੨
ਮਸੀਹ ਯਿਸੂ ਦਾ ਸਵਾਮੀ ਭਗਤ ਸੈਨਿਕ
੧ ਉਪਰੰਤ ਹੇ ਮੇਰੇ ਪੁੱਤਰ, ਤੂੰ ਉਸ ਕਿਰਪਾ ਨਾਲ ਜੋ ਮਸੀਹ ਯਿਸੂ ਵਿੱਚ ਹੈ ਤਕੜਾ ਹੋ । ੨ ਅਤੇ ਜਿਹੜੀਆਂ ਗੱਲਾਂ ਤੂੰ ਬਹੁਤਿਆਂ ਗਵਾਹਾਂ ਦੇ ਸਾਹਮਣੇ ਮੇਰੇ ਕੋਲੋਂ ਸੁਣੀਆਂ, ਅਜਿਹਿਆਂ ਵਿਸ਼ਵਾਸਯੋਗ ਮਨੁੱਖਾਂ ਨੂੰ ਸੌਂਪ ਜਿਹੜੇ ਹੋਰਨਾਂ ਨੂੰ ਵੀ ਸਿੱਖਿਆ ਦੇਣ ਯੋਗ ਹੋਣ । ੩ ਮਸੀਹ ਯਿਸੂ ਦੇ ਚੰਗੇ ਸਿਪਾਹੀ ਵਾਂਗੂੰ ਮੇਰੇ ਨਾਲ ਦੁੱਖ ਝੱਲ । ੪ ਕੋਈ ਸਿਪਾਹਗਰੀ ਕਰਦਾ ਹੋਇਆ ਆਪਣੇ ਆਪ ਨੂੰ ਸੰਸਾਰ ਦੇ ਕੰਮਾਂ ਵਿੱਚ ਨਹੀਂ ਫਸਾਉਂਦਾ ਕਿਉਂ ਜੋ ਆਪਣੀ ਭਰਤੀ ਕਰਨ ਵਾਲੇ ਨੂੰ ਪਰਸੰਨ ਕਰੇ । ੫ ਫੇਰ ਜੇ ਕੋਈ ਮੈਦਾਨ ਵਿੱਚ ਖੇਡੇ ਤਾਂ ਜਦੋਂ ਤੱਕ ਉਹ ਨਿਯਮਾਂ ਅਨੁਸਾਰ ਨਾ ਖੇਡੇ ਉਹ ਨੂੰ ਮੁਕਟ ਨਹੀਂ ਮਿਲਦਾ । ੬ ਕਿਸਾਨ ਜਿਹੜਾ ਮਿਹਨਤ ਕਰਦਾ ਹੈ ਪਹਿਲਾਂ ਉਸੇ ਨੂੰ ਫ਼ਸਲ ਵਿੱਚੋਂ ਹਿੱਸਾ ਮਿਲਣਾ ਚਾਹੀਦਾ ਹੈ । ੭ ਜੋ ਮੈਂ ਆਖਦਾ ਹਾਂ ਉਹ ਦਾ ਧਿਆਨ ਰੱਖ, ਕਿਉਂ ਜੋ ਪ੍ਰਭੂ ਤੈਨੂੰ ਸਾਰੀਆਂ ਗੱਲਾਂ ਦੀ ਸਮਝ ਦੇਵੇਗਾ । ੮ ਯਿਸੂ ਮਸੀਹ, ਜਿਹੜਾ ਦਾਊਦ ਦੀ ਪੀਹੜੀ ਵਿੱਚੋਂ ਹੈ, ਜੋ ਮੇਰੀ ਖੁਸ਼ਖਬਰੀ ਦੇ ਅਨੁਸਾਰ ਮੁਰਦਿਆਂ ਵਿੱਚੋਂ ਜੀ ਉੱਠਿਆ ਹੈ ਉਹ ਨੂੰ ਚੇਤੇ ਰੱਖ । ੯ ਜਿਸ ਦੇ ਲਈ ਮੈਂ ਅਪਰਾਧੀ ਵਾਂਗੂੰ ਬੰਧਨਾਂ ਤੱਕ ਦਾ ਦੁੱਖ ਭੋਗਦਾ ਹਾਂ, ਪਰੰਤੂ ਪਰਮੇਸ਼ੁਰ ਦਾ ਬਚਨ ਬੰਧਨਾਂ ਵਿੱਚ ਨਹੀਂ ਹੈ । ੧੦ ਇਸ ਕਾਰਨ ਮੈਂ ਚੁਣਿਆਂ ਹੋਇਆਂ ਲਈ ਸੱਭੋ ਕੁੱਝ ਸਹਿੰਦਾ ਹਾਂ ਕਿ ਉਹ ਵੀ ਉਸ ਮੁਕਤੀ ਨੂੰ ਜਿਹੜੀ ਮਸੀਹ ਯਿਸੂ ਵਿੱਚ ਹੈ, ਸਦੀਪਕ ਮਹਿਮਾ ਨਾਲ ਪ੍ਰਾਪਤ ਕਰਨ । ੧੧ ਇਹ ਬਚਨ ਭਰੋਸੇਵੰਦ ਹੈ ਕਿਉਂਕਿ ਜੇ ਅਸੀਂ ਉਹ ਦੇ ਨਾਲ ਮਰੇ ਤਾਂ ਉਹ ਦੇ ਨਾਲ ਜੀਵਾਂਗੇ ਵੀ । ੧੨ ਜੇ ਸਹਿ ਲਈਏ, ਉਹ ਦੇ ਨਾਲ ਰਾਜ ਵੀ ਕਰਾਂਗੇ । ਜੇ ਉਹ ਦਾ ਇਨਕਾਰ ਕਰੀਏ, ਤਾਂ ਉਹ ਵੀ ਸਾਡਾ ਇਨਕਾਰ ਕਰੇਗਾ । ੧੩ ਭਾਵੇਂ ਅਸੀਂ ਬੇਵਫ਼ਾ ਹੋਈਏ, ਪਰ ਉਹ ਵਫਾਦਾਰ ਰਹਿੰਦਾ ਹੈ ਕਿਉਂ ਜੋ ਉਹ ਆਪਣਾ ਇਨਕਾਰ ਨਹੀਂ ਕਰ ਸਕਦਾ ।
ਉੱਤਮ ਕਾਰੀਗਰ
੧੪ ਇਹਨਾਂ ਗੱਲਾਂ ਨਾਲ ਉਹਨਾਂ ਨੂੰ ਚੇਤੇ ਕਰਾ, ਪ੍ਰਭੂ ਨੂੰ ਗਵਾਹ ਕਰਕੇ ਬੇਨਤੀ ਕਰ ਕਿ ਉਹ ਸ਼ਬਦਾਂ ਦਾ ਝਗੜਾ ਨਾ ਕਰਨ, ਜਿਸ ਤੋਂ ਕੁੱਝ ਲਾਭ ਨਹੀਂ ਹੁੰਦਾ ਸਗੋਂ ਸੁਣਨ ਵਾਲਿਆਂ ਦਾ ਵਿਗਾੜ ਹੀ ਹੁੰਦਾ ਹੈ । ੧੫ ਆਪਣੇ ਆਪ ਨੂੰ ਪਰਮੇਸ਼ੁਰ ਦੇ ਅੱਗੇ ਪਰਵਾਨ ਅਤੇ ਅਜਿਹਾ ਕਾਰੀਗਰ ਠਹਿਰਾਉਣ ਦਾ ਜਤਨ ਕਰ ਜਿਸ ਨੂੰ ਲੱਜਿਆਵਾਨ ਨਾ ਹੋਣਾ ਪਵੇ ਅਤੇ ਜਿਹੜਾ ਸਚਿਆਈ ਦੇ ਬਚਨ ਦੀ ਉੱਚਿਤ ਵਿਆਖਿਆ ਕਰਨ ਵਾਲਾ ਹੋਵੇ । ੧੬ ਪਰ ਸੰਸਾਰਕ ਅਤੇ ਵਿਅਰਥ ਬੁੜ ਬੁੜਾਹਟ ਤੋਂ ਲਾਂਭੇ ਰਹਿ ਕਿਉਂ ਜੋ ਇਹ ਲੋਕਾਂ ਨੂੰ ਅਧਰਮ ਦੇ ਰਾਹ ਵਿੱਚ ਅਗਾਹਾਂ ਹੀ ਅਗਾਹਾਂ ਲੈ ਜਾਵੇਗੀ । ੧੭ ਅਤੇ ਉਨ੍ਹਾਂ ਦਾ ਬਚਨ ਸੜੇ ਹੋਏ ਜ਼ਖ਼ਮ ਦੀ ਤਰ੍ਹਾਂ ਫੈਲ ਜਾਵੇਗਾ । ਉਹਨਾਂ ਵਿੱਚੋਂ ਹੁਮਿਨਾਯੁਸ ਅਤੇ ਫ਼ਿਲੇਤੁਸ ਹਨ । ੧੮ ਉਹ ਇਹ ਕਹਿ ਕੇ ਭਈ ਮੁਰਦਿਆਂ ਦਾ ਜੀ ਉੱਠਣਾ ਹੋ ਚੁੱਕਾ ਹੈ ਸਚਿਆਈ ਦੇ ਰਾਹੋਂ ਖੁੰਝ ਗਏ ਅਤੇ ਕਈਆਂ ਦੀ ਵਿਸ਼ਵਾਸ ਨੂੰ ਵਿਗਾੜਦੇ ਹਨ । ੧੯ ਫਿਰ ਵੀ ਪਰਮੇਸ਼ੁਰ ਦੀ ਧਰੀ ਹੋਈ ਪੱਕੀ ਨੀਂਹ ਅਟੱਲ ਰਹਿੰਦੀ ਹੈ ਜਿਹ ਦੇ ਉੱਤੇ ਇਹ ਮੋਹਰ ਲੱਗੀ ਹੋਈ ਹੈ ਭਈ ਪ੍ਰਭੂ ਆਪਣਿਆਂ ਨੂੰ ਜਾਣਦਾ ਹੈ, ਨਾਲੇ ਇਹ ਕਿ ਹਰੇਕ ਜਿਹੜਾ ਪ੍ਰਭੂ ਦਾ ਨਾਮ ਲੈਂਦਾ ਹੈ ਕੁਧਰਮ ਤੋਂ ਅਲੱਗ ਰਹੇ । ੨੦ ਵੱਡੇ ਘਰ ਵਿੱਚ ਸੋਨੇ ਚਾਂਦੀ ਦੇ ਹੀ ਭਾਂਡੇ ਨਹੀਂ ਸਗੋਂ ਕਾਠ ਅਤੇ ਮਿੱਟੀ ਦੇ ਵੀ ਹੁੰਦੇ ਹਨ ਅਤੇ ਕਈ ਆਦਰ ਦੇ ਅਤੇ ਕਈ ਨਿਰਾਦਰ ਦੇ ਕੰਮ ਲਈ ਹੁੰਦੇ ਹਨ । ੨੧ ਸੋ ਜੇ ਕੋਈ ਆਪਣੇ ਆਪ ਨੂੰ ਇੰਨ੍ਹਾਂ ਤੋਂ ਸ਼ੁੱਧ ਕਰੇ ਤਾਂ ਉਹ ਆਦਰ ਦੇ ਕੰਮ ਲਈ ਪਵਿੱਤਰ ਕੀਤਾ ਹੋਇਆ, ਮਾਲਕ ਦੇ ਵਰਤਣ ਯੋਗ, ਅਤੇ ਹਰੇਕ ਚੰਗੇ ਕੰਮ ਲਈ ਤਿਆਰ ਕੀਤਾ ਹੋਇਆ ਭਾਂਡਾ ਹੋਵੇਗਾ । ੨੨ ਪਰ ਜੁਆਨੀ ਦੀਆਂ ਕਾਮਨਾਂ ਤੋਂ ਭੱਜ ਅਤੇ ਜਿਹੜੇ ਸਾਫ਼ ਦਿਲ ਤੋਂ ਪ੍ਰਭੂ ਦਾ ਨਾਮ ਲੈਂਦੇ ਹਨ ਉਨ੍ਹਾਂ ਨਾਲ ਧਰਮ, ਵਿਸ਼ਵਾਸ, ਪਿਆਰ ਅਤੇ ਮਿਲਾਪ ਦੇ ਮਗਰ ਲੱਗਾ ਰਹਿ । ੨੩ ਪਰ ਮੂਰਖਪੁਣੇ ਅਤੇ ਬੇਵਕੂਫ਼ੀ ਦਿਆਂ ਪ੍ਰਸ਼ਨਾਂ ਵੱਲੋਂ ਮੂੰਹ ਮੋੜ ਕਿਉਂ ਜੋ ਤੂੰ ਜਾਣਦਾ ਹੈਂ, ਕਿ ਉਨ੍ਹਾਂ ਤੋਂ ਝਗੜੇ ਪੈਦਾ ਹੁੰਦੇ ਹਨ । ੨੪ ਅਤੇ ਪ੍ਰਭੂ ਦਾ ਦਾਸ ਝਗੜਾਲੂ ਨਾ ਹੋਵੇ ਸਗੋਂ ਸਭਨਾਂ ਨਾਲ ਦਿਆਲੂ, ਸਿੱਖਿਆ ਦੇਣ ਯੋਗ ਅਤੇ ਸਬਰ ਕਰਨ ਵਾਲਾ ਹੋਵੇ । ੨੫ ਅਤੇ ਜਿਹੜੇ ਵਿਰੋਧ ਕਰਦੇ ਹਨ ਉਹਨਾਂ ਨੂੰ ਨਰਮਾਈ ਨਾਲ ਤਾੜਨਾ ਕਰੇ ਭਈ ਕੀ ਜਾਣੀਏ ਜੋ ਪਰਮੇਸ਼ੁਰ ਉਹਨਾਂ ਨੂੰ ਤੌਬਾ ਕਰਨੀ ਬਖਸ਼ੇ ਕਿ ਉਹ ਸੱਚ ਦੇ ਗਿਆਨ ਨੂੰ ਪ੍ਰਾਪਤ ਕਰਨ । ੨੬ ਸੁਚੇਤ ਹੋ ਕੇ ਸ਼ੈਤਾਨ ਦੀ ਫਾਹੀ ਵਿੱਚੋਂ ਬਚ ਨਿੱਕਲਣ, ਜਿਹਨੇ ਉਹਨਾਂ ਨੂੰ ਆਪਣੀ ਇੱਛਾ ਪੂਰੀ ਕਰਨ ਦੇ ਲਈ ਬੰਧੀ ਬਣਾਇਆ ਹੈ ।