੨੮
ਯਿਰਮਿਯਾਹ ਅਤੇ ਹਨਨਯਾਹ ਨਬੀ
੧ ਤਾਂ ਇਸ ਤਰ੍ਹਾਂ ਹੋਵੇਗਾ ਕਿ ਉਸੇ ਸਾਲ ਯਹੂਦਾਹ ਦੇ ਰਾਜਾ ਸਿਦਕੀਯਾਹ ਦੀ ਪਾਤਸ਼ਾਹੀ ਦੇ ਅਰੰਭ ਵਿੱਚ ਚੌਥੇ ਸਾਲ ਦੇ ਪੰਜਵੇਂ ਮਹੀਨੇ ਅੱਜ਼ੂਰ ਦੇ ਪੁੱਤਰ ਹਨਨਯਾਹ ਨਬੀ ਨੇ ਜਿਹੜਾ ਗਿਬਓਨ ਦਾ ਸੀ ਯਹੋਵਾਹ ਦੇ ਭਵਨ ਵਿੱਚ ਜਾਜਕਾਂ ਦੇ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਮੈਨੂੰ ਆਖਿਆ, ੨ ਸੈਨਾਂ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿੱਤਾ ਹੈ ! ੩ ਪੂਰੇ ਦੋਂਹੁ ਵਰਿਹਾਂ ਤੱਕ ਮੈਂ ਯਹੋਵਾਹ ਦੇ ਭਵਨ ਦੇ ਸਾਰੇ ਭਾਂਡੇ ਜਿਹੜੇ ਬਾਬਲ ਦੇ ਰਾਜਾ ਨਬੂਕਦਰੱਸਰ ਇਸ ਸਥਾਨ ਵਿੱਚੋਂ ਲੈ ਕੇ ਬਾਬਲ ਵਿੱਚ ਲੈ ਗਿਆ ਹੈ ਇਸ ਸਥਾਨ ਨੂੰ ਮੁੜ ਲਿਆਵਾਂਗਾ ੪ ਅਤੇ ਯਹੂਦਾਹ ਦੇ ਰਾਜਾ ਯਹੋਯਾਕੀਮ ਦੇ ਪੁੱਤਰ ਯਕਾਨਯਾਹ ਨੂੰ ਅਤੇ ਯਹੂਦਾਹ ਦੇ ਸਾਰੇ ਗ਼ੁਲਾਮਾਂ ਨੂੰ ਜਿਹੜੇ ਬਾਬਲ ਨੂੰ ਗਏ ਮੈਂ ਮੁੜ ਇਸ ਸਥਾਨ ਵਿੱਚ ਲੈ ਆਵਾਂਗਾ, ਯਹੋਵਾਹ ਦਾ ਵਾਕ ਹੈ, ਕਿਉਂ ਜੋ ਮੈਂ ਬਾਬਲ ਦੇ ਰਾਜਾ ਦੇ ਜੂਲੇ ਨੂੰ ਭੰਨ ਦਿਆਂਗਾ । ੫ ਤਦ ਯਿਰਮਿਯਾਹ ਨਬੀ ਹਨਨਯਾਹ ਨਬੀ ਨੂੰ ਜਾਜਕਾਂ ਦੇ ਵੇਖਦਿਆਂ ਅਤੇ ਸਾਰੇ ਲੋਕਾਂ ਦੇ ਵੇਖਦਿਆਂ ਜਿਹੜੇ ਯਹੋਵਾਹ ਦੇ ਭਵਨ ਵਿੱਚ ਖਲੋਤੇ ਸਨ ਬੋਲਿਆ ੬ ਤੇ ਯਿਰਮਿਯਾਹ ਨਬੀ ਨੇ ਆਖਿਆ ਆਮੀਨ ! ਕਾਸ਼ ਕਿ ਯਹੋਵਾਹ ਏਵੇਂ ਹੀ ਕਰੇ ! ਯਹੋਵਾਹ ਤੇਰੀਆਂ ਗੱਲਾਂ ਨੂੰ ਜਿਹਨਾਂ ਦਾ ਤੂੰ ਅਗੰਮ ਵਾਚਿਆ ਹੈ ਪੂਰਾ ਕਰੇ ਅਤੇ ਯਹੋਵਾਹ ਦੇ ਭਵਨ ਦੇ ਭਾਂਡੇ ਅਤੇ ਸਾਰੇ ਗ਼ੁਲਾਮਾਂ ਨੂੰ ਬਾਬਲ ਵਿੱਚੋਂ ਇਸ ਸਥਾਨ ਨੂੰ ਮੋੜ ਲੈ ਆਵੇ ! ੭ ਤਦ ਵੀ ਇਹ ਗੱਲ ਸੁਣ ਜਿਹੜੀ ਮੈਂ ਤੇਰੇ ਕੰਨਾਂ ਵਿੱਚ ਆਖਾਂ ੮ ਉਹਨਾਂ ਨਬੀਆਂ ਨੇ ਜਿਹੜੇ ਪੁਰਾਣੇ ਸਮਿਆਂ ਵਿੱਚ ਮੈਥੋਂ ਅਤੇ ਤੈਥੋਂ ਪਹਿਲਾਂ ਸਨ ਬਹੁਤਿਆਂ ਦੇਸਾਂ ਅਤੇ ਵੱਡੀਆਂ ਪਾਤਸ਼ਾਹੀਆਂ ਦੇ ਵਿਰੁੱਧ ਲੜਾਈ, ਬੁਰਿਆਈ ਅਤੇ ਬਵਾ ਲਈ ਅਗੰਮ ਵਾਚਿਆ ੯ ਉਹ ਨਬੀ ਜਿਹੜਾ ਸ਼ਾਂਤੀ ਲਈ ਅਗੰਮ ਵਾਚਦਾ ਹੈ, ਜਦ ਉਸ ਨਬੀ ਦੀ ਗੱਲ ਪੂਰੀ ਹੋਵੇਗੀ ਤਦ ਜਾਣਿਆ ਜਾਵੇਗਾ ਕਿ ਉਹ ਨਬੀ ਨੂੰ ਸੱਚ-ਮੁੱਚ ਯਹੋਵਾਹ ਨੇ ਭੇਜਿਆ ਸੀ ੧੦ ਤਾਂ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਲਾਹਿਆ ਅਤੇ ਉਹ ਨੂੰ ਭੰਨ ਦਿੱਤਾ ੧੧ ਤਾਂ ਹਨਨਯਾਹ ਨੇ ਸਾਰੇ ਲੋਕਾਂ ਦੇ ਵੇਖਦਿਆਂ ਆਖਿਆ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਏਵੇਂ ਮੈਂ ਬਾਬਲ ਦੇ ਰਾਜਾ ਨਬੂਕਦਰੱਸਰ ਦਾ ਜੂਲਾ ਸਾਰੀਆਂ ਕੌਮਾਂ ਦੀ ਧੌਣ ਉੱਤੋਂ ਪੂਰੇ ਦੋ ਸਾਲਾਂ ਵਿੱਚ ਭੰਨ ਦਿਆਂਗਾ । ਤਾਂ ਯਿਰਮਿਯਾਹ ਨਬੀ ਆਪਣੇ ਰਾਹ ਚੱਲਿਆ ਗਿਆ । ੧੨ ਜਦ ਹਨਨਯਾਹ ਨਬੀ ਨੇ ਯਿਰਮਿਯਾਹ ਨਬੀ ਦੀ ਧੌਣ ਉੱਤੇ ਜੂਲਾ ਦਿੱਤਾ ਤਾਂ ਉਸ ਦੇ ਪਿੱਛੋਂ ਯਹੋਵਾਹ ਦਾ ਬਚਨ ਯਿਰਮਿਯਾਹ ਕੋਲ ਆਇਆ ੧੩ ਜਾ ਅਤੇ ਹਨਨਯਾਹ ਨੂੰ ਆਖ ਕਿ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਤੂੰ ਲੱਕੜੀ ਦੇ ਜੂਲੇ ਤਾਂ ਭੰਨ ਦਿੱਤੇ ਹਨ ਪਰ ਤੂੰ ਉਹਨਾਂ ਦੇ ਥਾਂ ਲੋਹੇ ਦੇ ਜੂਲੇ ਬਣਾਏ ੧੪ ਕਿਉਂ ਜੋ ਇਸਰਾਏਲ ਦਾ ਪਰਮੇਸ਼ੁਰ ਸੈਨਾਂ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ ਕਿ ਮੈਂ ਲੋਹੇ ਦਾ ਜੂਲਾ ਇਹਨਾਂ ਸਾਰੀਆਂ ਕੌਮਾਂ ਦੀ ਧੌਣ ਉੱਤੇ ਰੱਖਿਆ ਹੈ ਕਿ ਉਹ ਬਾਬਲ ਦੇ ਰਾਜਾ ਨਬੂਕਦਰੱਸਰ ਦੀ ਟਹਿਲ ਕਰਨ ਅਤੇ ਉਹ ਉਸ ਦੀ ਟਹਿਲ ਕਰਨਗੀਆਂ, ਨਾਲੇ ਮੈਂ ਉਹ ਨੂੰ ਖੇਤ ਦੇ ਪਸੂ ਵੀ ਦੇ ਦਿੱਤੇ ਹਨ ੧੫ ਤਾਂ ਯਿਰਮਿਯਾਹ ਨਬੀ ਨੇ ਹਨਨਯਾਹ ਨਬੀ ਨੂੰ ਆਖਿਆ, ਹਨਨਯਾਹ, ਜ਼ਰਾ ਸੁਣ ਤਾਂ । ਯਹੋਵਾਹ ਨੇ ਤੈਨੂੰ ਨਹੀਂ ਭੇਜਿਆ, ਤੂੰ ਤਾਂ ਇਸ ਪਰਜਾ ਨੂੰ ਝੂਠੀ ਆਸ ਦਿੰਦਾ ਹੈਂ ੧੬ ਇਸ ਲਈ ਯਹੋਵਾਹ ਇਸ ਤਰ੍ਹਾਂ ਆਖਦਾ ਹੈ, - ਵੇਖ, ਮੈਂ ਤੈਨੂੰ ਭੂਮੀ ਦੀ ਪਰਤ ਉੱਤੋਂ ਕੱਢ ਦਿਆਂਗਾ । ਤੂੰ ਇਸ ਸਾਲ ਮਰ ਜਾਵੇਂਗਾ ਕਿਉਂ ਜੋ ਤੂੰ ਯਹੋਵਾਹ ਦੇ ਵਿਰੁੱਧ ਆਕੀ ਪੁਣੇ ਨਾਲ ਬੋਲਿਆ ਹੈਂ ! ੧੭ ਸੋ ਹਨਨਯਾਹ ਨਬੀ ਉਸੇ ਸਾਲ ਦੇ ਸੱਤਵੇਂ ਮਹੀਨੇ ਮਰ ਗਿਆ ।