ਪਰਮੇਸ਼ੁਰ ਆਪਣੇ ਲੋਕਾਂ ਦੀ ਰੱਖਿਆ ਕਰਨ ਵਾਲਾ
ਦਾਊਦ ਦਾ ਯਾਤਰਾ ਦਾ ਗੀਤ
1ਜੇ ਯਹੋਵਾਹ ਸਾਡੀ ਵੱਲ ਨਾ ਹੁੰਦਾ,
ਇਸਰਾਏਲ ਇਹ ਆਖੇ,
2ਜੇ ਯਹੋਵਾਹ ਉਸ ਵੇਲੇ ਸਾਡੇ ਵੱਲ ਨਾ ਹੁੰਦਾ,
ਜਦ ਮਨੁੱਖ ਸਾਡੇ ਵਿਰੁੱਧ ਉੱਠੇ,
3ਤਾਂ ਓਹ ਸਾਨੂੰ ਜਿਉਂਦਿਆਂ ਨੂੰ ਨਿਗਲ ਲੈਂਦੇ,
ਜਦੋਂ ਉਨ੍ਹਾਂ ਦਾ ਕ੍ਰੋਧ ਸਾਡੇ ਉੱਤੇ ਭੜਕ ਉੱਠਿਆ,
4ਤਾਂ ਸਾਨੂੰ ਪਾਣੀ ਰੋੜ੍ਹ ਲੈ ਜਾਂਦੇ,
ਅਤੇ ਨਾਲਾ ਸਾਡੀ ਜਾਨ ਦੇ ਉੱਤੋਂ ਦੀ ਵਗ ਜਾਂਦਾ,
5ਤਾਂ ਠਾਠਾਂ ਮਾਰਦਾ ਪਾਣੀ ਸਾਡੀ ਜਾਨ ਦੇ ਉੱਤੋਂ ਦੀ ਲੰਘ ਜਾਂਦਾ!
6ਯਹੋਵਾਹ ਮੁਬਾਰਕ ਹੋਵੇ,
ਜਿਸ ਨੇ ਸਾਨੂੰ ਉਨ੍ਹਾਂ ਦੇ ਦੰਦਾਂ ਦਾ ਸ਼ਿਕਾਰ ਨਾ ਹੋਣ ਦਿੱਤਾ!
7ਸਾਡੀ ਜਾਨ ਚਿੜ੍ਹੀ ਵਾਂਗੂੰ ਚਿੜ੍ਹੀਮਾਰ ਦੀ ਫਾਹੀ ਤੋਂ ਛੁਡਾਈ ਗਈ,
ਫਾਹੀ ਟੁੱਟੀ, ਸਾਡੀ ਜਾਨ ਛੁੱਟੀ।
8ਸਾਡੀ ਸਹਾਇਤਾ ਯਹੋਵਾਹ ਦੇ ਨਾਮ ਵਿੱਚ ਹੈ,
ਜਿਹੜਾ ਅਕਾਸ਼ ਅਤੇ ਧਰਤੀ ਦਾ ਕਰਤਾ ਹੈ।