੬
ਦਾਨ
੧ ਸਾਵਧਾਨ, ਤੁਸੀਂ ਆਪਣੇ ਧਾਰਮਿਕਤਾ ਦੇ ਕੰਮ ਮਨੁੱਖਾਂ ਦੇ ਸਾਹਮਣੇ ਦਿਖਾਵੇ ਲਈ ਨਾ ਕਰੋ, ਨਹੀਂ ਤਾਂ ਤੁਸੀਂ ਆਪਣੇ ਪਿਤਾ ਕੋਲੋਂ ਜਿਹੜਾ ਸਵਰਗ ਵਿੱਚ ਹੈ, ਕੁੱਝ ਵੀ ਫਲ ਪ੍ਰਾਪਤ ਨਾ ਕਰੋਗੇ ।
੨ ਇਸ ਲਈ ਜਦ ਤੁਸੀਂ ਦਾਨ ਕਰੋਂ, ਜਿਸ ਤਰ੍ਹਾਂ ਕਪਟੀ ਪ੍ਰਾਰਥਨਾ ਘਰਾਂ ਅਤੇ ਰਸਤਿਆਂ ਵਿੱਚ ਆਪਣੇ ਅੱਗੇ ਚਰਚਾ ਕਰਵਾਉਂਦੇ ਹਨ ਕਿ ਲੋਕ ਉਨ੍ਹਾਂ ਦੀ ਵਡਿਆਈ ਕਰਨ, ਤੁਸੀਂ ਅਜਿਹਾ ਨਾ ਕਰੋ । ਮੈਂ ਤੁਹਾਨੂੰ ਸੱਚ ਆਖਦਾ ਹਾਂ ਜੋ ਉਹ ਆਪਣਾ ਫਲ ਪਾ ਚੁੱਕੇ । ੩ ਪਰ ਜਦੋਂ ਤੂੰ ਦਾਨ ਦੇਵੇਂ ਤਾਂ ਜੋ ਕੁੱਝ ਤੂੰ ਸੱਜੇ ਹੱਥ ਨਾਲ ਦਿੰਦਾ ਤੇਰਾ ਖੱਬਾ ਹੱਥ ਨਾ ਜਾਣੇ, ੪ ਤੇਰਾ ਦਾਨ ਗੁਪਤ ਵਿੱਚ ਹੋਵੇ, ਤਾਂ ਜੋ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ, ਤੈਨੂੰ ਫਲ ਦੇਵੇ ।
ਪ੍ਰਾਰਥਨਾ
(ਲੂਕਾ 11:2-4)
੫ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਕਪਟੀਆਂ ਦੀ ਤਰ੍ਹਾਂ ਨਾ ਕਰੋ ਕਿਉਂਕਿ ਉਹ ਪ੍ਰਾਰਥਨਾ ਘਰਾਂ ਅਤੇ ਚੌਕਾਂ ਵਿੱਚ ਖੜ੍ਹੇ ਹੋ ਕੇ ਪ੍ਰਾਰਥਨਾ ਕਰਨੀ ਪਸੰਦ ਕਰਦੇ ਹਨ, ਤਾਂ ਜੋ ਮਨੁੱਖ ਉਨ੍ਹਾਂ ਨੂੰ ਵੇਖਣ । ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਪਾ ਚੁੱਕੇ ਹਨ । ੬ ਪਰ ਜਦੋਂ ਤੁਸੀਂ ਪ੍ਰਾਰਥਨਾ ਕਰੋ ਤਾਂ ਆਪਣੇ ਕਮਰੇ ਵਿੱਚ ਜਾਓ ਅਤੇ ਦਰਵਾਜ਼ਾ ਬੰਦ ਕਰ ਕੇ, ਆਪਣੇ ਪਿਤਾ ਅੱਗੇ ਜਿਹੜਾ ਗੁਪਤ ਹੈ ਪ੍ਰਾਰਥਨਾ ਕਰੋ ! ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ, ਉਹ ਤੈਨੂੰ ਫਲ ਦੇਵੇਗਾ । ੭ ਜਦੋਂ ਤੁਸੀਂ ਪ੍ਰਾਰਥਨਾ ਕਰੋ, ਤਾਂ ਪਰਾਈਆਂ ਕੌਮਾਂ ਦੇ ਲੋਕਾਂ ਵਾਂਗੂੰ ਨਾ ਕਰੋ, ਕਿਉਂਕਿ ਉਹ ਸਮਝਦੇ ਹਨ ਕਿ ਸਾਡੇ ਜ਼ਿਆਦਾ ਬੋਲਣ ਨਾਲ ਸਾਡੀ ਸੁਣੀ ਜਾਵੇਗੀ । ੮ ਇਸ ਲਈ ਤੁਸੀਂ ਉਨ੍ਹਾਂ ਵਰਗੇ ਨਾ ਹੋਵੋ, ਕਿਉਂਕਿ ਤੁਹਾਡਾ ਪਿਤਾ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਤੁਹਾਡੀਆਂ ਜ਼ਰੂਰਤਾਂ ਨੂੰ ਜਾਣਦਾ ਹੈ । ੯ ਤੁਸੀਂ ਇਸ ਤਰ੍ਹਾਂ ਪ੍ਰਾਰਥਨਾ ਕਰੋ, ਹੇ ਸਾਡੇ ਪਿਤਾ, ਜਿਹੜਾ ਸਵਰਗ ਵਿੱਚ ਹੈਂ, ਤੇਰਾ ਨਾਮ ਪਵਿੱਤਰ ਮੰਨਿਆ ਜਾਵੇ, ੧੦ ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਸਵਰਗ ਵਿੱਚ ਪੂਰੀ ਹੁੰਦੀ ਹੈ ਧਰਤੀ ਉੱਤੇ ਵੀ ਹੋਵੇ । ੧੧ ਸਾਡੀ ਰੋਜ਼ ਦੀ ਰੋਟੀ ਅੱਜ ਸਾਨੂੰ ਦੇ, ੧੨ ਅਤੇ ਸਾਡੇ ਗੁਨਾਹ ਸਾਨੂੰ ਮਾਫ਼ ਕਰ, ਜਿਵੇਂ ਅਸੀਂ ਵੀ ਆਪਣੇ ਗੁਨਾਹਗਾਰਾਂ ਨੂੰ ਮਾਫ਼ ਕੀਤਾ ਹੈ, ੧੩ ਅਤੇ ਸਾਨੂੰ ਪਰਤਾਵੇ ਵਿੱਚ ਨਾ ਲਿਆ, ਸਗੋਂ ਬੁਰਿਆਈ ਤੋਂ ਬਚਾ । ਕਿਉਂਕਿ ਕੁਦਰਤ, ਜਲਾਲ ਅਤੇ ਪਾਤਸ਼ਾਹੀ ਸਦਾ ਤੁਹਾਡੇ ਹਨ । ਆਮੀਨ ।
੧੪ ਜੇਕਰ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਕਰ ਦੇਵੋ, ਤਾਂ ਤੁਹਾਡਾ ਸਵਰਗੀ ਪਿਤਾ ਤੁਹਾਨੂੰ ਵੀ ਮਾਫ਼ ਕਰ ਦੇਵੇਗਾ । ੧੫ ਪਰ ਜੇ ਤੁਸੀਂ ਮਨੁੱਖਾਂ ਨੂੰ ਉਨ੍ਹਾਂ ਦੇ ਅਪਰਾਧ ਮਾਫ਼ ਨਾ ਕਰੋ, ਤਾਂ ਤੁਹਾਡਾ ਪਿਤਾ ਵੀ ਤੁਹਾਡੇ ਅਪਰਾਧ ਮਾਫ਼ ਨਾ ਕਰੇਗਾ ।
ਵਰਤ
੧੬ ਜਦੋਂ ਤੁਸੀਂ ਵਰਤ ਰੱਖੋ ਤਾਂ ਕਪਟੀਆਂ ਦੀ ਤਰ੍ਹਾਂ ਉਦਾਸੀ ਵਾਲਾ ਚਿਹਰਾ ਨਾ ਬਣਾਓ, ਕਿਉਂ ਜੋ ਉਹ ਆਪਣੇ ਮੂੰਹ ਇਸ ਲਈ ਵਿਗਾੜਦੇ ਹਨ, ਕਿ ਲੋਕ ਜਾਨਣ ਜੋ ਉਹਨਾਂ ਨੇ ਵਰਤ ਰੱਖਿਆ ਹੈ । ਮੈਂ ਤੁਹਾਨੂੰ ਸੱਚ ਆਖਦਾ ਹਾਂ ਕਿ ਉਹ ਆਪਣਾ ਫਲ ਪਾ ਚੁੱਕੇ ਹਨ । ੧੭ ਪਰ ਜਦੋਂ ਤੂੰ ਵਰਤ ਰੱਖੇਂ ਤਾਂ ਆਪਣੇ ਸਿਰ ਉੱਤੇ ਤੇਲ ਲਾ ਅਤੇ ਆਪਣਾ ਮੂੰਹ ਧੋ । ੧੮ ਤੂੰ ਮਨੁੱਖਾਂ ਨੂੰ ਨਹੀਂ ਪਰ ਆਪਣੇ ਪਿਤਾ ਨੂੰ ਜਿਹੜਾ ਗੁਪਤ ਹੈ ਵਰਤੀ ਮਲੂਮ ਹੋਵੇਂ ਅਤੇ ਤੇਰਾ ਪਿਤਾ ਜਿਹੜਾ ਗੁਪਤ ਵਿੱਚ ਵੇਖਦਾ ਹੈ ਤੈਨੂੰ ਫਲ ਦੇਵੇਗਾ ।
ਸਵਰਗ ਵਿੱਚ ਧਨ
(ਲੂਕਾ 13:33,34)
੧੯ ਆਪਣੇ ਲਈ ਧਰਤੀ ਉੱਤੇ ਧਨ ਇਕੱਠਾ ਨਾ ਕਰੋ, ਜਿੱਥੇ ਕੀੜਾ ਅਤੇ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਚੋਰ ਸੰਨ੍ਹ ਮਾਰ ਕੇ ਇਸ ਨੂੰ ਚੁਰਾਉਂਦੇ ਹਨ । ੨੦ ਪਰ ਸਵਰਗ ਵਿੱਚ ਆਪਣੇ ਲਈ ਧਨ ਜੋੜੋ, ਜਿੱਥੇ ਨਾ ਕੋਈ ਕੀੜਾ ਨਾ ਜੰਗਾਲ ਇਸ ਨੂੰ ਵਿਗਾੜਦਾ ਹੈ ਅਤੇ ਨਾ ਹੀ ਚੋਰ ਸੰਨ੍ਹ ਮਾਰ ਕੇ ਚੁਰਾਉਂਦੇ ਹਨ । ੨੧ ਕਿਉਂਕਿ ਜਿੱਥੇ ਤੁਹਾਡਾ ਧਨ ਹੋਵੇਗਾ, ਤੁਹਾਡਾ ਮਨ ਵੀ ਉੱਥੇ ਹੀ ਹੋਵੇਗਾ ।
ਸਰੀਰ ਦਾ ਦੀਵਾ
(ਲੂਕਾ 11:34-36)
੨੨ ਸਰੀਰ ਦਾ ਦੀਵਾ ਅੱਖ ਹੈ, ਜੇਕਰ ਤੁਹਾਡੀ ਅੱਖ ਨਿਰਮਲ ਹੋਵੇ ਤਾਂ ਤੁਹਾਡਾ ਸਾਰਾ ਸਰੀਰ ਚਾਨਣ ਨਾਲ ਭਰਪੂਰ ਹੋਵੇਗਾ । ੨੩ ਪਰ ਜੇ ਤੁਹਾਡੀ ਅੱਖ ਵਿੱਚ ਬੁਰਾਈ ਹੋਵੇ ਤਾਂ ਤੁਹਾਡਾ ਸਾਰਾ ਸਰੀਰ ਹਨ੍ਹੇਰੇ ਨਾਲ ਭਰਿਆ ਹੋਵੇਗਾ । ਸੋ ਜੇ ਤੁਹਾਡੇ ਅੰਦਰ ਦਾ ਚਾਨਣ ਹੀ ਹਨ੍ਹੇਰਾ ਹੈ ਤਾਂ ਉਹ ਹਨ੍ਹੇਰਾ ਕਿੰਨ੍ਹਾਂ ਵਧੇਰੇ ਹੋਵੇਗਾ ।
ਪਰਮੇਸ਼ੁਰ ਅਤੇ ਧਨ
(ਲੂਕਾ 16:13, 12:22-31)
੨੪ ਕੋਈ ਮਨੁੱਖ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ, ਉਹ ਇੱਕ ਨਾਲ ਵੈਰ ਅਤੇ ਦੂਜੇ ਨਾਲ ਪਿਆਰ ਰੱਖੇਗਾ ਜਾਂ ਇੱਕ ਨਾਲ ਮਿਲਿਆ ਰਹੇਗਾ ਅਤੇ ਦੂਜੇ ਨੂੰ ਤੁੱਛ ਜਾਣੇਗਾ । ਤੁਸੀਂ ਪਰਮੇਸ਼ੁਰ ਅਤੇ ਧਨ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ । ੨੫ ਇਸ ਕਰ ਕੇ ਮੈਂ ਤੁਹਾਨੂੰ ਆਖਦਾ ਹਾਂ ਜੋ ਆਪਣੀ ਜਿੰਦਗੀ ਦੇ ਲਈ ਚਿੰਤਾ ਨਾ ਕਰੋ, ਕਿ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ ਅਤੇ ਨਾ ਆਪਣੇ ਸਰੀਰ ਦੇ ਲਈ ਜੋ ਕੀ ਪਹਿਨਾਂਗੇ ? ਕੀ ਜਿੰਦਗੀ ਭੋਜਨ ਨਾਲੋਂ ਅਤੇ ਸਰੀਰ ਬਸਤਰ ਨਾਲੋਂ ਵੱਧ ਮਹੱਤਵਪੂਰਣ ਨਹੀਂ ? ੨੬ ਅਕਾਸ਼ ਦੇ ਪੰਛੀਆਂ ਵੱਲ ਧਿਆਨ ਕਰੋ ! ਨਾ ਤਾਂ ਉਹ ਬੀਜਦੇ ਹਨ ਤੇ ਨਾ ਹੀ ਵੱਢਦੇ ਹਨ ਅਤੇ ਨਾ ਭੜੋਲਿਆਂ ਵਿੱਚ ਇਕੱਠਿਆਂ ਕਰਦੇ ਹਨ ! ਪਰ ਤੁਹਾਡਾ ਸਵਰਗੀ ਪਿਤਾ ਉਨ੍ਹਾਂ ਦੀ ਦੇਖਭਾਲ ਕਰਦਾ ਹੈ । ਕੀ ਤੁਸੀਂ ਉਨ੍ਹਾਂ ਨਾਲੋਂ ਉੱਤਮ ਨਹੀਂ ਹੋ ? ੨੭ ਤੁਹਾਡੇ ਵਿੱਚੋਂ ਉਹ ਕਿਹੜਾ ਮਨੁੱਖ ਹੈ ਜਿਹੜਾ ਚਿੰਤਾ ਕਰ ਕੇ ਆਪਣੀ ਉਮਰ ਇੱਕ ਪਲ ਵਧਾ ਸਕਦਾ ਹੈ ? ੨੮ ਅਤੇ ਪਹਿਰਾਵੇ ਲਈ ਕਿਉਂ ਚਿੰਤਾ ਕਰਦੇ ਹੋ ? ਜੰਗਲੀ ਫੁੱਲਾਂ ਨੂੰ ਵੇਖੋ ਕਿ ਉਹ ਕਿਵੇਂ ਵੱਧਦੇ ਹਨ । ਉਹ ਨਾ ਮਿਹਨਤ ਕਰਦੇ ਨਾ ਕੱਤਦੇ ਹਨ । ੨੯ ਪਰ ਮੈਂ ਤੁਹਾਨੂੰ ਦੱਸਦਾ ਹਾਂ ਕਿ ਸੁਲੇਮਾਨ ਵੀ ਆਪਣੀ ਸਾਰੀ ਸ਼ਾਨੋ ਸ਼ੌਕਤ ਵਿੱਚ ਇਨ੍ਹਾਂ ਵਿੱਚੋਂ ਇੱਕ ਦੇ ਸਮਾਨ ਬਸਤਰ ਪਹਿਨਿਆ ਹੋਇਆ ਨਹੀਂ ਸੀ । ੩੦ ਪਰਮੇਸ਼ੁਰ ਜੰਗਲੀ ਘਾਹ ਨੂੰ ਜਿਹੜੀ ਅੱਜ ਹੈ ਅਤੇ ਕੱਲ੍ਹ ਅੱਗ ਵਿੱਚ ਝੋਕਿਆ ਜਾਂਦਾ ਹੈ, ਅਜਿਹਾ ਪਹਿਰਾਵਾ ਪਹਿਨਾਉਂਦਾ ਹੈ ਤਾਂ ਹੇ ਥੋੜ੍ਹੇ ਵਿਸ਼ਵਾਸ ਵਾਲਿਓ, ਕੀ ਉਹ ਤੁਹਾਨੂੰ ਉਸ ਤੋਂ ਵੱਧ ਨਾ ਪਹਿਨਾਵੇਗਾ ? ੩੧ ਇਸ ਲਈ ਤੁਸੀਂ ਚਿੰਤਾ ਕਰ ਕੇ ਇਹ ਨਾ ਆਖੋ ਕਿ ਅਸੀਂ ਕੀ ਖਾਵਾਂਗੇ ? ਜਾਂ ਕੀ ਪੀਵਾਂਗੇ ? ਜਾਂ ਕੀ ਪਹਿਨਾਂਗੇ ? ੩੨ ਪਰਾਈਆਂ ਕੌਮਾਂ ਦੇ ਲੋਕ ਤਾਂ ਇਨ੍ਹਾਂ ਸਭਨਾਂ ਵਸਤਾਂ ਦੀ ਭਾਲ ਵਿੱਚ ਲੱਗੇ ਰਹਿੰਦੇ ਹਨ, ਪਰ ਤੁਸੀਂ ਚਿੰਤਾ ਨਾ ਕਰੋ ਕਿਉਂ ਜੋ ਤੁਹਾਡਾ ਸਵਰਗੀ ਪਿਤਾ ਜਾਣਦਾ ਹੈ ਕਿ ਤੁਹਾਨੂੰ ਇਨ੍ਹਾਂ ਸਭਨਾਂ ਵਸਤਾਂ ਦੀ ਲੋੜ ਹੈ । ੩੩ ਪਰ ਸਭ ਤੋਂ ਪਹਿਲਾਂ, ਪਰਮੇਸ਼ੁਰ ਦੇ ਰਾਜ ਅਤੇ ਉਸ ਦੀ ਧਾਰਮਿਕਤਾ ਦੀ ਖੋਜ ਕਰੋ ਫਿਰ ਇਹ ਸਾਰੀਆਂ ਵਸਤਾਂ ਵੀ ਤੁਹਾਨੂੰ ਦਿੱਤੀਆਂ ਜਾਣਗੀਆਂ । ੩੪ ਇਸ ਲਈ ਤੁਸੀਂ ਕੱਲ ਦੀ ਚਿੰਤਾ ਨਾ ਕਰੋ ਕਿਉਂ ਜੋ ਕੱਲ ਆਪਣੇ ਲਈ ਆਪੇ ਚਿੰਤਾ ਕਰੇਗਾ । ਅੱਜ ਦੇ ਲਈ ਅੱਜ ਦਾ ਹੀ ਦੁੱਖ ਬਥੇਰਾ ਹੈ ।