੧੩
ਬਾਅਦ ਵਿੱਚ ਜਿੱਤੇ ਗਏ ਰਾਜ
੧ ਯਹੋਸ਼ੁਆ ਬਜ਼ੁਰਗ ਅਤੇ ਵੱਡੀ ਉਮਰ ਦਾ ਸੀ ਤਾਂ ਯਹੋਵਾਹ ਨੇ ਉਹ ਨੂੰ ਆਖਿਆ, ਤੂੰ ਬਜ਼ੁਰਗ ਅਤੇ ਵੱਡੀ ਉਮਰ ਦਾ ਹੋ ਗਿਆ ਹੈਂ ਅਤੇ ਬਹੁਤ ਸਾਰੀ ਧਰਤੀ ਕਬਜ਼ਾ ਕਰਨ ਲਈ ਬਾਕੀ ਹੈ । ੨ ਬਾਕੀ ਦੀ ਧਰਤੀ ਇਹ ਹੈ, ਫ਼ਲੀਸਤੀਆਂ ਦੇ ਸਾਰੇ ਖੇਤਰ ਅਤੇ ਗਸ਼ੂਰੀਆਂ ਦੇ ਸਾਰੇ ੩ ਸੀਹੋਰ ਤੋਂ ਜਿਹੜਾ ਮਿਸਰ ਦੇ ਅੱਗੇ ਹੈ ਅਕਰੋਨ ਦੀ ਹੱਦ ਤੱਕ ਉੱਤਰ ਵੱਲ ਜਿਹੜਾ ਕਨਾਨੀਆਂ ਦਾ ਭਾਗ ਗਿਣਿਆ ਜਾਂਦਾ ਹੈ,ਫ਼ਲੀਸਤੀਆਂ ਦੇ ਪੰਜ ਸਰਦਾਰ ਅਰਥਾਤ ਅੱਜ਼ੀਆਂ, ਅਸ਼ਦੋਦੀਆਂ, ਅਸਕਲੋਨੀਆਂ, ਗਿੱਤੀਆਂ ਅਤੇ ਅਕਰੋਨੀਆਂ ਦੇ, ਨਾਲੇ ਅੱਵੀਆਂ ਦੇ ੪ ਦੱਖਣ ਵੱਲ ਕਨਾਨੀਆਂ ਦਾ ਸਾਰਾ ਦੇਸ ਅਤੇ ਮਆਰਾਹ ਜਿਹੜਾ ਸਿਦੋਨੀਆਂ ਦਾ ਹੈ, ਅਫੇਕਾਹ ਤੱਕ ਅਮੋਰੀਆਂ ਦੀ ਹੱਦ ਤੱਕ । ੫ ਅਤੇ ਗਿਬਲੀਆਂ ਦਾ ਦੇਸ ਅਤੇ ਸਾਰਾ ਲਬਾਨੋਨ ਸੂਰਜ ਦੇ ਚੜ੍ਹਦੀ ਵੱਲ ਬਆਲ-ਗਾਦ ਤੋਂ ਜਿਹੜਾ ਹਬਰੋਨ ਦੇ ਪਰਬਤ ਹੇਠ ਹੈ ਹਮਾਥ ਦੇ ਰਾਹ ਤੱਕ । ੬ ਪਹਾੜ ਦੇ ਸਾਰੇ ਵਸਨੀਕ ਲਬਾਨੋਨ ਤੋਂ ਮਿਸਰਫੋਥ ਮਯਿਮ ਤੱਕ ਅਰਥਾਤ ਸਾਰੇ ਸਿਦੋਨੀ । ਮੈਂ ਉਹਨਾਂ ਨੂੰ ਇਸਰਾਏਲੀਆਂ ਦੇ ਅੱਗੋਂ ਕੱਢ ਦਿਆਂਗਾ । ਕੇਵਲ ਤੂੰ ਉਹ ਨੂੰ ਇਸਰਾਏਲ ਲਈ ਮਿਲਖ ਨੂੰ ਵੰਡ ਦੇ ਜਿਵੇਂ ਮੈਂ ਤੈਨੂੰ ਹੁਕਮ ਦਿੱਤਾ ਸੀ । ੭ ਹੁਣ ਇਸ ਧਰਤੀ ਨੂੰ ਉਹਨਾਂ ਨੌਂ ਗੋਤਾਂ ਅਤੇ ਮਨੱਸ਼ਹ ਦੇ ਅੱਧੇ ਗੋਤ ਲਈ ਮਿਲਖ ਵਿੱਚ ਵੰਡ ਦੇਵੀਂ ।
ਯਰਦਨ ਦੇ ਪੂਰਬੀ ਭਾਗ ਦਾ ਬਟਵਾਰਾ
੮ ਉਹ ਦੇ ਨਾਲ ਰਊਬੇਨੀਆਂ ਅਤੇ ਗਾਦੀਆਂ ਨੇ ਆਪਣੀ ਮਿਲਖ ਜਿਹੜੀ ਮੂਸਾ ਨੇ ਉਹਨਾਂ ਨੂੰ ਯਰਦਨ ਪਾਰ ਚੜ੍ਹਦੀ ਵੱਲ ਦਿੱਤੀ ਸੀ ਲੈ ਲਈ ਹੈ ਜਿਵੇਂ ਯਹੋਵਾਹ ਦੇ ਦਾਸ ਮੂਸਾ ਨੇ ਉਹਨਾਂ ਨੂੰ ਦਿੱਤੀ ਸੀ । ੯ ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਢੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਦਾ ਸਾਰਾ ਮੈਦਾਨ ਦੀਬੋਨ ਤੱਕ ੧੦ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦੇ ਸਾਰੇ ਸ਼ਹਿਰ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅੰਮੋਨੀਆਂ ਦੀ ਹੱਦ ਤੱਕ ੧੧ ਅਤੇ ਗਿਲਆਦ ਅਤੇ ਗਸ਼ੂਰੀਆਂ ਅਤੇ ਮਆਕਾਥੀਆਂ ਦੀ ਹਦ ਅਤੇ ਸਾਰਾ ਹਰਮੋਨ ਪਰਬਤ ਅਤੇ ਸਾਰਾ ਬਾਸ਼ਾਨ ਸਲਕਾਹ ਤੱਕ ੧੨ ਬਾਸ਼ਾਨ ਵਿੱਚ ਓਗ ਦਾ ਸਾਰਾ ਰਾਜ ਜਿਹੜਾ ਅਸ਼ਤਾਰੋਥ ਅਤੇ ਅਦਰਈ ਵਿੱਚ ਰਾਜ ਕਰਦਾ ਸੀ । ਉਹ ਰਫ਼ਾਈਆਂ ਤੋਂ ਇਕੱਲਾ ਬਚ ਗਿਆ ਸੀ ਕਿਉਂ ਜੋ ਮੂਸਾ ਨੇ ਉਹਨਾਂ ਨੂੰ ਮਾਰ ਕੇ ਕੱਢ ਦਿੱਤਾ ਸੀ ੧੩ ਤਾਂ ਵੀ ਇਸਰਾਏਲੀਆਂ ਨੇ ਗਸ਼ੂਰੀਆਂ ਅਤੇ ਮਆਕਾਥੀਆਂ ਨੂੰ ਨਾ ਕੱਢਿਆ ਪਰ ਗਸ਼ੂਰੀ ਅਤੇ ਮਆਕਾਥੀ ਅੱਜ ਦੇ ਦਿਨ ਤੱਕ ਇਸਰਾਏਲ ਵਿੱਚ ਰਹਿੰਦੇ ਹਨ । ੧੪ ਕੇਵਲ ਲੇਵੀਆਂ ਦੇ ਗੋਤ ਨੂੰ ਉਸ ਨੇ ਹਿੱਸਾ ਨਹੀਂ ਦਿੱਤਾ । ਇਸਰਾਏਲ ਦੇ ਪਰਮੇਸ਼ੁਰ ਯਹੋਵਾਹ ਦੀਆਂ ਅੱਗ ਦੀਆਂ ਭੇਟਾਂ ਉਹ ਦਾ ਭਾਗ ਹਨ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ ।
ਰਊਬੇਨ ਦੇ ਗੋਤਾਂ ਨੂੰ ਦਿੱਤਾ ਗਿਆ ਹਿੱਸਾ
੧੫ ਮੂਸਾ ਨੇ ਰਊਬੇਨੀਆਂ ਦੇ ਗੋਤ ਨੂੰ ਉਹਨਾਂ ਦੇ ਘਰਾਣਿਆਂ ਅਨੁਸਾਰ ਵੰਡ ਦਿੱਤਾ । ੧੬ ਅਤੇ ਉਹਨਾਂ ਦੀ ਹੱਦ ਅਰੋਏਰ ਤੋਂ ਜਿਹੜਾ ਅਰਨੋਨ ਦੀ ਵਾਦੀ ਦੇ ਕੰਡੇ ਉੱਤੇ ਹੈ ਅਤੇ ਉਹ ਸ਼ਹਿਰ ਜਿਹੜਾ ਵਾਦੀ ਦੇ ਵਿੱਚਕਾਰ ਹੈ ਅਤੇ ਮੇਦਬਾ ਤੱਕ ਸਾਰਾ ਮੈਦਾਨ ੧੭ ਹਸ਼ਬੋਨ ਅਤੇ ਉਹ ਦੇ ਸਾਰੇ ਸ਼ਹਿਰ ਜਿਹੜੇ ਉਪਰਲੇ ਮੈਦਾਨ ਵਿੱਚ ਹਨ ਅਰਥਾਤ ਦੀਬੋਨ ਅਤੇ ਬਾਮੋਥ-ਬਆਲ ਅਤੇ ਬੈਤ-ਬਆਲ ਮਓਨ ੧੮ ਅਤੇ ਯਹਸਾਹ ਅਤੇ ਕਦੇਮੋਥ ਅਤੇ ਮੇਫਾਅਥ ੧੯ ਅਤੇ ਕਿਰਯਾਥਇਮ ਅਤੇ ਸਿਬਮਾਹ ਅਤੇ ਸਰਬ-ਸ਼ਹਿਰ ਜਿਹੜਾ ਪਹਾੜ ਦੀ ਖੱਡ ਵਿੱਚ ਹੈ । ੨੦ ਅਤੇ ਬੈਤ ਪਓਰ ਅਤੇ ਪਿਸਗਾਹ ਦੀਆਂ ਢਾਲਾਂ ਅਤੇ ਬੈਤ-ਯਸ਼ਿਮੋਥ ੨੧ ਅਤੇ ਉਪਰਲੇ ਮੈਦਾਨ ਦੇ ਸਾਰੇ ਸ਼ਹਿਰ ਅਤੇ ਅਮੋਰੀਆਂ ਦੇ ਰਾਜੇ ਸੀਹੋਨ ਦਾ ਸਾਰਾ ਰਾਜ ਜਿਹੜਾ ਹਸ਼ਬੋਨ ਵਿੱਚ ਰਾਜ ਕਰਦਾ ਸੀ ਅਤੇ ਜਿਹ ਨੂੰ ਮੂਸਾ ਨੇ ਮਿਦਯਾਨ, ਅੱਵੀ, ਰਕਮ, ਸੂਰ, ਹੂਰ ਅਤੇ ਰਬਾ ਦੇ ਪ੍ਰਧਾਨਾਂ ਦੇ ਨਾਲ ਜਿਹੜੇ ਸੀਹੋਨ ਦੇ ਸਜ਼ਾਦੇ ਸਨ ਅਤੇ ਜਿਹੜੇ ਉਸ ਦੇਸ ਵਿੱਚ ਵੱਸਦੇ ਸਨ ਮਾਰਿਆ ਸੀ । ੨੨ ਉਸ ਫ਼ਾਲ ਪੌਣ ਵਾਲੇ ਬਓਰ ਦੇ ਪੁੱਤਰ ਬਿਲਆਮ ਨੂੰ ਵੀ ਇਸਰਾਏਲੀਆਂ ਨੇ ਤਲਵਾਰ ਨਾਲ ਉਹਨਾਂ ਦੇ ਵੱਢੇ ਹੋਇਆਂ ਦੇ ਵਿੱਚ ਵੱਢਿਆ । ੨੩ ਰਊਬੇਨੀਆਂ ਦੀ ਹੱਦ ਯਰਦਨ ਅਤੇ ਉਹ ਦੀ ਹੱਦ ਸੀ । ਰਊਬੇਨੀਆਂ ਦੀ ਮਿਲਖ ਉਹਨਾਂ ਘਰਾਣਿਆਂ ਅਨੁਸਾਰ ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ ।
ਗਾਦ ਦੇ ਗੋਤਾਂ ਨੂੰ ਦਿੱਤਾ ਗਿਆ ਹਿੱਸਾ
੨੪ ਮੂਸਾ ਨੇ ਗਾਦ ਦੇ ਗੋਤ ਨੂੰ ਅਰਥਾਤ ਗਾਦੀਆਂ ਨੂੰ ਉਹਨਾਂ ਦੇ ਘਰਾਣਿਆਂ ਅਨੁਸਾਰ ਭਾਗ ਦੇ ਦਿੱਤਾ । ੨੫ ਅਤੇ ਉਹਨਾਂ ਦੀ ਹੱਦ ਯਜ਼ੇਰ ਸੀ ਅਤੇ ਗਿਲਆਦ ਦੇ ਸਾਰੇ ਸ਼ਹਿਰ ਅਤੇ ਅੰਮੋਨੀਆਂ ਦਾ ਅੱਧਾ ਦੇਸ ਅਰੋਏਰ ਤੱਕ ਜਿਹੜਾ ਰੱਬਾਹ ਦੇ ਅੱਗੇ ਹੈ । ੨੬ ਅਤੇ ਹਸ਼ਬੋਨ ਤੋਂ ਰਾਮਥ ਮਿਸਪਹ ਅਤੇ ਬਟੋਨੀਮ ਤੱਕ ਅਤੇ ਮਹਨਇਮ ਤੋਂ ਦਬੀਰ ਦੀ ਹੱਦ ਤੱਕ । ੨੭ ਅਤੇ ਖੱਡ ਵਿੱਚ ਬੈਤ ਹਾਰਾਮ ਅਤੇ ਬੈਤ ਨਿਮਰਾਹ ਅਤੇ ਸੁੱਕੋਥ ਅਤੇ ਸਾਫ਼ੋਨ ਅਰਥਾਤ ਹਸ਼ਬੋਨ ਦੇ ਰਾਜੇ ਸੀਹੋਨ ਦਾ ਬਾਕੀ ਰਾਜ ਜਿਹ ਦੀ ਹੱਦ ਯਰਦਨ ਸੀ ਕਿੰਨਰਥ ਸਮੁੰਦਰ ਦੇ ਸਿਰੇ ਤੱਕ ਯਰਦਨ ਪਾਰ ਪੂਰਬ ਵੱਲ ੨੮ ਇਹ ਗਾਦੀਆਂ ਦੀ ਮਿਲਖ ਉਹਨਾਂ ਦੇ ਘਰਾਣਿਆਂ, ਸ਼ਹਿਰਾਂ ਅਤੇ ਉਹਨਾਂ ਦੇ ਪਿੰਡਾਂ ਸਣੇ ਸੀ ।
ਮਨੱਸ਼ਹ ਦੇ ਅੱਧੇ ਗੋਤ ਨੂੰ ਦਿੱਤਾ ਗਿਆ ਭਾਗ
੨੯ ਮੂਸਾ ਨੇ ਮਨੱਸ਼ਹ ਦੇ ਅੱਧੇ ਗੋਤ ਨੂੰ ਵੀ ਮਿਲਖ ਦੇ ਦਿੱਤੀ ਅਤੇ ਉਹ ਮਨੱਸ਼ੀਆਂ ਦੇ ਅੱਧੇ ਗੋਤ ਲਈ ਉਹਨਾਂ ਦੇ ਘਰਾਣਿਆਂ ਦੇ ਅਨੁਸਾਰ ਸੀ । ੩੦ ਅਤੇ ਉਹਨਾਂ ਦੀ ਹੱਦ ਮਹਨਇਮ ਤੋਂ ਸੀ ਅਰਥਾਤ ਸਾਰਾ ਬਾਸ਼ਾਨ, ਬਾਸ਼ਾਨ ਦੇ ਰਾਜੇ ਓਗ ਦਾ ਸਾਰਾ ਰਾਜ ਅਤੇ ਯਾਈਰ ਦੇ ਸਾਰੇ ਨਗਰ ਜਿਹੜੇ ਬਾਸ਼ਾਨ ਵਿੱਚ ਸਨ ਸੱਠ ਸ਼ਹਿਰ ਸਨ । ੩੧ ਅਤੇ ਗਿਲਆਦ ਦਾ ਅੱਧ ਅਤੇ ਅਸ਼ਤਾਰੋਥ ਅਤੇ ਅਦਰਈ ਬਾਸ਼ਾਨ ਵਿੱਚ ਓਗ ਦੇ ਰਾਜੇ ਦੇ ਸ਼ਹਿਰ ਮਨੱਸ਼ਹ ਦੇ ਪੁੱਤਰ ਮਾਕੀਰ ਦੇ ਪੁੱਤਰਾਂ ਲਈ ਸਨ ਅਰਥਾਤ ਮਾਕੀਰ ਦੇ ਪੁੱਤਰਾਂ ਦੇ ਅੱਧ ਲਈ ਉਹਨਾਂ ਦੇ ਘਰਾਣਿਆਂ ਅਨੁਸਾਰ । ੩੨ ਇਹ ਉਹ ਮਿਲਖਾਂ ਹਨ ਜਿਹੜੀਆਂ ਮੂਸਾ ਨੇ ਮੋਆਬ ਦੇ ਮੈਦਾਨਾਂ ਵਿੱਚ ਯਰਦਨ ਪਾਰ ਯਰੀਹੋ ਕੋਲ ਪੂਰਬ ਵੱਲ ਵੰਡੀਆਂ । ੩੩ ਪਰ ਲੇਵੀ ਦੇ ਗੋਤ ਨੂੰ ਮੂਸਾ ਨੇ ਕੋਈ ਭਾਗ ਨਹੀ ਦਿੱਤਾ । ਇਸਰਾਏਲ ਦਾ ਪਰਮੇਸ਼ੁਰ ਯਹੋਵਾਹ ਹੀ ਉਹਨਾਂ ਦਾ ਭਾਗ ਹੈ ਜਿਵੇਂ ਉਹ ਉਹਨਾਂ ਨੂੰ ਬੋਲਿਆ ਸੀ ।