੨੩
ਯਿਸੂ ਨੂੰ ਪਿਲਾਤੁਸ ਦੇ ਸਾਹਮਣੇ ਪੇਸ਼ ਕਰਨਾ
(ਮੱਤੀ 27:1,2,11-14; ਮਰਕੁਸ 15:1-5; ਯੂਹੰਨਾ 18:28-38)
੧ ਉਨ੍ਹਾਂ ਦੀ ਸਾਰੀ ਸਭਾ ਉੱਠ ਕੇ ਯਿਸੂ ਨੂੰ ਪਿਲਾਤੁਸ ਦੇ ਕੋਲ ਲੈ ਗਈ । ੨ ਅਤੇ ਉਹ ਇਹ ਕਹਿ ਕੇ ਉਸ ਉੱਤੇ ਦੋਸ਼ ਲਾਉਣ ਲੱਗੇ ਕਿ ਅਸੀਂ ਇਸ ਨੂੰ ਸਾਡੀ ਕੌਮ ਨੂੰ ਭਰਮਾਉਂਦਿਆਂ ਅਤੇ ਕੈਸਰ ਨੂੰ ਲਗਾਨ ਦੇਣ ਤੋਂ ਮਨ੍ਹਾਂ ਕਰਦਿਆਂ ਅਤੇ ਆਪਣੇ ਆਪ ਨੂੰ ਮਸੀਹ ਰਾਜਾ ਕਹਿੰਦਿਆਂ ਸੁਣਿਆ ਹੈ । ੩ ਪਿਲਾਤੁਸ ਨੇ ਉਸ ਤੋਂ ਪੁੱਛਿਆ, “ਕੀ ਤੂੰ ਯਹੂਦੀਆਂ ਦਾ ਪਾਤਸ਼ਾਹ ਹੈਂ ? ” ਯਿਸੂ ਨੇ ਉਸ ਨੂੰ ਉੱਤਰ ਦਿੱਤਾ, ਤੂੰ ਸੱਚ ਆਖਿਆ ਹੈ । ੪ ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਭੀੜ ਨੂੰ ਆਖਿਆ, ਮੈਂ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਦਾ । ੫ ਪਰ ਉਹ ਹੋਰ ਵੀ ਜੋਰ ਦੇ ਕੇ ਬੋਲੇ ਕਿ ਉਹ ਗਲੀਲ ਤੋਂ ਲੈ ਕੇ ਇੱਥੇ ਤੱਕ ਸਾਰੇ ਯਹੂਦਿਯਾ ਵਿੱਚ ਸਿਖਾਉਂਦਾ ਹੋਇਆ, ਲੋਕਾਂ ਨੂੰ ਭੜਕਾਉਂਦਾ ਹੈ । ੬ ਪਿਲਾਤੁਸ ਨੇ ਇਹ ਸੁਣ ਕੇ ਪੁੱਛਿਆ, “ਕੀ ਇਹ ਮਨੁੱਖ ਗਲੀਲੀ ਹੈ ? ” ੭ ਅਤੇ ਜਦ ਉਸ ਨੇ ਮਲੂਮ ਕੀਤਾ ਜੋ ਉਹ ਹੇਰੋਦੇਸ ਦੀ ਰਿਆਸਤ ਦਾ ਹੈ ਤਾਂ ਉਸ ਨੂੰ ਹੇਰੋਦੇਸ ਦੇ ਕੋਲ ਭੇਜ ਦਿੱਤਾ, ਜਿਹੜਾ ਆਪ ਉਨ੍ਹੀਂ ਦਿਨੀਂ ਯਰੂਸ਼ਲਮ ਵਿੱਚ ਸੀ ।
ਯਿਸੂ ਨੂੰ ਹੇਰੋਦੇਸ ਦੇ ਸਾਹਮਣੇ ਪੇਸ਼ ਕਰਨਾ
੮ ਹੇਰੋਦੇਸ ਯਿਸੂ ਨੂੰ ਵੇਖ ਕੇ ਬਹੁਤ ਖੁਸ਼ ਹੋਇਆ ਕਿਉਂ ਜੋ ਉਹ ਬਹੁਤ ਸਮੇਂ ਤੋਂ ਉਸ ਨੂੰ ਵੇਖਣਾ ਚਾਹੁੰਦਾ ਸੀ ਇਸ ਕਰਕੇ ਜੋ ਉਸ ਨੇ ਉਸ ਦੀ ਖ਼ਬਰ ਸੁਣੀ ਸੀ ਅਤੇ ਉਸ ਨੂੰ ਆਸ ਸੀ ਜੋ ਉਸ ਦੇ ਹੱਥੋਂ ਕੋਈ ਚਮਤਕਾਰ ਵੇਖੇ । ੯ ਉਸ ਨੇ ਯਿਸੂ ਤੋਂ ਬਹੁਤੀਆਂ ਗੱਲਾਂ ਪੁੱਛੀਆਂ, ਪਰ ਉਸ ਨੇ ਉਹ ਨੂੰ ਇੱਕ ਦਾ ਵੀ ਉੱਤਰ ਨਾ ਦਿੱਤਾ । ੧੦ ਮੁੱਖ ਜਾਜਕਾਂ ਅਤੇ ਉਪਦੇਸ਼ਕਾਂ ਨੇ ਖੜ੍ਹੇ ਹੋ ਕੇ ਵੱਡੇ ਜੋਸ਼ ਨਾਲ ਉਸ ਉੱਤੇ ਦੋਸ਼ ਲਾਇਆ । ੧੧ ਤਦ ਹੇਰੋਦੇਸ ਨੇ ਆਪਣੇ ਸਿਪਾਹੀਆਂ ਨਾਲ ਰਲ ਕੇ ਉਸ ਨੂੰ ਬੇਇੱਜ਼ਤ ਕੀਤਾ ਅਤੇ ਠੱਠਾ ਕੀਤਾ ਅਤੇ ਭੜਕੀਲੀ ਪੁਸ਼ਾਕ ਪਹਿਨਾ ਕੇ ਉਸ ਨੂੰ ਪਿਲਾਤੁਸ ਦੇ ਕੋਲ ਵਾਪਸ ਭੇਜ ਦਿੱਤਾ । ੧੨ ਅਤੇ ਉਸੇ ਦਿਨ ਹੇਰੋਦੇਸ ਅਤੇ ਪਿਲਾਤੁਸ ਆਪਸ ਵਿੱਚ ਮਿੱਤਰ ਬਣ ਗਏ ਕਿਉਂ ਜੋ ਪਹਿਲਾਂ ਉਨ੍ਹਾਂ ਵਿੱਚ ਦੁਸ਼ਮਣੀ ਸੀ ।
ਪਿਲਾਤੁਸ ਦੇ ਦੁਆਰਾ ਯਿਸੂ ਨੂੰ ਮੌਤ ਦੀ ਸਜ਼ਾ
(ਮੱਤੀ 27:15-26; ਮਰਕੁਸ 15:6-15; ਯੂਹੰਨਾ 18:39—19:16)
੧੩ ਤਦ ਪਿਲਾਤੁਸ ਨੇ ਮੁੱਖ ਜਾਜਕਾਂ ਅਤੇ ਹਾਕਮਾਂ ਅਤੇ ਲੋਕਾਂ ਨੂੰ ਇਕੱਠੇ ਬੁਲਾ ਕੇ ੧੪ ਉਨ੍ਹਾਂ ਨੂੰ ਆਖਿਆ, ਤੁਸੀਂ ਇਸ ਮਨੁੱਖ ਨੂੰ ਲੋਕਾਂ ਦਾ ਭਰਮਾਉਣ ਵਾਲਾ ਠਹਿਰਾ ਕੇ ਮੇਰੇ ਕੋਲ ਲਿਆਏ ਅਤੇ ਵੇਖੋ ਮੈਂ ਤੁਹਾਡੇ ਸਾਹਮਣੇ ਪੁੱਛ-ਗਿੱਛ ਕੀਤੀ ਅਤੇ ਜਿਹੜੀਆਂ ਗੱਲਾਂ ਦਾ ਦੋਸ਼ ਤੁਸੀਂ ਇਸ ਉੱਤੇ ਲਾਇਆ ਹੈ, ਮੈਂ ਉਨ੍ਹਾਂ ਦੇ ਬਾਰੇ ਇਸ ਮਨੁੱਖ ਵਿੱਚ ਕੋਈ ਦੋਸ਼ ਨਹੀਂ ਵੇਖਿਆ । ੧੫ ਅਤੇ ਨਾ ਹੇਰੋਦੇਸ ਨੇ ਕਿਉਂਕਿ ਉਸ ਨੇ ਇਸ ਨੂੰ ਸਾਡੇ ਕੋਲ ਵਾਪਸ ਭੇਜਿਆ ਅਤੇ ਵੇਖੋ, ਇਸ ਮਨੁੱਖ ਨੇ ਮੌਤ ਦੀ ਸਜ਼ਾ ਦੇ ਲਾਇਕ ਕੋਈ ਕੰਮ ਨਹੀਂ ਕੀਤਾ । ੧੬ ਇਸ ਲਈ ਮੈਂ ਉਸ ਨੂੰ ਕੋਰੜੇ ਮਾਰ ਕੇ ਰਿਹਾ ਕਰ ਦਿਆਂਗਾ । ੧੭ (ਇਹ ਉਹਨਾਂ ਲਈ ਜ਼ਰੂਰੀ ਸੀ ਕਿ ਤਿਉਹਾਰ ਤੇ ਕਿਸੇ ਇੱਕ ਨੂੰ ਰਿਹਾਈ ਦਿੱਤੀ ਜਾਵੇ) ੧੮ ਤਦ ਉਨ੍ਹਾਂ ਸਭਨਾਂ ਨੇ ਰਲ ਕੇ ਰੌਲ਼ਾ ਪਾਇਆ ਅਤੇ ਆਖਿਆ ਕਿ ਇਸ ਨੂੰ ਮਾਰ ਦਿਓ ! ਅਤੇ ਬਰੱਬਾ ਨੂੰ ਸਾਡੇ ਲਈ ਰਿਹਾ ਕਰ ਦਿਓ ! ੧੯ ਜੋ ਸ਼ਹਿਰ ਵਿੱਚ ਹੋਏ ਕਿਸੇ ਫਸਾਦ ਦੇ ਕਾਰਨ ਅਤੇ ਖੂਨ ਦੇ ਕਾਰਨ ਕੈਦ ਵਿੱਚ ਪਿਆ ਹੋਇਆ ਸੀ । ੨੦ ਤਦ ਪਿਲਾਤੁਸ ਨੇ ਉਨ੍ਹਾਂ ਨੂੰ ਫਿਰ ਸਮਝਾਇਆ, ਕਿਉਂ ਜੋ ਉਹ ਯਿਸੂ ਨੂੰ ਛੱਡਣ ਦੀ ਇੱਛਾ ਰੱਖਦਾ ਸੀ । ੨੧ ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਬੋਲੇ ਕਿ ਇਸ ਨੂੰ ਸਲੀਬ ਤੇ ਚੜਾਓ ! ਸਲੀਬ ਚੜਾਓ ! ੨੨ ਉਸ ਨੇ ਤੀਸਰੀ ਵਾਰ ਉਨ੍ਹਾਂ ਨੂੰ ਆਖਿਆ, ਕਿਉਂ, ਇਸ ਨੇ ਕੀ ਅਪਰਾਧ ਕੀਤਾ ਹੈ ? ਮੈਂ ਇਸ ਦੇ ਵਿੱਚ ਮੌਤ ਦੀ ਸਜ਼ਾ ਦੇ ਲਾਇਕ ਕੋਈ ਦੋਸ਼ ਨਹੀਂ ਵੇਖਿਆ ਇਸ ਲਈ ਮੈਂ ਇਸ ਨੂੰ ਕੋਰੜੇ ਮਰਵਾ ਕੇ ਰਿਹਾ ਕਰ ਦਿਆਂਗਾ । ੨੩ ਪਰ ਉਹ ਹੋਰ ਵੀ ਉੱਚੀ ਅਵਾਜ਼ ਵਿੱਚ ਰੌਲ਼ਾ ਪਾ ਕੇ ਉਸ ਦੇ ਪਿੱਛੇ ਪੈ ਗਏ ਅਤੇ ਇਹੋ ਮੰਗਦੇ ਰਹੇ ਜੋ ਉਹ ਸਲੀਬ ਉੱਤੇ ਚੜ੍ਹਾਇਆ ਜਾਵੇ ਅਤੇ ਉਨ੍ਹਾਂ ਦੀਆਂ ਅਵਾਜ਼ਾਂ ਉਸ ਉੱਤੇ ਭਾਰੀਆਂ ਪੈ ਗਈਆਂ । ੨੪ ਤਦ ਪਿਲਾਤੁਸ ਨੇ ਹੁਕਮ ਕੀਤਾ ਜੋ ਉਨ੍ਹਾਂ ਦੀ ਮੰਗ ਦੇ ਅਨੁਸਾਰ ਹੋਵੇ । ੨੫ ਅਤੇ ਉਸ ਨੂੰ ਜਿਹੜਾ ਫਸਾਦ ਅਤੇ ਖੂਨ ਦੇ ਕਾਰਨ ਕੈਦ ਹੋਇਆ ਸੀ ਜਿਸ ਨੂੰ ਉਹ ਮੰਗਦੇ ਸਨ, ਰਿਹਾ ਕਰ ਦਿੱਤਾ ਪਰ ਯਿਸੂ ਨੂੰ ਉਨ੍ਹਾਂ ਦੀ ਮਰਜ਼ੀ ਉੱਤੇ ਹਵਾਲੇ ਕੀਤਾ ।
ਯਿਸੂ ਨੂੰ ਸਲੀਬ ਉੱਤੇ ਚੜਾਉਣਾ
(ਮੱਤੀ 27:32-44; ਮਰਕੁਸ 15:21-32; ਯੂਹੰਨਾ 19:17-27)
੨੬ ਜਦ ਉਹ ਯਿਸੂ ਨੂੰ ਲਈ ਜਾਂਦੇ ਸਨ ਤਾਂ ਉਨ੍ਹਾਂ ਨੇ ਸ਼ਮਊਨ ਨਾਮਕ ਇੱਕ ਕੁਰੇਨੀ ਮਨੁੱਖ ਨੂੰ ਜੋ ਪਿੰਡੋਂ ਆਉਂਦਾ ਸੀ, ਫੜ੍ਹ ਕੇ ਉਸ ਦੇ ਮੋਢੇ ਉੱਤੇ ਸਲੀਬ ਰੱਖੀ ਜੋ ਉਹ ਯਿਸੂ ਦੇ ਮਗਰ ਲੈ ਚੱਲੇ ।
੨੭ ਲੋਕਾਂ ਦੀ ਵੱਡੀ ਭੀੜ ਉਸ ਦੇ ਪਿੱਛੇ ਗਈ ਨਾਲੇ ਬਹੁਤ ਸਾਰੀਆਂ ਔਰਤਾਂ ਜਿਹੜੀਆਂ ਉਸ ਦੇ ਲਈ ਪਿੱਟਦੀਆਂ ਅਤੇ ਰੋਂਦੀਆਂ ਸਨ । ੨੮ ਪਰ ਯਿਸੂ ਨੇ ਉਨ੍ਹਾਂ ਵੱਲ ਪਿੱਛੇ ਮੁੜ ਕੇ ਕਿਹਾ, ਹੇ ਯਰੂਸ਼ਲਮ ਦੀਓ ਧੀਓ, ਮੇਰੇ ਲਈ ਨਾ ਰੋਵੋ ਪਰ ਆਪਣੇ ਅਤੇ ਆਪਣਿਆਂ ਬੱਚਿਆਂ ਲਈ ਰੋਵੋ । ੨੯ ਕਿਉਂਕਿ ਵੇਖੋ ਉਹ ਦਿਨ ਆਉਂਦੇ ਹਨ, ਜਿਨ੍ਹਾਂ ਵਿੱਚ ਆਖਣਗੇ, ਕਿ ਧੰਨ ਹਨ ਬਾਂਝ ਔਰਤਾਂ, ਅਤੇ ਉਹ ਕੁੱਖਾਂ ਜਿਨ੍ਹਾਂ ਨੇ ਜਨਮ ਨਹੀਂ ਦਿੱਤਾ ਅਤੇ ਉਹ ਦੁੱਧੀਆਂ ਜਿਨ੍ਹਾਂ ਦੁੱਧ ਨਹੀਂ ਚੁੰਘਾਇਆ । ੩੦ ਤਦ ਉਹ ਪਹਾੜਾਂ ਨੂੰ ਕਹਿਣ ਲੱਗਣਗੇ ਕਿ ਸਾਡੇ ਉੱਤੇ ਡਿੱਗ ਪਓ ! ਅਤੇ ਟਿੱਬਿਆਂ ਨੂੰ ਜੋ ਸਾਨੂੰ ਛੁਪਾ ਲਵੋ ! ੩੧ ਕਿਉਂਕਿ ਜਦ ਹਰੇ ਰੁੱਖ ਨਾਲ ਇਹ ਕਰਦੇ ਹਨ ਤਾਂ ਸੁੱਕੇ ਨਾਲ ਕੀ ਕੁੱਝ ਨਾ ਹੋਵੇਗਾ ? ।
੩੨ ਹੋਰ ਦੋ ਮਨੁੱਖਾਂ ਨੂੰ ਵੀ ਜੋ ਅਪਰਾਧੀ ਸਨ, ਉਸ ਦੇ ਨਾਲ ਸਲੀਬ ਚੜ੍ਹਾਉਣ ਲਈ ਲੈ ਕੇ ਜਾਂਦੇ ਸਨ । ੩੩ ਅਤੇ ਜਦ ਉਹ ਉਸ ਸਥਾਨ ਤੇ ਪਹੁੰਚੇ ਜੋ ਕਲਵਰੀ ਅਖਵਾਉਂਦਾ ਹੈ, ਤਾਂ ਉਸ ਨੂੰ ਉੱਥੇ ਸਲੀਬ ਤੇ ਚੜ੍ਹਾਇਆ ਅਤੇ ਉਨ੍ਹਾਂ ਦੋਵਾਂ ਅਪਰਾਧੀਆਂ ਨੂੰ ਵੀ ਇੱਕ ਨੂੰ ਸੱਜੇ ਅਤੇ ਦੂਜੇ ਨੂੰ ਖੱਬੇ । ੩੪ ਤਦ ਯਿਸੂ ਨੇ ਆਖਿਆ, ਹੇ ਪਿਤਾ ਉਨ੍ਹਾਂ ਨੂੰ ਮਾਫ਼ ਕਰ ਕਿਉਂ ਜੋ ਉਹ ਨਹੀਂ ਜਾਣਦੇ ਜੋ ਇਹ ਕੀ ਕਰਦੇ ਹਨ ਅਤੇ ਉਨ੍ਹਾਂ ਉਸ ਦੇ ਕੱਪੜੇ ਗੁਣੇ ਪਾ ਕੇ ਵੰਡ ਲਏ । ੩੫ ਅਤੇ ਲੋਕ ਖੜ੍ਹੇ ਇਹ ਵੇਖ ਰਹੇ ਸਨ ਅਤੇ ਸਰਦਾਰ ਵੀ ਮਖੌਲ ਨਾਲ ਕਹਿਣ ਲੱਗੇ ਕਿ ਇਸ ਨੇ ਹੋਰਨਾਂ ਨੂੰ ਬਚਾਇਆ । ਜੇਕਰ ਇਹ ਪਰਮੇਸ਼ੁਰ ਦਾ ਮਸੀਹ ਅਤੇ ਉਸ ਦਾ ਚੁਣਿਆ ਹੋਇਆ ਹੈ ਤਾਂ ਆਪਣੇ ਆਪ ਨੂੰ ਬਚਾ ਲਵੇ ! ੩੬ ਸਿਪਾਹੀਆਂ ਨੇ ਵੀ ਉਸ ਦਾ ਮਖੌਲ ਉਡਾਇਆ ਅਤੇ ਨੇੜੇ ਆਣ ਕੇ ਉਸ ਨੂੰ ਸਿਰਕਾ ਦਿੱਤਾ ਅਤੇ ਆਖਿਆ, ੩੭ ਜੇ ਤੂੰ ਯਹੂਦੀਆਂ ਦਾ ਰਾਜਾ ਹੈਂ ਤਾਂ ਆਪਣੇ ਆਪ ਨੂੰ ਬਚਾ ਲੈ ! ੩੮ ਅਤੇ ਯਿਸੂ ਦੀ ਸਲੀਬ ਉੱਤੇ “ਇਹ ਯਹੂਦੀਆਂ ਦਾ ਰਾਜਾ ਹੈ” ਲਿਖਤ ਵੀ ਲਾਈ ਹੋਈ ਸੀ ।
ਤੋਬਾ ਕਰਨ ਵਾਲੇ ਕੁਧਰਮੀ
੩੯ ਉਨ੍ਹਾਂ ਅਪਰਾਧੀਆਂ ਵਿੱਚੋਂ ਜਿਹੜੇ ਟੰਗੇ ਹੋਏ ਸਨ, ਇੱਕ ਨੇ ਇਹ ਕਹਿ ਕੇ ਅਪਮਾਨ ਕੀਤਾ ਕਿ ਭਲਾ, ਤੂੰ ਮਸੀਹ ਨਹੀਂ ਹੈਂ ? ਤਾਂ ਆਪਣੇ ਆਪ ਨੂੰ ਅਤੇ ਸਾਨੂੰ ਵੀ ਬਚਾ ! ੪੦ ਪਰ ਦੂਜੇ ਨੇ ਉਸ ਨੂੰ ਝਿੜਕ ਕੇ ਆਖਿਆ, ਕੀ ਤੂੰ ਆਪ ਇਸੇ ਕਸ਼ਟ ਵਿੱਚ ਪਿਆ ਹੋਇਆ ਪਰਮੇਸ਼ੁਰ ਕੋਲੋਂ ਨਹੀਂ ਡਰਦਾ ? ੪੧ ਅਸੀਂ ਤਾਂ ਨਿਆਂ ਨਾਲ ਆਪਣੀ ਕਰਨੀ ਦਾ ਫਲ ਭੋਗਦੇ ਹਾਂ, ਪਰ ਉਸ ਨੇ ਕੋਈ ਅਪਰਾਧ ਨਹੀਂ ਕੀਤਾ । ੪੨ ਅਤੇ ਉਸ ਨੇ ਆਖਿਆ, ਹੇ ਯਿਸੂ ਜਦ ਤੁਸੀਂ ਆਪਣੇ ਰਾਜ ਵਿੱਚ ਆਵੋ ਤਾਂ ਮੈਨੂੰ ਯਾਦ ਰੱਖਣਾ । ੪੩ ਯਿਸੂ ਨੇ ਉਸ ਨੂੰ ਆਖਿਆ, ਮੈਂ ਤੈਨੂੰ ਸੱਚ ਆਖਦਾ ਹਾਂ ਕਿ ਤੂੰ ਅੱਜ ਹੀ ਮੇਰੇ ਨਾਲ ਸਵਰਗ ਵਿੱਚ ਹੋਵੇਂਗਾ ।
ਯਿਸੂ ਦੀ ਮੌਤ
(ਮੱਤੀ 27:45-56; ਮਰਕੁਸ 15:33-41; ਯੂਹੰਨਾ 19:28-30)
੪੪ ਹੁਣ ਦੂਸਰੇ ਪਹਿਰ ਤੋਂ ਤੀਸਰੇ ਪਹਿਰ ਤੱਕ ਸਾਰੀ ਧਰਤੀ ਉੱਤੇ ਹਨ੍ਹੇਰਾ ਰਿਹਾ । ੪੫ ਅਤੇ ਸੂਰਜ ਹਨ੍ਹੇਰਾ ਹੋ ਗਿਆ ਅਤੇ ਹੈਕਲ ਦਾ ਪੜਦਾ ਉੱਪਰ ਤੋਂ ਲੈ ਕੇ ਹੇਠਾਂ ਤੱਕ ਵਿਚਕਾਰੋਂ ਫਟ ਗਿਆ । ੪੬ ਤਦ ਯਿਸੂ ਨੇ ਉੱਚੀ ਅਵਾਜ਼ ਨਾਲ ਪੁਕਾਰ ਕੇ ਆਖਿਆ, “ਹੇ ਪਿਤਾ ਮੈਂ ਆਪਣਾ ਆਤਮਾ ਤੇਰੇ ਹੱਥ ਸੌਂਪਦਾ ਹਾਂ,” ਅਤੇ ਇਹ ਕਹਿ ਕੇ ਉਸ ਨੇ ਪ੍ਰਾਣ ਤਿਆਗ ਦਿੱਤੇ । ੪੭ ਸੂਬੇਦਾਰ ਨੇ ਇਹ ਅਜਿਹਾ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਕੀਤੀ ਅਤੇ ਬੋਲਿਆ, ਸੱਚ-ਮੁੱਚ ਇਹ ਧਰਮੀ ਪੁਰਖ ਸੀ ! ੪੮ ਅਤੇ ਸਭ ਲੋਕ ਜਿਹੜੇ ਇਹ ਦ੍ਰਿਸ਼ ਵੇਖਣ ਨੂੰ ਇਕੱਠੇ ਹੋਏ ਸਨ, ਇਹ ਸਾਰੀ ਘਟਨਾ ਵੇਖ ਕੇ ਛਾਤੀਆਂ ਪਿੱਟਦੇ ਮੁੜੇ । ੪੯ ਅਤੇ ਉਸ ਦੇ ਸਭ ਜਾਣ-ਪਛਾਣ ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਦੂਰ ਖਲੋ ਕੇ ਇਹ ਹਾਲ ਵੇਖ ਰਹੀਆਂ ਸਨ ।
ਯਿਸੂ ਨੂੰ ਦਫ਼ਨਾਉਣਾ
(ਮੱਤੀ 27:57-61; ਮਰਕੁਸ 15:42-47; ਯੂਹੰਨਾ 19:38-42)
੫੦ ਤਾਂ ਵੇਖੋ, ਯੂਸੁਫ਼ ਨਾਮ ਦਾ ਇੱਕ ਮਨੁੱਖ ਸੀ ਜੋ ਸਲਾਹਕਾਰ, ਭਲਾ ਅਤੇ ਧਰਮੀ ਸੀ । ੫੧ ਅਤੇ ਉਨ੍ਹਾਂ ਦੀ ਮੱਤ ਅਤੇ ਕਰਮ ਵਿੱਚ ਨਹੀਂ ਰਲਿਆ ਸੀ, ਉਹ ਯਹੂਦੀਆਂ ਦੇ ਨਗਰ ਅਰਿਮਥੇਆ ਦਾ ਸੀ ਅਤੇ ਪਰਮੇਸ਼ੁਰ ਦੇ ਰਾਜ ਦੀ ਉਡੀਕ ਵਿੱਚ ਸੀ । ੫੨ ਉਸ ਨੇ ਪਿਲਾਤੁਸ ਦੇ ਕੋਲ ਜਾ ਕੇ ਯਿਸੂ ਦੀ ਲਾਸ਼ ਮੰਗੀ । ੫੩ ਅਤੇ ਉਸ ਨੂੰ ਸਲੀਬ ਤੋਂ ਉਤਾਰਿਆ ਅਤੇ ਮਹੀਨ ਕੱਪੜੇ ਵਿੱਚ ਲਪੇਟ ਕੇ, ਉਸ ਨੂੰ ਇੱਕ ਕਬਰ ਦੇ ਅੰਦਰ ਰੱਖਿਆ ਜਿਹੜੀ ਚੱਟਾਨ ਵਿੱਚ ਖੋਦੀ ਹੋਈ ਸੀ, ਜਿੱਥੇ ਕਦੇ ਕੋਈ ਨਹੀਂ ਸੀ ਪਿਆ । ੫੪ ਉਹ ਤਿਆਰੀ ਦਾ ਦਿਨ ਸੀ ਅਤੇ ਸਬਤ ਦਾ ਦਿਨ ਨੇੜੇ ਆ ਪਹੁੰਚਿਆ । ੫੫ ਅਤੇ ਉਹ ਔਰਤਾਂ ਜਿਹੜੀਆਂ ਗਲੀਲ ਤੋਂ ਉਸ ਦੇ ਨਾਲ ਆਈਆਂ ਸਨ, ਉਨ੍ਹਾਂ ਦੇ ਪਿੱਛੇ ਜਾ ਕੇ ਕਬਰ ਨੂੰ ਵੇਖਿਆ ਅਤੇ ਨਾਲੇ ਇਹ ਕਿ ਉਹ ਦੇ ਸਰੀਰ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਸੀ । ੫੬ ਤਦ ਉਨ੍ਹਾਂ ਘਰ ਆ ਕੇ ਸੁਗੰਧਾਂ ਅਤੇ ਅਤਰ ਤਿਆਰ ਕੀਤਾ ਅਤੇ ਸਬਤ ਦੇ ਦਿਨ, ਪਰਮੇਸ਼ੁਰ ਦੇ ਹੁਕਮ ਅਨੁਸਾਰ ਅਰਾਮ ਕੀਤਾ ।