੨੦
ਮਕਦੂਨਿਯਾ, ਯੂਨਾਨ ਅਤੇ ਤ੍ਰੋਆਸ ਵਿੱਚ ਪੌਲੁਸ
੧ ਜਦੋਂ ਰੌਲ਼ਾ ਹੱਟ ਗਿਆ ਤਾਂ ਪੌਲੁਸ ਨੇ ਯਿਸੂ ਦੇ ਚੇਲਿਆਂ ਨੂੰ ਸੱਦ ਕੇ ਦਿਲਾਸਾ ਦਿੱਤਾ ਅਤੇ ਉਹਨਾਂ ਕੋਲੋਂ ਵਿਦਾ ਹੋ ਕੇ ਮਕਦੂਨਿਯਾ ਵੱਲ ਨੂੰ ਤੁਰ ਪਿਆ । ੨ ਅਤੇ ਉਨ੍ਹਾਂ ਇਲਾਕਿਆਂ ਵਿੱਚੋਂ ਦੀ ਲੰਘਦਾ ਹੋਇਆ ਉਨ੍ਹਾਂ ਨੂੰ ਬਹੁਤੀਆਂ ਗੱਲਾਂ ਨਾਲ ਦਿਲਾਸਾ ਦੇ ਕੇ ਯੂਨਾਨ ਵਿੱਚ ਆਇਆ । ੩ ਉੱਥੇ ਤਿੰਨ ਮਹੀਨੇ ਰਹਿ ਕੇ ਜਦੋਂ ਉਹ ਜਹਾਜ਼ ਉੱਤੇ ਸੀਰਿਯਾ ਵੱਲ ਜਾਣ ਨੂੰ ਤਿਆਰ ਹੋਇਆ, ਤਦ ਯਹੂਦੀਆਂ ਨੇ ਉਹ ਦੇ ਵਿਰੁੱਧ ਯੋਜਨਾ ਬਣਾਈ, ਇਸ ਲਈ ਉਹ ਨੇ ਮਕਦੂਨਿਯਾ ਦੇ ਰਾਹ ਹੋ ਕੇ ਮੁੜਨ ਦਾ ਫੈਸਲਾ ਲਿਆ । ੪ ਅਤੇ ਪੁੱਰਸ ਦਾ ਪੁੱਤਰ ਸੋਪਤਰੁਸ ਜਿਹੜਾ ਬਰਿਯਾ ਦਾ ਸੀ, ਥੱਸਲੁਨੀਕੀਆਂ ਵਿੱਚੋਂ ਅਰਿਸਤਰਖੁਸ ਅਤੇ ਸਿਕੁੰਦੁਸ, ਦਰਬੇ ਦਾ ਗਾਯੁਸ ਅਤੇ ਤਿਮੋਥਿਉਸ, ਏਸ਼ੀਆ ਦੇ ਤੁਖਿਕੁਸ ਅਤੇ ਤ੍ਰੋਫ਼ਿਮੁਸ ਉਹ ਦੇ ਨਾਲ ਏਸ਼ੀਆ ਤੱਕ ਗਏ । ੫ ਪਰ ਇਹੋ ਅਗਾਹਾਂ ਜਾ ਕੇ ਤ੍ਰੋਆਸ ਵਿੱਚ ਸਾਨੂੰ ਉਡੀਕਦੇ ਸਨ । ੬ ਅਖ਼ਮੀਰੀ ਰੋਟੀ ਦੇ ਦਿਨਾਂ ਤੋਂ ਬਾਅਦ ਅਸੀਂ ਫ਼ਿਲਿੱਪੈ ਤੋਂ ਇੱਕ ਜਹਾਜ਼ ਉੱਤੇ ਚੜ੍ਹੇ ਅਤੇ ਪੰਜਵੇਂ ਦਿਨ ਤ੍ਰੋਆਸ ਵਿੱਚ ਉਨ੍ਹਾਂ ਦੇ ਕੋਲ ਪਹੁੰਚੇ ਅਤੇ ਸੱਤ ਦਿਨ ਉੱਥੇ ਰਹੇ ।
ਤ੍ਰੋਆਸ ਵਿੱਚ ਯੂਤਖੁਸ ਦਾ ਜਿਵਾਲਿਆ ਜਾਣਾ
੭ ਹਫ਼ਤੇ ਦੇ ਪਹਿਲੇ ਦਿਨ ਜਦੋਂ ਅਸੀਂ ਰੋਟੀ ਤੋੜਨ ਲਈ ਇਕੱਠੇ ਹੋਏ ਤਾਂ ਪੌਲੁਸ ਨੇ ਜੋ ਅਗਲੇ ਦਿਨ ਜਾਣ ਲਈ ਤਿਆਰ ਸੀ, ਉਨ੍ਹਾਂ ਨੂੰ ਬਚਨ ਸੁਣਾਇਆ ਅਤੇ ਉਹ ਅੱਧੀ ਰਾਤ ਤੱਕ ਉਪਦੇਸ਼ ਕਰਦਾ ਰਿਹਾ । ੮ ਚੁਬਾਰੇ ਵਿੱਚ ਜਿੱਥੇ ਅਸੀਂ ਇਕੱਠੇ ਹੋਏ ਸੀ ਉੱਥੇ ਬਹੁਤ ਸਾਰੇ ਦੀਵੇ ਬਲਦੇ ਸਨ । ੯ ਅਤੇ ਯੂਤਖੁਸ ਨਾਮ ਦਾ ਇੱਕ ਜਵਾਨ ਖਿੜਕੀ ਵਿੱਚ ਬੈਠਾ ਗਹਿਰੀ ਨੀਂਦ ਨਾਲ ਉਂਘਲਾਇਆ ਹੋਇਆ ਸੀ ਅਤੇ ਜਦੋਂ ਪੌਲੁਸ ਬਹੁਤ ਸਮੇਂ ਤੱਕ ਬਚਨ ਕਰਦਾ ਰਿਹਾ ਤਾਂ ਉਹ ਨੀਂਦ ਦੇ ਕਾਰਨ ਉਂਘਲਾਇਆ ਹੋਇਆ, ਤੀਸਰੀ ਮੰਜਿਲ ਤੋਂ ਹੇਠਾਂ ਡਿੱਗ ਪਿਆ ਅਤੇ ਮਰਿਆ ਹੋਇਆ ਚੁੱਕਿਆ ਗਿਆ । ੧੦ ਪਰ ਪੌਲੁਸ ਨੇ ਉਤਰ ਕੇ ਉਹ ਨੂੰ ਜੱਫੇ ਵਿੱਚ ਲਿਆ ਅਤੇ ਗਲ਼ ਨਾਲ ਲਾ ਕੇ ਆਖਣ ਲੱਗਾ ਕਿ ਤੁਸੀਂ ਰੌਲ਼ਾ ਨਾ ਪਾਓ ਕਿਉਂ ਜੋ ਉਹ ਦੀ ਜਾਨ ਉਸ ਵਿੱਚ ਹੈ । ੧੧ ਫੇਰ ਉਹ ਉੱਪਰ ਆਇਆ ਅਤੇ ਰੋਟੀ ਤੋੜ ਕੇ ਖਾਧੀ ਅਤੇ ਐਨਾ ਚਿਰ ਗੱਲਾਂ ਕਰਦਾ ਰਿਹਾ ਜੋ ਦਿਨ ਚੜ੍ਹ ਗਿਆ, ਤਦ ਉਹ ਤੁਰ ਪਿਆ । ੧੨ ਅਤੇ ਉਹ ਉਸ ਮੁੰਡੇ ਨੂੰ ਜਿਉਂਦਾ ਲਿਆਏ ਅਤੇ ਬਹੁਤ ਸ਼ਾਂਤ ਹੋਏ ।
ਤ੍ਰੋਆਸ ਤੋਂ ਮਿਲੇਤੁਸ ਦੀ ਯਾਤਰਾ
੧੩ ਪਰ ਅਸੀਂ ਅਗਾਹਾਂ ਤੁਰ ਕੇ ਜਹਾਜ਼ ਉੱਤੇ ਚੜ੍ਹੇ ਅਤੇ ਅੱਸੁਸ ਦੀ ਵੱਲ ਚੱਲੇ ਜਿੱਥੋਂ ਅਸੀਂ ਪੌਲੁਸ ਨੂੰ ਨਾਲ ਚੜ੍ਹਾ ਲੈਣਾ ਸੀ, ਕਿਉਂ ਜੋ ਉਹ ਆਪ ਪੈਦਲ ਜਾਣ ਦਾ ਇਰਾਦਾ ਬਣਾ ਕੇ ਇਸ ਤਰ੍ਹਾਂ ਹੀ ਹੁਕਮ ਦੇ ਗਿਆ ਸੀ । ੧੪ ਜਦੋਂ ਉਹ ਅਸੁੱਸ ਵਿੱਚ ਸਾਨੂੰ ਆ ਮਿਲਿਆ ਤਾਂ ਅਸੀਂ ਉਹ ਨੂੰ ਜਹਾਜ਼ ਉੱਤੇ ਚੜ੍ਹਾ ਕੇ ਮਿਤੁਲੇਨੇ ਨੂੰ ਆਏ । ੧੫ ਅਤੇ ਉੱਥੋਂ ਜਹਾਜ਼ ਖੋਲ੍ਹ ਕੇ ਦੂਜੇ ਦਿਨ ਖੀਓਸ ਦੇ ਬਰਾਬਰ ਪਹੁੰਚੇ ਅਤੇ ਉਸ ਦੇ ਦੂਜੇ ਦਿਨ ਸਾਮੁਸ ਵਿੱਚ ਜਾ ਪਹੁੰਚੇ । ਫੇਰ ਅਗਲੇ ਦਿਨ ਮਿਲੇਤੁਸ ਨੂੰ ਆਏ । ੧੬ ਕਿਉਂਕਿ ਪੌਲੁਸ ਨੇ ਇਹ ਫੈਸਲਾ ਕੀਤਾ ਸੀ ਜੋ ਅਫ਼ਸੁਸ ਤੋਂ ਲੰਘ ਜਾਂਵਾਂ ਕਿ ਏਸ਼ੀਆ ਵਿੱਚ ਮੈਨੂੰ ਕਿਤੇ ਚਿਰ ਨਾ ਲੱਗੇ, ਕਿਉਂ ਜੋ ਉਹ ਛੇਤੀ ਕਰਦਾ ਸੀ ਕਿ ਜੇ ਹੋ ਸਕੇ ਤਾਂ ਮੈਂ ਪੰਤੇਕੁਸਤ ਦੇ ਦਿਨ ਯਰੂਸ਼ਲਮ ਵਿੱਚ ਪਹੁੰਚ ਜਾਂਵਾਂ ।
ਅਫ਼ਸੁਸ ਦੇ ਬਜ਼ੁਰਗਾਂ ਨੂੰ ਉਪਦੇਸ਼
੧੭ ਉਸ ਨੇ ਮਿਲੇਤੁਸ ਤੋਂ ਅਫ਼ਸੁਸ ਦੀ ਵੱਲ ਸੁਨੇਹਾ ਭੇਜ ਕੇ ਕਲੀਸਿਯਾ ਦੇ ਆਗੂ ਬਜ਼ੁਰਗਾਂ ਨੂੰ ਬੁਲਾਇਆ । ੧੮ ਅਤੇ ਜਦੋਂ ਉਹ ਉਸ ਦੇ ਕੋਲ ਆਏ ਤਾਂ ਉਨ੍ਹਾਂ ਨੂੰ ਆਖਿਆ, ਤੁਸੀਂ ਜਾਣਦੇ ਹੋ ਜੋ ਮੈਂ ਪਹਿਲੇ ਦਿਨ ਤੋਂ ਹੀ ਜਦੋਂ ਮੈਂ ਏਸ਼ੀਆ ਵਿੱਚ ਪਹੁੰਚਿਆ ਤਾਂ ਹਰ ਰੋਜ਼ ਤੁਹਾਡੇ ਨਾਲ ਕਿਸ ਤਰ੍ਹਾਂ ਰਿਹਾ ੧੯ ਕਿ ਮੈਂ ਬਹੁਤ ਅਧੀਨਗੀ ਨਾਲ ਹੰਝੂ ਵਹਾ ਵਹਾ ਕੇ ਉਨ੍ਹਾਂ ਪਰਤਾਵਿਆਂ ਵਿੱਚ ਜੋ ਯਹੂਦੀਆਂ ਦੀਆਂ ਸਾਜਿਸ਼ਾਂ ਦੇ ਕਾਰਨ ਮੇਰੇ ਉੱਤੇ ਆਣ ਪਏ ਪ੍ਰਭੂ ਦੀ ਸੇਵਾ ਕਰਦਾ ਰਿਹਾ । ੨੦ ਮੈਂ ਤੁਹਾਡੇ ਭਲੇ ਦੀ ਕੋਈ ਗੱਲ ਦੱਸਣ ਵਿੱਚ ਕੁੱਝ ਫ਼ਰਕ ਨਹੀਂ ਕੀਤਾ, ਸਗੋਂ ਤੁਹਾਨੂੰ ਖੁੱਲ੍ਹ ਕੇ ਅਤੇ ਘਰ ਘਰ ਜਾ ਕੇ ਉਪਦੇਸ਼ ਦਿੱਤਾ । ੨੧ ਅਤੇ ਮੈਂ ਯਹੂਦੀਆਂ ਅਤੇ ਯੂਨਾਨੀਆਂ ਦੇ ਸਾਹਮਣੇ ਗਵਾਹੀ ਦਿੱਤੀ ਕਿ ਪਰਮੇਸ਼ੁਰ ਦੇ ਅੱਗੇ ਤੋਬਾ ਕਰੋ ਅਤੇ ਸਾਡੇ ਪ੍ਰਭੂ ਯਿਸੂ ਮਸੀਹ ਉੱਤੇ ਵਿਸ਼ਵਾਸ ਕਰੋ । ੨੨ ਹੁਣ ਵੇਖੋ, ਮੈਂ ਆਤਮਾ ਦਾ ਬੱਧਾ ਹੋਇਆ ਯਰੂਸ਼ਲਮ ਨੂੰ ਜਾਂਦਾ ਹਾਂ ਅਤੇ ਮੈਂ ਨਹੀਂ ਜਾਣਦਾ ਜੋ ਉੱਥੇ ਮੇਰੇ ਨਾਲ ਕੀ ਹੋਵੇਗਾ । ੨੩ ਪਰ ਐਨਾ ਜਾਣਦਾ ਹਾਂ ਕਿ ਪਵਿੱਤਰ ਆਤਮਾ ਹਰੇਕ ਨਗਰ ਵਿੱਚ ਮੈਨੂੰ ਇਹ ਕਹਿ ਕੇ ਗਵਾਹੀ ਦਿੰਦਾ ਹੈ, ਜੋ ਬੰਧਨ ਅਤੇ ਬਿਪਤਾ ਤੇਰੇ ਲਈ ਤਿਆਰ ਹਨ । ੨੪ ਪਰੰਤੂ ਮੈਂ ਆਪਣੇ ਲਈ ਆਪਣੀ ਜਾਨ ਨੂੰ ਕਿਸੇ ਤਰ੍ਹਾਂ ਵੀ ਪਿਆਰੀ ਨਹੀਂ ਸਮਝਦਾ, ਤਾਂ ਜੋ ਮੈਂ ਆਪਣੀ ਦੌੜ ਨੂੰ ਅਤੇ ਉਸ ਸੇਵਾ ਨੂੰ ਪੂਰੀ ਕਰਾਂ, ਜਿਹੜੀ ਮੈਂ ਪਰਮੇਸ਼ੁਰ ਦੀ ਕਿਰਪਾ ਦੀ ਖੁਸ਼ਖਬਰੀ ਉੱਤੇ ਗਵਾਹੀ ਦੇਣ ਲਈ ਪ੍ਰਭੂ ਯਿਸੂ ਤੋਂ ਪਾਈ ਸੀ । ੨੫ ਅਤੇ ਹੁਣ ਵੇਖੋ, ਮੈਂ ਜਾਣਦਾ ਹਾਂ ਜੋ ਤੁਸੀਂ ਸਭ ਜਿਨ੍ਹਾਂ ਵਿੱਚ ਮੈਂ ਰਾਜ ਦਾ ਪਰਚਾਰ ਕੀਤਾ, ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ । ੨੬ ਇਸ ਲਈ ਮੈਂ ਅੱਜ ਦੇ ਦਿਨ ਤੁਹਾਡੇ ਅੱਗੇ ਗਵਾਹੀ ਦਿੰਦਾ ਹਾਂ ਕਿ ਮੈਂ ਸਭਨਾਂ ਦੇ ਲਹੂ ਤੋਂ ਨਿਰਦੋਸ਼ ਹਾਂ । ੨੭ ਕਿਉਂ ਜੋ ਮੈਂ ਤੁਹਾਨੂੰ ਪਰਮੇਸ਼ੁਰ ਦੀ ਸਾਰੀ ਮਰਜ਼ੀ ਦੱਸਣ ਤੋਂ ਨਹੀਂ ਝਿੱਜਕਿਆ । ੨੮ ਤੁਸੀਂ ਆਪਣੀ, ਨਾਲੇ ਉਸ ਸਾਰੇ ਇੱਜੜ ਦੀ ਰਖਵਾਲੀ ਕਰੋ ਜਿਸ ਦੇ ਉੱਤੇ ਪਵਿੱਤਰ ਆਤਮਾ ਨੇ ਤੁਹਾਨੂੰ ਨਿਗਾਹਬਾਨ ਠਹਿਰਾਇਆ ਹੈ, ਜੋ ਪਰਮੇਸ਼ੁਰ ਦੀ ਕਲੀਸਿਯਾ ਦੀ ਚਰਵਾਹੀ ਕਰੋ ਜਿਸ ਨੂੰ ਉਸ ਨੇ ਆਪਣੇ ਹੀ ਲਹੂ ਨਾਲ ਮੁੱਲ ਲਿਆ ਹੈ । ੨੯ ਮੈਂ ਜਾਣਦਾ ਹਾਂ ਜੋ ਮੇਰੇ ਜਾਣ ਤੋਂ ਬਾਅਦ ਬੁਰੇ ਬੁਰੇ ਬਘਿਆੜ ਤੁਹਾਡੇ ਵਿੱਚ ਆ ਵੜਨਗੇ, ਜੋ ਇੱਜੜ ਨੂੰ ਨਾ ਛੱਡਣਗੇ । ੩੦ ਅਤੇ ਤੁਹਾਡੇ ਆਪਣੇ ਹੀ ਵਿੱਚੋਂ ਕਈ ਪੁਰਸ਼ ਖੜੇ ਹੋਣਗੇ ਜਿਹੜੇ ਉਲਟੀਆਂ ਗੱਲਾਂ ਕਰਨਗੇ ਅਤੇ ਚੇਲਿਆਂ ਨੂੰ ਆਪਣੇ ਵੱਲ ਖਿੱਚ ਲੈਣਗੇ । ੩੧ ਇਸ ਕਰਕੇ ਜਾਗਦੇ ਰਹੋ ਅਤੇ ਯਾਦ ਰੱਖੋ ਜੋ ਮੈਂ ਤਿੰਨਾਂ ਸਾਲਾਂ ਤੱਕ ਰਾਤ-ਦਿਨ ਰੋ-ਰੋ ਕੇ ਹਰੇਕ ਨੂੰ ਚਿਤਾਵਨੀ ਦੇਣ ਤੋਂ ਨਾ ਰੁਕਿਆ । ੩੨ ਹੁਣ ਮੈਂ ਤੁਹਾਨੂੰ ਪਰਮੇਸ਼ੁਰ ਅਤੇ ਉਹ ਦੀ ਕਿਰਪਾ ਦੇ ਬਚਨ ਦੇ ਹੱਥ ਸੌਂਪਦਾ ਹਾਂ, ਜਿਹੜਾ ਤੁਹਾਨੂੰ ਸਿੱਧ ਬਣਾ ਸਕਦਾ ਅਤੇ ਤੁਹਾਨੂੰ ਸਾਰੇ ਪਵਿੱਤਰ ਕੀਤਿਆਂ ਹੋਇਆਂ ਵਿੱਚ ਵਿਰਾਸਤ ਦੇ ਸਕਦਾ ਹੈ । ੩੩ ਮੈਂ ਕਿਸੇ ਦੀ ਚਾਂਦੀ ਜਾਂ ਸੋਨੇ ਜਾਂ ਬਸਤਰ ਦਾ ਲਾਲਚ ਨਹੀਂ ਕੀਤਾ । ੩੪ ਤੁਸੀਂ ਆਪ ਜਾਣਦੇ ਹੋ ਕਿ ਮੇਰੇ ਇਨ੍ਹਾਂ ਹੀ ਹੱਥਾਂ ਨੇ ਮੇਰੀਆਂ ਅਤੇ ਮੇਰੇ ਸਾਥੀਆਂ ਦੀਆਂ ਲੋੜਾਂ ਪੂਰੀਆਂ ਕੀਤੀਆਂ । ੩੫ ਮੈਂ ਤੁਹਾਨੂੰ ਸਾਰੀਆਂ ਗੱਲਾਂ ਵਿੱਚ ਜਿਵੇਂ ਕਰ ਵਿਖਾਲਿਆ ਕਿ ਤੁਹਾਨੂੰ ਚਾਹੀਦਾ ਹੈ ਕਿ ਉਸੇ ਤਰ੍ਹਾਂ ਮਿਹਨਤ ਕਰ ਕੇ ਕਮਜ਼ੋਰਾਂ ਦੀ ਸਹਾਇਤਾ ਕਰੋ ਅਤੇ ਪ੍ਰਭੂ ਯਿਸੂ ਦੇ ਬਚਨ ਚੇਤੇ ਰੱਖੋ ਜੋ ਉਹ ਨੇ ਆਪ ਕਿਹਾ ਸੀ ਕਿ ਲੈਣ ਨਾਲੋਂ ਦੇਣਾ ਹੀ ਧੰਨ ਹੈ ।
੩੬ ਉਸ ਨੇ ਇਸ ਤਰ੍ਹਾਂ ਕਹਿ ਕੇ ਗੋਡੇ ਟੇਕੇ ਅਤੇ ਉਨ੍ਹਾਂ ਸਾਰਿਆਂ ਦੇ ਨਾਲ ਪ੍ਰਾਰਥਨਾ ਕੀਤੀ । ੩੭ ਉਹ ਸਭ ਬਹੁਤ ਰੋਏ ਅਤੇ ਪੌਲੁਸ ਦੇ ਗਲ਼ ਮਿਲ ਕੇ ਉਹ ਨੂੰ ਚੁੰਮਿਆ । ੩੮ ਖ਼ਾਸ ਕਰਕੇ ਇਸ ਗੱਲ ਉੱਤੇ ਬਹੁਤ ਉਦਾਸ ਹੋਏ ਜਿਹੜੀ ਉਹ ਨੇ ਆਖੀ ਸੀ ਕਿ ਤੁਸੀਂ ਮੇਰਾ ਮੂੰਹ ਫੇਰ ਕਦੇ ਨਾ ਵੇਖੋਗੇ, ਅਤੇ ਉਨ੍ਹਾਂ ਜਹਾਜ਼ ਤੱਕ ਉਹ ਨੂੰ ਪਹੁੰਚਾ ਦਿੱਤਾ ।