੭੮
ਪਰਮੇਸ਼ੁਰ ਅਤੇ ਉਸ ਦੇ ਲੋਕ
ਆਸਾਫ਼ ਦਾ ਮਸ਼ਕੀਲ
੧ ਹੇ ਮੇਰੀ ਪਰਜਾ, ਮੇਰੀ ਬਿਵਸਥਾ ਉੱਤੇ ਆਪਣਾ ਕੰਨ ਧਰੋ, ਆਪਣੇ ਕੰਨ ਮੇਰੇ ਮੁਖ-ਵਾਕਾਂ ਉੱਤੇ ਲਾਓ । ੨ ਮੈਂ ਆਪਣਾ ਮੂੰਹ ਦ੍ਰਿਸ਼ਟਾਂਤਾਂ ਵਿੱਚ ਖੋਲਾਂਗਾ, ਮੈਂ ਪੁਰਾਣਿਆਂ ਸਮਿਆਂ ਦੀਆਂ ਬੁਝਾਰਤਾਂ ਉਚਾਰਾਂਗਾ, ੩ ਜਿਹੜੀਆਂ ਅਸੀਂ ਸੁਣੀਆਂ ਤੇ ਜਾਤੀਆਂ, ਅਤੇ ਸਾਡੇ ਪਿਉ-ਦਾਦਿਆਂ ਨੇ ਸਾਨੂੰ ਦੱਸੀਆਂ । ੪ ਅਸੀਂ ਓਹਨਾਂ ਨੂੰ ਉਨ੍ਹਾਂ ਦੀ ਅੰਸ ਤੋਂ ਲੁਕਾਵਾਂਗੇ, ਸਗੋਂ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਦੀ ਉਸਤਤ, ਉਸ ਦੀ ਸ਼ਕਤੀ ਅਤੇ ਅਚਰਜ ਕੰਮ ਜੋ ਉਸ ਨੇ ਕੀਤੇ ਦੱਸਾਂਗੇ । ੫ ਉਸ ਨੇ ਤਾਂ ਯਾਕੂਬ ਵਿੱਚ ਇੱਕ ਸਾਖੀ ਕਾਇਮ ਕੀਤੀ, ਅਤੇ ਇਸਰਾਏਲ ਵਿੱਚ ਇੱਕ ਬਿਵਸਥਾ ਠਹਿਰਾਈ, ਜਿਹ ਦਾ ਹੁਕਮ ਉਸ ਨੇ ਸਾਡੇ ਪਿਉ-ਦਾਦਿਆਂ ਨੂੰ ਦਿੱਤਾ, ਕਿ ਓਹ ਆਪਣੀ ਅੰਸ ਨੂੰ ਸਿਖਾਉਣ, ੬ ਤਾਂ ਜੋ ਆਉਣ ਵਾਲੀ ਪੀੜ੍ਹੀ ਅਰਥਾਤ ਓਹ ਬੱਚੇ, ਜਿਹੜੇ ਜੰਮਣਗੇ ਉਨ੍ਹਾਂ ਨੂੰ ਜਾਣ ਲੈਣ, ਕਿ ਓਹ ਵੀ ਉੱਠ ਕੇ ਆਪਣੀ ਅੰਸ ਨੂੰ ਦੱਸਣ, ੭ ਕਿ ਓਹ ਪਰਮੇਸ਼ੁਰ ਵਿੱਚ ਆਪਣੀ ਆਸ਼ਾ ਰੱਖਣ, ਅਤੇ ਪਰਮੇਸ਼ੁਰ ਦੇ ਕੰਮਾਂ ਨੂੰ ਨਾ ਭੁੱਲਣ, ਪਰ ਉਸ ਦੇ ਹੁਕਮਾਂ ਦੀ ਰਾਖੀ ਕਰਨ, ੮ ਅਤੇ ਓਹ ਆਪਣੇ ਪਿਉ-ਦਾਦਿਆਂ ਵਾਂਗੂੰ ਨਾ ਹੋਣ, ਇੱਕ ਕੱਬੀ ਪੀੜ੍ਹੀ ਜਿਸ ਆਪਣਾ ਮਨ ਕਾਇਮ ਨਾ ਰੱਖਿਆ, ਅਤੇ ਜਿਹ ਦਾ ਆਤਮਾ ਪਰਮੇਸ਼ੁਰ ਵਿੱਚ ਦ੍ਰਿੜ ਨਾ ਰਿਹਾ । ੯ ਇਫਰਾਈਮ ਦੀ ਅੰਸ ਸ਼ਾਸ਼ਤਰ ਧਾਰੀ ਹੋ ਕੇ ਤੇ ਧਣੁੱਖ ਲੈ ਕੇ ਲੜਾਈ ਦੇ ਦਿਨ ਪਿੱਛੇ ਮੁੜ ਆਈ । ੧੦ ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਨਾ ਕੀਤੀ, ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਂਹ ਕੀਤੀ । ੧੧ ਓਹ ਉਸ ਦੇ ਕੰਮਾਂ ਅਤੇ ਅਚਰਜ ਕਰਤੱਬਾਂ ਨੂੰ, ਜਿਹੜੇ ਉਸ ਨੇ ਉਨ੍ਹਾਂ ਨੂੰ ਵਿਖਾਏ ਭੁਲਾ ਬੈਠੇ । ੧੨ ਉਨ੍ਹਾਂ ਦੇ ਪਿਉ-ਦਾਦਿਆਂ ਦੇ ਅੱਗੇ ਮਿਸਰ ਦੇਸ ਵਿੱਚ, ਸੋਅਨ ਦੀ ਰੜ੍ਹ ਵਿੱਚ ਉਸ ਨੇ ਇੱਕ ਅਚਰਜ ਕੰਮ ਕੀਤਾ । ੧੩ ਉਸ ਨੇ ਸਮੁੰਦਰ ਨੂੰ ਚੀਰ ਕੇ ਉਨ੍ਹਾਂ ਨੂੰ ਪਾਰ ਲੰਘਾਇਆ, ਅਤੇ ਪਾਣੀ ਨੂੰ ਢੇਰ ਵਾਂਗੂੰ ਖੜ੍ਹਾ ਕਰ ਦਿੱਤਾ । ੧੪ ਉਸ ਨੇ ਦਿਨ ਨੂੰ ਬੱਦਲ ਨਾਲ, ਅਤੇ ਸਾਰੀ ਰਾਤ ਅੱਗ ਦੀ ਲੋ ਨਾਲ ਉਨ੍ਹਾਂ ਦੀ ਅਗਵਾਈ ਕੀਤੀ । ੧੫ ਉਸ ਨੇ ਉਜਾੜ ਵਿੱਚ ਚੱਟਾਨ ਪਾੜ ਕੇ, ਉਨ੍ਹਾਂ ਨੂੰ ਜਾਣੀਦਾ ਡੂੰਘਿਆਈਆਂ ਵਿਚੋਂ ਬਹੁਤ ਪਾਣੀ ਪਿਲਾਇਆ, ੧੬ ਉਸ ਨੇ ਢਿੱਗ ਵਿਚੋਂ ਧਾਰਾਂ ਕੱਢੀਆਂ, ਅਤੇ ਆਪਣੀ ਦਰਿਆਵਾਂ ਵਾਂਗੂੰ ਵਗਾਇਆ । ੧੭ ਤਾਂ ਉਨ੍ਹਾਂ ਨੇ ਉਹ ਦਾ ਹੋਰ ਵੀ ਪਾਪ ਕੀਤਾ, ਅਤੇ ਥਲ ਵਿੱਚ ਅੱਤ ਮਹਾਨ ਤੋਂ ਆਕੀ ਹੀ ਰਹੇ । ੧੮ ਉਨ੍ਹਾਂ ਨੇ ਆਪਣੇ ਖੁੱਦਿਆ ਲਈ ਭੋਜਨ ਮੰਗ ਕੇ ਆਪਣੇ ਮਨ ਵਿੱਚ ਪਰਮੇਸ਼ੁਰ ਦਾ ਪਰਤਾਵਾ ਕੀਤਾ । ੧੯ ਓਹ ਪਰਮੇਸ਼ੁਰ ਦੇ ਵਿਰੁੱਧ ਬੋਲੇ, ਉਨ੍ਹਾਂ ਨੇ ਆਖਿਆ, ਕੀ ਪਰਮੇਸ਼ੁਰ ਉਜਾੜ ਵਿੱਚ ਵੀ ਲੰਗਰ ਦਾ ਅਡੰਬਰ ਰਚ ਸਕੇਗਾ ? ੨੦ ਵੇਖੋ, ਉਸ ਨੇ ਚੱਟਾਨ ਨੂੰ ਮਾਰਿਆ, ਪਾਣੀ ਫੁੱਟ ਨਿੱਕਲਿਆ, ਅਤੇ ਧਾਰਾਂ ਵਗ ਪਈਆਂ, — ਕੀ ਉਹ ਰੋਟੀ ਵੀ ਦੇ ਸਕੇਗਾ ? ਨਾਲੇ ਆਪਣੀ ਪਰਜਾ ਨੂੰ ਮਹਾਂ ਪਰਸ਼ਾਦ ਵੀ ਪਹੁੰਚਾਵੇਗਾ ? ੨੧ ਇਸ ਲਈ ਜਦ ਯਹੋਵਾਹ ਨੇ ਸੁਣਿਆ ਤਾਂ ਅੱਤ ਕ੍ਰੋਧਵਾਨ ਹੋਇਆ, ਅਤੇ ਯਾਕੂਬ ਵਿੱਚ ਅੱਗ ਭੜਕੀ, ਨਾਲੇ ਇਸਰਾਏਲ ਉੱਤੇ ਵੀ ਕੋਪ ਹੋਇਆ, ੨੨ ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਨਾ ਕੀਤੀ, ਅਤੇ ਉਸ ਦੇ ਬਚਾਓ ਉੱਤੇ ਭਰੋਸਾ ਨਾ ਰੱਖਿਆ । ੨੩ ਤਾਂ ਵੀ ਉਸ ਨੇ ਉੱਪਰ ਗਗਣ ਨੂੰ ਹੁਕਮ ਦਿੱਤਾ, ਅਤੇ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ, ੨੪ ਅਤੇ ਉਨ੍ਹਾਂ ਦੇ ਖਾਣ ਲਈ ਮੰਨ ਵਰ੍ਹਾਇਆ, ਅਤੇ ਉਨ੍ਹਾਂ ਨੂੰ ਸਵਰਗੀ ਅੰਨ ਦਿੱਤਾ । ੨੫ ਬਲਵੰਤਾਂ ਦੀ ਰੋਟੀ ਇਨਸਾਨ ਨੇ ਖਾਧੀ, ਉਸ ਨੇ ਰੱਜਵੀਂ ਰੋਟੀ ਭੇਜੀ । ੨੬ ਉਸ ਨੇ ਅਕਾਸ਼ ਵਿੱਚ ਪੁਰੇ ਦੀ ਹਵਾ ਵਗਾਈ, ਅਤੇ ਆਪਣੀ ਸਮਰੱਥਾ ਨਾਲ ਦੱਖਣੀ ਹਵਾ ਚਲਾਈ, ੨੭ ਅਤੇ ਉਨ੍ਹਾਂ ਉੱਤੇ ਧੂੜ ਵਾਂਗੂੰ ਮਹਾਂ ਪਰਸ਼ਾਦ, ਅਤੇ ਸਮੁੰਦਰ ਦੀ ਰੇਟ ਵਾਂਗੂੰ ਪੰਖੇਰੂ ਵਰ੍ਹਾਏ, ੨੮ ਅਤੇ ਉਨ੍ਹਾਂ ਦੇ ਡੇਰੇ ਵਿੱਚ ਅਤੇ ਉਨ੍ਹਾਂ ਦੇ ਵਸੇਬਿਆਂ ਦੇ ਆਲੇ-ਦੁਆਲੇ ਗਿਰਾਏ । ੨੯ ਸੋ ਉਨ੍ਹਾਂ ਨੇ ਬਹੁਤ ਰੱਜ ਕੇ ਖਾਧਾ, ਅਤੇ ਉਸ ਨੇ ਉਨ੍ਹਾਂ ਦੀ ਇੱਛਿਆ ਨੂੰ ਪੂਰਾ ਕੀਤਾ । ੩੦ ਓਹ ਆਪਣੀ ਹਿਰਸ ਤੋਂ ਹਟੇ, ਉਨ੍ਹਾਂ ਦਾ ਖਾਣਾ ਅਜੇ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ, ੩੧ ਕਿ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ, ਅਤੇ ਉਸ ਨੇ ਉਨ੍ਹਾਂ ਦੇ ਢਾਡੇ ਮੋਟਿਆਂ ਨੂੰ ਵੱਢ ਸੁੱਟਿਆ, ਅਤੇ ਇਸਰਾਏਲ ਦੇ ਗੱਭਰੂਆਂ ਨੂੰ ਨਿਵਾ ਲਿਆ । ੩੨ ਤਾਂ ਇਸ ਸਾਰੇ ਦੇ ਹੋਣ ਤੇ ਵੀ ਉਨ੍ਹਾਂ ਨੇ ਫੇਰ ਪਾਪ ਕੀਤਾ, ਅਤੇ ਉਸ ਦੇ ਅਚਰਜ ਕਰਤੱਬਾਂ ਤੇ ਪਰਤੀਤ ਨਾ ਕੀਤੀ । ੩੩ ਇਸ ਕਰਕੇ ਉਸ ਨੇ ਉਨ੍ਹਾਂ ਦੇ ਦਿਨ ਵਿਅਰਥ ਵਿੱਚ ਅਤੇ ਉਨ੍ਹਾਂ ਦੇ ਵਰ੍ਹੇ ਭੈ ਵਿੱਚ ਮੁਕਾਏ । ੩੪ ਜਦ ਉਸ ਨੇ ਉਹਨਾਂ ਨੂੰ ਵੱਢਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ, ਓਹ ਮੁੜੇ ਤੇ ਉਨ੍ਹਾਂ ਨੇ ਮਨੋਂ ਤਨੋਂ ਪਰਮੇਸ਼ੁਰ ਨੂੰ ਢੂੰਡਿਆ । ੩੫ ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਪਰਮੇਸ਼ੁਰ ਸਾਡੀ ਚੱਟਾਨ ਹੈ, ਅਤੇ ਅੱਤ ਮਹਾਨ ਪਰਮੇਸ਼ੁਰ ਸਾਡਾ ਛੁਡਾਉਣ ਵਾਲਾ ਹੈ । ੩੬ ਉਨ੍ਹਾਂ ਨੇ ਆਪਣੇ ਮੂੰਹ ਨਾਲ ਲੱਲੋ ਪੱਤੋ ਕੀਤੀ, ਅਤੇ ਆਪਣੀ ਜ਼ਬਾਨ ਦੇ ਨਾਲ ਉਸ ਦੇ ਲਈ ਝੂਠ ਮਾਰਿਆ, ੩੭ ਕਿਉਂ ਜੋ ਉਨ੍ਹਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ, ਨਾ ਓਹ ਉਸ ਦੇ ਨੇਮ ਵਿੱਚ ਵਫ਼ਾਦਾਰ ਰਹੇ, ੩੮ ਪਰ ਉਸ ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ ਖਿਮਾ ਕੀਤਾ, ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ, ਹਾਂ, ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਕ ਛੱਡਿਆ, ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ । ੩੯ ਉਸ ਨੂੰ ਤਾਂ ਯਾਦ ਸੀ ਕਿ ਓਹ ਨਿਰੇ ਬਸ਼ਰ ਹੀ ਹਨ, ਓਹ ਹਵਾ ਹਨ ਜਿਹੜੀ ਵਗਦੀ ਹੈ ਅਤੇ ਮੁੜ ਨਹੀਂ ਆਉਂਦੀ । ੪੦ ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ, ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ ! ੪੧ ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ, ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ । ੪੨ ਉਨ੍ਹਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ, ਨਾ ਉਸ ਦਿਨ ਨੂੰ ਜਦ ਉਸ ਨੇ ਉਨ੍ਹਾਂ ਨੂੰ ਵਿਰੋਧੀ ਤੋਂ ਛੁਡਾਇਆ, ੪੩ ਜਦ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ, ਅਤੇ ਸੋਅਨ ਦੀ ਜੂਹ ਵਿੱਚ ਆਪਣੇ ਅਚੰਭੇ ਵਿਖਾਏ । ੪੪ ਉਸ ਨੇ ਉਨ੍ਹਾਂ ਦੋ ਦਰਿਆਵਾਂ ਨੂੰ ਲਹੂ ਬਣਾ ਦਿੱਤਾ, ਨਾਲੇ ਉਨ੍ਹਾਂ ਦੀਆਂ ਨਦੀਆਂ ਨੂੰ, ਸੋ ਓਹ ਉਨ੍ਹਾਂ ਤੋਂ ਪੀ ਨਾ ਸਕੇ । ੪੫ ਉਸ ਨੇ ਉਨ੍ਹਾਂ ਵਿੱਚ ਮੱਖਾਂ ਦੇ ਝੁੰਡ ਭੇਜੇ ਜਿਹੜੇ ਉਨ੍ਹਾਂ ਨੂੰ ਖਾ ਗਏ, ਅਤੇ ਡੱਡੂ ਜਿਨ੍ਹਾਂ ਨੇ ਉਨ੍ਹਾਂ ਦਾ ਸੱਤਿਆਨਾਸ ਕੀਤਾ । ੪੬ ਉਸ ਨੇ ਉਨ੍ਹਾਂ ਦੀ ਪੈਦਾਵਾਰ ਕੀੜਿਆਂ ਨੂੰ, ਅਤੇ ਉਨ੍ਹਾਂ ਦੀ ਮਿਹਨਤ ਸਲਾਂ ਨੂੰ ਦਿੱਤੀ । ੪੭ ਉਸ ਨੇ ਉਨ੍ਹਾਂ ਦੀਆਂ ਦਾਖ ਦੀਆਂ ਬੇਲਾਂ ਨੂੰ ਗੜਿਆਂ ਨਾਲ, ਅਤੇ ਉਨ੍ਹਾਂ ਦਿਆਂ ਗੁਲਰ ਰੁੱਖਾਂ ਨੂੰ ਵੱਡੇ-ਵੱਡੇ ਓਲਿਆਂ ਨਾਲ ਬਰਬਾਦ ਕਰ ਸੁੱਟਿਆ । ੪੮ ਉਸ ਨੇ ਉਨ੍ਹਾਂ ਦੇ ਪਸੂਆਂ ਨੂੰ ਗੜਿਆਂ ਦੇ ਅਤੇ ਉਨ੍ਹਾਂ ਦੇ ਵੱਗਾਂ ਨੂੰ ਤੇਜ ਲਸ਼ਕਾਂ ਦੇ ਹਵਾਲੇ ਕੀਤਾ । ੪੯ ਉਸ ਨੇ ਬੁਰਿਆਈ ਦੇ ਦੂਤਾਂ ਨੂੰ ਭੇਜ ਕੇ ਆਪਣੇ ਕ੍ਰੋਧ ਦਾ ਡਾਢਾ ਕਹਿਰ, ਰੋਸਾ, ਗਜਬ ਅਤੇ ਬਿਪਤਾ ਉਨ੍ਹਾਂ ਉੱਤੇ ਪਾ ਦਿੱਤੀ । ੫੦ ਉਸ ਨੇ ਆਪਣੇ ਕ੍ਰੋਧ ਲਈ ਰਾਹ ਸਿੱਧਾ ਕੀਤਾ, ਉਸ ਨੇ ਉਨ੍ਹਾਂ ਦੀਆਂ ਜਾਨਾਂ ਨੂੰ ਮੌਤ ਤੋਂ ਨਾ ਰੋਕਿਆ, ਸਗੋਂ ਉਨ੍ਹਾਂ ਦੀਆਂ ਹਯਾਤੀਆਂ ਨੂੰ ਬਵਾ ਦੇ ਹਵਾਲੇ ਕੀਤਾ । ੫੧ ਉਸ ਨੇ ਮਿਸਰ ਵਿੱਚ ਸਾਰੇ ਪਲੌਠੇ ਮਾਰ ਸੁੱਟੇ, ਜਿਹੜੇ ਹਾਮ ਦੇ ਤੰਬੂਆਂ ਵਿੱਚ ਉਨ੍ਹਾਂ ਦੀ ਸ਼ਕਤੀ ਦਾ ਮੁੱਢ ਸਨ, ੫੨ ਪਰ ਆਪਣੀ ਪਰਜਾ ਨੂੰ ਭੇਡਾਂ ਵਾਂਗੂੰ ਲੈ ਤੁਰਿਆ, ਅਤੇ ਉਜਾੜ ਵਿੱਚ ਇੱਜੜ ਵਾਂਗੂੰ ਉਨ੍ਹਾਂ ਦੀ ਅਗਵਾਈ ਕੀਤੀ, ੫੩ ਅਤੇ ਉਨ੍ਹਾਂ ਨੂੰ ਸੁੱਖ ਨਾਲ ਲੈ ਗਿਆ ਸੋ ਓਹ ਨਾ ਡਰੇ, ਪਰ ਉਨ੍ਹਾਂ ਦੇ ਵੈਰੀਆਂ ਨੂੰ ਸਮੁੰਦਰ ਨੇ ਢੱਕ ਲਿਆ । ੫੪ ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਪਵਿੱਤਰ ਥਾਂ ਦੇ ਬੰਨੇ ਤੱਕ ਪਹੁੰਚਾਇਆ, ਇਸ ਪਹਾੜ ਤੱਕ ਜਿਹ ਨੂੰ ਉਸ ਦੇ ਸੱਜੇ ਹੱਥ ਨੇ ਲਿਆ ਸੀ । ੫੫ ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਅੱਗੋਂ ਕੱਢ ਦਿੱਤਾ, ਅਤੇ ਜਰੀਬ ਨਾਲ ਮਿਣ ਕੇ ਉਨ੍ਹਾਂ ਨੂੰ ਮਿਲਖ ਦਿੱਤੀ, ਅਤੇ ਇਸਰਾਏਲ ਦੀਆਂ ਗੋਤਾਂ ਨੂੰ ਉਨ੍ਹਾਂ ਦੇ ਤੰਬੂਆਂ ਵਿੱਚ ਵਸਾਇਆ । ੫੬ ਤਾਂ ਵੀ ਉਨ੍ਹਾਂ ਨੇ ਅੱਤ ਮਹਾਨ ਪਰਮੇਸ਼ੁਰ ਨੂੰ ਪਰਤਾਇਆ ਅਤੇ ਉਸ ਤੋਂ ਆਕੀ ਹੋ ਗਏ, ਅਤੇ ਉਸ ਦੀਆਂ ਸਾਖੀਆਂ ਦੀ ਪਾਲਣਾ ਨਾ ਕੀਤੀ । ੫੭ ਸਗੋਂ ਓਹ ਫਿਰ ਗਏ ਅਤੇ ਆਪਣੇ ਪਿਉ-ਦਾਦਿਆਂ ਵਾਂਗੂੰ ਛੱਲੀਏ ਹੋ ਗਏ, ਓਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ । ੫੮ ਆਪਣਿਆਂ ਉੱਚਿਆਂ ਥਾਵਾਂ ਦੇ ਕਾਰਨ ਉਸ ਦੇ ਗੁੱਸੇ ਨੂੰ ਛੇੜਿਆ, ਅਤੇ ਆਪਣੀਆਂ ਉੱਕਰੀਆਂ ਹੋਈਆਂ ਮੂਰਤਾਂ ਦੇ ਕਾਰਨ ਉਸ ਦੀ ਅਣਖ ਨੂੰ ਹਿਲਾਇਆ । ੫੯ ਪਰਮੇਸ਼ੁਰ ਨੇ ਸੁਣਿਆ, ਤਾਂ ਬਹੁਤ ਤਪਿਆ, ਅਤੇ ਇਸਰਾਏਲ ਤੋਂ ਬਹੁਤ ਘਿਣ ਖਾਧੀ । ੬੦ ਉਸ ਨੇ ਸ਼ੀਲੋਹ ਦੇ ਡੇਰੇ ਨੂੰ ਅਤੇ ਉਸ ਤੰਬੂ ਨੂੰ ਜਿਹੜਾ ਉਸ ਨੇ ਆਦਮੀਆਂ ਵਿੱਚ ਖੜ੍ਹਾ ਕੀਤਾ ਸੀ ਛੱਡ ਦਿੱਤਾ । ੬੧ ਉਸ ਨੇ ਉਹ ਦਾ ਬਲ ਗ਼ੁਲਾਮੀ ਵਿੱਚ ਅਤੇ ਉਹ ਦਾ ਤੇਜ ਵਿਰੋਧੀ ਦੇ ਹੱਥ ਵਿੱਚ ਦੇ ਦਿੱਤਾ । ੬੨ ਉਸ ਨੇ ਆਪਣੀ ਪਰਜਾ ਨੂੰ ਤਲਵਾਰ ਦੇ ਵੱਸ ਪਾਇਆ, ਅਤੇ ਆਪਣੀ ਮਿਲਖ ਨਾਲ ਅੱਤ ਕ੍ਰੋਧਵਾਨ ਹੋਇਆ । ੬੩ ਉਨ੍ਹਾਂ ਦੇ ਗੱਭਰੂਆਂ ਨੂੰ ਅੱਗ ਨੇ ਭਸਮ ਕਰ ਸੁੱਟਿਆ, ਅਤੇ ਉਨ੍ਹਾਂ ਦੀਆਂ ਕੁਆਰੀਆਂ ਦੇ ਸੁਹਾਗ ਨਾ ਗਾਏ ਗਏ । ੬੪ ਉਨ੍ਹਾਂ ਦੇ ਜਾਜਕ ਤਲਵਾਰ ਨਾਲ ਡਿੱਗੇ, ਪਰ ਉਨ੍ਹਾਂ ਦੀਆਂ ਵਿਧਵਾਂ ਨੇ ਵਿਰਲਾਪ ਨਾ ਕੀਤਾ । ੬੫ ਤਾਂ ਪ੍ਰਭੂ ਸੁੱਤੇ ਹੋਏ ਵਾਂਗੂੰ ਜਾਗ ਉੱਠਿਆ, ਉਸ ਸੂਰਮੇ ਵਾਂਗੂੰ ਜਿਹੜਾ ਨਸ਼ੇ ਵਿੱਚ ਲਲਕਾਰੇ ਮਾਰਦਾ ਹੈ । ੬੬ ਉਸ ਨੇ ਆਪਣੇ ਵਿਰੋਧੀਆਂ ਨੂੰ ਮਾਰ ਕੇ ਪਿਛਾਂਹ ਹਟਾ ਦਿੱਤਾ, ਉਸ ਨੇ ਉਨ੍ਹਾਂ ਨੂੰ ਸਦਾ ਲਈ ਨਿੰਦਿਆ ਦਾ ਥਾਂ ਬਣਾਇਆ । ੬੭ ਨਾਲੇ ਉਸ ਨੇ ਯੂਸਫ ਦੇ ਤੰਬੂ ਨੂੰ ਤਿਆਗ ਦਿੱਤਾ, ਅਤੇ ਇਫਰਾਈਮ ਦੇ ਗੋਤ ਵਿਚੋਂ ਨਾ ਚੁਣਿਆ । ੬੮ ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ, ਅਰਥਾਤ ਸੀਯੋਨ ਦੇ ਪਰਬਤ ਨੂੰ ਜਿਹੜਾ ਉਸ ਨੂੰ ਪਿਆਰਾ ਸੀ, ੬੯ ਅਤੇ ਉਸ ਨੇ ਉੱਚਿਆਈਆਂ ਦੀ ਨਿਆਈਂ ਆਪਣਾ ਪਵਿੱਤਰ ਸਥਾਨ ਉਸਾਰਿਆ, ਅਤੇ ਧਰਤੀ ਦੀ ਨਿਆਈਂ ਜਿਹ ਨੂੰ ਉਸ ਨੇ ਸਦਾ ਲਈ ਅਟੱਲ ਰੱਖਿਆ ਹੈ । ੭੦ ਉਸ ਨੇ ਆਪਣੇ ਦਾਸ ਦਾਊਦ ਨੂੰ ਵੀ ਚੁਣਿਆ, ਅਤੇ ਭੇਡਾਂ ਦੇ ਵੜਿਆਂ ਵਿਚੋਂ ਉਹ ਨੂੰ ਲੈ ਲਿਆ । ੭੧ ਉਹ ਉਹ ਨੂੰ ਬੱਚਿਆਂ ਵਾਲੀਆਂ ਭੇਡਾਂ ਦੇ ਪਿੱਛੇ ਚੱਲਣ ਤੋਂ ਹਟਾ ਲਿਆਇਆ । ਕਿ ਉਸ ਦੀ ਪਰਜਾ ਯਾਕੂਬ ਨੂੰ ਅਤੇ ਉਸ ਦੀ ਮਿਲਖ ਇਸਰਾਏਲ ਨੂੰ ਚਰਾਵੇ । ੭੨ ਸੋ ਉਹ ਨੇ ਆਪਣੇ ਮਨ ਦੀ ਸਚਿਆਈ ਨਾਲ ਉਨ੍ਹਾਂ ਨੂੰ ਚਰਾਇਆ, ਅਤੇ ਆਪਣੇ ਹੱਥਾਂ ਦੇ ਗੁਣ ਨਾਲ ਉਨ੍ਹਾਂ ਦੀ ਅਗਵਾਈ ਕੀਤੀ ।