੧੧
ਵਿਸ਼ਵਾਸ ਦੀਆਂ ਉਦਾਹਰਣਾਂ
੧ ਹੁਣ ਵਿਸ਼ਵਾਸ ਆਸ ਕੀਤੀਆਂ ਹੋਈਆਂ ਗੱਲਾਂ ਦਾ ਪੱਕਾ ਭਰੋਸਾ ਅਤੇ ਅਣ ਦੇਖੀਆਂ ਵਸਤਾਂ ਦਾ ਸਬੂਤ ਹੈ । ੨ ਅਤੇ ਇਸ ਦੇ ਬਾਰੇ ਬਜ਼ੁਰਗਾਂ ਦੇ ਲਈ ਗਵਾਹੀ ਦਿੱਤੀ ਗਈ । ੩ ਵਿਸ਼ਵਾਸ ਨਾਲ ਅਸੀਂ ਜਾਣਦੇ ਹਾਂ ਕਿ ਜਗਤ ਪਰਮੇਸ਼ੁਰ ਦੇ ਬਚਨ ਨਾਲ ਰਚਿਆ ਗਿਆ ਅਤੇ ਜੋ ਕੁੱਝ ਦਿਖਾਈ ਦਿੰਦਾ ਹੈ, ਉਹ ਦੇਖੀਆਂ ਹੋਈਆਂ ਵਸਤਾਂ ਤੋਂ ਨਹੀਂ ਬਣਿਆ । ੪ ਵਿਸ਼ਵਾਸ ਨਾਲ ਹੀ ਹਾਬਲ ਨੇ ਪਰਮੇਸ਼ੁਰ ਦੇ ਅੱਗੇ ਕਾਇਨ ਨਾਲੋਂ ਉੱਤਮ ਬਲੀਦਾਨ ਚੜ੍ਹਾਇਆ, ਜਿਸ ਕਰਕੇ ਇਹ ਗਵਾਹੀ ਦਿੱਤੀ ਗਈ ਕਿ ਉਹ ਧਰਮੀ ਹੈ ਕਿਉਂਕਿ ਪਰਮੇਸ਼ੁਰ ਨੇ ਉਹ ਦੀਆਂ ਭੇਟਾਂ ਦੇ ਬਾਰੇ ਗਵਾਹੀ ਦਿੱਤੀ ਅਤੇ ਉਸ ਵਿਸ਼ਵਾਸ ਦੇ ਦੁਆਰਾ ਉਹ ਹੁਣ ਤੱਕ ਬੋਲਦਾ ਹੈ, ਭਾਵੇਂ ਉਹ ਮਰ ਗਿਆ । ੫ ਵਿਸ਼ਵਾਸ ਨਾਲ ਹਨੋਕ ਉਤਾਹਾਂ ਉੱਠਾਇਆ ਗਿਆ ਤਾਂ ਜੋ ਮੌਤ ਨਾ ਵੇਖੇ ਅਤੇ ਉਹ ਦਾ ਪਤਾ ਨਾ ਲੱਗਾ ਇਸ ਲਈ ਜੋ ਪਰਮੇਸ਼ੁਰ ਨੇ ਉਹ ਨੂੰ ਉਤਾਹਾਂ ਉੱਠਾ ਲਿਆ, ਕਿਉਂ ਜੋ ਉਹ ਦੇ ਉਤਾਹਾਂ ਚੁੱਕੇ ਜਾਣ ਤੋਂ ਪਹਿਲਾਂ ਇਹ ਗਵਾਹੀ ਦਿੱਤੀ ਗਈ ਸੀ ਕਿ ਉਹ ਪਰਮੇਸ਼ੁਰ ਦੇ ਮਨ ਭਾਉਂਦਾ ਹੈ । ੬ ਅਤੇ ਵਿਸ਼ਵਾਸ ਤੋਂ ਬਿਨ੍ਹਾਂ ਉਹ ਦੇ ਮਨ ਨੂੰ ਪ੍ਰਸੰਨ ਕਰਨਾ ਅਸੰਭਵ ਹੈ, ਕਿਉਂਕਿ ਜਿਹੜਾ ਪਰਮੇਸ਼ੁਰ ਦੇ ਕੋਲ ਆਉਂਦਾ ਹੈ ਉਹ ਨੂੰ ਵਿਸ਼ਵਾਸ ਕਰਨਾ ਚਾਹੀਦਾ ਹੈ ਕਿ ਉਹ ਹੈ ਅਤੇ ਇਹ ਕਿ ਉਹ ਉਹਨਾਂ ਨੂੰ ਜਿਹੜੇ ਪੂਰੇ ਮਨ ਨਾਲ ਉਸ ਨੂੰ ਖੋਜਦੇ ਹਨ ਫਲ ਦੇਣ ਵਾਲਾ ਹੈ । ੭ ਵਿਸ਼ਵਾਸ ਨਾਲ ਨੂਹ ਨੇ ਪਰਮੇਸ਼ੁਰ ਕੋਲੋਂ ਉਨ੍ਹਾਂ ਵਸਤਾਂ ਦੀ ਜਿਹੜੀਆਂ ਅਜੇ ਦੇਖੀਆਂ ਨਹੀਂ ਗਈਆਂ ਸਨ, ਚਿਤਾਵਨੀ ਪਾ ਕੇ ਅਤੇ ਡਰ ਕੇ ਆਪਣੇ ਪਰਿਵਾਰ ਦੇ ਬਚਾਉ ਲਈ ਕਿਸ਼ਤੀ ਬਣਾਈ । ਉਸ ਵਿਸ਼ਵਾਸ ਦੇ ਕਾਰਨ ਉਹ ਨੇ ਸੰਸਾਰ ਨੂੰ ਦੋਸ਼ੀ ਠਹਿਰਾਇਆ ਅਤੇ ਉਸ ਧਾਰਮਿਕਤਾ ਦਾ ਅਧਿਕਾਰੀ ਹੋਇਆ ਜਿਹੜਾ ਵਿਸ਼ਵਾਸ ਤੋਂ ਹੀ ਹੁੰਦਾ ਹੈ । ੮ ਵਿਸ਼ਵਾਸ ਨਾਲ ਹੀ ਅਬਰਾਹਾਮ ਜਦੋਂ ਬੁਲਾਇਆ ਗਿਆ ਤਾਂ ਉਸ ਥਾਂ ਜਾਣ ਦੀ ਆਗਿਆ ਮੰਨ ਲਈ ਜਿਸ ਨੂੰ ਉਹ ਨੇ ਅਧਿਕਾਰ ਵਿੱਚ ਲੈਣਾ ਸੀ, ਅਤੇ ਭਾਵੇਂ ਉਹ ਜਾਣਦਾ ਨਹੀਂ ਸੀ ਕਿ ਮੈਂ ਕਿੱਧਰ ਨੂੰ ਜਾਂਦਾ ਹਾਂ ਪਰ ਤਾਂ ਵੀ ਨਿੱਕਲ ਤੁਰਿਆ । ੯ ਵਿਸ਼ਵਾਸ ਨਾਲ ਉਹ ਵਾਇਦੇ ਵਾਲੀ ਧਰਤੀ ਵਿੱਚ ਜਾ ਵੱਸਿਆ, ਜਿਵੇਂ ਪਰਾਈ ਧਰਤੀ ਵਿੱਚ ਉਹ ਨੇ ਇਸਹਾਕ ਅਤੇ ਯਾਕੂਬ ਦੇ ਨਾਲ ਡੇਰਿਆਂ ਵਿੱਚ ਵਾਸ ਕੀਤਾ, ਜਿਹੜੇ ਉਹ ਦੇ ਨਾਲ ਉਸੇ ਵਾਇਦੇ ਦੇ ਅਧਿਕਾਰੀ ਸਨ । ੧੦ ਕਿਉਂ ਜੋ ਉਹ ਉਸ ਨਗਰ ਦੀ ਉਡੀਕ ਕਰਦਾ ਸੀ ਜਿਸ ਦੀਆਂ ਨੀਹਾਂ ਹਨ ਅਤੇ ਜਿਸ ਦਾ ਕਾਰੀਗਰ ਅਤੇ ਬਣਾਉਣ ਵਾਲਾ ਪਰਮੇਸ਼ੁਰ ਹੈ । ੧੧ ਵਿਸ਼ਵਾਸ ਨਾਲ ਸਾਰਾਹ ਨੇ ਬੁੱਢੀ ਹੋ ਜਾਣ ਤੇ ਵੀ ਗਰਭਵਤੀ ਹੋਣ ਦੀ ਸਮਰੱਥਾ ਪਾਈ, ਕਿਉਂਕਿ ਉਹ ਨੇ ਵਾਇਦਾ ਕਰਨ ਵਾਲੇ ਨੂੰ ਵਫ਼ਾਦਾਰ ਜਾਣਿਆ । ੧੨ ਉਪਰੰਤ ਇੱਕ ਮਨੁੱਖ ਤੋਂ ਜੋ ਮੁਰਦੇ ਜਿਹਾ ਸੀ ਐਨੇ ਉਤਪਤ ਹੋਏ, ਜਿੰਨੇ ਅਕਾਸ਼ ਦੇ ਤਾਰੇ ਅਤੇ ਸਮੁੰਦਰ ਦੇ ਕੰਢੇ ਉਤਲੀ ਰੇਤ ਦੇ ਦਾਣੇ ਹਨ, ਜੋ ਅਣਗਿਣਤ ਹਨ ।
੧੩ ਇਹ ਸਭ ਵਿਸ਼ਵਾਸ ਵਿੱਚ ਮਰ ਗਏ ਅਤੇ ਉਨ੍ਹਾਂ ਨੇ ਵਾਇਦਾ ਕੀਤੀਆਂ ਹੋਈਆਂ ਵਸਤਾਂ ਨੂੰ ਪ੍ਰਾਪਤ ਨਾ ਕੀਤਾ ਪਰ ਉਹਨਾਂ ਨੇ ਦੂਰੋਂ ਉਨ੍ਹਾਂ ਨੂੰ ਵੇਖ ਕੇ ਜੀ ਆਇਆ ਨੂੰ ਆਖਿਆ ਅਤੇ ਮੰਨ ਲਿਆ ਕਿ ਅਸੀਂ ਧਰਤੀ ਉੱਤੇ ਪਰਾਏ ਅਤੇ ਪਰਦੇਸੀ ਹਾਂ । ੧੪ ਕਿਉਂਕਿ ਜਿਹੜੇ ਅਜਿਹੀਆਂ ਗੱਲਾਂ ਆਖਦੇ ਹਨ ਉਹ ਪਰਗਟ ਕਰਦੇ ਹਨ ਕਿ ਅਸੀਂ ਆਪਣੇ ਵਤਨ ਨੂੰ ਭਾਲਦੇ ਹਾਂ । ੧੫ ਅਤੇ ਜੇ ਉਸ ਦੇਸ ਨੂੰ ਜਿਸ ਤੋਂ ਨਿੱਕਲ ਆਏ ਸਨ ਚੇਤੇ ਰੱਖਦੇ ਤਾਂ ਉਨ੍ਹਾਂ ਕੋਲ ਮੁੜ ਜਾਣ ਦਾ ਮੌਕਾ ਹੁੰਦਾ । ੧੬ ਪਰ ਹੁਣ ਉਹ ਉਸ ਤੋਂ ਉੱਤਮ ਅਰਥਾਤ ਸਵਰਗੀ ਦੇਸ ਨੂੰ ਲੋਚਦੇ ਹਨ । ਇਸ ਕਾਰਨ ਪਰਮੇਸ਼ੁਰ ਉਨ੍ਹਾਂ ਦੀ ਵੱਲੋਂ ਨਹੀਂ ਸ਼ਰਮਾਉਂਦਾ ਜੋ ਉਹਨਾਂ ਦਾ ਪਰਮੇਸ਼ੁਰ ਅਖਵਾਵੇ, ਕਿਉਂ ਜੋ ਉਹ ਨੇ ਉਨ੍ਹਾਂ ਲਈ ਇੱਕ ਨਗਰੀ ਨੂੰ ਤਿਆਰ ਕੀਤਾ ਹੈ ।
੧੭ ਵਿਸ਼ਵਾਸ ਨਾਲ ਹੀ ਅਬਰਾਹਾਮ ਨੇ ਜਦੋਂ ਪਰਖਿਆ ਗਿਆ ਤਾਂ ਇਸਹਾਕ ਨੂੰ ਬਲੀਦਾਨ ਲਈ ਚੜ੍ਹਾਇਆ । ਹਾਂ, ਆਪਣੇ ਇਕਲੌਤੇ ਨੂੰ ਜਿਸ ਨੂੰ ਵਾਇਦੇ ਦਿੱਤੇ ਗਏ ਸਨ ਚੜ੍ਹਾਉਣ ਲੱਗਾ । ੧੮ ਅਤੇ ਜਿਸ ਨੂੰ ਇਹ ਆਖਿਆ ਗਿਆ ਕਿ ਇਸਹਾਕ ਤੋਂ ਤੇਰੀ ਅੰਸ ਅਖਵਾਏਗੀ । ੧੯ ਕਿਉਂ ਜੋ ਉਹ ਨੇ ਵਿਚਾਰ ਕੀਤਾ ਜੋ ਪਰਮੇਸ਼ੁਰ ਮੁਰਦਿਆਂ ਵਿੱਚੋਂ ਵੀ ਜੀ ਉੱਠਾਲਣ ਦੀ ਸਮਰੱਥ ਰੱਖਦਾ ਹੈ ਜਿਨ੍ਹਾਂ ਵਿੱਚੋਂ ਉਹ ਨੇ ਮੰਨੋ ਉਹ ਨੂੰ ਪ੍ਰਾਪਤ ਵੀ ਕਰ ਲਿਆ । ੨੦ ਵਿਸ਼ਵਾਸ ਨਾਲ ਹੀ ਇਸਹਾਕ ਨੇ ਹੋਣ ਵਾਲੀਆਂ ਗੱਲਾਂ ਦੇ ਬਾਰੇ ਵੀ ਯਾਕੂਬ ਅਤੇ ਏਸਾਉ ਨੂੰ ਬਰਕਤ ਦਿੱਤੀ । ੨੧ ਨਾਲ ਯਾਕੂਬ ਨੇ ਮਰਨ ਲੱਗਿਆਂ ਯੂਸੁਫ਼ ਦੇ ਪੁੱਤਰਾਂ ਨੂੰ ਇੱਕ-ਇੱਕ ਕਰਕੇ ਬਰਕਤ ਦਿੱਤੀ ਅਤੇ ਆਪਣੀ ਲਾਠੀ ਦੇ ਸਿਰੇ ਉੱਤੇ ਮੱਥਾ ਟੇਕਿਆ । ੨੨ ਵਿਸ਼ਵਾਸ ਨਾਲ ਯੂਸੁਫ਼ ਨੇ ਆਪਣੇ ਅੰਤ ਦੇ ਸਮੇਂ ਇਸਰਾਏਲੀਆਂ ਦੇ ਮਿਸਰ ਵਿੱਚੋਂ ਕੂਚ ਕਰਨ ਦੀ ਗੱਲ ਕੀਤੀ ਅਤੇ ਆਪਣੀਆਂ ਹੱਡੀਆਂ ਦੇ ਬਾਰੇ ਹੁਕਮ ਦਿੱਤਾ । ੨੩ ਵਿਸ਼ਵਾਸ ਨਾਲ ਜਦੋਂ ਮੂਸਾ ਜੰਮਿਆ ਤਾਂ ਉਹ ਦੇ ਮਾਪਿਆਂ ਨੇ ਉਹ ਨੂੰ ਤਿੰਨਾਂ ਮਹੀਨਿਆਂ ਤੱਕ ਛਿਪਾ ਕੇ ਰੱਖਿਆ ਕਿਉਂ ਜੋ ਉਨ੍ਹਾਂ ਵੇਖਿਆ ਕਿ ਬਾਲਕ ਸੋਹਣਾ ਹੈ ਅਤੇ ਉਹ ਪਾਤਸ਼ਾਹ ਦੇ ਹੁਕਮ ਤੋਂ ਨਾ ਡਰੇ । ੨੪ ਵਿਸ਼ਵਾਸ ਨਾਲ ਮੂਸਾ ਨੇ ਜਦੋਂ ਸਿਆਣਾ ਹੋਇਆ ਤਾਂ ਫ਼ਿਰੌਨ ਦੀ ਧੀ ਦਾ ਪੁੱਤਰ ਅਖਵਾਉਣ ਤੋਂ ਇਨਕਾਰ ਕੀਤਾ । ੨੫ ਕਿਉਂ ਜੋ ਉਹ ਨੇ ਪਾਪ ਦੇ ਭੋਗ - ਬਿਲਾਸ ਨਾਲੋਂ ਜੋ ਥੋੜ੍ਹੇ ਚਿਰ ਲਈ ਹੈ ਪਰਮੇਸ਼ੁਰ ਦੀ ਪਰਜਾ ਨਾਲ ਜ਼ਬਰਦਸਤੀ ਝੱਲਣ ਨੂੰ ਵਧੇਰੇ ਪਸੰਦ ਕੀਤਾ । ੨੬ ਅਤੇ ਉਹ ਨੇ ਵਿਚਾਰ ਕੀਤਾ ਕਿ ਮਸੀਹ ਦੇ ਲਈ ਨਿੰਦਾ ਨੂੰ ਸਹਿ ਲੈਣਾ ਮਿਸਰ ਦੇ ਖ਼ਜ਼ਾਨਿਆਂ ਨਾਲੋਂ ਵੱਡਾ ਧਨ ਹੈ, ਕਿਉਂ ਜੋ ਸਵਰਗੀ ਇਨਾਮ ਵੱਲ ਉਹ ਦਾ ਧਿਆਨ ਸੀ । ੨੭ ਵਿਸ਼ਵਾਸ ਨਾਲ ਉਹ ਨੇ ਪਾਤਸ਼ਾਹ ਦੇ ਕ੍ਰੋਧ ਤੋਂ ਨਾ ਡਰ ਕੇ ਮਿਸਰ ਨੂੰ ਛੱਡ ਦਿੱਤਾ, ਕਿਉਂ ਜੋ ਉਹ ਅਣ-ਦੇਖੇ ਪਰਮੇਸ਼ੁਰ ਨੂੰ ਜਾਣਦੇ ਹੋਏ ਵਿਸ਼ਵਾਸ ਵਿੱਚ ਦ੍ਰਿੜ੍ਹ ਬਣਿਆ ਰਿਹਾ । ੨੮ ਵਿਸ਼ਵਾਸ ਨਾਲ ਉਹ ਨੇ ਪਸਾਹ ਦੇ ਤਿਉਹਾਰ ਨੂੰ ਅਤੇ ਲਹੂ ਛਿੜਕਣ ਦੀ ਵਿਧੀ ਨੂੰ ਮੰਨਿਆ ਤਾਂ ਜੋ ਅਜਿਹਾ ਨਾ ਹੋਵੇ ਕਿ ਪਲੋਠਿਆਂ ਦਾ ਨਾਸ ਕਰਨ ਵਾਲਾ ਉਨ੍ਹਾਂ ਨੂੰ ਹੱਥ ਲਾਵੇ । ੨੯ ਵਿਸ਼ਵਾਸ ਨਾਲ ਉਹ ਲਾਲ ਸਮੁੰਦਰ ਦੇ ਵਿੱਚ ਦੀ ਜਿਵੇਂ ਸੁੱਕੀ ਜ਼ਮੀਨ ਉੱਤੋਂ ਦੀ ਪਾਰ ਲੰਘ ਗਏ, ਪਰ ਜਦੋਂ ਮਿਸਰੀਆਂ ਨੇ ਅਜਿਹਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਡੁੱਬ ਕੇ ਮਰ ਗਏ । ੩੦ ਵਿਸ਼ਵਾਸ ਨਾਲ ਯਰੀਹੋ ਦੀ ਸ਼ਹਿਰ ਪਨਾਹ ਜਦੋਂ ਸੱਤਾਂ ਦਿਨਾਂ ਤੱਕ ਘੇਰੀਂ ਗਈ ਤਾਂ ਡਿੱਗ ਗਈ । ੩੧ ਵਿਸ਼ਵਾਸ ਨਾਲ ਰਹਾਬ ਵੇਸਵਾ ਅਵਿਸ਼ਵਾਸੀਆਂ ਦੇ ਨਾਲ ਨਾਸ ਨਾ ਹੋਈ, ਕਿਉਂ ਜੋ ਉਹ ਨੇ ਖੋਜੀਆਂ ਨੂੰ ਸੁੱਖ ਸ਼ਾਂਤੀ ਨਾਲ ਆਪਣੇ ਘਰ ਉਤਾਰਿਆ ।
੩੨ ਹੁਣ ਮੈਂ ਹੋਰ ਕੀ ਆਖਾਂ ? ਕਿਉਂ ਜੋ ਸਮਾਂ ਨਹੀਂ ਹੈ ਕਿ ਗਿਦੌਨ, ਬਾਰਕ, ਸਮਸੂਨ, ਯਿਫਤਾ, ਦਾਊਦ, ਸਮੂਏਲ ਅਤੇ ਨਬੀਆਂ ਦੇ ਬਾਰੇ ਗੱਲ ਕਰਾਂ । ੩੩ ਜਿਨ੍ਹਾਂ ਨੇ ਵਿਸ਼ਵਾਸ ਦੇ ਰਾਹੀਂ ਪਾਤਸ਼ਾਹੀਆਂ ਦੇ ਉੱਤੇ ਜਿੱਤ ਪ੍ਰਾਪਤ ਕੀਤੀ, ਧਰਮ ਦੇ ਕੰਮ ਕੀਤੇ, ਵਾਇਦਿਆਂ ਨੂੰ ਪ੍ਰਾਪਤ ਕੀਤਾ, ਬੱਬਰ ਸ਼ੇਰਾਂ ਦੇ ਮੂੰਹ ਬੰਦ ਕੀਤੇ, ੩੪ ਅੱਗ ਦੇ ਸੇਕ ਨੂੰ ਠੰਡਿਆਂ ਕੀਤਾ, ਤਲਵਾਰ ਦੀਆਂ ਧਾਰਾਂ ਤੋਂ ਬਚ ਨਿੱਕਲੇ, ਉਹ ਕਮਜ਼ੋਰੀ ਵਿੱਚ ਤਕੜੇ ਹੋਏ, ਯੁੱਧ ਵਿੱਚ ਸੂਰਮੇ ਬਣੇ ਅਤੇ ਓਪਰਿਆਂ ਦੀਆਂ ਫ਼ੌਜਾਂ ਨੂੰ ਭਜਾ ਦਿੱਤਾ । ੩੫ ਇਸਤਰੀਆਂ ਨੇ ਆਪਣਿਆਂ ਮੁਰਦਿਆਂ ਨੂੰ ਫੇਰ ਜੀ ਉੱਠਿਆ ਹੋਇਆਂ ਨੂੰ ਲੱਭਿਆ । ਕਈ ਡਾਂਗਾਂ ਨਾਲ ਜਾਨੋਂ ਮਾਰੇ ਗਏ ਅਤੇ ਛੁਟਕਾਰਾ ਨਾ ਚਾਹਿਆ ਤਾਂ ਜੋ ਹੋਰ ਵੀ ਉੱਤਮ ਕਿਆਮਤ ਨੂੰ ਪ੍ਰਾਪਤ ਕਰਨ । ੩੬ ਅਤੇ ਕਈ ਠੱਠਿਆਂ ਵਿੱਚ ਉਡਾਏ ਜਾਣ, ਕੋਰੜੇ ਖਾਣ ਸਗੋਂ ਜਕੜੇ ਜਾਣ ਅਤੇ ਕੈਦ ਹੋਣ ਦੁਆਰਾ ਪਰਖੇ ਗਏ । ੩੭ ਉਹਨਾਂ ਤੇ ਪਥਰਾਉ ਕੀਤੇ ਗਿਆ, ਆਰਿਆਂ ਨਾਲ ਚੀਰੇ ਗਏ, ਪਰਖੇ ਗਏ, ਤਲਵਾਰਾਂ ਨਾਲ ਵੱਢੇ ਗਏ, ਕੰਗਾਲ ਹੋਏ, ਦੁੱਖੀ ਹੋਏ ਅਤੇ ਜ਼ਬਰਦਸਤੀ ਸਹਿੰਦੇ ਹੋਏ ਭੇਡਾਂ ਅਤੇ ਬੱਕਰਿਆਂ ਦੀਆਂ ਖੱਲਾਂ ਪਹਿਨੇ ਮਾਰੇ ਮਾਰੇ ਫਿਰਦੇ ਰਹੇ, - ੩੮ ਸੰਸਾਰ ਉਹਨਾਂ ਦੇ ਯੋਗ ਨਹੀਂ ਸੀ - ਉਹ ਉਜਾੜਾਂ, ਪਹਾੜਾਂ, ਗੁਫ਼ਾਂਵਾਂ ਅਤੇ ਧਰਤੀ ਦੀਆਂ ਖੁੱਡਾਂ ਵਿੱਚ ਲੁੱਕਦੇ ਫਿਰੇ । ੩੯ ਅਤੇ ਇਹ ਸਾਰੇ ਭਾਵੇਂ ਉਹਨਾਂ ਲਈ ਉਹਨਾਂ ਦੇ ਵਿਸ਼ਵਾਸ ਦੇ ਕਾਰਨ ਗਵਾਹੀ ਦਿੱਤੀ ਗਈ, ਤਾਂ ਵੀ ਵਾਇਦੇ ਨੂੰ ਪ੍ਰਾਪਤ ਨਾ ਹੋਏ । ੪੦ ਕਿਉਂ ਜੋ ਸਾਡੇ ਲਈ ਪਰਮੇਸ਼ੁਰ ਨੇ ਹੋਰ ਵੀ ਇੱਕ ਚੰਗੀ ਗੱਲ ਪਹਿਲਾਂ ਸੋਚ ਰੱਖੀ ਸੀ ਕਿ ਉਹ ਸਾਡੇ ਤੋਂ ਬਿਨ੍ਹਾਂ ਸਿੱਧ ਨਾ ਹੋਣ ।