੬੩
ਪਿਆਸਾ ਮਨ ਪਰਮੇਸ਼ੁਰ ਵਿੱਚ ਤ੍ਰਿਪਤ
ਦਾਊਦ ਦਾ ਭਜਨ, ਜਦੋਂ ਉਹ ਯਹੂਦਾਹ ਦੇ ਜੰਗਲ ਵਿੱਚ ਸੀ
੧ ਹੇ ਪਰਮੇਸ਼ੁਰ, ਤੂੰ ਮੇਰਾ ਪਰਮੇਸ਼ੁਰ ਹੈਂ, ਮੈਂ ਦਿਲ ਤੋਂ ਤੈਨੂੰ ਭਾਲਦਾ ਹਾਂ, ਮੇਰੀ ਜਾਨ ਤੇਰੀ ਤਿਹਾਈ ਹੈ, ਮੇਰਾ ਸਰੀਰ ਤੇਰੇ ਲਈ ਤਰਸਦਾ ਹੈ, ਸੁੱਕੀ ਅਤੇ ਬੰਜਰ ਧਰਤੀ ਵਿੱਚ ਜਿੱਥੇ ਪਾਣੀ ਨਹੀਂ ਹੈ । ੨ ਤਾਂ ਮੈਂ ਪਵਿੱਤਰ ਸਥਾਨ ਵਿੱਚ ਤੇਰਾ ਦਰਸ਼ਣ ਪਾਇਆ, ਕਿ ਮੈਂ ਤੇਰਾ ਬਲ ਅਤੇ ਤੇਰੀ ਮਹਿਮਾ ਵੇਖਾਂ । ੩ ਇਸ ਲਈ ਕਿ ਤੇਰੀ ਦਯਾ ਜੀਵਨ ਨਾਲੋਂ ਵੀ ਚੰਗੀ ਹੈ, ਮੇਰੇ ਬੁੱਲ੍ਹ ਤੇਰੀ ਉਸਤਤ ਕਰਨਗੇ । ੪ ਸੋ ਮੈਂ ਆਪਣੇ ਜੀਵਨ ਵਿੱਚ ਤੈਨੂੰ ਮੁਬਾਰਕ ਆਖਾਂਗਾ, ਮੈਂ ਤੇਰਾ ਨਾਮ ਲੈ ਕੇ ਆਪਣੇ ਹੱਥ ਪਸਾਰਾਂਗਾ । ੫ ਜਿਵੇਂ ਚਰਬੀ ਤੇ ਥਿੰਧਿਆਈ ਨਾਲ ਮੇਰਾ ਜੀਅ ਤ੍ਰਿਪਤ ਹੋਵੇਗਾ, ਅਤੇ ਜੈਕਾਰਿਆਂ ਦੇ ਬੁੱਲ੍ਹਾਂ ਨਾਲ ਮੇਰਾ ਮੇਰਾ ਮੂੰਹ ਤੇਰੀ ਉਸਤਤ ਕਰੇਗਾ, ੬ ਜਿਸ ਵੇਲੇ ਮੈਂ ਆਪਣੇ ਵਿਛਾਉਣੇ ਉੱਤੇ ਤੈਨੂੰ ਯਾਦ ਕਰਦਾ ਹਾਂ, ਅਤੇ ਰਾਤ ਦੇ ਪਹਿਰਾਂ ਵਿੱਚ ਤੇਰਾ ਧਿਆਨ ਕਰਦਾ ਹਾਂ । ੭ ਤੂੰ ਮੇਰਾ ਸਹਾਇਕ ਹੋਇਆ ਹੈਂ, ਤੇਰੇ ਖੰਭਾਂ ਦੀ ਛਾਂ ਹੇਠ ਮੈਂ ਜੈਕਾਰੇ ਗਜਾਵਾਂਗਾ । ੮ ਮੇਰਾ ਜੀਅ ਤੇਰੇ ਪਿੱਛੇ-ਪਿੱਛੇ ਲੱਗਿਆ ਹੋਇਆ ਹੈ, ਤੇਰਾ ਸੱਜਾ ਹੱਥ ਮੈਨੂੰ ਸੰਭਾਲਦਾ ਹੈ । ੯ ਜਿਹੜੇ ਮੇਰੀ ਜਾਨ ਦੀ ਬਰਬਾਦੀ ਚਾਹੁੰਦੇ ਹਨ, ਓਹ ਧਰਤੀ ਦੇ ਹੇਠਲੇ ਥਾਵਾਂ ਵਿੱਚ ਚੱਲੇ ਜਾਣਗੇ । ੧੦ ਓਹ ਤਲਵਾਰ ਦੇ ਹਵਾਲੇ ਕੀਤੇ ਜਾਣਗੇ, ਓਹ ਗਿੱਦੜਾਂ ਦੇ ਹਿੱਸੇ ਆਉਣਗੇ । ੧੧ ਪਰ ਪਾਤਸ਼ਾਹ ਪਰਮੇਸ਼ੁਰ ਵਿੱਚ ਅਨੰਦ ਹੋਵੇਗਾ, ਹਰੇਕ ਜਿਹੜਾ ਉਸ ਦੀ ਸਹੁੰ ਖਾਂਦਾ ਹੈ ਮਾਣ ਕਰੇਗਾ, ਪਰ ਛਲੀਆਂ ਦੇ ਮੂੰਹ ਬੰਦ ਕੀਤੇ ਜਾਣਗੇ ।