੫
ਦਯਾ ਦੇ ਲਈ ਪ੍ਰਾਰਥਨਾ
੧ ਹੇ ਯਹੋਵਾਹ, ਜੋ ਕੁਝ ਸਾਡੇ ਨਾਲ ਬੀਤੀ ਉਸ ਨੂੰ ਯਾਦ ਕਰ !
ਧਿਆਨ ਦੇ ਅਤੇ ਸਾਡੀ ਨਿਰਾਦਰੀ ਨੂੰ ਦੇਖ !
੨ ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ,
ਸਾਡੇ ਘਰ ਪਰਾਇਆਂ ਦੇ ਹੋ ਗਏ ।
੩ ਅਸੀਂ ਯਤੀਮ ਹਾਂ, ਸਾਡੇ ਪਿਤਾ ਨਹੀਂ ਹਨ,
ਸਾਡੀਆਂ ਮਾਵਾਂ ਵਿਧਵਾ ਵਾਂਗੂੰ ਹੋ ਗਈਆਂ ਹਨ ।
੪ ਅਸੀਂ ਆਪਣਾ ਪਾਣੀ ਮੁੱਲ ਲੈ ਕੇ ਪੀਤਾ,
ਅਤੇ ਸਾਡੀ ਲੱਕੜੀ ਸਾਨੂੰ ਮੁੱਲ ਦੇ ਕੇ ਮਿਲਦੀ ਹੈ ।
੫ ਸਾਡਾ ਪਿੱਛਾ ਕਰਨ ਵਾਲੇ ਸਾਡੀਆਂ ਗਰਦਨਾਂ ਉੱਤੇ ਹਨ,
ਅਸੀਂ ਥੱਕੇ ਹੋਏ ਹਾਂ ਪਰ ਸਾਨੂੰ ਅਰਾਮ ਨਹੀਂ ਮਿਲਦਾ ।
੬ ਅਸੀਂ ਆਪ ਮਿਸਰ ਦੇ ਅਧੀਨ ਹੋ ਗਏ,
ਅਤੇ ਅੱਸ਼ੂਰ ਦੇ ਵੀ, ਤਾਂ ਜੋ ਰੋਟੀ ਖਾ ਸਕੀਏ ।
੭ ਸਾਡੇ ਪੁਰਖਿਆਂ ਨੇ ਪਾਪ ਕੀਤਾ ਅਤੇ ਉਹ ਚੱਲ ਵੱਸੇ,
ਪਰ ਅਸੀਂ ਉਹਨਾਂ ਦੀ ਬੁਰਿਆਈ ਦਾ ਭਾਰ ਚੁੱਕਦੇ ਹਾਂ ।
੮ ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ,
ਸਾਨੂੰ ਉਨ੍ਹਾਂ ਦੇ ਹੱਥੋਂ ਛੁਡਾਉਣ ਵਾਲਾ ਕੋਈ ਨਹੀਂ ।
੯ ਉਜਾੜ ਵਿੱਚ ਤਲਵਾਰ ਦੇ ਕਾਰਨ,
ਅਸੀਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਰੋਟੀ ਕਮਾਉਂਦੇ ਹਾਂ ।
੧੦ ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ,
ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ ।
੧੧ ਸੀਯੋਨ ਵਿੱਚ ਇਸਤਰੀਆਂ,
ਅਤੇ ਯਹੂਦਾਹ ਦੇ ਨਗਰਾਂ ਵਿੱਚ ਕੁਆਰੀਆਂ ਭ੍ਰਿਸ਼ਟ ਕੀਤੀਆਂ ਗਈਆਂ ।
੧੨ ਹਾਕਮ ਨੂੰ ਉਹਨਾਂ ਦੇ ਹੱਥਾਂ ਭਾਰ ਟੰਗਿਆ ਗਿਆ,
ਬਜ਼ੁਰਗਾਂ ਦਾ ਕੁਝ ਮਾਣ ਨਾ ਕੀਤਾ ਗਿਆ ।
੧੩ ਜੁਆਨਾਂ ਨੂੰ ਚੱਕੀ ਚਲਾਉਣੀ ਪਈ,
ਬੱਚਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ ।
੧੪ ਬਜ਼ੁਰਗ ਫਾਟਕ ਵਿੱਚ ਨਹੀਂ ਬੈਠਦੇ,
ਅਤੇ ਜੁਆਨ ਆਪਣੇ ਗਾਉਣ ਵਜਾਉਣ ਤੋਂ ਹੱਟ ਗਏ ਹਨ ।
੧੫ ਸਾਡੇ ਦਿਲਾਂ ਦੀ ਖੁਸ਼ੀ ਮੁੱਕ ਗਈ ਹੈ,
ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ ।
੧੬ ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ ਹੈ,
ਸਾਡੇ ਉੱਤੇ ਹਾਇ ! ਕਿਉਂ ਜੋ ਅਸੀਂ ਪਾਪ ਕੀਤਾ ਹੈ ।
੧੭ ਇਸੇ ਕਾਰਨ ਸਾਡੇ ਦਿਲ ਕਮਜ਼ੋਰ ਹੋ ਗਏ,
ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖਾਂ ਧੁੰਦਲੀਆਂ ਪੈ ਗਈਆਂ,
੧੮ ਕਿਉਂ ਜੋ ਸੀਯੋਨ ਪਰਬਤ ਉਜਾੜ ਹੋ ਗਿਆ,
ਉਸ ਵਿੱਚ ਗਿੱਦੜ ਫਿਰਦੇ ਹਨ ।
੧੯ ਹੇ ਯਹੋਵਾਹ, ਤੂੰ ਸਦਾ ਲਈ ਬਿਰਾਜਮਾਨ ਹੈਂ,
ਤੇਰਾ ਸਿੰਘਾਸਣ ਪੀੜ੍ਹੀਓਂ ਪੀੜ੍ਹੀ ਕਾਇਮ ਹੈ ।
੨੦ ਤੂੰ ਕਿਉਂ ਸਾਨੂੰ ਸਦਾ ਲਈ ਵਿਸਾਰ ਦਿੱਤਾ ਹੈ,
ਅਤੇ ਕਿਉਂ ਸਾਨੂੰ ਇੰਨ੍ਹੇ ਲੰਬੇ ਸਮੇਂ ਲਈ ਤਿਆਗ ਦਿੱਤਾ ਹੈ ?
੨੧ ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜ ਆਵਾਂਗੇ,
ਸਾਡੇ ਦਿਨ ਪਹਿਲਾਂ ਵਾਂਗੂੰ ਨਵੇਂ ਬਣਾ ਦੇ ।
੨੨ ਕੀ ਤੂੰ ਸਾਨੂੰ ਪੂਰੀ ਤਰ੍ਹਾਂ ਹੀ ਛੱਡ ਦਿੱਤਾ ਹੈ ?
ਕੀ ਤੂੰ ਸਾਡੇ ਨਾਲ ਬਹੁਤ ਹੀ ਕ੍ਰੋਧਿਤ ਹੋ ਗਿਆ ਹੈਂ ?