੪੫
ਬਾਰੂਕ ਨਾਲ ਪਰਮੇਸ਼ੁਰ ਦਾ ਵਾਅਦਾ
੧ ਉਹ ਬਚਨ ਜਿਹੜਾ ਯਿਰਮਿਯਾਹ ਨਬੀ ਨੇਰੀਯਾਹ ਦੇ ਪੁੱਤਰ ਬਾਰੂਕ ਨੂੰ ਬੋਲਿਆ, ਤਦ ਉਸ ਨੇ ਇਹਨਾਂ ਗੱਲਾਂ ਨੂੰ ਯਿਰਮਿਯਾਹ ਦੇ ਮੂੰਹੋਂ ਪੋਥੀ ਵਿੱਚ ਯਹੂਦਾਹ ਦੇ ਰਾਜਾ ਯੋਸ਼ੀਯਾਹ ਦੇ ਪੁੱਤਰ ਯਹੋਯਾਕੀਮ ਦੇ ਚੌਥੇ ਸਾਲ ਲਿਖਿਆ ਕਿ ੨ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਤੇਰੇ ਵਿਖੇ, ਹੇ ਬਾਰੂਕ, ਐਉਂ ਆਖਦਾ ਹੈ, ੩ ਤੂੰ ਆਖਿਆ ਕਿ ਹਾਇ ਮੇਰੇ ਉੱਤੇ ! ਕਿਉਂ ਜੋ ਯਹੋਵਾਹ ਨੇ ਮੇਰੇ ਦੁੱਖ ਨਾਲ ਝੋਰਾ ਵਧਾ ਦਿੱਤਾ ਹੈ ! ਮੈਂ ਧਾਹਾਂ ਮਾਰਦਾ ਮਾਰਦਾ ਥੱਕ ਗਿਆ, ਮੈਨੂੰ ਅਰਾਮ ਨਹੀਂ ਲੱਭਾ ੪ ਤੂੰ ਉਹ ਨੂੰ ਐਉਂ ਆਖੇਗਾ, ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਵੇਖ, ਜੋ ਮੈਂ ਬਣਾਇਆ ਹੈ ਮੈਂ ਉਹ ਨੂੰ ਡੇਗ ਦਿਆਂਗਾ ਅਤੇ ਜੋ ਮੈਂ ਲਾਇਆ ਉਹ ਨੂੰ ਪੁੱਟ ਸੁੱਟਾਂਗਾ ਅਰਥਾਤ ਇਹ ਸਾਰੇ ਦੇਸ ਨੂੰ ੫ ਕੀ ਤੂੰ ਆਪਣੇ ਲਈ ਵੱਡੀਆਂ ਚੀਜ਼ਾਂ ਲੱਭਦਾ ਹੈਂ ? ਤੂੰ ਨਾ ਲੱਭ ਕਿਉਂ ਜੋ ਵੇਖ, ਯਹੋਵਾਹ ਦਾ ਵਾਕ ਹੈ, ਮੈਂ ਸਾਰੇ ਬਸ਼ਰ ਉੱਤੇ ਬੁਰਿਆਈ ਲਿਆ ਰਿਹਾ ਹਾਂ । ਪਰ ਤੇਰੀ ਜਾਨ ਨੂੰ ਸਾਰਿਆਂ ਸਥਾਨਾਂ ਉੱਤੇ ਜਿੱਥੇ ਤੂੰ ਜਾਵੇਂਗਾ ਤੇਰੇ ਲਈ ਲੁੱਟ ਦਾ ਮਾਲ ਠਹਿਰਾਵਾਂਗਾ ।