੨੩
ਸਾਰਾਹ ਦੀ ਮੌਤ ਅਤੇ ਦਫ਼ਨਾਇਆ ਜਾਣਾ
੧ ਸਾਰਾਹ ਦੀ ਉਮਰ ਇੱਕ ਸੌ ਸਤਾਈ ਸਾਲਾਂ ਦੀ ਹੋਈ, ੨ ਜਦ ਸਾਰਾਹ ਦੀ ਐਨੀ ਉਮਰ ਹੋ ਗਈ ਤਾਂ ਉਹ ਕਿਰਯਤ-ਅਰਬਾ ਅਰਥਾਤ ਹਬਰੋਨ ਵਿੱਚ ਮਰ ਗਈ, ਜਿਹੜਾ ਕਨਾਨ ਦੇਸ਼ ਵਿੱਚ ਹੈ । ਇਸ ਲਈ ਅਬਰਾਹਾਮ ਸਾਰਾਹ ਲਈ ਰੋਣ ਪਿੱਟਣ ਲਈ ਆਇਆ । ੩ ਫੇਰ ਅਬਰਾਹਾਮ ਆਪਣੇ ਮੁਰਦੇ ਦੇ ਅੱਗਿਓਂ ਉੱਠ ਕੇ ਹੇਤ ਦੇ ਪੁੱਤਰਾਂ ਨੂੰ ਆਖਣ ਲੱਗਾ, ੪ ਮੈਂ ਪਰਦੇਸੀ ਅਤੇ ਤੁਹਾਡੇ ਵਿੱਚ ਅਜਨਬੀ ਹਾਂ । ਤੁਸੀਂ ਆਪਣੇ ਵਿੱਚ ਇੱਕ ਕਬਰਿਸਤਾਨ ਮੇਰੀ ਵਿਰਾਸਤ ਕਰ ਦਿਓ ਤਾਂ ਜੋ ਮੈਂ ਆਪਣਾ ਮੁਰਦਾ ਦੱਬ ਦਿਆਂ । ੫ ਹੇਤ ਦੇ ਪੁੱਤਰਾਂ ਨੇ ਅਬਰਾਹਾਮ ਨੂੰ ਉੱਤਰ ਦਿੱਤਾ, ੬ ਪ੍ਰਭੂ ਜੀ, ਸਾਡੀ ਸੁਣੋ । ਸਾਡੇ ਵਿੱਚ ਤੁਸੀਂ ਪਰਮੇਸ਼ੁਰ ਦੇ ਸ਼ਹਿਜਾਦੇ ਹੋ । ਆਪਣੇ ਮੁਰਦੇ ਨੂੰ ਸਾਡੀਆਂ ਕਬਰਾਂ ਵਿੱਚੋਂ ਸਭ ਤੋਂ ਚੰਗੀ ਕਬਰ ਵਿੱਚ ਦੱਬ ਦਿਓ । ਤੁਹਾਡੇ ਮੁਰਦੇ ਨੂੰ ਦੱਬਣ ਲਈ ਸਾਡੇ ਵਿੱਚੋਂ ਕੋਈ ਵੀ ਆਪਣੀ ਕਬਰ ਲੈਣ ਤੋਂ ਤੁਹਾਨੂੰ ਨਹੀਂ ਰੋਕੇਗਾ । ੭ ਤਦ ਅਬਰਾਹਾਮ ਉੱਠਿਆ ਅਤੇ ਉਸ ਦੇਸ਼ ਦੇ ਲੋਕਾਂ ਅਰਥਾਤ ਹੇਤ ਦੇ ਪੁੱਤਰਾਂ ਦੇ ਅੱਗੇ ਝੁੱਕਿਆ, ੮ ਅਤੇ ਉਨ੍ਹਾਂ ਨੂੰ ਕਿਹਾ ਕਿ ਜੇ ਤੁਹਾਡੀ ਮਰਜ਼ੀ ਹੋਵੇ ਕਿ ਮੈਂ ਆਪਣੇ ਮੁਰਦੇ ਨੂੰ ਆਪਣੇ ਅੱਗੋਂ ਦੱਬ ਦੇਵਾਂ ਤਾਂ ਮੇਰੀ ਅਰਜ਼ ਸੁਣੋ ਅਤੇ ਸੋਹਰ ਦੇ ਪੁੱਤਰ ਅਫ਼ਰੋਨ ਦੇ ਅੱਗੇ ਮੇਰੇ ਲਈ ਬੇਨਤੀ ਕਰੋ ੯ ਤਾਂ ਜੋ ਉਹ ਮੈਨੂੰ ਮਕਫ਼ੇਲਾਹ ਦੀ ਗੁਫ਼ਾ ਦੇਵੇ, ਜਿਹੜੀ ਉਸ ਦੇ ਖੇਤ ਦੇ ਬੰਨੇ ਨਾਲ ਹੈ । ਉਹ ਉਸ ਦਾ ਪੂਰਾ ਮੁੱਲ ਤੁਹਾਡੇ ਸਨਮੁਖ ਲੈ ਲਵੇ ਤਾਂ ਜੋ ਉਹ ਕਬਰਿਸਤਾਨ ਮੇਰੀ ਨਿੱਜ ਭੂਮੀ ਹੋਵੇ । ੧੦ ਅਫ਼ਰੋਨ ਹੇਤ ਦੇ ਪੁੱਤਰਾਂ ਦੇ ਵਿਚਕਾਰ ਬੈਠਾ ਹੋਇਆ ਸੀ, ਇਸ ਲਈ ਜਿੰਨ੍ਹੇ ਹਿੱਤੀ ਉਸ ਨਗਰ ਦੇ ਫਾਟਕ ਤੋਂ ਲੰਘਦੇ ਸਨ ਉਹਨਾਂ ਸਾਰਿਆਂ ਦੇ ਅੱਗੇ ਅਬਰਾਹਾਮ ਨੂੰ ਉੱਤਰ ਦਿੱਤਾ, ੧੧ ਨਹੀਂ, ਮੇਰੇ ਪ੍ਰਭੂ ਜੀ, ਮੇਰੀ ਸੁਣੋ । ਮੈਂ ਇਹ ਖੇਤ ਤੁਹਾਨੂੰ ਦਿੰਦਾ ਹਾਂ ਅਤੇ ਇਹ ਗੁਫ਼ਾ ਵੀ ਜਿਹੜੀ ਉਹ ਦੇ ਵਿੱਚ ਹੈ । ਮੈਂ ਆਪਣੀ ਕੌਮ ਦੇ ਪੁੱਤਰਾਂ ਦੇ ਸਾਹਮਣੇ ਤੁਹਾਨੂੰ ਦਿੰਦਾ ਹਾਂ । ਤੁਸੀਂ ਆਪਣੇ ਮੁਰਦੇ ਨੂੰ ਉੱਥੇ ਦੱਬ ਦਿਓ । ੧੨ ਫੇਰ ਅਬਰਾਹਾਮ ਉਸ ਦੇਸ਼ ਦੇ ਲੋਕਾਂ ਦੇ ਸਨਮੁਖ ਝੁਕਿਆ ੧੩ ਅਤੇ ਉਸ ਦੇਸ਼ ਦੇ ਲੋਕਾਂ ਦੇ ਸੁਣਦੇ ਹੋਏ ਅਫ਼ਰੋਨ ਨੂੰ ਆਖਿਆ, ਜੇਕਰ ਤੂੰ ਅਜਿਹਾ ਚਾਹੁੰਦਾ ਹੈ ਤਦ ਮੇਰੀ ਸੁਣ, ਮੈਂ ਉਸ ਖੇਤ ਦਾ ਮੁੱਲ ਦਿੰਦਾ ਹਾਂ । ਉਹ ਮੇਰੀ ਵੱਲੋਂ ਲੈ ਤਾਂ ਜੋ ਮੈਂ ਆਪਣੇ ਮੁਰਦੇ ਨੂੰ ਉੱਥੇ ਦੱਬਾਂ । ੧੪ ਅਫ਼ਰੋਨ ਨੇ ਇਹ ਆਖ ਕੇ ਅਬਰਾਹਾਮ ਨੂੰ ਉੱਤਰ ਦਿੱਤਾ, ੧੫ ਪ੍ਰਭੂ ਜੀ, ਮੇਰੀ ਸੁਣੋ ਇਸ ਜ਼ਮੀਨ ਦਾ ਮੁੱਲ, ਜੋ ਚਾਰ ਸੌ ਚਾਂਦੀ ਦੇ ਸਿੱਕੇ ਹੈ ਪਰ ਇਹ ਸਾਡੇ ਵਿੱਚਕਾਰ ਕੀ ਹੈ ? ਆਪਣੇ ਮੁਰਦੇ ਨੂੰ ਦੱਬ ਦਿਓ । ੧੬ ਅਬਰਾਹਾਮ ਨੇ ਅਫ਼ਰੋਨ ਦੀ ਗੱਲ ਮੰਨ ਲਈ ਅਤੇ ਅਬਰਾਹਾਮ ਨੇ ਚਾਂਦੀ ਦੇ ਚਾਰ ਸੌ ਸਿੱਕੇ ਜੋ ਵਪਾਰੀਆਂ ਵਿੱਚ ਚਲਦੇ ਸਨ, ਜਿਹੜਾ ਉਹ ਨੇ ਹਿੱਤੀਆਂ ਦੇ ਸੁਣਦੇ ਹੋਏ ਬੋਲਿਆ ਸੀ, ਅਫ਼ਰੋਨ ਲਈ ਤੋਲ ਦਿੱਤਾ । ੧੭ ਇਸ ਤਰ੍ਹਾਂ ਮਕਫ਼ੇਲਾਹ ਵਾਲਾ ਅਫ਼ਰੋਨ ਦਾ ਖੇਤ, ਜਿਹੜਾ ਮਮਰੇ ਦੇ ਸਾਹਮਣੇ ਹੈ ਅਤੇ ਖੇਤ ਦੇ ਵਿੱਚ ਦੀ ਗੁਫ਼ਾ ਅਤੇ ਸਾਰੇ ਰੁੱਖ ਜਿਹੜੇ ਖੇਤ ਵਿੱਚ ਅਤੇ ਜੋ ਉਸ ਦੇ ਬੰਨਿਆਂ ਦੇ ਉੱਤੇ ਸਨ, ੧੮ ਹਿੱਤੀਆਂ ਦੇ ਅਤੇ ਉਨ੍ਹਾਂ ਸਾਰਿਆਂ ਦੇ ਸਨਮੁਖ ਜਿਹੜੇ ਉਸ ਨਗਰ ਦੇ ਫਾਟਕ ਵਿੱਚੋਂ ਦੀ ਲੰਘਦੇ ਸਨ, ਇਹ ਅਬਰਾਹਾਮ ਦੀ ਨਿੱਜ ਭੂਮੀ ਹੋ ਗਈ । ੧੯ ਇਸ ਦੇ ਮਗਰੋਂ ਅਬਰਾਹਾਮ ਨੇ ਆਪਣੀ ਪਤਨੀ ਸਾਰਾਹ ਨੂੰ ਮਕਫ਼ੇਲਾਹ ਦੇ ਖੇਤ ਦੀ ਗੁਫ਼ਾ ਵਿੱਚ ਜਿਹੜੀ ਮਮਰੇ ਦੇ ਸਾਹਮਣੇ ਹੈ ਅਰਥਾਤ ਕਨਾਨ ਦੇਸ਼ ਦੇ ਹਬਰੋਨ ਵਿੱਚ ਦੱਬ ਦਿੱਤਾ । ੨੦ ਇਸ ਤਰ੍ਹਾਂ ਉਹ ਖੇਤ ਅਤੇ ਉਹ ਦੇ ਵਿਚਲੀ ਗੁਫ਼ਾ, ਹੇਤ ਦੇ ਪੁੱਤਰਾਂ ਤੋਂ ਕਬਰਿਸਤਾਨ ਲਈ ਅਬਰਾਹਾਮ ਦੀ ਨਿੱਜ ਭੂਮੀ ਹੋ ਗਈ ।