੩
ਸਜ਼ਾ, ਤੋਬਾ ਅਤੇ ਆਸ
੧ ਮੈਂ ਉਹ ਮਨੁੱਖ ਹਾਂ ਜਿਸ ਨੇ ਉਸ ਦੇ ਕ੍ਰੋਧ ਦੇ ਡੰਡੇ ਨਾਲ ਕਸ਼ਟ ਭੋਗਿਆ ਹੈ,
੨ ਉਸ ਨੇ ਮੈਨੂੰ ਤਿਆਗ ਦਿੱਤਾ ਅਤੇ ਮੈਨੂੰ ਚਾਨਣ ਵਿੱਚ ਨਹੀਂ ਸਗੋਂ ਹਨੇਰੇ ਵਿੱਚ ਚਲਾਇਆ ।
੩ ਸੱਚ-ਮੁੱਚ ਉਹ ਆਪਣਾ ਹੱਥ ਮੇਰੇ ਵਿਰੁੱਧ ਸਾਰਾ ਦਿਨ ਚੁੱਕੀ ਰੱਖਦਾ ਹੈ !
੪ ਉਸ ਨੇ ਮੇਰੇ ਮਾਸ ਅਤੇ ਚਮੜੀ ਨੂੰ ਸੁਕਾ ਦਿੱਤਾ,
ਉਸ ਨੇ ਮੇਰੀਆਂ ਹੱਡੀਆਂ ਨੂੰ ਤੋੜ ਦਿੱਤਾ ਹੈ ।
੫ ਉਸ ਨੇ ਮੇਰੇ ਵਿਰੁੱਧ ਕਿਲ੍ਹਾ ਬਣਾਇਆ,
ਅਤੇ ਮੈਨੂੰ ਕੁੜੱਤਣ ਅਤੇ ਕਸ਼ਟ ਨਾਲ ਘੇਰ ਲਿਆ ।
੬ ਉਸ ਨੇ ਮੈਨੂੰ ਲੰਬੇ ਸਮੇਂ ਤੋਂ ਮਰ ਚੁੱਕੇ ਲੋਕਾਂ ਵਾਂਗੂੰ
ਹਨੇਰੇ ਸਥਾਨਾਂ ਵਿੱਚ ਵਸਾਇਆ ਹੈ ।
੭ ਉਸ ਨੇ ਮੇਰੇ ਦੁਆਲੇ ਕੰਧ ਬਣਾ ਦਿੱਤੀ ਕਿ ਮੈਂ ਬਾਹਰ ਨਹੀਂ ਨਿੱਕਲ ਸਕਦਾ,
ਉਸ ਨੇ ਮੇਰੀਆਂ ਸੰਗਲਾਂ ਭਾਰੀਆਂ ਕਰ ਦਿੱਤੀਆਂ ਹਨ ।
੮ ਹਾਂ, ਜਦ ਮੈਂ ਦੁਹਾਈ ਦਿੰਦਾ ਅਤੇ ਚਿੱਲਾਉਂਦਾ ਹਾਂ,
ਉਹ ਮੇਰੀ ਪ੍ਰਾਰਥਨਾ ਨਹੀਂ ਸੁਣਦਾ ।
੯ ਉਹ ਨੇ ਮੇਰੇ ਰਾਹ ਨੂੰ ਘੜ੍ਹੇ ਹੋਏ ਪੱਥਰਾਂ ਨਾਲ ਬੰਦ ਕੀਤਾ,
ਉਸ ਨੇ ਮੇਰੇ ਰਸਤਿਆਂ ਨੂੰ ਟੇਡਾ ਕਰ ਦਿੱਤਾ ਹੈ ।
੧੦ ਉਹ ਮੇਰੇ ਲਈ ਘਾਤ ਵਿੱਚ ਬੈਠਾ ਹੋਇਆ ਰਿੱਛ,
ਅਤੇ ਲੁੱਕ ਕੇ ਬੈਠੇ ਬੱਬਰ ਸ਼ੇਰ ਦੀ ਤਰ੍ਹਾਂ ਹੈ ।
੧੧ ਉਸ ਨੇ ਮੈਨੂੰ ਮੇਰੇ ਰਾਹਾਂ ਤੋਂ ਭਟਕਾ ਦਿੱਤਾ,
ਅਤੇ ਮੇਰੇ ਟੁੱਕੜੇ-ਟੁੱਕੜੇ ਕਰਕੇ ਮੈਨੂੰ ਬਰਬਾਦ ਕੀਤਾ ।
੧੨ ਉਸ ਨੇ ਆਪਣਾ ਧਣੁਖ ਖਿੱਚਿਆ,
ਅਤੇ ਮੈਨੂੰ ਤੀਰਾਂ ਦੇ ਨਿਸ਼ਾਨੇ ਵਾਂਗੂੰ ਖੜ੍ਹਾ ਕੀਤਾ ।
੧੩ ਉਸ ਨੇ ਆਪਣੇ ਤਰਕਸ਼ ਦੇ ਤੀਰਾਂ ਨਾਲ ਮੇਰੇ ਗੁਰਦਿਆਂ ਨੂੰ ਵਿੰਨ੍ਹ ਸੁੱਟਿਆ ।
੧੪ ਮੈਂ ਆਪਣੇ ਸਾਰੇ ਲੋਕਾਂ ਲਈ ਮਖੌਲ,
ਅਤੇ ਸਾਰਾ ਦਿਨ ਉਨ੍ਹਾਂ ਦੇ ਤਾਹਨਿਆਂ ਦਾ ਗੀਤ ਹੋ ਗਿਆ ਹਾਂ ।
੧੫ ਉਸ ਨੇ ਮੈਨੂੰ ਕੁੜੱਤਣ ਨਾਲ ਭਰ ਦਿੱਤਾ,
ਅਤੇ ਮੈਨੂੰ ਨਾਗਦੌਣੇ ਨਾਲ ਰਜਾ ਦਿੱਤਾ ਹੈ ।
੧੬ ਉਸ ਨੇ ਮੇਰੇ ਦੰਦ ਰੋੜ੍ਹਿਆਂ ਨਾਲ ਤੋੜ ਦਿੱਤੇ,
ਉਸ ਨੇ ਮੈਨੂੰ ਰਾਖ਼ ਵਿੱਚ ਲਿਟਾਇਆ ਹੈ ।
੧੭ ਤੂੰ ਮੇਰੀ ਜਾਨ ਨੂੰ ਸ਼ਾਂਤੀ ਤੋਂ ਦੂਰ ਕੀਤਾ,
ਮੈਂ ਸੁੱਖ ਨੂੰ ਭੁੱਲ ਗਿਆ ਹਾਂ ।
੧੮ ਇਸ ਲਈ ਮੈਂ ਆਖਿਆ, ਮੇਰਾ ਬਲ ਨਾਸ ਹੋ ਗਿਆ,
ਅਤੇ ਯਹੋਵਾਹ ਵੱਲੋਂ ਮੇਰੀ ਆਸ ਵੀ ਟੁੱਟ ਗਈ ।
੧੯ ਮੇਰੇ ਕਸ਼ਟ ਅਤੇ ਮੇਰੇ ਦੁੱਖ ਨੂੰ,
ਮੇਰੀ ਤਲਖੀ ਅਤੇ ਕੁੜੱਤਣ ਨੂੰ ਯਾਦ ਕਰ !
੨੦ ਮੇਰਾ ਪ੍ਰਾਣ ਇਹ ਯਾਦ ਕਰਦਿਆਂ-ਕਰਦਿਆਂ,
ਮੇਰੇ ਅੰਦਰ ਕਮਜ਼ੋਰ ਪੈ ਗਿਆ ਹੈ ।
੨੧ ਮੈਂ ਇਹ ਆਪਣੇ ਦਿਲੋਂ ਯਾਦ ਕਰਦਾ ਹਾਂ,
ਇਸ ਲਈ ਮੈਨੂੰ ਆਸ ਹੈ ।
੨੨ ਇਹ ਯਹੋਵਾਹ ਦੀ ਅੱਤ ਦਯਾ ਹੈ ਕਿ ਅਸੀਂ ਮੁੱਕ ਨਹੀਂ ਗਏ,
ਕਿਉਂ ਜੋ ਉਸ ਦੀ ਦਯਾ ਅਟੁੱਟ ਹੈ !
੨੩ ਉਹ ਹਰ ਸਵੇਰ ਨੂੰ ਨਵੀਂ ਹੁੰਦੀ ਜਾਂਦੀ ਹੈ,
ਤੇਰੀ ਵਫ਼ਾਦਾਰੀ ਵੱਡੀ ਮਹਾਨ ਹੈ ।
੨੪ ਮੇਰੀ ਜਾਨ ਕਹਿੰਦੀ ਹੈ, ਯਹੋਵਾਹ ਮੇਰਾ ਹਿੱਸਾ ਹੈ,
ਇਸ ਲਈ ਮੈਨੂੰ ਉਹ ਦੇ ਉੱਤੇ ਆਸ ਹੈ ।
੨੫ ਜੋ ਯਹੋਵਾਹ ਨੂੰ ਉਡੀਕਦਾ ਹੈ, ਅਤੇ ਜਿਸ ਦੀ ਜਾਨ ਉਸ ਨੂੰ ਭਾਲਦੀ ਹੈ,
ਉਸ ਦੇ ਲਈ ਯਹੋਵਾਹ ਭਲਾ ਹੈ ।
੨੬ ਭਲਾ ਹੈ ਕਿ ਮਨੁੱਖ ਚੁੱਪ-ਚਾਪ ਯਹੋਵਾਹ ਦੇ ਬਚਾਉ ਲਈ ਆਸ ਰੱਖੇ ।
੨੭ ਜੁਆਨ ਦੇ ਲਈ ਚੰਗਾ ਹੈ ਕਿ ਉਹ ਆਪਣੀ ਜੁਆਨੀ ਵਿੱਚ ਜੂਲਾ ਚੁੱਕੇ ।
੨੮ ਉਹ ਇੱਕਲਾ ਅਤੇ ਚੁੱਪ ਰਹੇ,
ਕਿਉਂ ਜੋ ਪਰਮੇਸ਼ੁਰ ਨੇ ਹੀ ਇਹ ਜੂਲਾ ਉਸ ਦੇ ਉੱਤੇ ਪਾਇਆ ਹੈ ।
੨੯ ਉਹ ਆਪਣਾ ਮੂੰਹ ਮਿੱਟੀ ਵਿੱਚ ਰੱਖੇ,
ਸ਼ਾਇਦ ਕੁਝ ਆਸ ਹੋਵੇ !
੩੦ ਉਹ ਆਪਣੀ ਗੱਲ੍ਹ ਆਪਣੇ ਮਾਰਨ ਵਾਲੇ ਵੱਲ ਫੇਰ ਦੇਵੇ,
ਉਹ ਨਿੰਦਿਆ ਸਹਿ ਲਵੇ !
੩੧ ਕਿਉਂ ਜੋ ਪ੍ਰਭੂ ਸਦਾ ਲਈ ਨਹੀਂ ਛੱਡੇਗਾ ।
੩੨ ਭਾਵੇਂ ਉਹ ਦੁੱਖ ਵੀ ਦੇਵੇ,
ਤਾਂ ਵੀ ਉਹ ਆਪਣੀ ਵੱਡੀ ਦਯਾ ਅਨੁਸਾਰ ਰਹਿਮ ਵੀ ਕਰੇਗਾ ।
੩੩ ਕਿਉਂ ਜੋ ਉਹ ਆਪਣੇ ਦਿਲੋਂ ਕਸ਼ਟ ਨਹੀਂ ਦਿੰਦਾ,
ਨਾ ਹੀ ਮਨੁੱਖ ਦੇ ਪੁੱਤਰਾਂ ਨੂੰ ਦੁੱਖ ਦਿੰਦਾ ਹੈ ।
੩੪ ਸੰਸਾਰ ਦੇ ਸਾਰੇ ਗੁਲਾਮਾਂ ਨੂੰ ਪੈਰਾਂ ਹੇਠ ਮਿੱਧਣਾ,
੩੫ ਅੱਤ ਮਹਾਨ ਦੇ ਸਨਮੁਖ ਕਿਸੇ ਮਨੁੱਖ ਦਾ ਹੱਕ ਮਾਰਨਾ,
੩੬ ਅਤੇ ਕਿਸੇ ਆਦਮੀ ਦਾ ਮੁਕੱਦਮਾ ਵਿਗੜਨਾ, ਪ੍ਰਭੂ ਵੇਖ ਨਹੀਂ ਸਕਦਾ !
੩੭ ਕੌਣ ਕੁਝ ਆਖੇ ਅਤੇ ਉਹ ਪੂਰਾ ਹੋ ਜਾਵੇ,
ਜਦ ਪ੍ਰਭੂ ਨੇ ਉਸ ਦਾ ਹੁਕਮ ਹੀ ਨਾ ਦਿੱਤਾ ਹੋਵੇ ?
੩੮ ਕੀ ਦੁੱਖ ਅਤੇ ਸੁੱਖ ਦੋਵੇਂ ਅੱਤ ਮਹਾਨ ਦੇ ਵੱਲੋਂ ਨਹੀਂ ਆਉਂਦੇ ?
੩੯ ਜੀਉਂਦਾ ਆਦਮੀ ਸ਼ਿਕਾਇਤ ਕਿਉਂ ਕਰੇ,
ਕੋਈ ਮਨੁੱਖ ਆਪਣੇ ਪਾਪਾਂ ਦੀ ਸਜ਼ਾ ਲਈ ਬੁਰਾ ਕਿਉਂ ਮੰਨੇ ?
੪੦ ਆਓ, ਅਸੀਂ ਆਪਣੇ ਰਾਹਾਂ ਨੂੰ ਧਿਆਨ ਨਾਲ ਪਰਖੀਏ ਅਤੇ ਬਦਲੀਏ,
ਅਤੇ ਯਹੋਵਾਹ ਵੱਲ ਮੁੜੀਏ !
੪੧ ਅਸੀਂ ਆਪਣੇ ਮਨਾਂ ਅਤੇ ਆਪਣੇ ਹੱਥਾਂ ਨੂੰ ਸਵਰਗ ਦੇ ਪਰਮੇਸ਼ੁਰ ਵੱਲ ਚੁੱਕੀਏ ਅਤੇ ਆਖੀਏ,
੪੨ ਅਸੀਂ ਅਪਰਾਧ ਅਤੇ ਵਿਦਰੋਹ ਕੀਤਾ,
ਅਤੇ ਤੂੰ ਮੁਆਫ਼ ਨਹੀਂ ਕੀਤਾ ।
੪੩ ਤੂੰ ਆਪਣੇ ਕ੍ਰੋਧ ਨਾਲ ਸਾਨੂੰ ਢੱਕ ਲਿਆ ਅਤੇ ਸਾਡਾ ਪਿੱਛਾ ਕੀਤਾ,
ਤੂੰ ਬਿਨ੍ਹਾਂ ਤਰਸ ਖਾਧੇ ਸਾਨੂੰ ਮਾਰਿਆ ।
੪੪ ਤੂੰ ਆਪਣੇ ਆਪ ਨੂੰ ਬੱਦਲ ਨਾਲ ਢੱਕ ਲਿਆ,
ਤਾਂ ਜੋ ਕੋਈ ਪ੍ਰਾਰਥਨਾ ਤੇਰੇ ਕੋਲ ਨਾ ਪਹੁੰਚੇ ।
੪੫ ਤੂੰ ਸਾਨੂੰ ਕੌਮਾਂ ਦੇ ਵਿਚਕਾਰ
ਕੂੜੇ ਅਤੇ ਰੂੜ੍ਹੀ ਵਰਗਾ ਠਹਿਰਾਇਆ ।
੪੬ ਸਾਡੇ ਸਾਰੇ ਵੈਰੀਆਂ ਨੇ ਸਾਡੇ ਵਿਰੁੱਧ ਆਪਣਾ ਮੂੰਹ ਪਸਾਰਿਆ ਹੈ, ੪੭ ਡਰ ਅਤੇ ਫੰਦਾ, ਬਰਬਾਦੀ ਅਤੇ ਵਿਨਾਸ ਸਾਡੇ ਉੱਤੇ ਆ ਪਏ ਹਨ ।
੪੮ ਮੇਰੀ ਪਰਜਾ ਦੀ ਧੀ ਦੀ ਬਰਬਾਦੀ ਦੇ ਕਾਰਨ, ਹੰਝੂਆਂ ਦੀਆਂ ਨਦੀਆਂ ਮੇਰੀਆਂ ਅੱਖਾਂ ਤੋਂ ਵਗਦੀਆਂ ਹਨ ।
੪੯ ਮੇਰੇ ਹੰਝੂ ਵਗਦੇ ਰਹਿਣਗੇ ਅਤੇ ਰੁੱਕਣਗੇ ਨਹੀਂ,
੫੦ ਜਦ ਤੱਕ ਯਹੋਵਾਹ ਸੁਰਗ ਤੋਂ ਮੇਰੇ ਵੱਲ ਨਿਗਾਹ ਮਾਰ ਕੇ ਨਾ ਵੇਖੇ ।
੫੧ ਮੇਰੇ ਸ਼ਹਿਰ ਦੀਆਂ ਸਾਰੀਆਂ ਧੀਆਂ ਦੇ ਕਾਰਨ,
ਮੇਰੀ ਅੱਖ ਮੇਰੇ ਦਿਲ ਨੂੰ ਦੁੱਖੀ ਕਰਦੀ ਹੈ ।
੫੨ ਜਿਹੜੇ ਬਿਨ੍ਹਾਂ ਕਾਰਨ ਮੇਰੇ ਵੈਰੀ ਹਨ,
ਉਹਨਾਂ ਨੇ ਚਿੜ੍ਹੀ ਦੀ ਤਰ੍ਹਾਂ ਮੇਰਾ ਪਿੱਛਾ ਕੀਤਾ ਹੈ ।
੫੩ ਉਹਨਾਂ ਨੇ ਮੈਨੂੰ ਟੋਏ ਵਿੱਚ ਸੁੱਟ ਦਿੱਤਾ,
ਅਤੇ ਮੈਨੂੰ ਮਾਰਨ ਲਈ ਪੱਥਰ ਮੇਰੇ ਉੱਤੇ ਸੁੱਟੇ ਹਨ ।
੫੪ ਪਾਣੀ ਮੇਰੇ ਸਿਰ ਦੇ ਉੱਤੋਂ ਵਗੇ,
ਮੈਂ ਆਖਿਆ, ਮੈਂ ਮਰ ਮਿਟਿਆ ਹਾਂ !
੫੫ ਹੇ ਯਹੋਵਾਹ, ਮੈਂ ਡੂੰਘੇ ਟੋਏ ਵਿੱਚੋਂ ਤੇਰੇ ਨਾਮ ਦੀ ਦੁਹਾਈ ਦਿੱਤੀ,
੫੬ ਤੂੰ ਮੇਰੀ ਅਵਾਜ਼ ਸੁਣੀ,
ਆਪਣਾ ਕੰਨ ਮੇਰੀਆਂ ਆਹਾਂ ਅਤੇ ਮੇਰੀ ਦੁਹਾਈ ਵੱਲੋਂ ਬੰਦ ਨਾ ਕਰ !
੫੭ ਜਿਸ ਵੇਲੇ ਮੈਂ ਤੈਨੂੰ ਪੁਕਾਰਿਆ, ਤੂੰ ਨੇੜੇ ਆਇਆ,
ਤੂੰ ਆਖਿਆ, ਨਾ ਡਰ !
੫੮ ਹੇ ਮੇਰੇ ਪ੍ਰਭੂ, ਤੂੰ ਮੇਰੀ ਜਾਨ ਦਾ ਮੁਕੱਦਮਾ ਲੜਿਆ ਹੈ,
ਤੂੰ ਮੇਰੇ ਜੀਵਨ ਦਾ ਛੁਟਕਾਰਾ ਕੀਤਾ ਹੈ ।
੫੯ ਹੇ ਯਹੋਵਾਹ, ਤੂੰ ਮੇਰੇ ਨਾਲ ਹੋਈ ਬੇਇਨਸਾਫ਼ੀ ਨੂੰ ਵੇਖਿਆ ਹੈ,
ਤੂੰ ਮੇਰਾ ਨਿਆਂ ਕਰ !
੬੦ ਤੂੰ ਉਹਨਾਂ ਦਾ ਬਦਲਾ ਵੇਖਿਆ ਹੈ,
ਅਤੇ ਉਹ ਯੋਜਨਾਵਾਂ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ ।
੬੧ ਹੇ ਯਹੋਵਾਹ, ਤੂੰ ਉਹਨਾਂ ਦੀ ਨਿੰਦਿਆ ਨੂੰ ਸੁਣਿਆ ਹੈ,
ਅਤੇ ਉਨ੍ਹਾਂ ਯੋਜਨਾਵਾਂ ਨੂੰ ਵੀ ਜੋ ਉਹਨਾਂ ਨੇ ਮੇਰੇ ਵਿਰੁੱਧ ਬਣਾਈਆਂ ਹਨ ।
੬੨ ਮੇਰੇ ਵਿਰੋਧੀਆਂ ਦੀਆਂ ਗੱਲਾਂ,
ਅਤੇ ਦਿਨ ਭਰ ਮੇਰੇ ਵਿਰੁੱਧ ਉਹਨਾਂ ਦੇ ਵਿਚਾਰ, ਤੂੰ ਜਾਣਦਾ ਹੈਂ ।
੬੩ ਉਹਨਾਂ ਦੇ ਉੱਠਣ ਬੈਠਣ ਵੱਲ ਧਿਆਨ ਦੇ !
ਮੈਂ ਉਹਨਾਂ ਦੇ ਤਾਹਨਿਆਂ ਦਾ ਗੀਤ ਹਾਂ ।
੬੪ ਹੇ ਯਹੋਵਾਹ, ਤੂੰ ਉਹਨਾਂ ਨੂੰ, ਉਹਨਾਂ ਦੇ ਹੱਥਾਂ ਦੇ ਕੰਮਾਂ ਅਨੁਸਾਰ ਬਦਲਾ ਦੇਵੇਂਗਾ ।
੬੫ ਤੂੰ ਉਹਨਾਂ ਦਾ ਮਨ ਸੁੰਨ ਕਰ ਦੇਵੇਂਗਾ,
ਤੇਰਾ ਸਰਾਪ ਉਹਨਾਂ ਦੇ ਉੱਤੇ ਹੋਵੇਗਾ ।
੬੬ ਹੇ ਯਹੋਵਾਹ ਤੂੰ ਕ੍ਰੋਧ ਵਿੱਚ ਉਹਨਾਂ ਦਾ ਪਿੱਛਾ ਕਰੇਂਗਾ,
ਅਤੇ ਅਕਾਸ਼ ਦੇ ਹੇਠੋਂ ਉਹਨਾਂ ਦਾ ਨਾਸ ਕਰ ਦੇਵੇਂਗਾ ।