੨੧
ਪਰਮੇਸ਼ੁਰ ਦੀ ਤਲਵਾਰ
੧ ਫੇਰ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ੨ ਹੇ ਮਨੁੱਖ ਦੇ ਪੁੱਤਰ, ਯਰੂਸ਼ਲਮ ਵੱਲ ਆਪਣਾ ਮੂੰਹ ਕਰ ਅਤੇ ਪਵਿੱਤਰ ਸਥਾਨਾਂ ਦੇ ਵਿਰੁੱਧ ਬੋਲ ਅਤੇ ਇਸਰਾਏਲ ਦੀ ਭੂਮੀ ਦੇ ਵਿਰੁੱਧ ਭਵਿੱਖਬਾਣੀ ਕਰ । ੩ ਇਸਰਾਏਲ ਦੀ ਭੂਮੀ ਨੂੰ ਆਖ, ਯਹੋਵਾਹ ਇਹ ਆਖਦਾ ਹੈ, ਵੇਖ, ਮੈਂ ਤੇਰਾ ਵਿਰੋਧੀ ਹਾਂ ਅਤੇ ਆਪਣੀ ਤਲਵਾਰ ਮਿਆਨ ਵਿੱਚੋਂ ਕੱਢ ਲਵਾਂਗਾ ਅਤੇ ਤੇਰੇ ਧਰਮੀ ਤੇ ਦੁਸ਼ਟ ਨੂੰ ਤੇਰੇ ਵਿੱਚੋਂ ਕੱਢ ਸੁੱਟਾਂਗਾ । ੪ ਕਿਉਂ ਜੋ ਮੈਂ ਤੇਰੇ ਵਿੱਚੋਂ ਧਰਮੀ ਅਤੇ ਦੁਸ਼ਟ ਨੂੰ ਵੱਢ ਸੁੱਟਾਂਗਾ, ਇਸ ਲਈ ਮੇਰੀ ਤਲਵਾਰ ਆਪਣੇ ਮਿਆਨ ਵਿੱਚੋਂ ਨਿੱਕਲ ਕੇ ਦੱਖਣ ਤੋਂ ਉੱਤਰ ਤੱਕ ਸਾਰੇ ਪ੍ਰਾਣੀਆਂ ਉੱਤੇ ਚੱਲੇਗੀ । ੫ ਸਾਰੇ ਪ੍ਰਾਣੀ ਜਾਣਨਗੇ ਕਿ ਮੈਂ ਯਹੋਵਾਹ ਨੇ ਆਪਣੀ ਤਲਵਾਰ ਮਿਆਨ ਵਿੱਚੋਂ ਖਿੱਚੀ ਹੈ, ਉਹ ਮੁੜ ਉਸ ਵਿੱਚ ਨਾ ਜਾਵੇਗੀ । ੬ ਹੇ ਮਨੁੱਖ ਦੇ ਪੁੱਤਰ, ਤੂੰ ਆਪਣਾ ਲੱਕ ਟੁੱਟ ਜਾਣ ਕਰਕੇ ਹੌਕੇ ਭਰ ਅਤੇ ਕੁੜੱਤਣ ਵਿੱਚ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਠੰਡੇ ਸਾਹ ਲੈ । ੭ ਇਹ ਹੋਵੇਗਾ ਕਿ ਜਦੋਂ ਉਹ ਤੈਨੂੰ ਆਖਣ ਕਿ ਤੂੰ ਕਿਉਂ ਹਾਏ, ਹਾਏ ਕਰਦਾ ਹੈਂ ? ਤਾਂ ਤੂੰ ਆਖੀਂ ਕਿ ਉਸ ਅਫ਼ਵਾਹ ਦੇ ਆਉਣ ਦੇ ਕਾਰਨ ਕਿ ਹਰ ਇੱਕ ਦਿਲ ਪੰਘਰ ਜਾਵੇਗਾ, ਸਾਰੇ ਹੱਥ ਨਿਰਬਲ ਹੋ ਜਾਣਗੇ, ਹਰ ਇੱਕ ਆਤਮਾ ਕਮਜ਼ੋਰ ਹੋ ਜਾਵੇਗਾ ਅਤੇ ਸਾਰੇ ਗੋਡੇ ਪਾਣੀ ਵਰਗੇ ਢਿੱਲੇ ਹੋ ਜਾਣਗੇ । ਵੇਖੋ, ਪ੍ਰਭੂ ਯਹੋਵਾਹ ਦਾ ਵਾਕ ਹੈ, ਇਹ ਆਉਂਦਾ ਹੈ ਅਤੇ ਹੋ ਜਾਵੇਗਾ । ੮ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ੯ ਹੇ ਮਨੁੱਖ ਦੇ ਪੁੱਤਰ, ਭਵਿੱਖਬਾਣੀ ਕਰ ਅਤੇ ਤੂੰ ਆਖ, ਪ੍ਰਭੂ ਯਹੋਵਾਹ ਇਹ ਆਖਦਾ ਹੈ, ਆਖ, ਤਲਵਾਰ ਸਗੋਂ ਤੇਜ਼ ਅਤੇ ਲਿਸ਼ਕਾਈ ਹੋਈ ਤਲਵਾਰ ਹੈ ! ੧੦ ਇਹ ਇਸ ਲਈ ਤਿੱਖੀ ਕੀਤੀ ਗਈ ਹੈ ਤਾਂ ਜੋ ਉਹ ਦੇ ਨਾਲ ਵੱਢਿਆ ਜਾਵੇ । ਉਹ ਲਿਸ਼ਕਾਈ ਗਈ ਹੈ, ਤਾਂ ਜੋ ਉਹ ਬਿਜਲੀ ਵਾਂਗੂੰ ਲਿਸ਼ਕੇ । ਫੇਰ ਕੀ ਅਸੀਂ ਖੁਸ਼ ਹੋ ਸਕਦੇ ਹਾਂ ? ਮੇਰੇ ਪੁੱਤਰਾਂ ਦਾ ਆੱਸਾ ਸਾਰਿਆਂ ਰੁੱਖਾਂ ਨੂੰ ਤੁੱਛ ਸਮਝਦਾ ਹੈ । ੧੧ ਉਹ ਨੇ ਉਸ ਨੂੰ ਲਿਸ਼ਕਾਉਣ ਲਈ ਦਿੱਤਾ ਹੈ, ਤਾਂ ਜੋ ਹੱਥ ਵਿੱਚ ਫੜੀ ਜਾਵੇ । ਉਹ ਤਿੱਖੀ ਕੀਤੀ ਗਈ ਅਤੇ ਲਿਸ਼ਕਾਈ ਗਈ, ਤਾਂ ਜੋ ਉਹ ਵੱਢਣ ਵਾਲੇ ਦੇ ਹੱਥ ਵਿੱਚ ਦਿੱਤੀ ਜਾਵੇ । ੧੨ ਹੇ ਮਨੁੱਖ ਦੇ ਪੁੱਤਰ, ਤੂੰ ਦੁਹਾਈ ਦੇ ਅਤੇ ਧਾਹਾਂ ਮਾਰ, ਕਿਉਂ ਜੋ ਉਹ ਮੇਰੀ ਪਰਜਾ ਵਿੱਚ ਚੱਲੇਗੀ । ਉਹ ਇਸਰਾਏਲ ਦੇ ਸਾਰੇ ਪ੍ਰਧਾਨਾਂ ਤੇ ਚੱਲੇਗੀ । ਉਹ ਮੇਰੀ ਪਰਜਾ ਸਮੇਤ ਤਲਵਾਰ ਦੇ ਹਵਾਲੇ ਕੀਤੇ ਗਏ ਹਨ, ਇਸ ਲਈ ਤੂੰ ਆਪਣੇ ਪੱਟ ਤੇ ਹੱਥ ਮਾਰ, ੧੩ ਕਿਉਂਕਿ ਪਰਤਾਵਾ ਹੋ ਗਿਆ ਅਤੇ ਕੀ ਹੋਵੇਗਾ ਜੇ ਆੱਸਾ ਤੁੱਛ ਜਾਣੇ ਅਤੇ ਫੇਰ ਨਾ ਹੋਵੇ ? ਪ੍ਰਭੂ ਯਹੋਵਾਹ ਦਾ ਵਾਕ ਹੈ । ੧੪ ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰ, ਤਾੜੀ ਵਜਾ ਅਤੇ ਤਲਵਾਰ ਦਾ ਬਲ ਤੀਜੀ ਵਾਰ ਦੁੱਗਣਾ ਹੋ ਜਾਵੇ, ਵੱਢਿਆਂ ਹੋਇਆਂ ਦੀ ਤਲਵਾਰ ! ਇਹ ਤਲਵਾਰ ਹੈ ਜਿਸ ਤੋਂ ਕੋਠੜੀਆਂ ਵਿੱਚ ਵੀ ਕੋਈ ਨਹੀਂ ਬਚ ਸਕਦਾ ਹੈ, ਜਿਹੜੀ ਉਹਨਾਂ ਨੂੰ ਘੇਰਦੀ ਹੈ । ੧੫ ਮੈਂ ਇਹ ਤਲਵਾਰ ਉਹਨਾਂ ਦੇ ਸਾਰੇ ਫਾਟਕਾਂ ਦੇ ਵਿਰੁੱਧ ਦਿਲ ਪਿਘਲਾਉਣ ਲਈ ਅਤੇ ਠੋਕਰ ਦੇਣ ਲਈ ਰੱਖੀ । ਹਾਏ ਲਿਸ਼ਕਾਈ ਹੋਈ ਤਲਵਾਰ ! ਇਹ ਚਮਕਣ ਲਈ ਬਣਾਈ ਗਈ ਹੈ, ਇਹ ਵੱਢਣ ਲਈ ਤਿੱਖੀ ਕੀਤੀ ਗਈ ਹੈ ! ੧੬ ਆਪਣੇ ਬਲ ਨੂੰ ਇਕੱਠਾ ਕਰ ਕੇ ਸੱਜੇ ਪਾਸੇ ਜਾ ਅਤੇ ਤਿਆਰ ਹੋ ਕੇ ਖੱਬੇ ਪਾਸੇ ਜਾ, ਜਿੱਧਰ ਤੇਰਾ ਮੂੰਹ ਹੋਵੇ । ੧੭ ਮੈਂ ਵੀ ਤਾੜੀ ਵਜਾਵਾਂਗਾ ਅਤੇ ਆਪਣੇ ਕਹਿਰ ਨੂੰ ਠੰਡਾ ਕਰਾਂਗਾ, ਮੈਂ ਯਹੋਵਾਹ ਨੇ ਇਹ ਆਖਿਆ ਹੈ ।
ਬਾਬਲ ਦੇ ਰਾਜੇ ਦੀ ਤਲਵਾਰ
੧੮ ਯਹੋਵਾਹ ਦਾ ਬਚਨ ਮੇਰੇ ਕੋਲ ਆਇਆ ਕਿ ੧੯ ਹੇ ਮਨੁੱਖ ਦੇ ਪੁੱਤਰ, ਤੂੰ ਆਪਣੇ ਲਈ ਦੋ ਰਾਹ ਬਣਾ ਜਿਹਨਾਂ ਵਿੱਚੋਂ ਦੀ ਬਾਬਲ ਦੇ ਰਾਜੇ ਦੀ ਤਲਵਾਰ ਆਵੇ । ਇੱਕ ਹੀ ਦੇਸ ਵਿੱਚੋਂ ਇਹ ਦੋਨੋਂ ਨਿੱਕਲਣਗੇ । ਇੱਕ ਨਿਸ਼ਾਨ ਬਣਾ । ਸ਼ਹਿਰ ਦੇ ਰਾਹ ਦੇ ਸਿਰੇ ਤੇ ਬਣਾ । ੨੦ ਇੱਕ ਰਾਹ ਕੱਢ ਜਿਸ ਵਿੱਚੋਂ ਤਲਵਾਰ ਅੰਮੋਨੀਆਂ ਦੇ ਰੱਬਾਹ ਉੱਤੇ ਅਤੇ ਯਹੂਦਾਹ ਦੇ ਗੜ੍ਹ ਵਾਲੇ ਯਰੂਸ਼ਲਮ ਉੱਤੇ ਵੀ ਆਵੇ । ੨੧ ਕਿਉਂ ਜੋ ਬਾਬਲ ਦਾ ਰਾਜਾ ਦੋ ਰਾਹੇ ਉੱਤੇ ਉਪਾਅ ਪੁੱਛਣ ਲਈ ਖਲੋਤਾ ਹੈ ਅਤੇ ਤੀਰਾਂ ਨੂੰ ਹਿਲਾ ਕੇ ਤਰਾਫੀਮ ਤੋਂ ਪੁੱਛਦਾ ਅਤੇ ਕਾਲਜੇ ਨੂੰ ਵਿੰਨ੍ਹਦਾ ਹੈ । ੨੨ ਉਹ ਦੇ ਸੱਜੇ ਹੱਥ ਯਰੂਸ਼ਲਮ ਦਾ ਉਪਾਅ ਪੈਂਦਾ ਹੈ ਕਿ ਕਿਲਾ ਤੋੜ ਯੰਤਰਾਂ ਨੂੰ ਲਾਵੇ ਅਤੇ ਕੱਟਣ ਵੱਢਣ ਲਈ ਮੂੰਹ ਖੋਲ੍ਹੇ, ਜੈਕਾਰੇ ਦੀ ਅਵਾਜ਼ ਉਠਾਵੇ ਅਤੇ ਫਾਟਕਾਂ ਉੱਤੇ ਕਿਲਾ ਤੋੜ ਅਵਾਜ਼ ਨੂੰ ਲਾਵੇ ਅਤੇ ਘੇਰਾ ਬੰਨ੍ਹੇ ਅਤੇ ਬੁਰਜ ਬਣਾਵੇ । ੨੩ ਪਰ ਉਹਨਾਂ ਦੀ ਨਜ਼ਰ ਵਿੱਚ ਇਹ ਝੂਠੇ ਉਪਾਅ ਵਾਂਗੂੰ ਹੋਵੇਗਾ, ਅਰਥਾਤ ਉਹਨਾਂ ਲਈ ਜਿਹਨਾਂ ਨੇ ਸਹੁੰ ਖਾਧੀ ਸੀ, ਪਰ ਉਹ ਬਦੀ ਨੂੰ ਚੇਤੇ ਕਰੇਗਾ ਤਾਂ ਜੋ ਉਹ ਫੜੇ ਜਾਣ । ੨੪ ਇਸ ਲਈ ਪ੍ਰਭੂ ਯਹੋਵਾਹ ਇਹ ਆਖਦਾ ਹੈ, ਕਿਉਂ ਜੋ ਤੁਸੀਂ ਆਪਣੀ ਬਦੀ ਨੂੰ ਚੇਤੇ ਕਰਾਇਆ ਅਤੇ ਤੁਹਾਡੇ ਅਪਰਾਧ ਪਰਗਟ ਹੋਏ, ਇੱਥੋਂ ਤੱਕ ਕਿ ਤੁਹਾਡੇ ਸਾਰੇ ਕੰਮਾਂ ਵਿੱਚ ਤੁਹਾਡੇ ਪਾਪ ਦਿਸਦੇ ਹਨ । ਤੁਸੀਂ ਧਿਆਨ ਵਿੱਚ ਆ ਗਏ ਹੋ, ਇਸ ਲਈ ਤੁਸੀਂ ਹੱਥ ਵਿੱਚ ਫੜੇ ਜਾਓਗੇ । ੨੫ ਹੇ ਇਸਰਾਏਲ ਦੇ ਦੁਸ਼ਟ ਫੱਟੜ ਪ੍ਰਧਾਨ, ਤੇਰਾ ਦਿਨ ਆ ਗਿਆ ਹੈ ! ਇਹ ਬਦੀ ਦਾ ਅੰਤ ਸਮਾਂ ਹੈ ! ੨੬ ਪ੍ਰਭੂ ਯਹੋਵਾਹ ਇਹ ਆਖਦਾ ਹੈ, ਅਮਾਮਾ ਉਤਾਰ ਅਤੇ ਤਾਜ ਲਾਹ ਦੇ । ਇਹ ਇਸ ਤਰ੍ਹਾਂ ਨਹੀਂ ਰਹੇਗਾ । ਨੀਵੇਂ ਨੂੰ ਉੱਚਾ ਕਰ ਅਤੇ ਉੱਚੇ ਨੂੰ ਨੀਵਾਂ ਕਰ । ੨੭ ਬਰਬਾਦੀ, ਬਰਬਾਦੀ, ਮੈਂ ਹੀ ਉਹ ਨੂੰ ਬਰਬਾਦੀ ਬਣਾਵਾਂਗਾ ! ਪਰ ਇਹ ਵੀ ਨਹੀਂ ਰਹੇਗਾ, ਜਦ ਤੱਕ ਉਹ ਆਵੇਗਾ ਜਿਸ ਦਾ ਹੱਕ ਹੈ, ਤਾਂ ਮੈਂ ਉਹ ਨੂੰ ਦਿਆਂਗਾ ।
ਅੰਮੋਨੀਆਂ ਦੇ ਵਿਰੁੱਧ ਤਲਵਾਰ
੨੮ ਹੇ ਮਨੁੱਖ ਦੇ ਪੁੱਤਰ, ਤੂੰ ਭਵਿੱਖਬਾਣੀ ਕਰਕੇ ਆਖ ਕਿ ਪ੍ਰਭੂ ਯਹੋਵਾਹ ਅੰਮੋਨੀਆਂ ਲਈ ਅਤੇ ਉਹਨਾਂ ਦੇ ਤਾਨੇ ਮਿਹਣਿਆਂ ਦੇ ਬਾਰੇ ਇਹ ਆਖਦਾ ਹੈ, ਤੂੰ ਆਖ, ਇੱਕ ਤਲਵਾਰ ! ਸਗੋਂ ਖਿੱਚੀ ਹੋਈ ਤਲਵਾਰ ! ਵੱਢਣ ਲਈ ਉਹ ਡਾਢੀ ਚਮਕਾਈ ਗਈ, ਤਾਂ ਜੋ ਉਹ ਬਿਜਲੀ ਵਾਂਗੂੰ ਹੋਵੇ । ੨੯ ਜਦੋਂ ਕਿ ਉਹ ਤੇਰੇ ਲਈ ਝੂਠੇ ਦਰਸ਼ਣ ਵੇਖਦੇ ਹਨ ਅਤੇ ਝੂਠੇ ਉਪਾਅ ਕੱਢਦੇ ਹਨ ਕਿ ਤੈਨੂੰ ਉਹਨਾਂ ਵੱਢਿਆਂ ਹੋਇਆਂ ਦੁਸ਼ਟਾਂ ਦੀਆਂ ਧੌਣਾਂ ਉੱਤੇ ਸੁੱਟ ਦੇਣ, ਜਿਹਨਾਂ ਦਾ ਦਿਨ ਬਦੀ ਦੇ ਅੰਤ ਸਮੇਂ ਵਿੱਚ ਆ ਗਿਆ ਹੈ । ੩੦ ਉਹ ਨੂੰ ਮਿਆਨ ਵਿੱਚ ਪਾ । ਮੈਂ ਤੇਰੇ ਜਨਮ ਸਥਾਨ ਅਤੇ ਤੇਰੀ ਜਨਮ ਭੂਮੀ ਵਿੱਚ ਤੇਰਾ ਨਿਆਂ ਕਰਾਂਗਾ । ੩੧ ਮੈਂ ਆਪਣਾ ਕਹਿਰ ਤੇਰੇ ਤੇ ਪਾਵਾਂਗਾ ਅਤੇ ਆਪਣੇ ਕ੍ਰੋਧ ਦੀ ਅੱਗ ਤੇਰੇ ਉੱਤੇ ਭੜਕਾਵਾਂਗਾ ਅਤੇ ਤੈਨੂੰ ਪਸ਼ੂ ਸੁਭਾਅ ਮਨੁੱਖਾਂ ਨੂੰ ਸੌਪਾਂਗਾ, ਜਿਹੜੇ ਨਾਸ਼ ਕਰਨ ਵਿੱਚ ਹੁਸ਼ਿਆਰ ਹਨ । ੩੨ ਤੂੰ ਅੱਗ ਲਈ ਬਾਲਣ ਹੋਵੇਂਗਾ ਅਤੇ ਤੇਰਾ ਲਹੂ ਦੇਸ ਵਿੱਚ ਵਗੇਗਾ, ਫੇਰ ਤੂੰ ਚੇਤੇ ਵੀ ਨਾ ਕੀਤਾ ਜਾਵੇਂਗਾ ਕਿਉਂ ਜੋ ਮੈਂ ਯਹੋਵਾਹ ਨੇ ਇਹ ਆਖਿਆ ਹੈ ।