੧੮
ਜਾਜਕਾਂ ਅਤੇ ਲੇਵੀਆਂ ਦਾ ਸੇਵਾ ਕੰਮ
੧ ਫੇਰ ਯਹੋਵਾਹ ਨੇ ਹਾਰੂਨ ਨੂੰ ਆਖਿਆ, ਪਵਿੱਤਰ ਸਥਾਨ ਦੀ ਬੁਰਾਈ ਦਾ ਭਾਰ ਤੇਰੇ ਉੱਤੇ, ਤੇਰੇ ਪੁੱਤਰਾਂ ਉੱਤੇ ਅਤੇ ਤੇਰੇ ਪਿਤਾ ਦੇ ਪਰਿਵਾਰ ਉੱਤੇ ਹੋਵੇਗਾ ਅਤੇ ਤੇਰੀ ਜਾਜਕਾਈ ਦੀ ਬੁਰਾਈ ਦਾ ਭਾਰ ਵੀ ਤੇਰੇ ਨਾਲ, ਤੇਰੇ ਪੁੱਤਰਾਂ ਉੱਤੇ ਹੋਵੇਗਾ । ੨ ਅਤੇ ਲੇਵੀ ਦਾ ਗੋਤ ਅਰਥਾਤ ਤੇਰੇ ਪੁਰਖਿਆਂ ਦੇ ਗੋਤ ਵਾਲੇ ਜਿਹੜੇ ਤੇਰੇ ਭਰਾ ਹਨ ਉਹਨਾਂ ਨੂੰ ਵੀ ਆਪਣੇ ਨਾਲ ਲਿਆਇਆ ਕਰ ਅਤੇ ਉਹ ਤੇਰੇ ਨਾਲ ਮਿਲ ਜਾਣ ਅਤੇ ਉਹ ਤੇਰੀ ਟਹਿਲ ਸੇਵਾ ਕਰਿਆ ਕਰਨ, ਪਰ ਸਾਖੀ ਦੇ ਤੰਬੂ ਦੇ ਸਾਹਮਣੇ ਤੂੰ ਅਤੇ ਤੇਰੇ ਪੁੱਤਰ ਹੀ ਆਉਣ । ੩ ਤਾਂ ਜੋ ਉਹ ਤੇਰੀ ਅਤੇ ਸਾਰੇ ਤੰਬੂ ਦੀ ਜ਼ਿੰਮੇਵਾਰੀ ਨੂੰ ਸੰਭਾਲਣ ਪਰ ਪਵਿੱਤਰ ਸਥਾਨ ਦੇ ਭਾਂਡਿਆਂ ਕੋਲ ਅਤੇ ਜਗਵੇਦੀ ਕੋਲ ਉਹ ਨਾ ਆਉਣ ਤਾਂ ਜੋ ਉਹ ਅਤੇ ਤੁਸੀਂ ਮਰ ਨਾ ਜਾਓ । ੪ ਪਰ ਉਹ ਤੇਰੇ ਨਾਲ ਮਿਲ ਜਾਣ ਅਤੇ ਉਹ ਮੰਡਲੀ ਦੇ ਤੰਬੂ ਦੀ ਜ਼ਿੰਮੇਵਾਰੀ ਨੂੰ ਸੰਭਾਲਣ । ਉਹ ਤੰਬੂ ਦੀ ਸਾਰੀ ਟਹਿਲ ਸੇਵਾ ਕਰਨ ਪਰ ਹੋਰ ਕੋਈ ਵੀ ਤੁਹਾਡੇ ਨੇੜੇ ਨਾ ਆਵੇ । ੫ ਤੁਸੀਂ ਪਵਿੱਤਰ ਸਥਾਨ ਅਤੇ ਜਗਵੇਦੀ ਦੀ ਜ਼ਿੰਮੇਵਾਰੀ ਨੂੰ ਸੰਭਾਲੋ ਤਾਂ ਜੋ ਕ੍ਰੋਧ ਫੇਰ ਇਸਰਾਏਲੀਆਂ ਦੇ ਉੱਤੇ ਨਾ ਭੜਕੇ । ੬ ਪਰ ਮੈਂ ਆਪ ਤੁਹਾਡੇ ਲੇਵੀ ਭਰਾਵਾਂ ਨੂੰ ਇਸਰਾਏਲੀਆਂ ਦੇ ਵਿੱਚੋਂ ਅਲੱਗ ਕਰ ਲਿਆ ਹੈ । ਅਤੇ ਉਹ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਲਈ ਤੁਹਾਨੂੰ ਅਤੇ ਯਹੋਵਾਹ ਨੂੰ ਸਮਰਪਤ ਕੀਤੇ ਗਏ ਹਨ । ੭ ਪਰ ਤੂੰ ਅਤੇ ਤੇਰੇ ਪੁੱਤਰ ਆਪਣੀ ਜਾਜਕਾਈ ਨੂੰ ਜਗਵੇਦੀ ਦਾ ਅਤੇ ਪਰਦੇ ਦੇ ਅੰਦਰਲਾ ਸਭ ਕੁਝ ਸੰਭਾਲੋ, ਇਸ ਤਰ੍ਹਾਂ ਤੁਸੀਂ ਉਪਾਸਨਾ ਕਰੋ । ਮੈਂ ਤੁਹਾਨੂੰ ਜਾਜਕਾਈ ਦੀ ਸੇਵਾ ਦਾਨ ਦੇ ਰੂਪ ਵਿੱਚ ਦਿੱਤੀ ਹੈ, ਪਰ ਜੇ ਕੋਈ ਅਜਨਬੀ ਹੋਵੇ ਜੇ ਉਹ ਉਸ ਦੇ ਨੇੜ੍ਹੇ ਆਵੇ ਤਾਂ ਉਹ ਮਾਰਿਆ ਜਾਵੇ ।
ਜਾਜਕਾਂ ਦਾ ਹਿੱਸਾ
੮ ਫੇਰ ਯਹੋਵਾਹ ਹਾਰੂਨ ਨੂੰ ਬੋਲਿਆ, ਵੇਖ, ਮੈਂ ਆਪ ਤੈਨੂੰ ਚੁੱਕਣ ਦੀਆਂ ਭੇਟਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਅਤੇ ਇਸਰਾਏਲੀਆਂ ਦੀਆਂ ਸਾਰੀਆਂ ਪਵਿੱਤਰ ਚੀਜ਼ਾਂ ਤੈਨੂੰ ਮਸਹ ਹੋਣ ਦੇ ਕਾਰਨ ਅਤੇ ਤੇਰੇ ਪੁੱਤਰਾਂ ਨੂੰ ਸਦਾ ਦੇ ਹੱਕ ਲਈ ਦਿੱਤੀਆਂ ਹਨ । ੯ ਇਹ ਤੇਰੇ ਲਈ ਅੱਤ ਪਵਿੱਤਰ ਚੀਜ਼ਾਂ ਤੋਂ ਹੋਣਗੀਆਂ ਜਿਹੜੀਆਂ ਅੱਗ ਤੋਂ ਬਚੀਆਂ ਰਹਿਣ । ਇਸਰਾਏਲ ਦੇ ਸਾਰੇ ਚੜ੍ਹਾਵੇ ਅਰਥਾਤ ਉਨ੍ਹਾਂ ਦੀਆਂ ਮੈਦੇ ਦੀਆਂ ਭੇਟਾਂ, ਉਨ੍ਹਾਂ ਦੀਆਂ ਪਾਪ ਬਲੀ ਦੀਆਂ ਭੇਟਾਂ, ਅਤੇ ਉਨ੍ਹਾਂ ਦੇ ਅਪਰਾਧ ਦੀਆਂ ਭੇਟਾਂ ਜਿਹੜੀਆਂ ਉਹ ਮੈਨੂੰ ਚੜ੍ਹਾਉਂਦੇ ਹਨ, ਤੇਰੇ ਲਈ ਅਤੇ ਤੇਰੇ ਪੁੱਤਰਾਂ ਲਈ ਅੱਤ ਪਵਿੱਤਰ ਹੋਣਗੀਆਂ । ੧੦ ਤੁਸੀਂ ਉਨ੍ਹਾਂ ਨੂੰ ਅੱਤ ਪਵਿੱਤਰ ਜਾਣਦੇ ਹੋਏ ਖਾਓ । ਹਰ ਇੱਕ ਪੁਰਖ ਉਨ੍ਹਾਂ ਨੂੰ ਖਾਵੇ । ਉਹ ਤੇਰੇ ਲਈ ਪਵਿੱਤਰ ਹੋਣਗੀਆਂ । ੧੧ ਅਤੇ ਤੇਰੇ ਲਈ ਇਹ ਵੀ ਹੈ ਕਿ ਉਨ੍ਹਾਂ ਦੇ ਦਾਨ ਦੀ ਚੁੱਕਣ ਵਾਲੀ ਭੇਟ ਅਰਥਾਤ ਇਸਰਾਏਲੀਆਂ ਦੀਆਂ ਸਾਰੀਆਂ ਹਿਲਾਉਣ ਵਾਲੀਆਂ ਭੇਟਾਂ, ਮੈਂ ਤੈਨੂੰ ਅਤੇ ਤੇਰੇ ਸੰਗ ਤੇਰੇ ਪੁੱਤਰਾਂ ਅਤੇ ਤੇਰੀਆਂ ਧੀਆਂ ਨੂੰ ਸਦਾ ਦੇ ਹੱਕ ਲਈ ਦਿੱਤੀਆਂ ਹਨ । ਹਰ ਇੱਕ ਜਿਹੜਾ ਤੇਰੇ ਘਰ ਵਿੱਚ ਸ਼ੁੱਧ ਹੋਵੇ ਉਹ ਉਨ੍ਹਾਂ ਨੂੰ ਖਾਵੇ । ੧੨ ਸਭ ਤੋਂ ਚੰਗਾ ਸਾਰਾ ਤੇਲ, ਸਭ ਤੋਂ ਚੰਗਾ ਸਾਰਾ ਦਾਖਰਸ, ਅੰਨ ਅਤੇ ਉਨ੍ਹਾਂ ਦੇ ਪਹਿਲੇ ਫਲ ਜਿਹੜੇ ਉਹ ਯਹੋਵਾਹ ਲਈ ਦਿੰਦੇ ਹਨ, ਸੋ ਮੈਂ ਤੁਹਾਨੂੰ ਦਿੰਦਾ ਹਾਂ । ੧੩ ਉਨ੍ਹਾਂ ਦੀ ਧਰਤੀ ਦੇ ਪਹਿਲੇ ਫਲ ਜਿਹੜੇ ਉਹ ਯਹੋਵਾਹ ਲਈ ਲਿਆਉਂਦੇ ਹਨ, ਉਹ ਤੇਰੇ ਹੋਣਗੇ । ਹਰ ਇੱਕ ਜਿਹੜਾ ਤੇਰੇ ਘਰ ਵਿੱਚ ਹੈ ਅਤੇ ਸ਼ੁੱਧ ਹੋਵੇ, ਉਹ ਖਾਵੇ । ੧੪ ਇਸਰਾਏਲੀਆਂ ਵਿੱਚ ਸਾਰੀਆਂ ਅਰਪਣ ਕੀਤੀਆਂ ਹੋਈਆਂ ਚੀਜ਼ਾਂ ਤੇਰੀਆਂ ਹੋਣਗੀਆਂ । ੧੫ ਸਾਰੇ ਪਹਿਲੌਠੇ ਜਿਹੜੇ ਉਹ ਯਹੋਵਾਹ ਲਈ ਲਿਆਉਣ ਭਾਵੇਂ ਆਦਮੀ ਦਾ ਭਾਵੇਂ ਪਸ਼ੂ ਦਾ, ਉਹ ਵੀ ਤੇਰੇ ਲਈ ਹੋਣਗੇ ਤਾਂ ਵੀ ਆਦਮੀ ਦੇ ਪਹਿਲੌਠੇ ਦੇ ਨਿਸਤਾਰੇ ਦਾ ਮੁੱਲ ਜ਼ਰੂਰ ਦੇਣਾ ਨਾਲੇ ਅਸ਼ੁੱਧ ਪਸ਼ੂਆਂ ਦੇ ਪਹਿਲੌਠਿਆਂ ਦੇ ਨਿਸਤਾਰੇ ਦਾ ਮੁੱਲ ਦੇਣਾ । ੧੬ ਜਿਨ੍ਹਾਂ ਦੇ ਨਿਸਤਾਰੇ ਦਾ ਮੁੱਲ ਤੂੰ ਦੇਣਾ ਹੋਵੇ ਅਰਥਾਤ ਇੱਕ ਮਹੀਨੇ ਤੋਂ ਉੱਪਰ ਵਾਲੇ ਦਾ ਤੂੰ ਨਿਸਤਾਰੇ ਦਾ ਮੁੱਲ ਦੇ ਅਰਥਾਤ ਆਪਣੇ ਠਹਿਰਾਏ ਹੋਏ ਲੇਖੇ ਅਨੁਸਾਰ ਚਾਂਦੀ ਦੇ ਪੰਜ ਰੁਪਏ ਪਵਿੱਤਰ ਸਥਾਨ ਦੇ ਸ਼ੇਕਲ ਅਨੁਸਾਰ ਜਿਹੜਾ ਵੀਹ ਗੀਰਹ ਦਾ ਹੈ । ੧੭ ਪਰੰਤੂ ਗਊ ਦਾ ਪਹਿਲੌਠੇ, ਭੇਡ ਦੇ ਪਹਿਲੌਠੇ ਅਤੇ ਬੱਕਰੀ ਦੇ ਪਹਿਲੌਠੇ ਦਾ ਨਿਸਤਾਰੇ ਦਾ ਮੁੱਲ ਨਾ ਦੇਣਾ, ਉਹ ਪਵਿੱਤਰ ਹਨ । ਉਨ੍ਹਾਂ ਦਾ ਲਹੂ ਤੂੰ ਜਗਵੇਦੀ ਉੱਤੇ ਛਿੜਕੀਂ ਅਤੇ ਉਨ੍ਹਾਂ ਦੀ ਚਰਬੀ ਯਹੋਵਾਹ ਲਈ ਸੁਗੰਧਤਾ ਕਰਕੇ ਅੱਗ ਦੀ ਭੇਟ ਲਈ ਸਾੜ ਦੇਵੀਂ । ੧੮ ਉਨ੍ਹਾਂ ਦਾ ਮਾਸ ਤੇਰਾ ਹੋਵੇਗਾ ਜਿਵੇਂ ਹਿਲਾਈ ਹੋਈ ਛਾਤੀ ਅਤੇ ਸੱਜਾ ਪੱਟ ਤੇਰੇ ਹਨ । ੧੯ ਸਾਰੀਆਂ ਪਵਿੱਤਰ ਚੀਜ਼ਾਂ ਦੀਆਂ ਚੁੱਕਣ ਵਾਲੀਆਂ ਭੇਟਾਂ ਜਿਹੜੀਆਂ ਇਸਰਾਏਲੀ ਯਹੋਵਾਹ ਲਈ ਚੁੱਕਣ, ਮੈਂ ਤੈਨੂੰ ਅਤੇ ਤੇਰੇ ਪੁੱਤਰਾਂ ਅਤੇ ਤੇਰੀਆਂ ਧੀਆਂ ਨੂੰ ਤੇਰੇ ਨਾਲ ਸਦਾ ਦੇ ਹੱਕ ਲਈ ਦਿੱਤੀਆਂ ਹਨ । ਇਹ ਲੂਣ ਦਾ ਸਦਾ ਦਾ ਨੇਮ ਯਹੋਵਾਹ ਅੱਗੇ ਤੇਰੇ ਲਈ ਅਤੇ ਤੇਰੀ ਅੰਸ ਲਈ ਹੋਵੇ । ੨੦ ਤਦ ਯਹੋਵਾਹ ਨੇ ਹਾਰੂਨ ਨੂੰ ਆਖਿਆ, ਇਸਰਾਏਲੀਆਂ ਦੀ ਧਰਤੀ ਵਿੱਚ ਕੋਈ ਹਿੱਸਾ ਨਾ ਲਵੀਂ, ਨਾ ਉਨ੍ਹਾਂ ਵਿੱਚ ਤੇਰਾ ਕੋਈ ਹਿੱਸਾ ਹੋਵੇਗਾ । ਤੇਰਾ ਹਿੱਸਾ ਅਤੇ ਤੇਰਾ ਵਿਰਸਾ ਇਸਰਾਏਲੀਆਂ ਵਿੱਚ ਮੈਂ ਹੀ ਹਾਂ ।
ਲੇਵੀਆਂ ਦਾ ਹਿੱਸਾ
੨੧ ਅਤੇ ਵੇਖੋ, ਲੇਵੀਆਂ ਲਈ ਮੈਂ ਇਸਰਾਏਲੀਆਂ ਦੇ ਸਾਰਿਆਂ ਦਸਵੰਧਾਂ ਨੂੰ ਉਨ੍ਹਾਂ ਦੇ ਵਿਰਸੇ ਵਿੱਚ, ਉਸ ਟਹਿਲ ਸੇਵਾ ਦੇ ਬਦਲੇ ਜਿਹੜੀ ਉਹ ਮੰਡਲੀ ਦੇ ਤੰਬੂ ਵਿੱਚ ਕਰਦੇ ਹਨ, ਦੇ ਦਿੱਤਾ ਹੈ । ੨੨ ਇਸ ਲਈ ਅੱਗੇ ਤੋਂ ਇਸਰਾਏਲੀ ਮੰਡਲੀ ਦੇ ਤੰਬੂ ਦੇ ਨੇੜੇ ਨਾ ਆਉਣ ਕਿਤੇ ਅਜਿਹਾ ਨਾ ਹੋਵੇ ਕਿ ਪਾਪ ਦਾ ਬੋਝ ਉਹਨਾਂ ਉੱਤੇ ਹੋਵੇ ਅਤੇ ਉਹ ਮਰ ਜਾਣ । ੨੩ ਪਰ ਲੇਵੀ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਕਰਨ ਅਤੇ ਉਹ ਆਪਣੀ ਬਦੀ ਨੂੰ ਆਪ ਚੁੱਕਣ । ਇਹ ਬਿਧੀ ਤੁਹਾਡੀਆਂ ਪੀੜ੍ਹੀਆਂ ਲਈ ਸਦਾ ਦੀ ਹੋਵੇ, ਪਰ ਇਸਰਾਏਲੀਆਂ ਦੇ ਵਿੱਚ ਉਹ ਵਿਰਸਾ ਨਾ ਪਾਉਣਗੇ । ੨੪ ਕਿਉਂ ਜੋ ਇਸਰਾਏਲੀਆਂ ਦੇ ਦਸਵੰਧ ਨੂੰ ਜਿਹੜਾ ਉਹ ਯਹੋਵਾਹ ਲਈ ਚੁੱਕਣ ਦੀ ਭੇਟ ਕਰਕੇ ਲਿਆਉਂਦੇ ਹਨ, ਮੈਂ ਲੇਵੀਆਂ ਨੂੰ ਵਿਰਸੇ ਵਿੱਚ ਦੇ ਦਿੱਤਾ ਹੈ । ਇਸ ਲਈ ਮੈਂ ਉਨ੍ਹਾਂ ਨੂੰ ਆਖਿਆ ਕਿ ਉਹ ਇਸਰਾਏਲੀਆਂ ਵਿੱਚ ਜਾਇਦਾਦ ਨਾ ਪਾਉਣਗੇ ।
ਲੇਵੀਆਂ ਦਾ ਦਸਵੰਧ
੨੫ ਯਹੋਵਾਹ ਨੇ ਮੂਸਾ ਨੂੰ ਆਖਿਆ, ੨੬ ਲੇਵੀਆਂ ਨੂੰ ਆਖ ਕਿ ਜਦ ਤੁਸੀਂ ਇਸਰਾਏਲੀਆਂ ਤੋਂ ਦਸਵੰਧ ਲੈਂਦੇ ਹੋ, ਜਿਹੜਾ ਮੈਂ ਤੁਹਾਨੂੰ ਉਨ੍ਹਾਂ ਵੱਲੋਂ ਤੁਹਾਡੇ ਵਿਰਸੇ ਵਿੱਚ ਦਿੱਤਾ ਹੈ ਤਾਂ ਤੁਸੀਂ ਯਹੋਵਾਹ ਲਈ ਉਸ ਤੋਂ ਚੁੱਕਣ ਦੀ ਭੇਟ ਚੜ੍ਹਾਓ, ਅਰਥਾਤ ਦਸਵੰਧ ਦਾ ਦਸਵੰਧ । ੨੭ ਇਹ ਤੁਹਾਡੇ ਲੇਖੇ ਵਿੱਚ ਚੁੱਕਣ ਦੀ ਭੇਟ ਗਿਣੀ ਜਾਵੇ, ਜਿਵੇਂ ਇਹ ਪਿੜ ਦਾ ਅੰਨ ਅਤੇ ਕੋਹਲੂ ਦੇ ਦਾਖ਼ਰਸ ਹੈ । ੨੮ ਇਸ ਤਰ੍ਹਾਂ ਤੁਸੀਂ ਵੀ ਯਹੋਵਾਹ ਲਈ ਚੁੱਕਣ ਦੀ ਭੇਟ ਆਪਣਿਆਂ ਸਾਰਿਆਂ ਦਸਵੰਧਾ ਤੋਂ ਜਿਹੜੇ ਤੁਸੀਂ ਇਸਰਾਏਲੀਆਂ ਤੋਂ ਲੈਂਦੇ ਹੋ ਚੜ੍ਹਾਓਗੇ ਅਤੇ ਤੁਸੀਂ ਉਨ੍ਹਾਂ ਤੋਂ ਯਹੋਵਾਹ ਦੀ ਚੁੱਕਣ ਦੀ ਭੇਟ ਹਾਰੂਨ ਜਾਜਕ ਨੂੰ ਦਿਓ । ੨੯ ਆਪਣਿਆਂ ਸਾਰਿਆਂ ਦਾਨਾਂ ਤੋਂ ਤੁਸੀਂ ਯਹੋਵਾਹ ਲਈ ਚੁੱਕਣ ਦੀ ਭੇਟ, ਉਸ ਦੀ ਚਿਕਨਾਈ ਤੋਂ ਅਰਥਾਤ ਉਸ ਦੇ ਪਵਿੱਤਰ ਕੀਤੇ ਹੋਏ ਹਿੱਸੇ ਤੋਂ ਚੜ੍ਹਾਓ । ੩੦ ਅਤੇ ਤੂੰ ਲੇਵੀਆਂ ਨੂੰ ਆਖ ਕਿ ਜਦ ਤੁਸੀਂ ਉਸ ਦੀ ਚਿਕਨਾਈ ਚੜ੍ਹਾਉਂਦੇ ਹੋ ਤਾਂ ਉਹ ਲੇਵੀਆਂ ਦੇ ਲੇਖੇ ਵਿੱਚ ਗਿਣੀ ਜਾਵੇ ਜਿਵੇਂ ਪਿੜ ਦੇ ਵਾਧੇ ਅਤੇ ਕੋਹਲੂ ਦੀ ਵਾਫ਼ਰੀ ਹੈ । ੩੧ ਤਾਂ ਤੁਸੀਂ ਉਹ ਨੂੰ ਸਾਰਿਆਂ ਥਾਵਾਂ ਵਿੱਚ ਖਾਓ, ਤੁਸੀਂ ਅਤੇ ਤੁਹਾਡੇ ਪਰਿਵਾਰ ਕਿਉਂ ਜੋ ਉਹ ਤੁਹਾਡੇ ਲਈ ਮੰਡਲੀ ਦੇ ਤੰਬੂ ਦੀ ਟਹਿਲ ਸੇਵਾ ਦੇ ਬਦਲੇ ਤੁਹਾਡਾ ਇਨਾਮ ਹੈ । ੩੨ ਅਤੇ ਤੁਸੀਂ ਉਸ ਦੇ ਕਰਨ ਪਾਪ ਨਾ ਕਰਿਓ ਜਦ ਤੁਸੀਂ ਉਸ ਦੀ ਚਿਕਨਾਈ ਵਿੱਚੋਂ ਚੁੱਕਿਆ, ਅਤੇ ਤੁਸੀਂ ਇਸਰਾਏਲੀਆਂ ਦੀਆਂ ਪਵਿੱਤਰ ਚੀਜ਼ਾਂ ਨੂੰ ਭਰਿਸ਼ਟ ਨਾ ਕਰੋ ਅਜਿਹਾ ਨਾ ਹੋਵੇ ਕਿ ਤੁਸੀਂ ਮਰ ਜਾਓ ।