂਗਰ, ਜੋਤਸ਼ੀ ਜਾਂ ਕਸਦੀ ਕੋਲੋਂ ਅਜਿਹੀ ਗੱਲ ਪੁੱਛੀ ਹੋਵੇ ! ੧੧ ਜਿਹੜੀ ਗੱਲ ਰਾਜਾ ਪੁੱਛਦਾ ਹੈ ਬਹੁਤ ਅਨੋਖੀ ਹੈ ਅਤੇ ਦੇਵਤਿਆਂ ਬਿਨਾਂ ਜੋ ਦੇਹਧਾਰੀਆਂ ਨਾਲ ਨਹੀਂ ਵੱਸਦੇ, ਕੋਈ ਰਾਜੇ ਨੂੰ ਦੱਸ ਨਹੀਂ ਸਕਦਾ । ੧੨ ਇਸ ਕਾਰਨ ਰਾਜਾ ਕ੍ਰੋਧਵਾਨ ਹੋ ਕੇ ਅੱਤ ਗਰਮ ਹੋਇਆ ਅਤੇ ਉਹ ਨੇ ਹੁਕਮ ਦਿੱਤਾ ਕਿ ਬਾਬਲ ਦੇ ਸਾਰੇ ਵਿਦਵਾਨਾਂ ਨੂੰ ਨਾਸ਼ ਕਰੋ ! ੧੩ ਇਸ ਲਈ ਇਹ ਹੁਕਮ ਨਿਕਲਿਆ ਅਤੇ ਵਿਦਵਾਨਾਂ ਨੇ ਮਾਰੇ ਜਾਣਾ ਸੀ ਤੇ ਉਹਨਾਂ ਨੇ ਦਾਨੀਏਲ ਤੇ ਉਸ ਦੇ ਸਾਥੀਆਂ ਨੂੰ ਮਾਰੇ ਜਾਣ ਲਈ ਲੱਭਿਆ ।
ਪਰਮੇਸ਼ੁਰ ਦੁਆਰਾ ਦਾਨੀਏਲ ਉੱਤੇ ਅਰਥ ਪਰਗਟ ਕਰਨਾ
੧੪ ਤਦ ਦਾਨੀਏਲ ਰਾਜੇ ਦੇ ਜਲਾਦਾਂ ਦੇ ਸਰਦਾਰ ਅਰਯੋਕ ਨੂੰ ਜਿਹੜਾ ਬਾਬਲ ਦੇ ਵਿਦਵਾਨਾਂ ਨੂੰ ਮਾਰਨ ਲਈ ਨਿੱਕਲਿਆ ਸੀ, ਸੋਚ ਵਿਚਾਰ ਅਤੇ ਬੁੱਧ ਨਾਲ ਬੋਲਿਆ । ੧੫ ਉਹ ਨੇ ਰਾਜੇ ਦੇ ਸੁਰੱਖਿਆ ਕਰਮੀਆਂ ਦੇ ਸਰਦਾਰ ਅਰਯੋਕ ਨੂੰ ਪੁੱਛਿਆ ਕਿ ਰਾਜੇ ਦੇ ਹੁਕਮ ਵਿੱਚ ਐਨੀ ਕਾਹਲੀ ਕਿਉਂ ਹੁੰਦੀ ਹੈ ? ਤਦ ਅਰਯੋਕ ਨੇ ਦਾਨੀਏਲ ਨੂੰ ਇਸ ਗੱਲ ਦਾ ਭੇਤ ਸੁਣਾਇਆ । ੧੬ ਤਦ ਦਾਨੀਏਲ ਨੇ ਅੰਦਰ ਜਾ ਕੇ ਰਾਜੇ ਅੱਗੇ ਬੇਨਤੀ ਕੀਤੀ ਕਿ ਮੈਨੂੰ ਵਕਤ ਦਿਓ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ । ੧੭ ਤਦ ਦਾਨੀਏਲ ਨੇ ਘਰ ਜਾ ਕੇ ਹਨਨਯਾਹ, ਮੀਸ਼ਾਏਲ ਤੇ ਅਜ਼ਰਯਾਹ ਆਪਣੇ ਸਾਥੀਆਂ ਨੂੰ ਦੱਸਿਆ, ੧੮ ਤਾਂ ਜੋ ਉਹ ਇਸ ਭੇਤ ਦੇ ਵਿਖੇ ਅਕਾਸ਼ ਦੇ ਪਰਮੇਸ਼ੁਰ ਤੋਂ ਦਯਾ ਮੰਗਣ ਕਿ ਦਾਨੀਏਲ ਤੇ ਉਹ ਦੇ ਸਾਥੀ ਬਾਬਲ ਦੇ ਦੂਜੇ ਵਿਦਵਾਨਾਂ ਦੇ ਨਾਲ ਨਾਸ਼ ਨਾ ਹੋਣ । ੧੯ ਪਰ ਰਾਤ ਨੂੰ ਦਰਸ਼ਣ ਵਿੱਚ ਦਾਨੀਏਲ ਉੱਤੇ ਉਹ ਭੇਤ ਖੁੱਲ੍ਹ ਗਿਆ ਅਤੇ ਉਸ ਨੇ ਅਕਾਸ਼ ਦੇ ਪਰਮੇਸ਼ੁਰ ਦਾ ਧੰਨਵਾਦ ਕੀਤਾ । ੨੦ ਦਾਨੀਏਲ ਨੇ ਉੱਤਰ ਦੇ ਕੇ ਆਖਿਆ, ਪਰਮੇਸ਼ੁਰ ਦਾ ਨਾਮ ਸਦਾ ਤੱਕ ਮੁਬਾਰਕ ਹੋਵੇ, ਕਿਉਂ ਜੋ ਬੁੱਧ ਤੇ ਸ਼ਕਤੀ ਉਸ ਦੀ ਹੈ ! ੨੧ ਉਹੀ ਸਮਿਆਂ ਤੇ ਵੇਲਿਆਂ ਨੂੰ ਬਦਲਦਾ ਹੈ, ਉਹੀ ਰਾਜਿਆਂ ਨੂੰ ਹਟਾਉਂਦਾ ਤੇ ਨਿਯੁਕਤ ਕਰਦਾ ਹੈ, ਉਹੀ ਬੁੱਧਵਾਨਾਂ ਨੂੰ ਬੁੱਧ ਤੇ ਵਿਦਵਾਨਾਂ ਨੂੰ ਗਿਆਨ ਦਿੰਦਾ ਹੈ । ੨੨ ਉਹੀ ਡੂੰਘੀਆਂ ਤੇ ਛਿਪੀਆਂ ਹੋਈਆਂ ਗੱਲਾਂ ਨੂੰ ਪਰਗਟ ਕਰਦਾ ਹੈ, ਅਤੇ ਜੋ ਕੁਝ ਅਨ੍ਹੇਰੇ ਵਿੱਚ ਹੈ ਉਹ ਨੂੰ ਜਾਣਦਾ ਹੈ, ਅਤੇ ਚਾਨਣ ਉਸੇ ਦੇ ਨਾਲ ਵੱਸਦਾ ਹੈ । ੨੩ ਮੈਂ ਤੇਰਾ ਸ਼ੁਕਰ ਤੇ ਉਸਤਤ ਕਰਦਾ ਹਾਂ, ਹੇ ਮੇਰੇ ਪਿਉ-ਦਾਦਿਆਂ ਦੇ ਪਰਮੇਸ਼ੁਰ, ਜਿਸ ਨੇ ਮੈਨੂੰ ਬੁੱਧ ਤੇ ਸ਼ਕਤੀ ਦਿੱਤੀ, ਜੋ ਕੁਝ ਅਸੀਂ ਤੇਰੇ ਕੋਲੋਂ ਮੰਗਿਆ ਤੂੰ ਮੇਰੇ ਉੱਤੇ ਪਰਗਟ ਕੀਤਾ, ਕਿਉਂ ਜੋ ਤੂੰ ਰਾਜੇ ਦੀ ਗੱਲ ਸਾਡੇ ਉੱਤੇ ਪਰਗਟ ਕੀਤੀ ਹੈ ।
ਰਾਜੇ ਨੂੰ ਸੁਫ਼ਨਾ ਅਤੇ ਉਸ ਦਾ ਅਰਥ ਦੱਸਿਆ ਜਾਣਾ
੨੪ ਤਦ ਦਾਨੀਏਲ ਅਰਯੋਕ ਕੋਲ ਗਿਆ ਜਿਸ ਨੂੰ ਰਾਜੇ ਨੇ ਬਾਬਲ ਦੇ ਵਿਦਵਾਨਾਂ ਦੇ ਨਾਸ ਕਰਨ ਲਈ ਠਹਿਰਾਇਆ ਸੀ ਅਤੇ ਉਹ ਨੂੰ ਇਉਂ ਬੋਲਿਆ ਕਿ ਬਾਬਲ ਦੇ ਵਿਦਵਾਨਾਂ ਨੂੰ ਨਾਸ਼ ਨਾ ਕਰੀਂ । ਮੈਨੂੰ ਰਾਜੇ ਦੇ ਦਰਬਾਰ ਲੈ ਚੱਲ ਅਤੇ ਮੈਂ ਰਾਜੇ ਨੂੰ ਅਰਥ ਦੱਸਾਂਗਾ । ੨੫ ਤਦ ਅਰਯੋਕ ਦਾਨੀਏਲ ਨੂੰ ਛੇਤੀ ਨਾਲ ਰਾਜੇ ਦੇ ਦਰਬਾਰ ਲੈ ਗਿਆ ਤੇ ਬੇਨਤੀ ਕੀਤੀ ਕਿ ਮੈਨੂੰ ਯਹੂਦਾਹ ਦੇ ਗੁਲਾਮਾਂ ਵਿਚੋਂ ਇੱਕ ਮਨੁੱਖ ਮਿਲਿਆ ਹੈ ਜਿਹੜਾ ਰਾਜੇ ਨੂੰ ਸੁਫ਼ਨੇ ਦਾ ਅਰਥ ਦੱਸੂਗਾ । ੨੬ ਰਾਜੇ ਨੇ ਦਾਨੀਏਲ ਤੋਂ ਜਿਹ ਦਾ ਨਾਮ ਬੇਲਟਸ਼ੱਸਰ ਸੀ ਪੁੱਛਿਆ, ਕੀ ਤੇਰੇ ਕੋਲ ਇਹ ਗੁਣ ਹੈ ਜੋ ਤੂੰ ਉਸ ਸੁਫ਼ਨੇ ਦਾ ਜੋ ਮੈਂ ਵੇਖਿਆ ਅਤੇ ਉਹ ਦਾ ਅਰਥ ਦੱਸ ਸਕਦਾ ਹੈਂ ? ੨੭ ਦਾਨੀਏਲ ਨੇ ਰਾਜੇ ਨੂੰ ਉੱਤਰ ਦੇ ਕੇ ਆਖਿਆ, ਉਹ ਭੇਤ ਜੋ ਰਾਜਾ ਪੁੱਛਦਾ ਹੈ ਨਾ ਤੇ ਗਿਆਨੀ ਨਾ ਜਾਦੂਗਰ ਨਾ ਮੰਤਰੀ ਨਾ ਅਗੰਮ ਜਾਣੀ ਰਾਜੇ ਨੂੰ ਦੱਸ ਸਕਦੇ ਹਨ, ੨੮ ਪਰ ਅਕਾਸ਼ ਉੱਤੇ ਇੱਕ ਪਰਮੇਸ਼ੁਰ ਹੈ ਜਿਹੜਾ ਭੇਤਾਂ ਦੀਆਂ ਗੱਲਾਂ ਪਰਗਟ ਕਰਦਾ ਹੈ ਅਤੇ ਉਸ ਨੇ ਨਬੂਕਦਨੱਸਰ ਰਾਜੇ ਉੱਤੇ ਪਰਗਟ ਕੀਤਾ ਹੈ ਕਿ ਅੰਤ ਦੇ ਦਿਨਾਂ ਵਿੱਚ ਕੀ ਕੁਝ ਹੋ ਜਾਵੇਗਾ । ਤੁਹਾਡਾ ਸੁਫ਼ਨਾ ਤੇ ਦਰਸ਼ਣ ਜਿਹੜੇ ਤੁਸੀਂ ਆਪਣੇ ਪਲੰਘ ਉੱਤੇ ਵੇਖੇ ਇਹ ਹਨ । ੨੯ ਹੇ ਰਾਜਾ, ਤੁਸੀਂ ਆਪਣੇ ਪਲੰਘ ਉੱਤੇ ਪਏ ਹੋਏ ਖਿਆਲ ਕੀਤਾ ਕਿ ਭਵਿੱਖ ਵਿੱਚ ਕੀ ਹੋਵੇਗਾ ? ਇਸ ਕਾਰਨ ਉਹ ਜਿਹੜਾ ਭੇਤਾਂ ਦਾ ਖੋਲ੍ਹਣ ਵਾਲਾ ਹੈ ਉਹ ਤੁਹਾਡੇ ਉੱਤੇ ਪਰਗਟ ਕਰਦਾ ਹੈ ਕਿ ਕੀ ਕੁਝ ਹੋਵੇਗਾ । ੩੦ ਇਸ ਭੇਤ ਦੇ ਮੇਰੇ ਉੱਤੇ ਪਰਗਟ ਹੋਣ ਦਾ ਕਾਰਨ ਇਹ ਨਹੀਂ ਕਿ ਮੇਰੇ ਵਿੱਚ ਕਿਸੇ ਹੋਰ ਜੀਵ ਨਾਲੋਂ ਵਧੇਰੀ ਬੁੱਧ ਹੈ ਸਗੋਂ ਇਹ ਕਿ ਇਸ ਦਾ ਅਰਥ ਮਹਾਰਾਜੇ ਨੂੰ ਦੱਸਿਆ ਜਾਵੇ ਅਤੇ ਤੁਸੀਂ ਆਪਣੇ ਦਿਲ ਦੇ ਖਿਆਲ ਪਛਾਣੋ । ੩੧ ਹੇ ਰਾਜਾ, ਜਦ ਤੁਸੀਂ ਨਿਗਾਹ ਕੀਤੀ ਤਾਂ ਕੀ ਵੇਖਿਆ ਇੱਕ ਵੱਡੀ ਮੂਰਤੀ ਦਿਖਾਈ ਦਿੱਤੀ । ਉਹ ਮੂਰਤੀ ਜੋ ਤੁਹਾਡੇ ਸਾਹਮਣੇ ਖੜ੍ਹੀ ਸੀ ਉਹ ਬਲਵੰਤ ਸੀ ਜਿਹ ਦੀ ਚਮਕ ਅੱਤ ਉੱਤਮ ਸੀ ਅਤੇ ਉਹ ਦਾ ਰੂਪ ਭਿਆਨਕ ਸੀ । ੩੨ ਉਸ ਮੂਰਤੀ ਦਾ ਸਿਰ ਖ਼ਾਲਸ ਸੋਨੇ ਦਾ ਸੀ, ਉਹ ਦੀ ਛਾਤੀ ਤੇ ਉਹ ਦੀਆਂ ਬਾਂਹਾਂ ਚਾਂਦੀ ਦੀਆਂ, ਉਹ ਦਾ ਢਿੱਡ ਤੇ ਉਹ ਦੇ ਪੱਟ ਪਿੱਤਲ ਦੇ, ੩੩ ਉਹ ਦੀਆਂ ਲੱਤਾਂ ਲੋਹੇ ਦੀਆਂ, ਉਹ ਦੇ ਪੈਰ ਕੁਝ ਲੋਹੇ ਦੇ ਕੁਝ ਮਿੱਟੀ ਦੇ ਸਨ । ੩੪ ਤੁਸੀਂ ਉਹ ਨੂੰ ਵੇਖਦੇ ਰਹੇ ਇਥੋਂ ਤੱਕ ਜੋ ਇੱਕ ਪੱਥਰ ਬਿਨ੍ਹਾਂ ਹੱਥ ਲਾਏ ਵੱਢ ਕੇ ਕੱਢਿਆ ਗਿਆ, ਜਿਸਨੇ ਉਸ ਮੂਰਤ ਨੂੰ ਉਹ ਦੇ ਪੈਰਾਂ ਉੱਤੇ ਜਿਹੜੇ ਲੋਹੇ ਅਤੇ ਮਿੱਟੀ ਦੇ ਸਨ ਮਾਰਿਆ ਅਤੇ ਉਹ ਨੂੰ ਟੋਟੇ-ਟੋਟੇ ਕਰ ਦਿੱਤਾ । ੩੫ ਤਦ ਲੋਹਾ, ਮਿੱਟੀ, ਪਿੱਤਲ, ਚਾਂਦੀ ਤੇ ਸੋਨਾ ਸਾਰੇ ਟੋਟੇ-ਟੋਟੇ ਕਰ ਦਿੱਤੇ ਗਏ ਅਤੇ ਗਰਮੀ ਦੀ ਰੁੱਤ ਦੇ ਪਿੜ ਦੀ ਤੂੜੀ ਵਾਂਗੂੰ ਹੋ ਗਏ ਅਤੇ ਹਵਾ ਉਹਨਾਂ ਨੂੰ ਉਡਾ ਲੈ ਗਈ ਇੱਥੋਂ ਤੱਕ ਕਿ ਉਹਨਾਂ ਦੇ ਲਈ ਕੋਈ ਥਾਂ ਨਾ ਰਿਹਾ ਅਤੇ ਉਹੋ ਪੱਥਰ ਜਿਸ ਨੇ ਉਸ ਮੂਰਤੀ ਨੂੰ ਮਾਰਿਆ ਇੱਕ ਵੱਡਾ ਪਹਾੜ ਬਣ ਗਿਆ ਅਤੇ ਸਾਰੀ ਧਰਤੀ ਨੂੰ ਭਰ ਦਿੱਤਾ । ੩੬ ਸੁਫ਼ਨਾ ਇਹੀ ਹੈ ਅਤੇ ਅਸੀਂ ਉਸ ਦਾ ਅਰਥ ਰਾਜੇ ਨੂੰ ਦੱਸਦੇ ਹਾਂ । ੩੭ ਹੇ ਰਾਜਾ, ਤੁਸੀਂ ਰਾਜਿਆਂ ਦੇ ਮਹਾਰਾਜੇ ਹੋ ਜਿਹ ਨੂੰ ਅਕਾਸ਼ ਦੇ ਪਰਮੇਸ਼ੁਰ ਨੇ ਰਾਜ, ਸ਼ਕਤੀ, ਬਲ ਤੇ ਪਰਤਾਪ ਦਿੱਤਾ ਹੈ । ੩੮ ਜਿੱਥੇ ਕਿਤੇ ਮਨੁੱਖ ਦੀ ਵੰਸ ਵੱਸਦੀ ਹੈ ਉਸ ਨੇ ਖੇਤ ਦੇ ਜਾਨਵਰ ਅਤੇ ਅਕਾਸ਼ ਦੇ ਪੰਛੀ ਤੁਹਾਡੇ ਹੱਥ ਵਿੱਚ ਕਰ ਕੇ ਤੁਹਾਨੂੰ ਉਨਾਂ ਸਭਨਾਂ ਦਾ ਅਧਿਕਾਰੀ ਬਣਾਇਆ ਹੈ । ਉਹੀ ਸੋਨੇ ਦਾ ਸਿਰ ਤੁਸੀਂ ਹੋ । ੩੯ ਤੁਹਾਡੇ ਪਿੱਛੋਂ ਇੱਕ ਹੋਰ ਰਾਜ ਉੱਠ ਖੜਾ ਹੋਵੇਗਾ ਜਿਹੜਾ ਤੁਹਾਥੋਂ ਛੋਟਾ ਹੋਵੇਗਾ ਅਤੇ ਫਿਰ ਤੀਜਾ ਰਾਜ ਪਿੱਤਲ ਦਾ ਜਿਹੜਾ ਸਾਰੀ ਧਰਤੀ ਉੱਤੇ ਰਾਜ ਕਰੇਗਾ ੪੦ ਅਤੇ ਚੌਥਾ ਰਾਜ ਲੋਹੇ ਵਰਗਾ ਸਖ਼ਤ ਹੋਵੇਗਾ ਅਤੇ ਜਿਵੇਂ ਲੋਹਾ ਤੋੜ ਕੇ ਟੋਟੇ-ਟੋਟੇ ਕਰਦਾ ਤੇ ਸਾਰੀਆਂ ਚੀਜਾਂ ਨੂੰ ਜਿੱਤ ਲੈਂਦਾ ਹੈ, ਹਾਂ, ਜਿਵੇਂ ਲੋਹਾ ਇਹਨਾਂ ਸਭਨਾ ਨੂੰ ਕੁਚਲਦਾ ਤਿਵੇਂ ਉਹ ਤੋੜ ਕੇ ਚੂਰ-ਚੂਰ ਕਰੇਗਾ ਅਤੇ ਕੁਚਲ ਦੇਵੇਗਾ । ੪੧ ਤੁਸੀਂ ਜੋ ਮੂਰਤੀ ਦੇ ਪੈਰ ਤੇ ਉਂਗਲੀਆਂ ਨੂੰ ਦੇਖਿਆ ਜੋ ਕੁਝ ਤਾਂ ਘੁਮਿਆਰਾਂ ਦੀ ਮਿੱਟੀ ਦੀਆਂ ਕੁਝ ਲੋਹੇ ਦੀਆਂ ਸਨ, ਇਸ ਲਈ ਉਸ ਰਾਜ ਵਿੱਚ ਵੰਡ ਪੈ ਜਾਵੇਗੀ ਅਤੇ ਪਰ ਉਸ ਵਿੱਚ ਲੋਹੇ ਦੀ ਤਕੜਾਈ ਹੋਵੇਗੀ, ਜਿਵੇਂ ਤੁਸੀਂ ਘੁਮਿਆਰ ਦੀ ਮਿੱਟੀ ਦੇ ਨਾਲ ਲੋਹਾ ਵੀ ਮਿਲਿਆ ਹੋਇਆ ਦੇਖਿਆ ਸੀ । ੪੨ ਜਿਵੇਂ ਪੈਰਾਂ ਦੀਆਂ ਉਂਗਲੀਆਂ ਕੁਝ ਲੋਹੇ ਦੀਆਂ ਤੇ ਕੁਝ ਮਿੱਟੀ ਦੀਆਂ ਸਨ ਉਸੇ ਤਰ੍ਹਾਂ ਰਾਜ ਕੁਝ ਤਕੜਾ ਅਤੇ ਕੁਝ ਕਮਜ਼ੋਰ ਹੋਵੇਗਾ । ੪੩ ਜਿਵੇਂ ਤੁਸੀਂ ਵੇਖਿਆ ਕਿ ਲੋਹਾ ਮਿੱਟੀ ਨਾਲ ਮਿਲਿਆ ਹੋਇਆ ਸੀ ਉਸੇ ਤਰ੍ਹਾਂ ਉਹ ਮਨੁੱਖ ਦੀ ਅੰਸ ਨਾਲ ਮਿਲਣਗੇ ਪਰ ਜਿਵੇਂ ਲੋਹਾ ਮਿੱਟੀ ਨਾਲ ਰਲਦਾ ਨਹੀਂ ਉਸੇ ਤਰ੍ਹਾਂ ਉਹਨਾਂ ਦਾ ਆਪੋ ਵਿੱਚ ਕੋਈ ਮੇਲ ਨਾ ਹੋਵੇਗਾ । ੪੪ ਉਹਨਾਂ ਰਾਜਿਆਂ ਦੇ ਦਿਨਾਂ ਵਿੱਚ ਅਕਾਸ਼ ਦਾ ਪਰਮੇਸ਼ੁਰ ਇੱਕ ਰਾਜ ਖੜਾ ਕਰੇਗਾ ਜਿਹੜਾ ਸਦਾ ਤੱਕ ਨਾ ਖ਼ਤਮ ਹੋਵੇਗਾ ਅਤੇ ਉਸ ਦੀ ਹੁਕਮਰਾਨੀ ਦੂਜੇ ਲੋਕਾਂ ਲਈ ਛੱਡੀ ਨਾ ਜਾਵੇਗੀ ਸਗੋਂ ਉਹ ਇਹਨਾਂ ਸਾਰੀਆਂ ਪਾਤਸ਼ਾਹੀਆਂ ਨੂੰ ਚੂਰ-ਚੂਰ ਕਰ ਕੇ ਸੱਤਿਆ ਨਾਸ਼ ਕਰੇਗਾ ਪਰ ਆਪ ਸਦਾ ਤੱਕ ਕਾਇਮ ਰਹੇਗਾ । ੪੫ ਜਿਵੇਂ ਤੁਸੀਂ ਵੇਖਿਆ ਜੋ ਉਹ ਪੱਥਰ ਬਿਨ੍ਹਾਂ ਹੱਥ ਲਾਏ ਪਹਾੜ ਵਿੱਚੋਂ ਵੱਢ ਕੇ ਕੱਢਿਆ ਗਿਆ ਅਤੇ ਉਹ ਨੇ ਲੋਹੇ, ਪਿੱਤਲ, ਮਿੱਟੀ, ਚਾਂਦੀ ਤੇ ਸੋਨੇ ਨੂੰ ਚੂਰ-ਚੂਰ ਕੀਤਾ, ਉਸੇ ਤਰ੍ਹਾਂ ਮਹਾਨ ਪਰਮੇਸ਼ੁਰ ਨੇ ਰਾਜੇ ਨੂੰ ਵਿਖਾਇਆ ਹੈ ਕਿ ਇਸ ਤੋਂ ਮਗਰੋਂ ਕੀ ਕੁਝ ਹੋਣ ਵਾਲਾ ਹੈ, ਇਹ ਸੁਫ਼ਨਾ ਪੱਕਾ ਹੈ ਤੇ ਉਹ ਦਾ ਅਰਥ ਵੀ ਯਕੀਨਨ ਹੈ ।
ਰਾਜੇ ਦੁਆਰਾ ਦਾਨੀਏਲ ਦਾ ਸਨਮਾਨ
੪੬ ਤਦ ਨਬੂਕਦਨੱਸਰ ਰਾਜਾ ਨੇ ਮੂੰਹ ਦੇ ਭਾਰ ਡਿੱਗ ਕੇ ਦਾਨੀਏਲ ਨੂੰ ਮੱਥਾ ਟੇਕਿਆ ਅਤੇ ਆਗਿਆ ਦਿੱਤੀ ਕਿ ਉਹ ਨੂੰ ਚੜ੍ਹਾਵਾ ਦੇਣ ਤੇ ਉਹ ਦੇ ਅੱਗੇ ਧੂਪ ਧੁਖਾਉਣ । ੪੭ ਰਾਜੇ ਨੇ ਦਾਨੀਏਲ ਨੂੰ ਆਖਿਆ, ਯਕੀਨਨ ਤੇਰਾ ਪਰਮੇਸ਼ੁਰ ਦੇਵਤਿਆਂ ਦਾ ਦੇਵਤਾ ਅਤੇ ਰਾਜਿਆਂ ਦਾ ਰਾਜਾ ਅਤੇ ਭੇਤ ਖੋਲ੍ਹਣ ਵਾਲਾ ਹੈ ਕਿਉਂ ਜੋ ਤੂੰ ਇਸ ਭੇਤ ਨੂੰ ਖੋਲ੍ਹ ਸਕਿਆ ! ੪੮ ਤਦ ਰਾਜੇ ਨੇ ਦਾਨੀਏਲ ਨੂੰ ਉੱਚਾ ਕੀਤਾ ਅਤੇ ਉਹ ਨੂੰ ਬਹੁਤ ਵੱਡੀਆਂ ਦਾਤਾਂ ਦਿੱਤੀਆਂ ਅਤੇ ਉਸ ਨੂੰ ਬਾਬਲ ਦੇ ਸਾਰੇ ਸੂਬੇ ਉੱਤੇ ਹੁਕਮਰਾਨੀ ਦਿੱਤੀ ਅਤੇ ਬਾਬਲ ਦੇ ਸਾਰੇ ਵਿਦਵਾਨਾਂ ਉੱਤੇ ਪ੍ਰਧਾਨ ਠਹਿਰਾਇਆ । ੪੯ ਤਦ ਦਾਨੀਏਲ ਨੇ ਰਾਜੇ ਅੱਗੇ ਬੇਨਤੀ ਕੀਤੀ ਅਤੇ ਉਹ ਨੇ ਸ਼ਦਰਕ, ਮੇਸ਼ਕ ਤੇ ਅਬਦ-ਨਗੋ ਨੂੰ ਬਾਬਲ ਦੇ ਸੂਬੇ ਦੇ ਵਿਹਾਰਾਂ ਉੱਤੇ ਨਿਯੁਕਤ ਕੀਤਾ ਪਰ ਦਾਨੀਏਲ ਰਾਜੇ ਦੇ ਦਰਬਾਰ ਵਿੱਚ ਹੀ ਰਿਹਾ ।