੩
ਯਹੂਦੀਆਂ ਦੇ ਵਿਨਾਸ਼ ਲਈ ਹਾਮਾਨ ਦੀ ਸਾਜ਼ਿਸ਼
੧ ਇਨ੍ਹਾਂ ਗੱਲਾਂ ਤੋਂ ਬਾਅਦ ਰਾਜਾ ਅਹਸ਼ਵੇਰੋਸ਼ ਨੇ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਉੱਚੀ ਪਦਵੀ ਦੇ ਦਿੱਤੀ ਅਤੇ ਉਸ ਨੂੰ ਆਦਰ ਦਿੰਦੇ ਹੋਏ ਉਸਦਾ ਸਿੰਘਾਸਣ ਉਸ ਦੇ ਨਾਲ ਦੇ ਸਾਰੇ ਹਾਕਮਾਂ ਦੇ ਸਿੰਘਾਸਣਾਂ ਨਾਲੋਂ ਉੱਚਾ ਕਰ ਦਿੱਤਾ । ੨ ਰਾਜਾ ਦੇ ਸਾਰੇ ਕਰਮਚਾਰੀ ਜਿਹੜੇ ਮਹਿਲ ਦੇ ਫਾਟਕ ਉੱਤੇ ਸਨ, ਹਾਮਾਨ ਦੇ ਅੱਗੇ ਗੋਡੇ ਨਿਵਾ ਕੇ ਉਸ ਨੂੰ ਮੱਥਾ ਟੇਕਦੇ ਸਨ ਕਿਉਂਕਿ ਉਸ ਦੇ ਲਈ ਰਾਜਾ ਦਾ ਇਹੋ ਹੁਕਮ ਸੀ, ਪਰ ਮਾਰਦਕਈ ਨਾ ਤਾਂ ਗੋਡੇ ਨਿਵਾਉਂਦਾ ਸੀ ਅਤੇ ਨਾ ਹੀ ਮੱਥਾ ਟੇਕਦਾ ਸੀ । ੩ ਤਦ ਰਾਜਾ ਦੇ ਕਰਮਚਾਰੀਆਂ ਨੇ ਜਿਹੜੇ ਮਹਿਲ ਦੇ ਫਾਟਕ ਉੱਤੇ ਸਨ, ਮਾਰਦਕਈ ਨੂੰ ਪੁੱਛਿਆ, “ਤੂੰ ਰਾਜਾ ਦੇ ਹੁਕਮ ਦੀ ਉਲੰਘਣਾ ਕਿਉਂ ਕਰਦਾ ਹੈਂ ? “ ੪ ਫਿਰ ਅਜਿਹਾ ਹੋਇਆ ਕਿ ਜਦ ਉਹ ਹਰ ਰੋਜ਼ ਇਸੇ ਤਰ੍ਹਾਂ ਹੀ ਕਹਿੰਦੇ ਰਹੇ ਅਤੇ ਮਾਰਦਕਈ ਨੇ ਉਨ੍ਹਾਂ ਦੀ ਗੱਲ ਨਾ ਸੁਣੀ ਤਾਂ ਉਨ੍ਹਾਂ ਨੇ ਹਾਮਾਨ ਨੂੰ ਦੱਸ ਦਿੱਤਾ, ਇਹ ਵੇਖਣ ਲਈ ਕਿ ਮਾਰਦਕਈ ਦੀ ਇਹ ਗੱਲ ਚੱਲੇਗੀ ਕਿ ਨਹੀਂ, ਕਿਉਂਕਿ ਉਸ ਨੇ ਉਨ੍ਹਾਂ ਨੂੰ ਦੱਸਿਆ ਸੀ ਕਿ ਉਹ ਯਹੂਦੀ ਹੈ । ੫ ਜਦ ਹਾਮਾਨ ਨੇ ਵੇਖਿਆ ਕਿ ਮਾਰਦਕਈ ਨਾ ਤਾਂ ਗੋਡੇ ਨਿਵਾਉਂਦਾ ਹੈ, ਅਤੇ ਨਾ ਹੀ ਮੈਨੂੰ ਮੱਥਾ ਟੇਕਦਾ ਹੈ ਤਾਂ ਹਾਮਾਨ ਗੁੱਸੇ ਨਾਲ ਭਰ ਗਿਆ । ੬ ਪਰ ਇਕੱਲੇ ਮਾਰਦਕਈ ਉੱਤੇ ਹੱਥ ਪਾਉਣਾ, ਉਸ ਨੂੰ ਆਪਣੀ ਬੇਇੱਜ਼ਤੀ ਜਾਣ ਪਈ ਕਿਉਂਕਿ ਰਾਜਾ ਦੇ ਕਰਮਚਾਰੀਆਂ ਨੇ ਹਾਮਾਨ ਨੂੰ ਦੱਸ ਦਿੱਤਾ ਸੀ ਕਿ ਮਾਰਦਕਈ ਕਿਸ ਜਾਤੀ ਦਾ ਹੈ, ਇਸ ਲਈ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਦੇ ਰਾਜ ਵਿੱਚ ਰਹਿਣ ਵਾਲੇ ਸਾਰੇ ਯਹੂਦੀਆਂ ਨੂੰ ਅਰਥਾਤ ਮਾਰਦਕਈ ਦੇ ਸਾਰੇ ਲੋਕਾਂ ਨੂੰ ਨਾਸ ਕਰਨ ਦੀ ਯੋਜਨਾ ਬਣਾਈ ।
੭ ਰਾਜਾ ਅਹਸ਼ਵੇਰੋਸ਼ ਦੇ ਰਾਜ ਦੇ ਬਾਰਵੇਂ ਸਾਲ ਦੇ ਨੀਸਾਨ ਨਾਮਕ ਪਹਿਲੇ ਮਹੀਨੇ ਵਿੱਚ ਹਾਮਾਨ ਨੇ ਅਦਾਰ ਨਾਮਕ ਬਾਰਵੇਂ ਮਹੀਨੇ ਤੱਕ ਇੱਕ-ਇੱਕ ਦਿਨ ਅਤੇ ਇੱਕ-ਇੱਕ ਮਹੀਨੇ ਦੇ ਲਈ ਆਪਣੇ ਸਾਹਮਣੇ “ਪੂਰ” ਅਰਥਾਤ ਪਰਚੀਆਂ ਪਵਾਈਆਂ । ੮ ਤਾਂ ਹਾਮਾਨ ਨੇ ਰਾਜਾ ਅਹਸ਼ਵੇਰੋਸ਼ ਨੂੰ ਕਿਹਾ, “ਆਪ ਜੀ ਦੇ ਰਾਜ ਦੇ ਸਾਰੇ ਸੂਬਿਆਂ ਵਿੱਚ ਰਹਿਣ ਵਾਲੇ ਲੋਕਾਂ ਦੇ ਵਿਚਕਾਰ ਖਿੱਲਰੀ ਅਤੇ ਫੈਲੀ ਹੋਈ ਇੱਕ ਜਾਤੀ ਹੈ, ਜਿਨ੍ਹਾਂ ਦੀਆਂ ਰੀਤੀਆਂ ਹੋਰ ਸਾਰੀਆਂ ਜਾਤੀਆਂ ਨਾਲੋਂ ਵੱਖਰੀਆਂ ਹਨ, ਅਤੇ ਉਹ ਰਾਜਾ ਦੇ ਕਾਨੂੰਨ ਨੂੰ ਨਹੀਂ ਮੰਨਦੇ, ਇਸ ਲਈ ਉਸ ਜਾਤੀ ਨੂੰ ਰਹਿਣ ਦੇਣਾ ਰਾਜਾ ਲਈ ਲਾਭਦਾਇਕ ਨਹੀਂ ਹੈ । ੯ ਜੇ ਰਾਜਾ ਨੂੰ ਸਵੀਕਾਰ ਹੋਵੇ ਤਾਂ ਉਨ੍ਹਾਂ ਨੂੰ ਨਾਸ ਕਰਨ ਲਈ ਹੁਕਮ ਲਿਖਿਆ ਜਾਵੇ, ਅਤੇ ਮੈਂ ਰਾਜਾ ਦੇ ਭੰਡਾਰੀਆਂ ਨੂੰ ਸ਼ਾਹੀ ਖਜ਼ਾਨੇ ਵਿੱਚ ਪਾਉਣ ਲਈ ਦਸ ਹਜ਼ਾਰ ਚਾਂਦੀ ਦੇ ਸਿੱਕੇ ਤੋਲ ਕੇ ਦਿਆਂਗਾ ।” ੧੦ ਤਾਂ ਰਾਜਾ ਨੇ ਆਪਣੀ ਮੋਹਰ ਦੀ ਅੰਗੂਠੀ ਆਪਣੇ ਹੱਥ ਤੋਂ ਉਤਾਰ ਕੇ ਯਹੂਦੀਆਂ ਦੇ ਵੈਰੀ ਅਗਾਗੀ ਹਮਦਾਥਾ ਦੇ ਪੁੱਤਰ ਹਾਮਾਨ ਨੂੰ ਦੇ ਦਿੱਤੀ । ੧੧ ਅਤੇ ਰਾਜਾ ਨੇ ਹਾਮਾਨ ਨੂੰ ਕਿਹਾ, “ਤੇਰੀ ਚਾਂਦੀ ਮੈਂ ਤੈਨੂੰ ਦਿੰਦਾ ਹਾਂ ਅਤੇ ਉਹ ਲੋਕ ਵੀ, ਕਿ ਜੋ ਕੁਝ ਤੇਰੀ ਨਿਗਾਹ ਵਿੱਚ ਚੰਗਾ ਲੱਗੇ ਤੂੰ ਉਨ੍ਹਾਂ ਨਾਲ ਕਰੇਂ ।”
੧੨ ਇਸ ਤਰ੍ਹਾਂ ਉਸੇ ਪਹਿਲੇ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਰਾਜਾ ਦੇ ਲਿਖਾਰੀ ਬੁਲਾਏ ਗਏ, ਅਤੇ ਹਾਮਾਨ ਦੇ ਹੁਕਮ ਅਨੁਸਾਰ ਰਾਜਾ ਦੇ ਸਾਰੇ ਅਧਿਕਾਰੀਆਂ ਅਤੇ ਸਾਰੇ ਸੂਬਿਆਂ ਦੇ ਪ੍ਰਧਾਨਾਂ ਅਤੇ ਜਾਤੀ-ਜਾਤੀ ਦੇ ਲੋਕਾਂ ਦੇ ਹਾਕਮਾਂ ਦੇ ਲਈ ਹਰੇਕ ਸੂਬੇ ਦੀ ਲਿਖਤ ਅਤੇ ਹਰੇਕ ਜਾਤੀ ਦੇ ਲੋਕਾਂ ਦੀ ਭਾਸ਼ਾ ਵਿੱਚ ਰਾਜਾ ਅਹਸ਼ਵੇਰੋਸ਼ ਦੇ ਨਾਮ ਤੇ ਹੁਕਮਨਾਮੇ ਲਿਖੇ ਗਏ ਅਤੇ ਉਨ੍ਹਾਂ ਦੇ ਉੱਤੇ ਰਾਜਾ ਦੀ ਅੰਗੂਠੀ ਦੀ ਮੋਹਰ ਲਗਾਈ ਗਈ । ੧੩ ਰਾਜ ਦੇ ਹਰੇਕ ਸੂਬੇ ਵਿੱਚ ਇਹ ਹੁਕਮਨਾਮੇ ਸੰਦੇਸ਼-ਵਾਹਕਾਂ ਦੇ ਰਾਹੀਂ ਇਸ ਉਦੇਸ਼ ਨਾਲ ਭੇਜੇ ਗਏ ਕਿ ਸਾਰੇ ਯਹੂਦੀ ਅਦਾਰ ਨਾਮਕ ਬਾਰਵੇਂ ਮਹੀਨੇ ਦੀ ਤੇਰ੍ਹਵੀਂ ਤਾਰੀਖ ਨੂੰ ਭਾਵੇਂ ਜੁਆਨ, ਭਾਵੇਂ ਬੁੱਢਾ, ਭਾਵੇਂ ਬੱਚਾ, ਭਾਵੇਂ ਇਸਤਰੀ, ਸਾਰੇ ਇੱਕ ਹੀ ਦਿਨ ਵਿੱਚ ਮਾਰ ਦਿੱਤੇ ਜਾਣ, ਨਾਸ ਕੀਤੇ ਜਾਣ ਅਤੇ ਮਿਟਾ ਦਿੱਤੇ ਜਾਣ ਅਤੇ ਉਨ੍ਹਾਂ ਦਾ ਮਾਲ ਧਨ ਲੁੱਟ ਲਿਆ ਜਾਵੇ । ੧੪ ਉਸ ਲਿਖਤੀ ਹੁਕਮਨਾਮੇ ਦੀ ਇੱਕ-ਇੱਕ ਨਕਲ ਸਾਰੇ ਸੂਬਿਆਂ ਵਿੱਚ ਖੁੱਲ੍ਹੀ ਭੇਜੀ ਗਈ ਤਾਂ ਜੋ ਲੋਕ ਉਸ ਦਿਨ ਦੇ ਲਈ ਤਿਆਰ ਰਹਿਣ । ੧੫ ਇਹ ਹੁਕਮ ਸ਼ੂਸ਼ਨ ਦੀ ਰਾਜਧਾਨੀ ਵਿੱਚ ਦਿੱਤਾ ਗਿਆ, ਅਤੇ ਰਾਜਾ ਦੇ ਹੁਕਮ ਅਨੁਸਾਰ ਸੰਦੇਸ਼-ਵਾਹਕ ਉਸੇ ਸਮੇਂ ਨਿੱਕਲ ਪਏ । ਰਾਜਾ ਅਤੇ ਹਾਮਾਨ ਤਾਂ ਮਧ ਪੀਣ ਲਈ ਬੈਠ ਗਏ ਪਰ ਸ਼ੂਸ਼ਨ ਦੇ ਸ਼ਹਿਰ ਵਿੱਚ ਹਾਹਾਕਾਰ ਮੱਚ ਗਿਆ ।