੬
ਰਾਜੇ ਦੁਆਰਾ ਮਾਰਦਕਈ ਦਾ ਸਨਮਾਨ
੧ ਉਸ ਰਾਤ ਰਾਜਾ ਨੂੰ ਨੀਂਦ ਨਾ ਆਈ, ਇਸ ਲਈ ਉਸ ਨੇ ਇਤਿਹਾਸ ਦੀ ਪੁਸਤਕ ਲਿਆਉਣ ਦਾ ਹੁਕਮ ਦਿੱਤਾ ਅਤੇ ਉਹ ਰਾਜਾ ਦੇ ਸਾਹਮਣੇ ਪੜ੍ਹ ਕੇ ਸੁਣਾਈ ਗਈ । ੨ ਉਸ ਦੇ ਵਿੱਚ ਇਹ ਲਿਖਿਆ ਹੋਇਆ ਲੱਭਿਆ ਕਿ ਜਦ ਰਾਜਾ ਅਹਸ਼ਵੇਰੋਸ਼ ਦੇ ਹਾਕਮ ਜੋ ਦਰਬਾਨ ਵੀ ਸਨ, ਉਨ੍ਹਾਂ ਵਿੱਚੋਂ ਬਿਗਥਾਨਾ ਅਤੇ ਤਰਸ਼ ਨਾਮਕ ਦੋ ਖੁਸਰਿਆਂ ਨੇ ਰਾਜਾ ਦਾ ਕਤਲ ਕਰਨ ਦੀ ਯੋਜਨਾ ਬਣਾਈ, ਤਾਂ ਮਾਰਦਕਈ ਨੇ ਇਸ ਗੱਲ ਦੀ ਖ਼ਬਰ ਦਿੱਤੀ ਸੀ । ੩ ਤਦ ਰਾਜੇ ਨੇ ਪੁੱਛਿਆ, “ਇਸ ਦੇ ਬਦਲੇ ਵਿੱਚ ਮਾਰਦਕਈ ਦਾ ਕੀ ਮਾਨ-ਸਨਮਾਨ ਕੀਤਾ ਗਿਆ ? “ ਤਦ ਰਾਜਾ ਦੇ ਸੇਵਕ ਜਿਹੜੇ ਉਸ ਦੀ ਸੇਵਾ ਕਰ ਰਹੇ ਸਨ, ਉਨ੍ਹਾਂ ਨੇ ਉਸ ਨੂੰ ਉੱਤਰ ਦਿੱਤਾ, “ਉਸ ਦੇ ਲਈ ਕੁਝ ਵੀ ਨਹੀਂ ਕੀਤਾ ਗਿਆ ।” ੪ ਰਾਜੇ ਨੇ ਪੁੱਛਿਆ, “ਵਿਹੜੇ ਵਿੱਚ ਕੌਣ ਹੈ ? “ ਉਸੇ ਸਮੇਂ ਹਾਮਾਨ ਰਾਜਾ ਦੇ ਮਹਿਲ ਦੇ ਬਾਹਰੀ ਵਿਹੜੇ ਵਿੱਚ ਆਇਆ ਤਾਂ ਕਿ ਜੋ ਥੰਮ੍ਹ ਉਸ ਨੇ ਮਾਰਦਕਈ ਦੇ ਲਈ ਤਿਆਰ ਕੀਤਾ ਸੀ, ਉਸ ਉੱਤੇ ਮਾਰਦਕਈ ਨੂੰ ਚੜ੍ਹਾਉਣ ਲਈ ਰਾਜਾ ਨੂੰ ਕਹੇ । ੫ ਤਦ ਰਾਜਾ ਦੇ ਸੇਵਕਾਂ ਨੇ ਉਸ ਨੂੰ ਕਿਹਾ, “ਮਹਾਰਾਜ ! ਵਿਹੜੇ ਵਿੱਚ ਤਾਂ ਹਾਮਾਨ ਖੜ੍ਹਾ ਹੈ ।” ਤਾਂ ਰਾਜੇ ਨੇ ਕਿਹਾ, “ਉਸ ਨੂੰ ਅੰਦਰ ਲੈ ਆਓ !” ੬ ਜਦ ਹਾਮਾਨ ਅੰਦਰ ਆਇਆ ਤਾਂ ਰਾਜਾ ਨੇ ਉਸ ਨੂੰ ਪੁੱਛਿਆ, “ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੇ ਉਸ ਦੇ ਲਈ ਕੀ ਕਰਨਾ ਚਾਹੀਦਾ ਹੈ ? “ ਹਾਮਾਨ ਨੇ ਆਪਣੇ ਮਨ ਵਿੱਚ ਸੋਚਿਆ ਕਿ ਮੇਰੇ ਨਾਲੋਂ ਵੱਧ ਰਾਜਾ ਹੋਰ ਕਿਸਨੂੰ ਆਦਰ ਦੇਣਾ ਚਾਹੁੰਦਾ ਹੋਵੇਗਾ ? ੭ ਤਦ ਹਾਮਾਨ ਨੇ ਰਾਜੇ ਨੂੰ ਉੱਤਰ ਦਿੱਤਾ, “ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੋਵੇ, ੮ ਉਸ ਦੇ ਲਈ ਸ਼ਾਹੀ ਬਸਤਰ ਲਿਆਇਆ ਜਾਵੇ ਜੋ ਰਾਜਾ ਪਹਿਨਦਾ ਹੈ, ਅਤੇ ਇੱਕ ਘੋੜਾ ਵੀ, ਜਿਸ ਦੇ ਉੱਤੇ ਰਾਜਾ ਸਵਾਰ ਹੁੰਦਾ ਹੈ ਅਤੇ ਉਹ ਸ਼ਾਹੀ ਤਾਜ ਜਿਹੜਾ ਰਾਜਾ ਦੇ ਸਿਰ ਉੱਤੇ ਰੱਖਿਆ ਜਾਂਦਾ ਹੈ, ਉਹ ਵੀ ਲਿਆਂਦਾ ਜਾਵੇ । ੯ ਫਿਰ ਉਹ ਬਸਤਰ ਅਤੇ ਉਹ ਘੋੜਾ ਰਾਜਾ ਦੇ ਕਿਸੇ ਵੱਡੇ ਹਾਕਮ ਨੂੰ ਦਿੱਤਾ ਜਾਵੇ ਤਾਂ ਜੋ ਉਸ ਮਨੁੱਖ ਨੂੰ ਜਿਸ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਹ ਬਸਤਰ ਪਹਿਨਾਇਆ ਜਾਵੇ ਅਤੇ ਉਸ ਨੂੰ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਫਿਰਾਇਆ ਜਾਵੇ ਅਤੇ ਉਸ ਦੇ ਅੱਗੇ-ਅੱਗੇ ਇਹ ਮਨਾਦੀ ਕਰਵਾਈ ਜਾਵੇ ਕਿ ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ, ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ !”
੧੦ ਤਦ ਰਾਜਾ ਨੇ ਹਾਮਾਨ ਨੂੰ ਕਿਹਾ, “ਛੇਤੀ ਕਰ ਅਤੇ ਆਪਣੀ ਗੱਲ ਅਨੁਸਾਰ ਉਹ ਬਸਤਰ ਅਤੇ ਘੋੜਾ ਲੈ ਅਤੇ ਉਸ ਯਹੂਦੀ ਮਾਰਦਕਈ ਨਾਲ ਜਿਹੜਾ ਮਹਿਲ ਦੇ ਫਾਟਕ ਉੱਤੇ ਬੈਠਦਾ ਹੈ, ਇਸੇ ਤਰ੍ਹਾਂ ਹੀ ਕਰ । ਜੋ ਕੁਝ ਵੀ ਤੂੰ ਕਿਹਾ ਹੈ ਉਸ ਵਿੱਚੋਂ ਕਿਸੇ ਗੱਲ ਦੀ ਕਮੀ ਨਾ ਰਹਿ ਜਾਵੇ !” ੧੧ ਤਾਂ ਹਾਮਾਨ ਨੇ ਉਹ ਬਸਤਰ ਅਤੇ ਉਹ ਘੋੜਾ ਲਿਆ ਅਤੇ ਮਾਰਦਕਈ ਨੂੰ ਬਸਤਰ ਪਹਿਨਾਇਆ ਅਤੇ ਘੋੜੇ ਉੱਤੇ ਸਵਾਰ ਕਰ ਕੇ ਸ਼ਹਿਰ ਦੇ ਚੌਂਕ ਵਿੱਚ ਘੁਮਾਇਆ ਅਤੇ ਉਸ ਦੇ ਅੱਗੇ ਇਹ ਮਨਾਦੀ ਕਰਵਾਈ, “ਜਿਸ ਮਨੁੱਖ ਨੂੰ ਰਾਜਾ ਆਦਰ ਦੇਣਾ ਚਾਹੁੰਦਾ ਹੈ ਉਸ ਦੇ ਨਾਲ ਅਜਿਹਾ ਹੀ ਕੀਤਾ ਜਾਵੇਗਾ !” ੧੨ ਇਸ ਤੋਂ ਬਾਅਦ ਮਾਰਦਕਈ ਤਾਂ ਸ਼ਾਹੀ ਫਾਟਕ ਉੱਤੇ ਮੁੜ ਆਇਆ ਪਰ ਹਾਮਾਨ ਰੋਂਦਾ ਪਿੱਟਦਾ ਹੋਇਆ ਤੇ ਸਿਰ ਢੱਕ ਕੇ ਛੇਤੀ ਨਾਲ ਆਪਣੇ ਘਰ ਨੂੰ ਚਲਾ ਗਿਆ । ੧੩ ਤਦ ਹਾਮਾਨ ਨੇ ਆਪਣੀ ਪਤਨੀ ਜ਼ਰਸ਼ ਅਤੇ ਆਪਣੇ ਸਾਰੇ ਮਿੱਤਰਾਂ ਨੂੰ ਉਹ ਸਭ ਕੁਝ ਦੱਸਿਆ ਜੋ ਉਸ ਦੇ ਨਾਲ ਬੀਤਿਆ ਸੀ । ਤਦ ਉਸ ਦੇ ਬੁੱਧਵਾਨ ਮਿੱਤਰਾਂ ਅਤੇ ਉਸ ਦੀ ਪਤਨੀ ਜਰਸ਼ ਨੇ ਉਸ ਨੂੰ ਕਿਹਾ, “ਜੇਕਰ ਮਾਰਦਕਈ ਜਿਸ ਨੂੰ ਤੂੰ ਨੀਵਾਂ ਵਿਖਾਉਣਾ ਚਾਹੁੰਦਾ ਹੈ, ਯਹੂਦੀਆਂ ਦੇ ਵੰਸ਼ ਵਿੱਚੋਂ ਹੈ, ਤਾਂ ਤੂੰ ਉਸ ਨੂੰ ਜਿੱਤ ਨਹੀਂ ਸਕਦਾ ਪਰ ਤੂੰ ਜ਼ਰੂਰ ਉਸ ਦੇ ਅੱਗੇ ਨੀਵਾਂ ਕੀਤਾ ਜਾਵੇਂਗਾ ।” ੧੪ ਉਹ ਉਸ ਦੇ ਨਾਲ ਇਹ ਗੱਲਾਂ ਕਰ ਹੀ ਰਹੇ ਸਨ ਕਿ ਰਾਜਾ ਦੇ ਖੁਸਰੇ ਆ ਗਏ ਅਤੇ ਹਾਮਾਨ ਨੂੰ ਉਸ ਭੋਜ ਲਈ ਜਿਹੜਾ ਅਸਤਰ ਨੇ ਤਿਆਰ ਕੀਤਾ ਸੀ, ਛੇਤੀ ਨਾਲ ਲੈ ਗਏ ।