੨੪
ਸ਼ਕੇਮ ਵਿੱਚ ਯਹੋਸ਼ੁਆ ਦਾ ਅੰਤਿਮ ਹੁਕਮ
੧ ਤਦ ਯਹੋਸ਼ੁਆ ਨੇ ਇਸਰਾਏਲ ਦੇ ਸਾਰਿਆਂ ਗੋਤਾਂ ਨੂੰ ਸ਼ਕਮ ਵਿੱਚ ਇੱਕਠਿਆਂ ਕੀਤਾ ਅਤੇ ਇਸਰਾਏਲ ਦੇ ਬਜੁਰਗਾਂ, ਸਰਦਾਰਾਂ, ਨਿਆਈਆਂ ਅਤੇ ਅਧਿਕਾਰੀਆਂ ਨੂੰ ਸੱਦਿਆ ਅਤੇ ਉਹ ਆਪਣੇ ਆਪ ਪਰਮੇਸ਼ੁਰ ਦੇ ਅੱਗੇ ਹਾਜ਼ਰ ਹੋ ਗਏ । ੨ ਯਹੋਸ਼ੁਆ ਨੇ ਸਾਰੀ ਪਰਜਾ ਨੂੰ ਆਖਿਆ, ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਉਂ ਆਖਦਾ ਹੈ ਕਿ ਪਹਿਲਿਆਂ ਸਮਿਆਂ ਵਿੱਚ ਤੁਹਾਡੇ ਪਿਉ-ਦਾਦੇ ਦਰਿਆ ਦੇ ਪਾਰ ਵੱਸਦੇ ਸਨ ਖਾਸ ਕਰਕੇ ਤਰਹ, ਅਬਰਾਹਾਮ ਅਤੇ ਨਾਹੋਰ ਦਾ ਪਿਤਾ ਅਤੇ ਉਹ ਦੂਜੇ ਦੇਵਤਿਆਂ ਦੀ ਉਪਾਸਨਾ ਕਰਦੇ ਸਨ । ੩ ਪਰ ਮੈਂ ਤੁਹਾਡੇ ਪਿਤਾ ਅਬਰਾਹਾਮ ਨੂੰ ਦਰਿਆ ਦੇ ਪਾਰੋਂ ਕਨਾਨ ਦੇ ਦੇਸ ਵਿੱਚੋਂ ਦੀ ਲੈ ਆਇਆ ਅਤੇ ਮੈਂ ਉਸ ਦੀ ਅੰਸ ਨੂੰ ਵਧਾਇਆ ਅਤੇ ਉਸ ਨੂੰ ਇਸਹਾਕ ਦਿੱਤਾ । ੪ ਇਸਹਾਕ ਨੂੰ ਮੈਂ ਯਾਕੂਬ ਅਤੇ ਇਸਾਓ ਦਿੱਤੇ ਅਤੇ ਇਸਾਓ ਨੂੰ ਮੈਂ ਸਈਰ ਪਰਬਤ ਕਬਜ਼ਾ ਕਰਨ ਨੂੰ ਦਿੱਤਾ ਪਰ ਯਾਕੂਬ ਅਤੇ ਉਹ ਦੀ ਅੰਸ ਮਿਸਰ ਵਿੱਚ ਉਤਰ ਗਈ । ੫ ਫਿਰ ਮੈਂ ਮੂਸਾ ਅਤੇ ਹਾਰੂਨ ਨੂੰ ਭੇਜਿਆ ਅਤੇ ਮਿਸਰ ਨੂੰ ਮੈਂ ਬਵਾਂ ਨਾਲ ਮਾਰਿਆ ਜਿਵੇਂ ਮੈਂ ਉਸ ਵਿੱਚ ਕੀਤਾ ਅਤੇ ਪਿੱਛੋਂ ਮੈਂ ਤੁਹਾਨੂੰ ਕੱਢ ਲਿਆਇਆ । ੬ ਮੈਂ ਤੁਹਾਡੇ ਪਿਉ-ਦਾਦਿਆਂ ਨੂੰ ਮਿਸਰ ਤੋਂ ਕੱਢਿਆ ਤੁਸੀਂ ਸਮੁੰਦਰ ਤੱਕ ਆਏ ਤਾਂ ਮਿਸਰੀਆਂ ਨੇ ਤੁਹਾਡੇ ਪਿਉ-ਦਾਦਿਆਂ ਦਾ ਰੱਥਾਂ ਅਤੇ ਘੋੜ ਸਵਾਰਾਂ ਨਾਲ ਲਾਲ ਸਮੁੰਦਰ ਤੱਕ ਪਿੱਛਾ ਕੀਤਾ । ੭ ਜਦ ਉਹਨਾਂ ਨੇ ਯਹੋਵਾਹ ਅੱਗੇ ਦੁਹਾਈ ਦਿੱਤੀ ਤਾਂ ਉਸ ਨੇ ਤੁਹਾਡੇ ਵਿੱਚ ਅਤੇ ਮਿਸਰੀਆਂ ਵਿੱਚ ਅਨ੍ਹੇਰ ਘੁੱਪ ਕਰ ਦਿੱਤਾ ਅਤੇ ਉਹਨਾਂ ਉੱਤੇ ਸਮੁੰਦਰ ਨੂੰ ਛੱਡ ਦਿੱਤਾ ਜਿਸ ਉਹਨਾਂ ਨੂੰ ਢੱਕ ਲਿਆ ਅਤੇ ਜੋ ਕੁਝ ਮੈਂ ਮਿਸਰ ਵਿੱਚ ਕੀਤਾ ਤੁਸੀਂ ਆਪਣੀਂ ਅੱਖੀਂ ਵੇਖਿਆ ਤਾਂ ਤੁਸੀਂ ਬਹੁਤੇ ਦਿਨਾਂ ਤੱਕ ਉਜਾੜ ਵਿੱਚ ਰਹੇ । ੮ ਫਿਰ ਮੈਂ ਤੁਹਾਨੂੰ ਅਮੋਰੀਆਂ ਦੇ ਦੇਸ ਵਿੱਚ ਜਿਹੜੇ ਯਰਦਨ ਪਾਰ ਵੱਸਦੇ ਸਨ ਲੈ ਆਇਆ ਅਤੇ ਉਹ ਤੁਹਾਡੇ ਨਾਲ ਲੜੇ ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ ਅਤੇ ਤੁਸੀਂ ਉਹਨਾਂ ਦੇ ਦੇਸ ਉੱਤੇ ਕਬਜ਼ਾ ਕਰ ਲਿਆ ਪਰ ਮੈਂ ਉਹਨਾਂ ਦਾ ਤੁਹਾਡੇ ਅੱਗੋਂ ਨਾਸ ਕਰ ਸੁੱਟਿਆ । ੯ ਤਾਂ ਫਿਰ ਮੋਆਬ ਦੇ ਰਾਜੇ ਸਿਫ਼ੋਰ ਦਾ ਪੁੱਤਰ ਬਾਲਾਕ ਉਠੱ ਕੇ ਇਸਰਾਏਲ ਨਾਲ ਲੜਿਆ ਅਤੇ ਉਸ ਨੇ ਬਓਰ ਦੇ ਪੁੱਤਰ ਬਿਲਆਮ ਨੂੰ ਤੁਹਾਨੂੰ ਸਰਾਪ ਦੇਣ ਲਈ ਸੁਨੇਹਾ ਭੇਜਿਆ । ੧੦ ਪਰ ਮੈਂ ਬਿਲਆਮ ਦੀ ਸੁਣਨੀ ਨਾ ਚਾਹੀ ਤਾਂ ਉਸ ਨੇ ਤੁਹਾਨੂੰ ਬਰਕਤ ਦਿੱਤੀ ਸੋ ਮੈਂ ਤੁਹਾਨੂੰ ਉਸ ਦੇ ਹੱਥੋਂ ਛੁਡਾ ਲਿਆ । ੧੧ ਤਦ ਤੁਸੀਂ ਯਰਦਨ ਦੇ ਪਾਰ ਜਾ ਕੇ ਯਰੀਹੋ ਕੋਲ ਆਏ ਅਤੇ ਯਰੀਹੋ ਦੇ ਵਾਸੀ ਅਰਥਾਤ ਅਮੋਰੀ, ਫ਼ਰਿੱਜ਼ੀ, ਕਨਾਨੀ, ਹਿੱਤੀ, ਗਿਰਗਾਸੀ, ਹਿੱਵੀ ਅਤੇ ਯਬੂਸੀ ਤੁਹਾਡੇ ਨਾਲ ਲੜੇ ਪਰ ਮੈਂ ਉਹਨਾਂ ਨੂੰ ਤੁਹਾਡੇ ਹੱਥ ਵਿੱਚ ਦੇ ਦਿੱਤਾ । ੧੨ ਤਦ ਮੈਂ ਤੁਹਾਡੇ ਅੱਗੇ ਬਿਮਾਰੀ ਨੂੰ ਭੇਜਿਆ ਅਤੇ ਉਸ ਨੇ ਅਮੋਰੀਆਂ ਦੇ ਦੋਹਾਂ ਰਾਜਿਆਂ ਨੂੰ ਤੁਹਾਡੇ ਅੱਗੋਂ ਕੱਢ ਦਿੱਤਾ, ਨਾ ਤੁਹਾਡੀ ਤਲਵਾਰ, ਨਾ ਤੁਹਾਡੇ ਧਣੁਖ ਨਾਲ ਇਹ ਹੋਇਆ । ੧੩ ਅਤੇ ਮੈਂ ਤੁਹਾਨੂੰ ਇੱਕ ਦੇਸ ਦਿੱਤਾ ਜਿਹ ਦੇ ਉੱਤੇ ਤੁਸੀਂ ਮਿਹਨਤ ਨਹੀਂ ਕੀਤੀ ਅਤੇ ਸ਼ਹਿਰ ਜਿਹੜੇ ਤੁਸੀਂ ਨਹੀਂ ਉਸਾਰੇ ਪਰ ਤੁਸੀਂ ਉਹਨਾਂ ਦੇ ਵਿੱਚ ਵੱਸ ਗਏ । ਅੰਗੂਰੀ ਬਾਗਾਂ ਅਤੇ ਜੈਤੁਨੀ ਬਾਗਾਂ ਤੋਂ ਤੁਸੀਂ ਖਾਂਦੇ ਰਹੇ ਹੋ ਜਿਹੜੇ ਤੁਸੀਂ ਨਹੀਂ ਲਾਏ ।
੧੪ ਹੁਣ ਯਹੋਵਾਹ ਤੋਂ ਡਰੋ ਅਤੇ ਉਸ ਦੀ ਉਪਾਸਨਾ ਸਿਧਿਆਈ ਅਤੇ ਸਚਿਆਈ ਨਾਲ ਕਰੋ ਅਤੇ ਉਹਨਾਂ ਦੇਵਤਿਆਂ ਨੂੰ ਜਿਨ੍ਹਾਂ ਦੀ ਉਪਾਸਨਾ ਤੁਹਾਡੇ ਪਿਉ-ਦਾਦੇ ਦਰਿਆ ਪਾਰ ਅਤੇ ਮਿਸਰ ਵਿੱਚ ਕਰਦੇ ਸਨ ਕੱਢ ਦਿਓ ਅਤੇ ਯਹੋਵਾਹ ਹੀ ਦੀ ਉਪਾਸਨਾ ਕਰੋ । ੧੫ ਅਤੇ ਜੇ ਤੁਹਾਡੀ ਨਿਗਾਹ ਵਿੱਚ ਯਹੋਵਾਹ ਦੀ ਉਪਾਸਨਾ ਬੁਰੀ ਹੈ ਤਾਂ ਅੱਜ ਤੁਸੀਂ ਉਸ ਨੂੰ ਚੁਣ ਲਓ ਜਿਹ ਦੀ ਉਪਾਸਨਾ ਤੁਸੀਂ ਕਰੋਗੇ ਭਾਵੇਂ ਉਹ ਦੇਵਤੇ ਜਿਨ੍ਹਾਂ ਦੀ ਤੁਹਾਡੇ ਪਿਓ ਦਾਦੇ ਜਦ ਉਹ ਦਰਿਆ ਪਾਰ ਸਨ ਉਪਾਸਨਾ ਕਰਦੇ ਸਨ, ਭਾਵੇਂ ਅਮੋਰੀਆਂ ਦੇ ਦੇਵਤਿਆਂ ਦੀ ਜਿਨ੍ਹਾਂ ਦੇ ਦੇਸ ਵਿੱਚ ਤੁਸੀਂ ਵੱਸਦੇ ਹੋ ਪਰ ਮੈਂ ਅਤੇ ਮੇਰਾ ਘਰਾਣਾ ਤਾਂ ਯਹੋਵਾਹ ਦੀ ਹੀ ਉਪਾਸਨਾ ਕਰਾਂਗੇ ।
੧੬ ਤਦ ਪਰਜਾ ਨੇ ਉੱਤਰ ਦਿੱਤਾ ਕਿ ਇਹ ਸਾਡੇ ਤੋਂ ਦੂਰ ਰਹੇ ਜੋ ਅਸੀਂ ਯਹੋਵਾਹ ਨੂੰ ਛੱਡ ਕੇ ਦੂਜੇ ਦੇਵਤਿਆਂ ਦੀ ਉਪਾਸਨਾ ਕਰੀਏ ! ੧੭ ਕਿਉਂ ਜੋ ਯਹੋਵਾਹ ਸਾਡਾ ਪਰਮੇਸ਼ੁਰ ਹੀ ਸਾਨੂੰ ਅਤੇ ਸਾਡੇ ਪਿਉ-ਦਾਦਿਆਂ ਨੂੰ ਮਿਸਰ ਦੇਸ ਤੋਂ ਗ਼ੁਲਾਮੀ ਦੇ ਘਰੋਂ ਬਾਹਰ ਲੈ ਆਇਆ ਅਤੇ ਸਾਡੇ ਵੇਖਦਿਆਂ ਇਹ ਵੱਡੇ ਨਿਸ਼ਾਨ ਵਿਖਾਏ ਅਤੇ ਉਸ ਸਾਰੇ ਰਾਹ ਵਿੱਚ ਜਿੱਥੋਂ ਦੀ ਅਸੀਂ ਲੰਘੇ ਅਤੇ ਸਾਰੇ ਲੋਕਾਂ ਵਿੱਚ ਜਿਨ੍ਹਾਂ ਦੇ ਵਿੱਚ ਦੀ ਅਸੀਂ ਆਏ ਸਾਨੂੰ ਬਚਾ ਕੇ ਰੱਖਿਆ । ੧੮ ਅਤੇ ਯਹੋਵਾਹ ਨੇ ਸਾਰੇ ਲੋਕਾਂ ਨੂੰ ਖ਼ਾਸ ਕਰਕੇ ਅਮੋਰੀਆਂ ਨੂੰ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਸਾਡੇ ਅੱਗੋਂ ਕੱਢ ਦਿੱਤਾ । ਅਸੀਂ ਤਾਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ ਕਿਉਂ ਜੋ ਉਹ ਸਾਡਾ ਪਰਮੇਸ਼ੁਰ ਹੈ ! ।
੧੯ ਤਦ ਯਹੋਸ਼ੁਆ ਨੇ ਪਰਜਾ ਨੂੰ ਆਖਿਆ, ਤੁਸੀਂ ਯਹੋਵਾਹ ਦੀ ਉਪਾਸਨਾ ਨਹੀਂ ਕਰ ਸੱਕਦੇ ਕਿਉਂ ਜੋ ਉਹ ਪਵਿੱਤਰ ਪਰਮੇਸ਼ੁਰ ਹੈ ਅਤੇ ਉਹ ਅਣਖੀ ਪਰਮੇਸ਼ੁਰ ਵੀ ਹੈ । ਉਹ ਤੁਹਾਡੀ ਉਲੰਘਣਾਂ ਅਤੇ ਪਾਪਾਂ ਨੂੰ ਨਹੀਂ ਮਾਫ਼ ਕਰੇਗਾ । ੨੦ ਜੇ ਤੁਸੀਂ ਯਹੋਵਾਹ ਨੂੰ ਤਿਆਗ ਕੇ ਓਪਰੇ ਦੇਵਤਿਆਂ ਦੀ ਉਪਾਸਨਾ ਕਰੋਗੇ ਤਾਂ ਉਹ ਮੁੜ ਕੇ ਤੁਹਾਡੇ ਨਾਲ ਬੁਰਿਆਈ ਕਰੇਗਾ ਅਤੇ ਤੁਹਾਨੂੰ ਮੁਕਾ ਦੇਵੇਗਾ । ਇਸ ਦੇ ਪਿੱਛੋਂ ਕਿ ਉਹ ਨੇ ਤੁਹਾਡੇ ਨਾਲ ਭਲਿਆਈ ਕੀਤੀ । ੨੧ ਤਾਂ ਲੋਕਾਂ ਨੇ ਯਹੋਸ਼ੁਆ ਨੂੰ ਆਖਿਆ, ਨਹੀਂ, ਅਸੀਂ ਯਹੋਵਾਹ ਹੀ ਦੀ ਉਪਾਸਨਾ ਕਰਾਂਗੇ ! ੨੨ ਫਿਰ ਯਹੋਸ਼ੁਆ ਨੇ ਪਰਜਾ ਨੂੰ ਆਖਿਆ, ਤੁਸੀਂ ਆਪ ਆਪਣੇ ਲਈ ਗਵਾਹ ਬਣਦੇ ਹੋ ਕਿ ਤੁਸੀਂ ਯਹੋਵਾਹ ਨੂੰ ਆਪਣੇ ਲਈ ਚੁਣਿਆ ਕਿ ਉਸ ਦੀ ਉਪਾਸਨਾ ਕਰੋਗੇ ਤਾਂ ਪਰਜਾ ਨੇ ਆਖਿਆ, ਅਸੀਂ ਗਵਾਹ ਹਾਂ । ੨੩ ਹੁਣ ਉਹਨਾਂ ਓਪਰੇ ਦੇਵਤਿਆਂ ਨੂੰ ਜਿਹੜੇ ਤੁਹਾਡੇ ਵਿੱਚ ਹਨ ਕੱਢ ਦਿਓ ਅਤੇ ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਨਾਲ ਆਪਣਾ ਮਨ ਲਾ ਲਓ । ੨੪ ਪਰਜਾ ਨੇ ਯਹੋਸ਼ੁਆ ਨੂੰ ਆਖਿਆ, ਅਸੀਂ ਆਪਣੇ ਪਰਮੇਸ਼ੁਰ ਯਹੋਵਾਹ ਦੀ ਉਪਾਸਨਾ ਕਰਾਂਗੇ ਅਤੇ ਉਸ ਦੀ ਅਵਾਜ਼ ਨੂੰ ਸੁਣਾਂਗੇ ! । ੨੫ ਉਸ ਤੋਂ ਬਾਅਦ ਉਸ ਦਿਨ ਯਹੋਸ਼ੁਆ ਨੇ ਪਰਜਾ ਨਾਲ ਇੱਕ ਨੇਮ ਬੰਨ੍ਹਿਆ ਅਤੇ ਸ਼ਕਮ ਵਿੱਚ ਇੱਕ ਬਿਧੀ ਅਤੇ ਇੱਕ ਕਾਨੂੰਨ ਠਹਿਰਾਇਆ ।
੨੬ ਅਤੇ ਯਹੋਸ਼ੁਆ ਨੇ ਇਹਨਾਂ ਗੱਲਾਂ ਨੂੰ ਪਰਮੇਸ਼ੁਰ ਦੀ ਬਿਵਸਥਾ ਦੀ ਪੋਥੀ ਵਿੱਚ ਲਿਖ ਲਿਆ ਅਤੇ ਇੱਕ ਵੱਡਾ ਪੱਥਰ ਲੈ ਕੇ ਉੱਥੇ ਬਲੂਤ ਦੇ ਹੇਠ ਜਿਹੜਾ ਯਹੋਵਾਹ ਦੇ ਪਵਿੱਤਰ ਸਥਾਨ ਦੇ ਵਿੱਚ ਸੀ ਖੜ੍ਹਾ ਕਰ ਦਿੱਤਾ । ੨੭ ਤਾਂ ਯਹੋਸ਼ੁਆ ਨੇ ਸਾਰੀ ਪਰਜਾ ਨੂੰ ਆਖਿਆ, ਵੇਖੋ, ਇਹ ਪੱਥਰ ਸਾਡੇ ਵਿੱਚ ਇੱਕ ਗਵਾਹ ਹੈ ਕਿਉਂ ਜੋ ਇਸ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਸੁਣੀਆਂ ਹਨ ਜਿਹੜੀਆਂ ਉਸ ਨੇ ਸਾਡੇ ਨਾਲ ਕੀਤੀਆਂ ਅਤੇ ਇਹ ਤੁਹਾਡੇ ਉੱਤੇ ਗਵਾਹੀ ਲਈ ਹੋਵੇਗਾ ਅਜਿਹਾ ਨਾ ਹੋਵੇ ਕਿ ਤੁਸੀਂ ਆਪਣੇ ਪਰਮੇਸ਼ੁਰ ਤੋਂ ਮੁੱਕਰ ਜਾਓ । ੨੮ ਫਿਰ ਯਹੋਸ਼ੁਆ ਨੇ ਸਾਰੀ ਪਰਜਾ ਨੂੰ ਉਹਨਾਂ ਦੀ ਮਿਲਖ ਨੂੰ ਭੇਜਿਆ ।
ਯਹੋਸ਼ੁਆ ਅਤੇ ਅਲੀਅਜ਼ਰ ਦੀ ਮੌਤ
੨੯ ਤਦ ਇਸ ਤਰ੍ਹਾਂ ਹੋਇਆ ਕਿ ਇਨ੍ਹਾਂ ਗੱਲਾਂ ਦੇ ਪਿੱਛੋਂ ਨੂਨ ਦਾ ਪੁੱਤਰ ਯਹੋਸ਼ੁਆ ਯਹੋਵਾਹ ਦਾ ਦਾਸ ਮਰ ਗਿਆ । ਉਹ ਇੱਕ ਸੌ ਦਸਾਂ ਸਾਲਾਂ ਦਾ ਸੀ । ੩੦ ਉਹਨਾਂ ਨੇ ਉਸ ਨੂੰ ਉਸ ਦੀ ਮਿਲਖ ਦੀ ਹੱਦ ਉੱਤੇ ਤਿਮਨਹ ਸਰਹ ਵਿੱਚ ਅਫ਼ਰਾਈਮ ਦੇ ਪਹਾੜੀ ਦੇਸ ਵਿੱਚ ਗਆਸ਼ ਨਾਮੀ ਪਰਬਤ ਦੇ ਉੱਤਰ ਵੱਲ ਦਫ਼ਨਾ ਦਿੱਤਾ ।
੩੧ ਇਸਰਾਏਲ ਨੇ ਯਹੋਸ਼ੁਆ ਦੇ ਸਾਰੇ ਦਿਨਾਂ ਵਿੱਚ ਯਹੋਵਾਹ ਦੀ ਉਪਾਸਨਾ ਕੀਤੀ ਅਤੇ ਉਹਨਾਂ ਬਜ਼ੁਰਗਾਂ ਦੇ ਸਾਰੇ ਦਿਨਾਂ ਵਿੱਚ ਵੀ ਜਿਹੜੇ ਯਹੋਸ਼ੁਆ ਦੇ ਪਿੱਛੋਂ ਜਿਉਂਦੇ ਰਹੇ ਅਤੇ ਯਹੋਵਾਹ ਦਾ ਸਾਰਾ ਕੰਮ ਜਾਣਦੇ ਸਨ ਜਿਹੜਾ ਉਸ ਨੇ ਇਸਰਾਏਲ ਲਈ ਕੀਤਾ ।
੩੨ ਯੂਸੁਫ਼ ਦੀਆਂ ਹੱਡੀਆਂ ਜਿਹੜੀਆਂ ਇਸਰਾਏਲੀ ਮਿਸਰ ਤੋਂ ਲਿਆਏ ਸਨ ਸ਼ਕਮ ਵਿੱਚ ਉਸ ਪੈਲੀ ਦੇ ਹਿੱਸੇ ਵਿੱਚ ਜਿਹੜਾ ਯਾਕੂਬ ਨੇ ਸ਼ਕਮ ਦੇ ਪਿਤਾ ਹਮੋਰ ਦੇ ਪੁੱਤਰਾਂ ਤੋਂ ਇੱਕ ਸੌ ਰੁਪਏ ਨੂੰ ਮੁੱਲ ਲਿਆ ਸੀ ਦਫ਼ਨਾ ਦਿੱਤਾ, ਸੋ ਉਹ ਯੂਸੁਫ਼ ਦੀ ਅੰਸ ਦੀ ਮਿਲਖ ਵਿੱਚ ਆ ਗਈਆਂ ।
੩੩ ਹਾਰੂਨ ਦਾ ਪੁੱਤਰ ਅਲਆਜ਼ਾਰ ਵੀ ਮਰ ਗਿਆ ਅਤੇ ਉਸ ਨੂੰ ਉਸ ਦੇ ਪੁੱਤਰ ਫ਼ੀਨਹਾਸ ਦੇ ਪਹਾੜ ਉੱਤੇ ਜਿਹੜਾ ਅਫ਼ਰਾਈਮ ਦੇ ਪਹਾੜੀ ਦੇਸ ਵਿੱਚ ਉਹ ਨੂੰ ਦਿੱਤਾ ਗਿਆ ਸੀ ਦਫ਼ਨਾ ਦਿੱਤਾ ।