੨੪
੧ ਜਦ ਬਿਲਆਮ ਨੇ ਵੇਖਿਆ ਕਿ ਯਹੋਵਾਹ ਦੀ ਨਿਗਾਹ ਵਿੱਚ ਇਸਰਾਏਲ ਨੂੰ ਬਰਕਤ ਦੇਣਾ ਚੰਗਾ ਹੈ ਤਾਂ ਜਿਵੇਂ ਉਹ ਪਹਿਲਾਂ ਕਦੀਂ ਕਦਾਈਂ ਜਾਦੂਗਰਾਂ ਨਾਲ ਮਿਲਣ ਲਈ ਜਾਂਦਾ ਸੀ, ਨਾ ਗਿਆ ਪਰ ਉਸ ਉਜਾੜ ਦੀ ਵੱਲ ਚਲਿਆ ਗਿਆ । ੨ ਤਦ ਬਿਲਆਮ ਨੇ ਆਪਣੀਆਂ ਅੱਖਾਂ ਚੁੱਕ ਕੇ ਇਸਰਾਏਲ ਨੂੰ ਆਪਣੇ ਗੋਤਾਂ ਅਨੁਸਾਰ ਵੱਸੇ ਹੋਏ ਵੇਖਿਆ, ਤਾਂ ਪਰਮੇਸ਼ੁਰ ਦਾ ਆਤਮਾ ਉਸ ਉੱਤੇ ਆਇਆ । ੩ ਤਦ ਉਸ ਆਪਣਾ ਅਗੰਮ ਵਾਕ ਆਖਿਆ,
ਬਓਰ ਦੇ ਪੁੱਤਰ ਬਿਲਆਮ ਦਾ ਵਾਕ,
ਉਸ ਪੁਰਸ਼ ਦਾ ਵਾਕ ਜਿਸ ਦੀਆਂ ਅੱਖਾਂ ਖੁਲ੍ਹੀਆਂ ਹਨ ।
੪ ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ,
ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ,
ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ ।
੫ ਹੇ ਯਾਕੂਬ, ਤੇਰੇ ਤੰਬੂ ਕਿੰਨੇ ਚੰਗੇ ਹਨ !
ਹੇ ਇਸਰਾਏਲ, ਤੇਰੇ ਵਾਸ ਵੀ !
੬ ਘਾਟੀ ਦੇ ਵਾਂਗੂੰ ਉਹ ਫੈਲੇ ਹੋਏ ਹਨ,
ਨਹਿਰ ਦੇ ਉੱਤੇ ਦੇ ਬਾਗਾਂ ਵਾਂਗੂੰ ਹਨ,
ਯਹੋਵਾਹ ਦੇ ਲਾਏ ਹੋਏ ਅਗਰ ਦੇ ਰੁੱਖਾਂ ਵਾਂਗੂੰ,
ਅਤੇ ਪਾਣੀ ਦੇ ਕੰਡੇ ਦੇ ਦਿਆਰ ਵਾਂਗੂੰ,
੭ ਉਸ ਦਾ ਪਾਣੀ ਉਮੜ ਕੇ ਵਗੇਗਾ,
ਅਤੇ ਉਸ ਦਾ ਬੀਜ ਬਹੁਤ ਪਾਣੀਆਂ ਵਿੱਚ ਹੋਵੇਗਾ,
ਅਤੇ ਉਸ ਦਾ ਰਾਜਾ ਅਗਾਗ ਤੋਂ ਉੱਚਾ ਹੋਵੇਗਾ,
ਉਸ ਦਾ ਰਾਜ ਵਧਦਾ ਜਾਵੇਗਾ ।
੮ ਪਰਮੇਸ਼ੁਰ ਉਸ ਨੂੰ ਮਿਸਰ ਤੋਂ ਲਿਆ ਰਿਹਾ ਹੈ,
ਜਿਹਨਾਂ ਦਾ ਜ਼ੋਰ ਸਾਨ੍ਹ ਹੈ,
ਉਹ ਆਪਣੀਆਂ ਵੈਰੀ ਕੌਮਾਂ ਨੂੰ ਖਾ ਜਾਵੇਗਾ,
ਉਨ੍ਹਾਂ ਦੀਆਂ ਹੱਡੀਆਂ ਨੂੰ ਚੂਰ-ਚੂਰ ਕਰੇਗਾ,
ਅਤੇ ਉਹਨਾਂ ਨੂੰ ਆਪਣਿਆਂ ਤੀਰਾਂ ਨਾਲ ਵਿੰਨ੍ਹ ਦੇਵੇਗਾ ।
੯ ਉਹ ਚੁੱਪ ਬੈਠਾ ਹੈ, ਉਹ ਸ਼ੇਰ ਵਾਂਗੂੰ ਲੇਟਿਆ,
ਅਤੇ ਸ਼ੇਰਨੀ ਵਾਂਗੂੰ, ਕੌਣ ਉਹ ਨੂੰ ਛੇੜੇਗਾ ?
ਮੁਬਾਰਕ ਉਹ ਜਿਹੜਾ ਤੈਨੂੰ ਬਰਕਤ ਦੇਵੇ,
ਅਤੇ ਸਰਾਪੀ ਉਹ ਜਿਹੜਾ ਤੈਨੂੰ ਸਰਾਪ ਦੇਵੇ !
੧੦ ਤਾਂ ਬਾਲਾਕ ਦਾ ਕ੍ਰੋਧ ਬਿਲਆਮ ਦੇ ਵਿਰੁੱਧ ਭੜਕਿਆ ਅਤੇ ਹੱਥ ਉੱਤੇ ਹੱਥ ਮਾਰ ਕੇ ਬਾਲਾਕ ਨੇ ਬਿਲਆਮ ਨੂੰ ਆਖਿਆ, ਮੈਂ ਤੈਨੂੰ ਆਪਣੇ ਵੈਰੀਆਂ ਨੂੰ ਸਰਾਪ ਦੇਣ ਲਈ ਸੱਦਿਆ ਅਤੇ ਵੇਖ, ਤੂੰ ਤਿੰਨ ਵਾਰ ਉਨ੍ਹਾਂ ਨੂੰ ਬਰਕਤਾਂ ਹੀ ਬਰਕਤਾਂ ਦਿੱਤੀਆਂ । ੧੧ ਹੁਣ ਆਪਣੇ ਘਰ ਚਲਿਆ ਜਾ ! ਮੈਂ ਤਾਂ ਆਖਿਆ ਸੀ ਕਿ ਮੈਂ ਤੈਨੂੰ ਵੱਡਾ ਇਨਾਮ ਦਿਆਂਗਾ ਪਰ ਵੇਖ, ਯਹੋਵਾਹ ਨੇ ਤੈਨੂੰ ਇਨਾਮ ਲੈਣ ਤੋਂ ਮਨ੍ਹਾਂ ਕੀਤਾ । ੧੨ ਅੱਗੋਂ ਬਿਲਆਮ ਨੇ ਬਾਲਾਕ ਨੂੰ ਆਖਿਆ, ਭਲਾ, ਮੈਂ ਤੇਰੇ ਸੰਦੇਸ਼ਵਾਹਕਾਂ ਨੂੰ ਜਿਹੜੇ ਤੂੰ ਮੇਰੇ ਕੋਲ ਭੇਜੇ ਸਨ ਨਹੀਂ ਆਖਿਆ ਸੀ । ੧੩ ਕਿ ਜੇ ਬਾਲਾਕ ਮੈਨੂੰ ਆਪਣੇ ਘਰ ਭਰ ਦੀ ਚਾਂਦੀ ਅਤੇ ਸੋਨਾ ਦੇਵੇ, ਮੈਂ ਯਹੋਵਾਹ ਦੇ ਹੁਕਮ ਦਾ ਉਲੰਘਣ ਨਹੀਂ ਕਰ ਸਕਦਾ ਕਿ ਆਪਣੇ ਹੀ ਮਨ ਤੋਂ ਭਲਾ ਜਾਂ ਬੁਰਾ ਕਰਾਂ ? ਜਿਹੜਾ ਵਾਕ ਯਹੋਵਾਹ ਕਹੇ ਮੈਂ ਉਹੀ ਕਹਾਂਗਾ ।
ਬਿਲਆਮ ਦੇ ਅੰਤਿਮ ਅਸੀਸ ਦੇ ਬਚਨ
੧੪ ਹੁਣ ਵੇਖ, ਮੈਂ ਆਪਣੇ ਲੋਕਾਂ ਕੋਲ ਜਾਂਦਾ ਹਾਂ । ਆ, ਮੈਂ ਤੈਨੂੰ ਦੱਸਾਂਗਾ ਕਿ ਇਹ ਲੋਕ ਤੇਰੇ ਲੋਕਾਂ ਨਾਲ ਆਖਰੀ ਦਿਨਾਂ ਵਿੱਚ ਕੀ ਕਰਨਗੇ । ੧੫ ਫੇਰ ਉਸ ਆਪਣਾ ਅਗੰਮ ਵਾਕ ਆਖਿਆ,
ਬਓਰ ਦੇ ਪੁੱਤਰ ਬਿਲਆਮ ਦਾ ਵਾਕ,
ਉਸ ਪੁਰਸ਼ ਦਾ ਵਾਕ ਜਿਸ ਦੀਆਂ ਅੱਖਾਂ ਖੁਲ੍ਹੀਆਂ ਹਨ,
੧੬ ਉਸ ਦਾ ਵਾਕ ਜਿਹੜਾ ਪਰਮੇਸ਼ੁਰ ਦੀਆਂ ਬਾਣੀਆਂ ਸੁਣਦਾ ਹੈ,
ਅਤੇ ਜਿਹੜਾ ਅੱਤ ਮਹਾਨ ਦਾ ਗਿਆਨ ਜਾਣਦਾ ਹੈ,
ਜਿਹੜਾ ਸਰਬ ਸ਼ਕਤੀਮਾਨ ਦਾ ਦਰਸ਼ਨ ਪਾਉਂਦਾ ਹੈ,
ਜਿਹੜਾ ਖੁਲ੍ਹੀਆਂ ਅੱਖਾਂ ਨਾਲ ਡਿੱਗ ਪੈਂਦਾ ਹੈ ।
੧੭ ਮੈਂ ਉਹ ਨੂੰ ਵੇਖਦਾ ਹਾਂ ਪਰ ਹੁਣ ਨਹੀਂ,
ਮੈਂ ਉਹ ਨੂੰ ਤੱਕਦਾ ਹਾਂ ਪਰ ਨੇੜਿਓਂ ਨਹੀਂ ।
ਯਾਕੂਬ ਤੋਂ ਇੱਕ ਤਾਰਾ ਚੜ੍ਹੇਗਾ ਅਤੇ ਇਸਰਾਏਲ ਤੋਂ ਇੱਕ ਰਾਜ ਉੱਠੇਗਾ ।
ਉਹ ਮੋਆਬ ਦੀਆਂ ਸਰਹੱਦਾਂ ਨੂੰ ਚੂਰ-ਚੂਰ ਕਰੇਗਾ,
ਅਤੇ ਸਾਰੇ ਦੰਗਾ ਕਰਨ ਵਾਲਿਆ ਨੂੰ ਸੁੱਟੇਗਾ ।
੧੮ ਅਦੋਮ ਉਹ ਦੀ ਸੰਪਤੀ ਹੋਵੇਗਾ,
ਅਤੇ ਸੇਈਰ ਵੀ ਉਹ ਦੀ ਸੰਪਤੀ ਹੋਵੇਗਾ,
ਜਿਹੜੇ ਉਹ ਦੇ ਵੈਰੀ ਹਨ,
ਅਤੇ ਇਸਰਾਏਲ ਸੂਰਬੀਰਤਾ ਦਿਖਾਉਂਦਾ ਜਾਵੇਗਾ ।
੧੯ ਯਾਕੂਬ ਤੋਂ ਉਹ ਰਾਜ ਕਰੇਗਾ,
ਅਤੇ ਸ਼ਹਿਰ ਦੇ ਸਾਰੇ ਬਚਿਆਂ ਹੋਇਆਂ ਨੂੰ ਵੀ ਨਾਸ ਕਰੇਗਾ ।
੨੦ ਫੇਰ ਉਸ ਨੇ ਅਮਾਲੇਕ ਨੂੰ ਦੇਖਿਆ ਅਤੇ ਆਪਣਾ ਅਗੰਮ ਵਾਕ ਆਖਿਆ,
ਅਮਾਲੇਕ ਕੌਮਾਂ ਵਿੱਚ ਪਹਿਲੀ ਸੀ,
ਪਰ ਉਸ ਦਾ ਅੰਤ ਤਾਂ ਨਸ਼ਟ ਹੀ ਹੋਣਾ ਹੈ ।
੨੧ ਫਿਰ ਉਸ ਨੇ ਕੇਨੀਆਂ ਨੂੰ ਡਿੱਠਾ ਅਤੇ ਆਪਣਾ ਅਗੰਮ ਵਾਕ ਆਖਿਆ,
ਤੇਰਾ ਵਸੇਰਾ ਸਥਿਰ ਤਾਂ ਹੈ,
ਅਤੇ ਤੇਰਾ ਆਲ੍ਹਣਾ ਚਟਾਨ ਵਿੱਚ ਤਾਂ ਹੈ,
੨੨ ਤਾਂ ਵੀ ਕਾਇਨ ਉਜਾੜ ਦਿੱਤਾ ਜਾਵੇਗਾ,
ਜਦ ਤੱਕ ਅੱਸ਼ੂਰ ਤੈਨੂੰ ਬੰਨ੍ਹ ਕੇ ਨਾ ਲੈ ਜਾਵੇ ।
੨੩ ਉਸ ਨੇ ਫੇਰ ਆਪਣਾ ਅਗੰਮ ਵਾਕ ਆਖਿਆ,
ਹਾਏ ! ਪਰਮੇਸ਼ੁਰ ਦੀ ਕਿਰਪਾ ਤੋਂ ਬਿਨ੍ਹਾਂ ਕੌਣ ਜੀਉਂਦਾ ਰਹੇਗਾ ?
੨੪ ਕਿੱਤੀਮ ਦੇ ਕੰਢਿਆਂ ਤੋਂ ਬੇੜੇ ਆਉਣਗੇ,
ਅਤੇ ਅੱਸ਼ੂਰ ਅਤੇ ਏਬਰ ਨੂੰ ਦੁੱਖ ਦੇਣਗੇ,
ਪਰ ਉਹ ਵੀ ਨਸ਼ਟ ਹੋ ਜਾਵੇਗਾ ।
੨੫ ਤਾਂ ਬਿਲਆਮ ਉੱਠ ਕੇ ਚਲਾ ਗਿਆ ਅਤੇ ਆਪਣੇ ਸਥਾਨ ਨੂੰ ਮੁੜ ਆਇਆ ਅਤੇ ਬਾਲਾਕ ਵੀ ਆਪਣੇ ਰਾਹ ਪੈ ਗਿਆ ।