੨੨
੧ ਹੇ ਭਰਾਵੋ ਅਤੇ ਬਜ਼ੁਰਗੋ, ਸੁਣੋ ਮੈਂ ਤੁਹਾਡੇ ਸਾਹਮਣੇ ਆਪਣੀ ਸਫ਼ਾਈ ਪੇਸ਼ ਕਰਦਾ ਹਾਂ ।
੨ ਉਨ੍ਹਾਂ ਨੇ ਜਦੋਂ ਸੁਣਿਆ ਜੋ ਉਹ ਇਬਰਾਨੀ ਭਾਸ਼ਾ ਵਿੱਚ ਸਾਡੇ ਨਾਲ ਗੱਲਾਂ ਕਰਦਾ ਹੈ, ਤਾਂ ਹੋਰ ਵੀ ਸ਼ਾਂਤ ਹੋ ਗਏ । ਤਦ ਉਹ ਬੋਲਿਆ, ੩ ਮੈਂ ਇੱਕ ਯਹੂਦੀ ਮਨੁੱਖ ਹਾਂ, ਜਿਹੜਾ ਕਿਲਕਿਯਾ ਤੇ ਤਰਸੁਸ ਵਿੱਚ ਜੰਮਿਆ, ਪਰ ਇਸੇ ਸ਼ਹਿਰ ਵਿੱਚ ਗਮਲੀਏਲ ਦੇ ਚਰਨਾਂ ਵਿੱਚ ਪਲਿਆ ਅਤੇ ਪਿਉ-ਦਾਦਿਆਂ ਦੀ ਬਿਵਸਥਾ ਪੂਰੇ ਧਿਆਨ ਨਾਲ ਸਿੱਖੀ ਅਤੇ ਜਿਵੇਂ ਤੁਸੀਂ ਸਭ ਅੱਜ ਦੇ ਦਿਨ ਪਰਮੇਸ਼ੁਰ ਦੇ ਲਈ ਅਣਖੀ ਹੋ, ਮੈਂ ਵੀ ਅਜਿਹਾ ਹੀ ਅਣਖੀ ਸੀ । ੪ ਅਤੇ ਮੈਂ ਆਦਮੀ ਅਤੇ ਔਰਤਾਂ ਨੂੰ ਬੰਨ੍ਹ ਬੰਨ੍ਹ ਕੇ ਅਤੇ ਕੈਦ ਵਿੱਚ ਪੁਆ ਕੇ, ਇਸ ਪੰਥ ਦੇ ਲੋਕਾਂ ਨੂੰ ਮੌਤ ਤੱਕ ਸਤਾਇਆ । ੫ ਜਿਵੇਂ ਪ੍ਰਧਾਨ ਜਾਜਕ ਅਤੇ ਬਜ਼ੁਰਗਾਂ ਦੀ ਸਾਰੀ ਪੰਚਾਇਤ ਮੇਰੇ ਲਈ ਗਵਾਹੀ ਦਿੰਦੀ ਹੈ ਕਿਉਂਕਿ ਉਹਨਾਂ ਕੋਲੋਂ ਮੈਂ ਭਰਾਵਾਂ ਦੇ ਨਾਮ ਚਿੱਠੀਆਂ ਲੈ ਕੇ ਦੰਮਿਸਕ ਨੂੰ ਜਾਂਦਾ ਸੀ ਤਾਂ ਕਿ ਉਹਨਾਂ ਨੂੰ ਵੀ ਜਿਹੜੇ ਉੱਥੇ ਸਨ ਸਜ਼ਾ ਦੇਣ ਲਈ ਬੰਨ ਕੇ ਯਰੂਸ਼ਲਮ ਵਿੱਚ ਲਿਆਵਾਂ ।
ਆਪਣੇ ਮਨ ਪਰਿਵਰਤਨ ਦਾ ਕਾਰਨ ਦੱਸਣਾ
(ਰਸੂਲਾਂ ਦੇ ਕਰਤੱਬ 9:1-19, 26:12-18)
੬ ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਤੁਰਦੇ ਤੁਰਦੇ ਦੰਮਿਸਕ ਦੇ ਨੇੜੇ ਪਹੁੰਚਿਆ ਤਾਂ ਦੁਪਹਿਰ ਕੁਵੇਲੇ ਚੁਫ਼ੇਰੇ ਅਚਾਨਕ ਅਕਾਸ਼ ਤੋਂ ਵੱਡੀ ਜੋਤ ਚਮਕੀ । ੭ ਅਤੇ ਮੈਂ ਜ਼ਮੀਨ ਉੱਤੇ ਡਿੱਗ ਪਿਆ ਅਤੇ ਇੱਕ ਅਵਾਜ਼ ਸੁਣੀ ਜੋ ਮੈਨੂੰ ਆਖਦੀ ਹੈ, ਹੇ ਸੌਲੁਸ ਹੇ ਸੌਲੁਸ, ਤੂੰ ਮੈਨੂੰ ਕਿਉਂ ਸਤਾਉਂਦਾ ਹੈਂ ? ੮ ਤਦ ਮੈਂ ਉੱਤਰ ਦਿੱਤਾ ਕੀ ਪ੍ਰਭੂ ਜੀ ਤੂੰ ਕੌਣ ਹੈਂ ? ਉਹ ਨੇ ਮੈਨੂੰ ਆਖਿਆ, ਮੈਂ ਯਿਸੂ ਨਾਸਰੀ ਹਾਂ ਜਿਸ ਨੂੰ ਤੂੰ ਸਤਾਉਂਦਾ ਹੈਂ । ੯ ਅਤੇ ਉਨ੍ਹਾਂ ਨੇ ਜੋ ਮੇਰੇ ਨਾਲ ਸਨ ਜੋਤ ਤਾਂ ਵੇਖੀ, ਪਰ ਉਹ ਦੀ ਅਵਾਜ਼ ਨਾ ਸੁਣੀ ਜੋ ਮੇਰੇ ਨਾਲ ਬੋਲਦਾ ਸੀ । ੧੦ ਫੇਰ ਮੈਂ ਕਿਹਾ, ਹੇ ਪ੍ਰਭੂ ਮੈਂ ਕੀ ਕਰਾਂ ? ਪ੍ਰਭੂ ਨੇ ਮੈਨੂੰ ਆਖਿਆ, ਤੂੰ ਉੱਠ ਕੇ ਦੰਮਿਸਕ ਵਿੱਚ ਜਾ ਅਤੇ ਸਭ ਗੱਲਾਂ ਜੋ ਤੇਰੇ ਕਰਨ ਲਈ ਠਹਿਰਾਈਆਂ ਹੋਈਆਂ ਹਨ, ਸੋ ਉੱਥੇ ਹੀ ਤੈਨੂੰ ਦੱਸੀਆਂ ਜਾਣਗੀਆਂ । ੧੧ ਜਦੋਂ ਮੈਂ ਉਸ ਜੋਤ ਦੇ ਤੇਜ ਕਰਕੇ ਵੇਖ ਨਾ ਸਕਿਆ ਤਾਂ ਆਪਣੇ ਸਾਥੀਆਂ ਦੇ ਹੱਥ ਫੜ੍ਹ ਕੇ ਦੰਮਿਸਕ ਵਿੱਚ ਆਇਆ । ੧੨ ਅਤੇ ਇੱਕ ਹਨਾਨਿਯਾਹ ਨਾਮ ਦਾ ਮਨੁੱਖ ਜੋ ਬਿਵਸਥਾ ਦੇ ਅਨੁਸਾਰ ਭਗਤ ਸੀ ਅਤੇ ਸਾਰੇ ਯਹੂਦੀਆਂ ਵਿੱਚ ਜਿਹੜੇ ਉੱਥੇ ਰਹਿੰਦੇ ਸਨ ਨੇਕਨਾਮ ਸੀ । ੧੩ ਉਹ ਮੇਰੇ ਕੋਲ ਅਾਇਆ ਅਤੇ ਉਸ ਨੇ ਕੋਲ ਖੜੇ ਹੋ ਕੇ ਮੈਨੂੰ ਆਖਿਆ, ਭਾਈ ਸੌਲੁਸ ਫੇਰ ਵੇਖਣ ਲੱਗ ਜਾ, ਅਤੇ ਓਸੇ ਵੇਲੇ ਮੈਂ ਦੇਖਣ ਲੱਗ ਗਿਆ ਅਤੇ ਉਸ ਨੂੰ ਦੇਖਿਆ । ੧੪ ਉਹ ਬੋਲਿਆ, ਸਾਡੇ ਵੱਡਿਆਂ ਦੇ ਪਰਮੇਸ਼ੁਰ ਨੇ ਤੈਨੂੰ ਠਹਿਰਾਇਆ ਹੈ, ਜੋ ਤੂੰ ਉਹ ਦੀ ਮਰਜ਼ੀ ਨੂੰ ਜਾਣੇ, ਉਸ ਧਰਮੀ ਨੂੰ ਵੇਖੇਂ ਅਤੇ ਉਹ ਦੇ ਮੂੰਹ ਦਾ ਸ਼ਬਦ ਸੁਣੇਂ । ੧੫ ਕਿਉਂ ਜੋ ਉਸੇ ਦੇ ਲਈ ਤੂੰ ਸਭ ਮਨੁੱਖਾਂ ਦੇ ਅੱਗੇ ਉਨ੍ਹਾਂ ਗੱਲਾਂ ਦਾ ਗਵਾਹ ਹੋਵੇਂਗਾ, ਜਿਹੜੀਆਂ ਤੂੰ ਵੇਖੀਆਂ ਅਤੇ ਸੁਣੀਆਂ ਹਨ । ੧੬ ਹੁਣ ਤੂੰ ਕਿਉਂ ਢਿੱਲ ਕਰਦਾ ਹੈਂ ? ਉੱਠ ਅਤੇ ਉਹ ਦਾ ਨਾਮ ਲੈਂਦਾ ਹੋਇਆ ਬਪਤਿਸਮਾ ਲੈ ਅਤੇ ਆਪਣੇ ਪਾਪ ਧੋ ਸੁੱਟ । ੧੭ ਅਤੇ ਇਸ ਤਰ੍ਹਾਂ ਹੋਇਆ ਕਿ ਜਦੋਂ ਮੈਂ ਯਰੂਸ਼ਲਮ ਨੂੰ ਮੁੜਿਆ ਤਾਂ ਹੈਕਲ ਵਿੱਚ ਪ੍ਰਾਰਥਨਾ ਕਰਦੇ ਹੋਏ ਮੈਂ ਬੇਸੁਧ ਹੋ ਗਿਆ । ੧੮ ਅਤੇ ਉਹ ਨੂੰ ਵੇਖਿਆ ਜੋ ਮੈਨੂੰ ਆਖਦਾ ਸੀ ਕਿ ਛੇਤੀ ਕਰ ਅਤੇ ਯਰੂਸ਼ਲਮ ਤੋਂ ਜਲਦੀ ਨਿੱਕਲ ਜਾ ਕਿਉਂ ਉਹ ਮੇਰੇ ਹੱਕ ਵਿੱਚ ਤੇਰੀ ਗਵਾਹੀ ਨਾ ਮੰਨਣਗੇ । ੧੯ ਮੈਂ ਆਖਿਆ, “ਹੇ ਪ੍ਰਭੂ ਉਹ ਆਪ ਜਾਣਦੇ ਹਨ ਜੋ, ਜਿਨ੍ਹਾਂ ਤੇਰੇ ਉੱਤੇ ਵਿਸ਼ਵਾਸ ਕੀਤਾ ਮੈਂ ਉਨ੍ਹਾਂ ਨੂੰ ਕੈਦ ਕਰਦਾ ਅਤੇ ਹਰੇਕ ਪ੍ਰਾਰਥਨਾ ਘਰ ਵਿੱਚ ਮਾਰਦਾ ਸੀ । ੨੦ ਅਤੇ ਜਦੋਂ ਤੇਰੇ ਸ਼ਹੀਦ ਇਸਤੀਫ਼ਾਨ ਦਾ ਖੂਨ ਵਹਾਇਆ ਗਿਆ ਤਾਂ ਮੈਂ ਵੀ ਕੋਲ ਖੜ੍ਹਾ ਮਾਰਨ ਵਾਲਿਆਂ ਦੇ ਨਾਲ ਸਹਿਮਤ ਸੀ ਅਤੇ ਉਹਨਾਂ ਦੇ ਕੱਪੜਿਆਂ ਦੀ ਰਖਵਾਲੀ ਕਰਦਾ ਸੀ ।” ੨੧ ਤਦ ਉਸ ਨੇ ਮੈਨੂੰ ਆਖਿਆ ਕਿ ਚੱਲਿਆ ਜਾ ਕਿਉਂ ਜੋ ਮੈਂ ਤੈਨੂੰ ਦੂਰ-ਦੂਰ ਪਰਾਈਆਂ ਕੌਮਾਂ ਕੋਲ ਭੇਜਾਂਗਾ ।
ਪੌਲੁਸ ਰੋਮੀ ਨਾਗਰਿਕ
੨੨ ਉਹ ਇਸ ਗੱਲ ਤੱਕ ਉਹ ਦੀ ਸੁਣਦੇ ਰਹੇ ਤਾਂ ਉੱਚੀ ਅਵਾਜ਼ ਨਾਲ ਆਖਣ ਲੱਗੇ ਕਿ ਇਹੋ ਜਿਹੇ ਮਨੁੱਖ ਨੂੰ ਧਰਤੀ ਉੱਤੋਂ ਦੂਰ ਕਰ ਦਿਓ ਕਿਉਂ ਜੋ ਉਹ ਦਾ ਜੀਉਣਾ ਹੀ ਯੋਗ ਨਹੀਂ ! ੨੩ ਜਦੋਂ ਉਹ ਰੌਲ਼ਾ ਪਾਉਣ ਅਤੇ ਆਪਣੇ ਲੀੜੇ ਸੁੱਟ ਕੇ ਖੇਹ ਉਡਾਉਣ ਲੱਗੇ । ੨੪ ਤਾਂ ਫੌਜ ਦੇ ਸਰਦਾਰ ਨੇ ਉਹ ਨੂੰ ਕਿਲੇ ਵਿੱਚ ਲਿਆਉਣ ਦਾ ਹੁਕਮ ਦਿੱਤਾ ਅਤੇ ਆਖਿਆ ਕਿ ਕੋਰੜੇ ਮਾਰ ਕੇ ਉਹ ਦੀ ਜਾਂਚ-ਪੜਤਾਲ ਕਰੋ ਤਾਂ ਜੋ ਮੈਨੂੰ ਪਤਾ ਲੱਗੇ ਕਿ ਉਹ ਕਿਸ ਕਾਰਨ ਇਹ ਦੇ ਮਗਰ ਰੌਲ਼ਾ ਪਾਉਂਦੇ ਹਨ । ੨੫ ਜਦੋਂ ਉਨ੍ਹਾਂ ਉਹ ਨੂੰ ਤਸਮਿਆਂ ਨਾਲ ਬੰਨਿਆ ਤਾਂ ਪੌਲੁਸ ਨੇ ਸੂਬੇਦਾਰ ਨੂੰ ਜਿਹੜਾ ਕੋਲ ਖੜ੍ਹਾ ਸੀ ਆਖਿਆ, ਕੀ ਇਹ ਠੀਕ ਹੈ ਕਿ ਤੁਸੀਂ ਇੱਕ ਰੋਮੀ ਆਦਮੀ ਨੂੰ ਦੋਸ਼ ਸਾਬਤ ਕੀਤੇ ਬਿਨ੍ਹਾਂ ਕੋਰੜੇ ਮਾਰੋ ? ੨੬ ਜਦੋਂ ਸੂਬੇਦਾਰ ਨੇ ਇਹ ਸੁਣਿਆ ਤਾਂ ਸਰਦਾਰ ਦੇ ਕੋਲ ਜਾ ਕੇ ਖ਼ਬਰ ਦਿੱਤੀ ਅਤੇ ਕਿਹਾ, ਤੁਸੀਂ ਇਹ ਕੀ ਕਰਨ ਲੱਗੇ ਹੋ ? ਇਹ ਮਨੁੱਖ ਤਾਂ ਰੋਮੀ ਹੈ ! ੨੭ ਸਰਦਾਰ ਨੇ ਕੋਲ ਜਾ ਕੇ ਉਹ ਨੂੰ ਆਖਿਆ, ਮੈਨੂੰ ਦੱਸ, ਕੀ ਤੂੰ ਰੋਮੀ ਹੈਂ ? ਉਹ ਬੋਲਿਆ, ਹਾਂ ਜੀ । ੨੮ ਤਾਂ ਸਰਦਾਰ ਨੇ ਅੱਗੋਂ ਆਖਿਆ, ਮੈਂ ਬਹੁਤ ਪੈਸਾ ਖ਼ਰਚ ਕੇ ਰੋਮੀ ਨਾਗਰਿਕਤਾ ਨੂੰ ਪ੍ਰਾਪਤ ਕੀਤਾ ਹੈ । ਪੌਲੁਸ ਬੋਲਿਆ, ਪਰ ਮੈਂ ਅਜਿਹਾ ਹੀ ਜੰਮਿਆ । ੨੯ ਉਪਰੰਤ ਜਿਹੜੇ ਉਹ ਦੀ ਜਾਂਚ-ਪੜਤਾਲ ਕਰਨ ਲੱਗੇ ਸਨ ਉਹ ਝੱਟ ਉਹ ਦੇ ਕੋਲੋਂ ਹੱਟ ਗਏ ਅਤੇ ਸਰਦਾਰ ਵੀ ਇਹ ਜਾਣ ਕੇ ਕਿ ਉਹ ਰੋਮੀ ਹੈ ਅਤੇ ਮੈਂ ਉਹ ਨੂੰ ਬੰਨ੍ਹਿਆ, ਡਰ ਗਿਆ ।
ਪੌਲੁਸ ਮਹਾਂ ਸਭਾ ਦੇ ਸਾਹਮਣੇ
੩੦ ਅਗਲੇ ਦਿਨ, ਇਹ ਪਤਾ ਲਗਾਉਣ ਲਈ ਕਿ ਯਹੂਦੀਆਂ ਨੇ ਉਹ ਦੇ ਉੱਤੇ ਕਿਉਂ ਦੋਸ਼ ਲਾਇਆ ਹੈ ਉਸ ਨੇ ਉਹ ਨੂੰ ਖੋਲ੍ਹ ਦਿੱਤਾ ਅਤੇ ਮੁੱਖ ਜਾਜਕਾਂ ਅਤੇ ਸਾਰੀ ਮਹਾਂ ਸਭਾ ਦੇ ਇਕੱਠੇ ਹੋਣ ਦਾ ਹੁਕਮ ਕੀਤਾ । ਫੇਰ ਉਸ ਨੇ ਪੌਲੁਸ ਨੂੰ ਹੇਠਾਂ ਉਤਾਰ ਕੇ ਉਨ੍ਹਾਂ ਦੇ ਸਾਹਮਣੇ ਖੜ੍ਹਾ ਕੀਤਾ ।