੧੭
ਦਾਊਦ ਨੂੰ ਨਾਥਾਨ ਨਬੀ ਦਾ ਸੰਦੇਸ਼
(2 ਸਮੂਏਲ 7:1-17)
੧ ਜਦੋਂ ਦਾਊਦ ਆਪਣੇ ਮਹਿਲ ਵਿੱਚ ਰਹਿਣ ਲੱਗਿਆ, ਤਾਂ ਦਾਊਦ ਨੇ ਨਾਥਾਨ ਨਬੀ ਨੂੰ ਆਖਿਆ, “ਵੇਖ, ਮੈਂ ਤਾਂ ਦਿਆਰ ਦੀ ਲੱਕੜ ਦੇ ਬਣਾਏ ਹੋਏ ਮਹਿਲ ਦੇ ਵਿੱਚ ਰਹਿੰਦਾ ਹਾਂ ਪਰ ਯਹੋਵਾਹ ਦੇ ਨੇਮ ਦਾ ਸੰਦੂਕ ਤੰਬੂ ਵਿੱਚ ਹੈ ।” ੨ ਤਾਂ ਨਾਥਾਨ ਨੇ ਦਾਊਦ ਨੂੰ ਆਖਿਆ ਕਿ ਜੋ ਕੁਝ ਤੇਰੇ ਮਨ ਵਿੱਚ ਹੈ ਤੂੰ ਉਹ ਕਰ, ਕਿਉਂਕਿ ਪਰਮੇਸ਼ੁਰ ਤੇਰੇ ਨਾਲ ਹੈ । ੩ ਫਿਰ ਉਸੇ ਰਾਤ ਪਰਮੇਸ਼ੁਰ ਦੀ ਬਾਣੀ ਨਾਥਾਨ ਨੂੰ ਆਈ ੪ ਕਿ ਤੂੰ ਜਾ, ਅਤੇ ਮੇਰੇ ਦਾਸ ਦਾਊਦ ਨੂੰ ਆਖ ਕਿ ਯਹੋਵਾਹ ਇਹ ਆਖਦਾ ਹੈ, “ਤੂੰ ਮੇਰੇ ਨਿਵਾਸ ਲਈ ਕੋਈ ਭਵਨ ਨਾ ਬਣਾ ੫ ਕਿਉਂਕਿ ਮੈਂ ਜਦੋਂ ਦਾ ਇਸਰਾਏਲ ਨੂੰ ਉਤਾਂਹ ਲਿਆਇਆ ਹਾਂ, ਅਜੇ ਤੱਕ ਕਿਸੇ ਭਵਨ ਵਿੱਚ ਨਾ ਵੱਸਿਆ ਸਗੋਂ ਤੰਬੂ ਤੋਂ ਤੰਬੂ ਅਤੇ ਡੇਰੇ ਤੋਂ ਡੇਰੇ ਵਿੱਚ ਫਿਰਦਾ ਰਿਹਾ ਹਾਂ । ੬ ਅਤੇ ਜਿੱਥੇ-ਜਿੱਥੇ ਮੈਂ ਸਾਰੇ ਇਸਰਾਏਲ ਨਾਲ ਫਿਰਦਾ ਰਿਹਾ ਹਾਂ, ਕੀ ਮੈਂ ਇਸਰਾਏਲ ਦੇ ਨਿਆਈਆਂ ਵਿੱਚੋਂ ਜਿਨ੍ਹਾਂ ਨੂੰ ਮੈਂ ਆਪਣੀ ਪਰਜਾ ਦੇ ਚਰਾਉਣ ਦੀ ਆਗਿਆ ਕੀਤੀ, ਕਿਸੇ ਨੂੰ ਕਦੀ ਆਖਿਆ ਕਿ ਤੂੰ ਮੇਰੇ ਲਈ ਦਿਆਰ ਦਾ ਭਵਨ ਕਿਉਂ ਨਹੀਂ ਬਣਾਇਆ ? “ ੭ ਇਸ ਲਈ ਤੂੰ ਹੁਣ ਮੇਰੇ ਦਾਸ ਦਾਊਦ ਨੂੰ ਇਹ ਆਖ ਕਿ ਸੈਨਾ ਦਾ ਯਹੋਵਾਹ ਇਸ ਤਰ੍ਹਾਂ ਆਖਦਾ ਹੈ, ਮੈਂ ਤੈਨੂੰ ਉੱਥੋਂ ਕੱਢ ਕੇ ਜਿੱਥੇ ਤੂੰ ਭੇਡਾਂ ਚਰਾਉਂਦਾ ਸੀ, ਆਪਣੀ ਪਰਜਾ ਇਸਰਾਏਲ ਦਾ ਪ੍ਰਧਾਨ ਬਣਾ ਦਿੱਤਾ, ੮ ਜਿੱਥੇ ਜਿੱਥੇ ਤੂੰ ਗਿਆ ਮੈਂ ਤੇਰੇ ਨਾਲ ਰਿਹਾ ਅਤੇ ਤੇਰੇ ਅੱਗੋਂ ਤੇਰੇ ਸਾਰੇ ਵੈਰੀਆਂ ਨੂੰ ਮਿਟਾ ਦਿੱਤਾ, ਮੈਂ ਜਗਤ ਦੇ ਵੱਡੇ ਨਾਮੀ ਲੋਕਾਂ ਵਾਂਗੂੰ ਤੇਰਾ ਨਾਮ ਵੀ ਵੱਡਾ ਕੀਤਾ, ੯ ਮੈਂ ਆਪਣੀ ਇਸਰਾਏਲੀ ਪਰਜਾ ਦੇ ਲਈ ਇੱਕ ਥਾਂ ਠਹਿਰਾਵਾਂਗਾ ਅਤੇ ਉਸ ਨੂੰ ਟਿਕਾਵਾਂਗਾ ਤਾਂ ਕਿ ਉਹ ਆਪਣੇ ਹੀ ਥਾਂ ਵਿੱਚ ਵੱਸਣ ਅਤੇ ਫੇਰ ਕਦੀ ਇੱਧਰ-ਉੱਧਰ ਨਾ ਭਟਕਣ ਅਤੇ ਅਪਰਾਧੀਆਂ ਦੇ ਪੁੱਤਰ ਪਹਿਲਾਂ ਦੀ ਤਰ੍ਹਾਂ ਉਨ੍ਹਾਂ ਦਾ ਫੇਰ ਵਿਗਾੜ ਨਾ ਕਰਨਗੇ, ੧੦ ਨਾ ਉਸ ਦਿਨ ਵਾਂਗੂੰ ਜਿਸ ਵਿੱਚ ਮੈਂ ਨਿਆਈਆਂ ਨੂੰ ਹੁਕਮ ਦਿੱਤਾ ਸੀ ਕਿ ਮੇਰੀ ਪਰਜਾ ਇਸਰਾਏਲ ਉੱਤੇ ਹੋਵੇ ਅਤੇ ਮੈਂ ਤੇਰੇ ਸਾਰੇ ਵੈਰੀਆਂ ਨੂੰ ਦਬਾਵਾਂਗਾ, ਮੈਂ ਤੈਨੂੰ ਇਹ ਵੀ ਆਖਦਾ ਹਾਂ, “ਯਹੋਵਾਹ ਤੇਰੇ ਲਈ ਇੱਕ ਘਰਾਣਾ ਬਣਾਵੇਗਾ । ੧੧ ਜਦੋਂ ਤੇਰੀ ਅਵਸਥਾ ਪੂਰੀ ਹੋਵੇਗੀ ਅਤੇ ਤੈਨੂੰ ਆਪਣੇ ਪੁਰਖਿਆਂ ਦੇ ਕੋਲ ਜਾਣਾ ਪਵੇਗਾ, ਤਾਂ ਅਜਿਹਾ ਹੋਵੇਗਾ ਕਿ ਮੈਂ ਤੇਰੇ ਪਿੱਛੋਂ ਤੇਰੇ ਪੁੱਤਰਾਂ ਵਿੱਚੋਂ ਤੇਰੇ ਅੰਸ ਨੂੰ ਇਸਥਿਰ ਕਰਾਂਗਾ ਅਤੇ ਮੈਂ ਉਹ ਦੇ ਰਾਜ ਨੂੰ ਪੱਕਾ ਕਰਾਂਗਾ, ੧੨ ਉਹ ਮੇਰੇ ਲਈ ਇੱਕ ਭਵਨ ਬਣਾਵੇਗਾ ਅਤੇ ਮੈਂ ਉਸ ਦੀ ਗੱਦੀ ਸਦਾ ਤੱਕ ਅਟੱਲ ਰੱਖਾਂਗਾ, ੧੩ ਮੈਂ ਉਸ ਦਾ ਪਿਤਾ ਬਣਾਂਗਾ ਅਤੇ ਉਹ ਮੇਰਾ ਪੁੱਤਰ ਹੋਵੇਗਾ, ਮੈਂ ਉਸ ਦੇ ਉੱਤੋਂ ਆਪਣੀ ਦਯਾ ਹਟਾ ਨਾ ਲਵਾਂਗਾ, ਜਿਵੇਂ ਮੈਂ ਉਸ ਤੋਂ ਹਟਾ ਲਈ ਜਿਹੜਾ ਤੇਰੇ ਨਾਲੋਂ ਪਹਿਲਾਂ ਸੀ, ੧੪ ਸਗੋਂ ਮੈਂ ਉਹ ਨੂੰ ਆਪਣੇ ਭਵਨ ਵਿੱਚ ਅਤੇ ਆਪਣੇ ਰਾਜ ਵਿੱਚ ਸਦਾ ਤੱਕ ਇਸਥਿਰ ਕਰਾਂਗਾ, ਉਸ ਦੀ ਰਾਜ ਗੱਦੀ ਸਦੀਪਕ ਕਾਲ ਤੱਕ ਦ੍ਰਿੜ ਰਹੇਗੀ ।” ੧੫ ਤਾਂ ਨਾਥਾਨ ਨੇ ਇਨ੍ਹਾਂ ਸਾਰੀਆਂ ਗੱਲਾਂ ਅਤੇ ਇਸ ਦਰਸ਼ਣ ਦੇ ਅਨੁਸਾਰ ਦਾਊਦ ਨੂੰ ਆਖਿਆ ।
ਦਾਊਦ ਦੀ ਧੰਨਵਾਦ ਦੀ ਪ੍ਰਾਰਥਨਾ
(2 ਸਮੂਏਲ 7:18-29)
੧੬ ਤਾਂ ਦਾਊਦ ਪਾਤਸ਼ਾਹ ਅੰਦਰ ਗਿਆ ਅਤੇ ਯਹੋਵਾਹ ਦੇ ਹਜ਼ੂਰ ਬੈਠ ਕੇ ਆਖਿਆ, “ਹੇ ਯਹੋਵਾਹ ਪਰਮੇਸ਼ੁਰ, ਮੈਂ ਕੌਣ ਹਾਂ ਅਤੇ ਮੇਰੀ ਕੁਲ ਕੀ ਹੈ, ਕਿ ਤੂੰ ਮੈਨੂੰ ਇੱਥੋਂ ਤੱਕ ਪਹੁੰਚਾ ਦਿੱਤਾ ? ੧੭ ਹੇ ਪਰਮੇਸ਼ੁਰ ਇਹ ਤਾਂ ਤੇਰੇ ਲਈ ਇੱਕ ਛੋਟੀ ਜਿਹੀ ਗੱਲ ਸੀ ਪਰ ਤੂੰ ਆਪਣੇ ਦਾਸ ਦੀ ਕੁਲ ਦੇ ਬਾਰੇ ਬਹੁਤ ਦੂਰ ਦੀ ਖ਼ਬਰ ਪਹਿਲਾਂ ਹੀ ਦੱਸ ਦਿੱਤੀ ਅਤੇ ਹੇ ਯਹੋਵਾਹ ਪਰਮੇਸ਼ੁਰ ਮੇਰੇ ਉੱਤੇ ਅਜਿਹੀ ਕਿਰਪਾ ਦ੍ਰਿਸ਼ਟ ਕੀਤੀ ਕਿ ਜਿਵੇਂ ਮੈਂ ਵੱਡੀ ਪੱਦਵੀ ਵਾਲਾ ਮਨੁੱਖ ਹਾਂ !” ੧੮ ਦਾਊਦ ਉਸ ਵਡਿਆਈ ਦੇ ਲਈ ਕੀ ਆਖੇ ਜਿਹੜੀ ਤੂੰ ਆਪਣੇ ਦਾਸ ਨੂੰ ਦਿੱਤੀ ? ਕਿਉਂ ਜੋ ਤੂੰ ਆਪਣੇ ਦਾਸ ਨੂੰ ਜਾਣਦਾ ਹੈਂ ? ੧੯ ਹੇ ਯਹੋਵਾਹ ਆਪਣੇ ਸੇਵਕ ਦੇ ਲਈ ਇਹ ਸਾਰਾ ਵਡਿਆਈ ਵਾਲਾ ਕੰਮ ਆਪਣੇ ਮਨ ਦੇ ਅਨੁਸਾਰ ਕੀਤਾ, ਤਾਂ ਕਿ ਸਾਰੀਆਂ ਵਡਿਆਈਆਂ ਪਰਗਟ ਹੋਣ ੨੦ ਹੇ ਯਹੋਵਾਹ, ਤੇਰੇ ਤੁੱਲ ਕੋਈ ਨਹੀਂ ਹੈ ਅਤੇ ਤੇਰੇ ਤੋਂ ਬਿਨ੍ਹਾਂ ਜਿੱਥੋਂ ਤੱਕ ਅਸੀਂ ਆਪਣੇ ਕੰਨਾਂ ਨਾਲ ਸੁਣਿਆ, ਹੋਰ ਕੋਈ ਪਰਮੇਸ਼ੁਰ ਨਹੀਂ ਹੈ ੨੧ ਅਤੇ ਸਾਰੇ ਜਗਤ ਵਿੱਚ ਹੋਰ ਕਿਹੜੀ ਜਾਤ ਹੈ ਜਿਹੜੀ ਤੇਰੀ ਪਰਜਾ ਇਸਰਾਏਲ ਦੇ ਤੁੱਲ ਹੋਵੇ, ਜਿਸ ਦੇ ਬਚਾਉਣ ਨੂੰ ਪਰਮੇਸ਼ੁਰ ਆਪ ਗਿਆ ਤਾਂ ਕਿ ਉਸ ਨੂੰ ਆਪਣੀ ਪਰਜਾ ਬਣਾਵੇ, ਵੱਡੇ-ਵੱਡੇ ਤੇ ਡਰਾਉਣੇ ਕੰਮਾਂ ਨਾਲ ਆਪਣਾ ਨਾਮ ਉੱਚਾ ਕਰੇ ਅਤੇ ਆਪਣੀ ਪਰਜਾ ਦੇ ਅੱਗੋਂ ਜਿਨ੍ਹਾਂ ਨੂੰ ਤੂੰ ਮਿਸਰ ਦੇਸ ਵਿੱਚੋਂ ਛੁਡਾ ਲਿਆਇਆ, ਕੌਮਾਂ ਨੂੰ ਕੱਢ ਦਿੱਤਾ । ੨੨ ਕਿਉਂ ਜੋ ਤੂੰ ਆਪਣੀ ਪਰਜਾ ਇਸਰਾਏਲ ਨੂੰ ਸਦੀਪਕ ਕਾਲ ਤੱਕ ਆਪਣੀ ਪਰਜਾ ਬਣਾਇਆ ਅਤੇ ਹੇ ਯਹੋਵਾਹ, ਤੂੰ ਆਪ ਉਨ੍ਹਾਂ ਦਾ ਪਰਮੇਸ਼ੁਰ ਬਣਿਆ । ੨੩ ਸੋ ਹੁਣ ਹੇ ਯਹੋਵਾਹ, ਉਹ ਬਚਨ ਜਿਹੜਾ ਤੂੰ ਆਪਣੇ ਦਾਸ ਅਤੇ ਉਸ ਦੀ ਕੁਲ ਦੇ ਲਈ ਆਖਿਆ ਸੀ, ਸਦਾ ਤੱਕ ਇਸਥਿਰ ਹੋਵੇ ਅਤੇ ਤੂੰ ਆਪਣੇ ਬਚਨ ਦੇ ਅਨੁਸਾਰ ਕਰ ੨੪ ਹਾਂ, ਉਹ ਇਸਥਿਰ ਹੋਵੇ ਅਤੇ ਤੇਰੇ ਨਾਮ ਦੀ ਮਹਿਮਾ ਸਦੀਪਕ ਕਾਲ ਤੱਕ ਪ੍ਰਸਿੱਧ ਹੋਵੇ, ਅਤੇ ਆਖਿਆ ਜਾਵੇ ਜੋ ਸੈਨਾ ਦਾ ਯਹੋਵਾਹ ਇਸਰਾਏਲ ਦਾ ਪਰਮੇਸ਼ੁਰ ਹੈ, ਹਾਂ, ਇਸਰਾਏਲ ਦੇ ਲਈ ਪਰਮੇਸ਼ੁਰ ਹੈ, ਅਤੇ ਤੇਰੇ ਦਾਸ ਦਾਊਦ ਦੀ ਕੁਲ ਤੇਰੇ ਅੱਗੇ ਅਟੱਲ ਰਹੇ ੨੫ ਕਿਉਂ ਜੋ ਹੇ ਪਰਮੇਸ਼ੁਰ, ਤੂੰ ਆਪਣੇ ਦਾਸ ਦਾ ਕੰਨ ਖੋਲ੍ਹਿਆ ਕਿ ਤੂੰ ਉਹ ਦੇ ਲਈ ਘਰਾਣਾ ਬਣਾਵੇਂਗਾ, ਇਸੇ ਕਾਰਨ ਤੇਰੇ ਦਾਸ ਨੇ ਤੇਰੇ ਅੱਗੇ ਅਰਦਾਸ ਕਰਨ ਦਾ ਹੌਂਸਲਾ ਕੀਤਾ । ੨੬ ਹੇ ਯਹੋਵਾਹ, ਤੂੰ ਹੀ ਤਾਂ ਪਰਮੇਸ਼ੁਰ ਹੈ, ਅਤੇ ਤੂੰ ਹੀ ਆਪਣੇ ਦਾਸ ਨੂੰ ਇਸ ਸੁੱਖ-ਸਾਂਦ ਦਾ ਬਚਨ ਕੀਤਾ । ੨੭ ਸੋ ਹੁਣ ਤੈਨੂੰ ਚੰਗਾ ਲੱਗਿਆ ਹੈ, ਜੋ ਤੂੰ ਆਪਣੇ ਦਾਸ ਦੀ ਕੁਲ ਨੂੰ ਅਸੀਸ ਦਿੱਤੀ, ਤਾਂ ਕਿ ਉਹ ਤੇਰੇ ਅੱਗੇ ਸਦਾ ਤੱਕ ਇਸਥਿਰ ਰਹੇ, ਕਿਉਂ ਜੋ ਯਹੋਵਾਹ ਤੂੰ ਅਸੀਸ ਦਿੱਤੀ ਹੈ, ਅਤੇ ਉਹ ਸਦਾ ਤੱਕ ਮੁਬਾਰਕ ਰਹੇ ।