੭
ਮਲਕਿਸਿਦਕ ਜਾਜਕ
੧ ਅਤੇ ਇਹ ਮਲਕਿਸਿਦਕ ਸਾਲੇਮ ਦਾ ਰਾਜਾ ਅਤੇ ਅੱਤ ਮਹਾਨ ਪਰਮੇਸ਼ੁਰ ਦਾ ਜਾਜਕ ਜਿਹੜਾ ਅਬਰਾਹਾਮ ਨੂੰ ਜਿਸ ਵੇਲੇ ਉਹ ਰਾਜਿਆਂ ਨੂੰ ਵੱਢ ਕੇ ਮੁੜਿਆ ਆਉਂਦਾ ਸੀ ਆ ਮਿਲਿਆ ਅਤੇ ਉਹ ਨੂੰ ਬਰਕਤ ਦਿੱਤੀ । ੨ ਜਿਸ ਨੂੰ ਅਬਰਾਹਾਮ ਨੇ ਸਭਨਾਂ ਵਸਤਾਂ ਦਾ ਦਸਵੰਧ ਵੀ ਦਿੱਤਾ ਉਹ ਪਹਿਲਾਂ ਆਪਣੇ ਨਾਮ ਦੇ ਅਨੁਸਾਰ ਧਰਮ ਦਾ ਰਾਜਾ ਅਤੇ ਫੇਰ ਸਾਲੇਮ ਦਾ ਰਾਜਾ ਵੀ ਅਰਥਾਤ ਸ਼ਾਂਤੀ ਦਾ ਰਾਜਾ । ੩ ਜਿਸ ਦਾ ਨਾ ਪਿਤਾ ਨਾ ਮਾਤਾ ਨਾ ਕੁੱਲਪੱਤ੍ਰੀ ਹੈ, ਜਿਸ ਦੇ ਨਾ ਦਿਨਾਂ ਦਾ ਆਦ ਅਤੇ ਨਾ ਜੀਵਨ ਦਾ ਅੰਤ ਹੈ ਪਰੰਤੂ ਪਰਮੇਸ਼ੁਰ ਦੇ ਪੁੱਤਰ ਦੇ ਸਮਾਨ ਕੀਤਾ ਹੋਇਆ ਸਦਾ ਜਾਜਕ ਬਣਿਆ ਰਹਿੰਦਾ ਹੈ ।
੪ ਹੁਣ ਧਿਆਨ ਕਰੋ ਕਿ ਇਹ ਕਿੰਨ੍ਹਾਂ ਮਹਾਨ ਸੀ ਜਿਸ ਨੂੰ ਘਰਾਣੇ ਦੇ ਹਾਕਮ ਅਬਰਾਹਾਮ ਨੇ ਲੁੱਟ ਦੇ ਮਾਲ ਵਿੱਚੋਂ ਸਭ ਤੋਂ ਚੰਗੀਆਂ ਵਸਤਾਂ ਦਾ ਦਸਵੰਧ ਦਿੱਤਾ । ੫ ਅਤੇ ਲੇਵੀ ਦੀ ਸੰਤਾਨ ਵਿੱਚੋਂ ਜਿਨ੍ਹਾਂ ਨੂੰ ਜਾਜਕਾਂ ਦੀ ਪਦਵੀ ਮਿਲਦੀ ਹੈ, ਉਨ੍ਹਾਂ ਨੂੰ ਉਸ ਪਰਜਾ ਤੋਂ ਅਰਥਾਤ ਆਪਣਿਆਂ ਭਰਾਵਾਂ ਤੋਂ ਭਾਵੇਂ ਉਹ ਅਬਰਾਹਾਮ ਦੀ ਅੰਸ ਵਿੱਚੋਂ ਹਨ ਬਿਵਸਥਾ ਦੇ ਅਨੁਸਾਰ ਦਸਵੰਧ ਲੈਣ ਦਾ ਹੁਕਮ ਹੈ । ੬ ਪਰ ਜਿਸ ਦੀ ਕੁੱਲਪੱਤ੍ਰੀ ਉਨ੍ਹਾਂ ਨਾਲ ਰਲਦੀ ਨਹੀਂ ਸੀ ਉਹ ਨੇ ਅਬਰਾਹਾਮ ਤੋਂ ਦਸਵੰਧ ਲਿਆ ਅਤੇ ਉਹ ਨੂੰ ਬਰਕਤ ਦਿੱਤੀ ਜਿਸ ਨੂੰ ਵਾਇਦੇ ਦਿੱਤੇ ਹੋਏ ਸਨ । ੭ ਪਰ ਕੋਈ ਸ਼ੱਕ ਨਹੀਂ ਭਈ ਛੋਟੇ ਨੂੰ ਵੱਡੇ ਤੋਂ ਬਰਕਤ ਮਿਲਦੀ ਹੈ । ੮ ਅਤੇ ਇੱਥੇ ਮਰਨ ਵਾਲੇ ਮਨੁੱਖ ਦਸਵੰਧ ਲੈਂਦੇ ਹਨ ਪਰ ਉੱਥੇ ਉਹ ਲੈਂਦਾ ਹੈ ਜਿਸ ਦੇ ਵਿਖੇ ਇਹ ਗਵਾਹੀ ਦਿੱਤੀ ਜਾਂਦੀ ਹੈ ਭਈ ਉਹ ਜਿਉਂਦਾ ਹੈ । ੯ ਸੋ ਇਹ ਆਖ ਸਕਦੇ ਹਾਂ ਜੋ ਲੇਵੀ ਨੇ ਵੀ ਜਿਹੜਾ ਦਸਵੰਧ ਲੈਂਦਾ ਹੈ ਅਬਰਾਹਾਮ ਦੇ ਰਾਹੀਂ ਦਸਵੰਧ ਦਿੱਤਾ । ੧੦ ਕਿਉਂ ਜੋ ਉਹ ਅਜੇ ਆਪਣੇ ਪਿਤਾ ਦੇ ਸਰੀਰ ਵਿੱਚ ਸੀ ਜਿਸ ਵੇਲੇ ਮਲਕਿਸਿਦਕ ਉਹ ਨੂੰ ਆ ਮਿਲਿਆ ।
ਮਲਕਿਸਿਦਕ ਦੇ ਵਰਗਾ ਦੂਸਰਾ ਜਾਜਕ
੧੧ ਸੋ ਜੇ ਲੇਵੀ ਵਾਲੀ ਜਾਜਕਾਈ ਨਾਲ ਜਿਸ ਦੇ ਹੁੰਦਿਆਂ ਕੌਮਾਂ ਨੂੰ ਬਿਵਸਥਾ ਮਿਲੀ ਸੀ ਸੰਪੂਰਨਤਾਈ ਪ੍ਰਾਪਤ ਹੁੰਦੀ, ਤਾਂ ਫਿਰ ਕੀ ਲੋੜ ਸੀ ਜੋ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ ਕੋਈ ਹੋਰ ਜਾਜਕ ਉੱਠਦਾ ਅਤੇ ਹਾਰੂਨ ਦੀ ਪਦਵੀ ਦੇ ਅਨੁਸਾਰ ਨਾ ਗਿਣਿਆ ਜਾਂਦਾ ? ੧੨ ਕਿਉਂਕਿ ਜਦੋਂ ਜਾਜਕਾਈ ਬਦਲੀ ਗਈ ਤਾਂ ਬਿਵਸਥਾ ਦਾ ਵੀ ਬਦਲਣਾ ਜ਼ਰੂਰੀ ਹੈ । ੧੩ ਕਿਉਂਕਿ ਜਿਸ ਦੇ ਬਾਰੇ ਇਹ ਗੱਲਾਂ ਕਹੀਆਂ ਜਾਂਦੀਆਂ ਹਨ, ਉਹ ਕਿਸੇ ਹੋਰ ਗੋਤ ਦਾ ਹੈ ਜਿਹਨਾਂ ਵਿੱਚੋਂ ਕਿਸੇ ਨੇ ਜਗਵੇਦੀ ਦੇ ਅੱਗੇ ਸੇਵਾ ਨਹੀਂ ਕੀਤੀ । ੧੪ ਕਿਉਂ ਜੋ ਇਹ ਪਰਗਟ ਹੈ ਕਿ ਸਾਡਾ ਪ੍ਰਭੂ ਯਹੂਦਾਹ ਵਿੱਚੋਂ ਨਿੱਕਲਿਆ ਜਿਸ ਗੋਤ ਲਈ ਮੂਸਾ ਨੇ ਜਾਜਕਾਂ ਦੇ ਬਾਰੇ ਕੁੱਝ ਨਹੀਂ ਆਖਿਆ । ੧੫ ਅਤੇ ਜਦੋਂ ਮਲਕਿਸਿਦਕ ਦੇ ਸਮਾਨ ਇੱਕ ਹੋਰ ਜਾਜਕ ਉੱਠਿਆ ਹੈ ੧੬ ਇਹ ਜਾਜਕ ਸਰੀਰ ਦੇ ਸੰਬੰਧੀ ਹੁਕਮ ਦੇ ਅਨੁਸਾਰ ਨਹੀਂ ਪਰ ਅਵਿਨਾਸ਼ੀ ਜੀਵਨ ਦੀ ਸਮਰੱਥਾ ਦੇ ਅਨੁਸਾਰ ਬਣਿਆ ਹੈ ਤਾਂ ਸਾਡਾ ਆਖਣਾ ਹੋਰ ਵੀ ਸਾਫ਼ ਹੁੰਦਾ ਹੈ । ੧੭ ਕਿਉਂ ਜੋ ਇਹ ਗਵਾਹੀ ਦਿੱਤੀ ਹੋਈ ਹੈ, ਤੂੰ ਮਲਕਿਸਿਦਕ ਦੀ ਪਦਵੀ ਦੇ ਅਨੁਸਾਰ, ਸਦਾ ਤੱਕ ਦਾ ਜਾਜਕ ਹੈਂ । ੧੮ ਪਹਿਲਾ ਹੁਕਮ ਕਮਜ਼ੋਰ ਅਤੇ ਨਿਸਫਲ ਹੋਣ ਕਰਕੇ ਰੱਦੀ ਹੋ ਜਾਂਦਾ ਹੈ । ੧੯ ਕਿਉਂਕਿ ਬਿਵਸਥਾ ਨੇ ਕੁੱਝ ਵੀ ਸੰਪੂਰਨ ਨਹੀਂ ਕੀਤਾ, ਅਤੇ ਉਹ ਦੇ ਥਾਂ ਉਸ ਨਾਲੋਂ ਇੱਕ ਚੰਗੀ ਆਸ ਰੱਖੀ ਪਈ ਹੈ ਜਿਸ ਦੇ ਰਾਹੀਂ ਅਸੀਂ ਪਰਮੇਸ਼ੁਰ ਦੇ ਨੇੜੇ ਪਹੁੰਚਦੇ ਹਾਂ । ੨੦ ਅਤੇ ਮਸੀਹ ਦੀ ਨਿਯੁਕਤੀ ਬਿਨ੍ਹਾਂ ਸਹੁੰ ਖਾਧੇ ਨਹੀਂ ਹੋਈ ੨੧ ਕਿਉਂ ਜੋ ਉਹ ਬਿਨ੍ਹਾਂ ਸਹੁੰ ਖਾਧੇ ਜਾਜਕ ਬਣੇ ਹਨ ਪਰ ਇਹ ਸਹੁੰ ਖਾਣ ਨਾਲ ਉਸ ਤੋਂ ਬਣਿਆ ਜਿਸ ਨੇ ਉਸ ਨੂੰ ਆਖਿਆ, - ੨੨ ਪ੍ਰਭੂ ਨੇ ਸਹੁੰ ਖਾਧੀ, ਅਤੇ ਉਹ ਨਹੀਂ ਬਦਲੇਗਾ, ਤੂੰ ਸਦਾ ਤੱਕ ਦਾ ਜਾਜਕ ਹੈਂ । ਜੋ ਯਿਸੂ ਇੱਕ ਹੋਰ ਵੀ ਉੱਤਮ ਨੇਮ ਦਾ ਜ਼ਾਮਨ ਬਣਿਆ । ੨੩ ਪਹਿਲੇ ਸਮੇਂ ਵਿੱਚ ਬਹੁਤ ਸਾਰੀ ਸੰਖਿਆ ਵਿੱਚ ਜਾਜਕ ਬਣੇ ਸਨ ਕਿਉਂਕਿ ਮੌਤ ਨੇ ਉਨ੍ਹਾਂ ਨੂੰ ਟਿਕਣ ਨਾ ਦਿੱਤਾ । ੨੪ ਪਰ ਇਹ ਸਦਾ ਤੱਕ ਰਹਿੰਦਾ ਹੈ ਇਸ ਕਰਕੇ ਇਹ ਦੀ ਜਾਜਕਾਈ ਅਟੱਲ ਹੈ । ੨੫ ਇਸ ਲਈ ਉਹ ਉਨ੍ਹਾਂ ਦਾ ਜਿਹੜੇ ਉਹ ਦੇ ਰਾਹੀਂ ਪਰਮੇਸ਼ੁਰ ਦੇ ਕੋਲ ਆਉਂਦੇ ਹਨ, ਪੂਰਾ ਛੁਟਕਾਰਾ ਕਰ ਸਕਦਾ ਹੈ ਕਿਉਂ ਜੋ ਉਹ ਉਨ੍ਹਾਂ ਦੀ ਸਿਫ਼ਾਰਸ਼ ਕਰਨ ਨੂੰ ਸਦਾ ਜਿਉਂਦਾ ਹੈ । ੨੬ ਇਹੋ ਜਿਹਾ ਪ੍ਰਧਾਨ ਜਾਜਕ ਸਾਡੇ ਲਈ ਫੱਬਦਾ ਸੀ ਜਿਹੜਾ ਪਵਿੱਤਰ, ਨਿਰਦੋਸ਼, ਨਿਰਮਲ, ਪਾਪੀਆਂ ਤੋਂ ਨਿਆਰਾ ਅਤੇ ਅਕਾਸ਼ਾਂ ਤੋਂ ਉੱਚਾ ਕੀਤਾ ਹੋਇਆ ਹੋਵੇ । ੨੭ ਜਿਸ ਨੂੰ ਉਨ੍ਹਾਂ ਪ੍ਰਧਾਨ ਜਾਜਕਾਂ ਵਾਂਗੂੰ ਲੋੜ ਨਹੀਂ ਕਿ ਪਹਿਲਾਂ ਆਪਣਿਆਂ ਅਤੇ ਫਿਰ ਪਰਜਾ ਦੇ ਪਾਪਾਂ ਲਈ ਬਲੀਦਾਨ ਹਰ ਰੋਜ਼ ਚੜ੍ਹਾਇਆ ਕਰੇ, ਕਿਉਂਕਿ ਉਹ ਨੇ ਆਪਣੇ ਆਪ ਨੂੰ ਬਲੀਦਾਨ ਕਰਕੇ ਚੜਾਉਣ ਦੁਆਰਾ ਇੱਕੋ ਵਾਰ ਇਹ ਕਰ ਦਿੱਤਾ । ੨੮ ਬਿਵਸਥਾ ਤਾਂ ਮਨੁੱਖਾਂ ਨੂੰ ਜਿਹੜੇ ਕਮਜ਼ੋਰ ਹਨ ਪ੍ਰਧਾਨ ਜਾਜਕ ਠਹਿਰਾਉਂਦੀ ਹੈ ਪਰ ਸਹੁੰ ਦਾ ਬਚਨ ਜਿਹੜਾ ਬਿਵਸਥਾ ਦੇ ਬਾਅਦ ਹੋਇਆ ਸੀ ਪੁੱਤਰ ਨੂੰ ਜੋ ਸਦਾ ਤੱਕ ਸਿੱਧ ਕੀਤਾ ਹੋਇਆ ਹੈ, ਪਰਧਾਨ ਜਾਜਕ ਠਹਿਰਾਉਂਦਾ ਹੈ ।