ਪਰਮੇਸ਼ੁਰ ਅਤੇ ਉਸ ਦੇ ਲੋਕ
ਆਸਾਫ਼ ਦਾ ਮਸ਼ਕੀਲ
1ਹੇ ਮੇਰੀ ਪਰਜਾ, ਮੇਰੀ ਬਿਵਸਥਾ ਉੱਤੇ ਆਪਣਾ ਕੰਨ ਧਰੋ,
ਆਪਣੇ ਕੰਨ ਮੇਰੇ ਮੁਖ-ਵਾਕਾਂ ਉੱਤੇ ਲਾਓ।
2ਮੈਂ ਆਪਣਾ ਮੂੰਹ ਦ੍ਰਿਸ਼ਟਾਂਤਾਂ ਵਿੱਚ ਖੋਲ੍ਹਾਂਗਾ,
ਮੈਂ ਪੁਰਾਣਿਆਂ ਸਮਿਆਂ ਦੀਆਂ ਬੁਝਾਰਤਾਂ ਉਚਾਰਾਂਗਾ,
3ਜਿਹੜੀਆਂ ਅਸੀਂ ਸੁਣੀਆਂ ਤੇ ਜਾਤੀਆਂ,
ਅਤੇ ਸਾਡੇ ਪੁਰਖਿਆਂ ਨੇ ਸਾਨੂੰ ਦੱਸੀਆਂ।
4ਅਸੀਂ ਉਹਨਾਂ ਨੂੰ ਉਨ੍ਹਾਂ ਦੀ ਅੰਸ ਤੋਂ ਲੁਕਾਵਾਂਗੇ,
ਸਗੋਂ ਆਉਣ ਵਾਲੀ ਪੀੜ੍ਹੀ ਨੂੰ ਯਹੋਵਾਹ ਦੀ ਉਸਤਤ,
ਉਸ ਦੀ ਸ਼ਕਤੀ ਅਤੇ ਅਚਰਜ਼ ਕੰਮ ਜੋ ਉਸ ਨੇ ਕੀਤੇ ਦੱਸਾਂਗੇ।
5ਉਸ ਨੇ ਤਾਂ ਯਾਕੂਬ ਵਿੱਚ ਇੱਕ ਸਾਖੀ ਕਾਇਮ ਕੀਤੀ,
ਅਤੇ ਇਸਰਾਏਲ ਵਿੱਚ ਇੱਕ ਬਿਵਸਥਾ ਠਹਿਰਾਈ,
ਜਿਹ ਦਾ ਹੁਕਮ ਉਸ ਨੇ ਸਾਡੇ ਪੁਰਖਿਆਂ ਨੂੰ ਦਿੱਤਾ,
ਕਿ ਓਹ ਆਪਣੀ ਅੰਸ ਨੂੰ ਸਿਖਾਉਣ,
6ਤਾਂ ਜੋ ਆਉਣ ਵਾਲੀ ਪੀੜ੍ਹੀ ਅਰਥਾਤ ਓਹ ਬੱਚੇ,
ਜਿਹੜੇ ਜੰਮਣਗੇ ਉਨ੍ਹਾਂ ਨੂੰ ਜਾਣ ਲੈਣ,
ਕਿ ਓਹ ਵੀ ਉੱਠ ਕੇ ਆਪਣੀ ਅੰਸ ਨੂੰ ਦੱਸਣ,
7ਕਿ ਓਹ ਪਰਮੇਸ਼ੁਰ ਵਿੱਚ ਆਪਣੀ ਆਸ਼ਾ ਰੱਖਣ, ਅਤੇ ਪਰਮੇਸ਼ੁਰ ਦੇ ਕੰਮਾਂ ਨੂੰ ਨਾ ਭੁੱਲਣ,
ਪਰ ਉਸ ਦੇ ਹੁਕਮਾਂ ਦੀ ਰਾਖੀ ਕਰਨ,
8ਅਤੇ ਓਹ ਆਪਣੇ ਪੁਰਖਿਆਂ ਵਾਂਗੂੰ ਨਾ ਹੋਣ,
ਇੱਕ ਕੱਬੀ ਪੀੜ੍ਹੀ ਜਿਸ ਆਪਣਾ ਮਨ ਕਾਇਮ ਨਾ ਰੱਖਿਆ,
ਅਤੇ ਜਿਹ ਦਾ ਆਤਮਾ ਪਰਮੇਸ਼ੁਰ ਵਿੱਚ ਦ੍ਰਿੜ੍ਹ ਨਾ ਰਿਹਾ।
9ਇਫ਼ਰਾਈਮ ਦੀ ਅੰਸ ਸ਼ਾਸ਼ਤਰ ਧਾਰੀ ਹੋ ਕੇ ਤੇ ਧਣੁੱਖ ਲੈ ਕੇ
ਲੜਾਈ ਦੇ ਦਿਨ ਪਿੱਛੇ ਮੁੜ ਆਈ।
10ਉਨ੍ਹਾਂ ਨੇ ਪਰਮੇਸ਼ੁਰ ਦੇ ਨੇਮ ਦੀ ਪਾਲਣਾ ਨਾ ਕੀਤੀ,
ਅਤੇ ਉਸ ਦੀ ਬਿਵਸਥਾ ਵਿੱਚ ਚੱਲਣ ਤੋਂ ਨਾਂਹ ਕੀਤੀ।
11ਓਹ ਉਸ ਦੇ ਕੰਮਾਂ ਅਤੇ ਅਚਰਜ਼ ਕਰਤੱਬਾਂ ਨੂੰ,
ਜਿਹੜੇ ਉਸ ਨੇ ਉਨ੍ਹਾਂ ਨੂੰ ਵਿਖਾਏ ਭੁਲਾ ਬੈਠੇ।
12ਉਨ੍ਹਾਂ ਦੇ ਪੁਰਖਿਆਂ ਦੇ ਅੱਗੇ ਮਿਸਰ ਦੇਸ ਵਿੱਚ,
ਸੋਆਨ ਦੀ ਮੈਦਾਨ ਵਿੱਚ ਉਸ ਨੇ ਇੱਕ ਅਚਰਜ਼ ਕੰਮ ਕੀਤਾ।
13ਉਸ ਨੇ ਸਮੁੰਦਰ ਨੂੰ ਚੀਰ ਕੇ ਉਨ੍ਹਾਂ ਨੂੰ ਪਾਰ ਲੰਘਾਇਆ,
ਅਤੇ ਪਾਣੀ ਨੂੰ ਢੇਰ ਵਾਂਗੂੰ ਖੜ੍ਹਾ ਕਰ ਦਿੱਤਾ।
14ਉਸ ਨੇ ਦਿਨ ਨੂੰ ਬੱਦਲ ਨਾਲ,
ਅਤੇ ਸਾਰੀ ਰਾਤ ਅੱਗ ਦੀ ਲੋ ਨਾਲ ਉਨ੍ਹਾਂ ਦੀ ਅਗਵਾਈ ਕੀਤੀ।
15ਉਸ ਨੇ ਉਜਾੜ ਵਿੱਚ ਚੱਟਾਨ ਪਾੜ ਕੇ,
ਉਨ੍ਹਾਂ ਨੂੰ ਜਾਣੀਦਾ ਡੁੰਘਿਆਈਆਂ ਵਿੱਚੋਂ ਬਹੁਤ ਪਾਣੀ ਪਿਲਾਇਆ,
16ਉਸ ਨੇ ਢਿੱਗ ਵਿੱਚੋਂ ਧਾਰਾਂ ਕੱਢੀਆਂ,
ਅਤੇ ਆਪਣੀ ਦਰਿਆਵਾਂ ਵਾਂਗੂੰ ਵਗਾਇਆ।
17ਤਾਂ ਉਨ੍ਹਾਂ ਨੇ ਉਹ ਦਾ ਹੋਰ ਵੀ ਪਾਪ ਕੀਤਾ,
ਅਤੇ ਥਲ ਵਿੱਚ ਅੱਤ ਮਹਾਨ ਤੋਂ ਆਕੀ ਹੀ ਰਹੇ।
18ਉਨ੍ਹਾਂ ਨੇ ਆਪਣੇ ਖੁੱਦਿਆ ਲਈ ਭੋਜਨ ਮੰਗ ਕੇ ਆਪਣੇ ਮਨ ਵਿੱਚ ਪਰਮੇਸ਼ੁਰ ਦਾ ਪਰਤਾਵਾ ਕੀਤਾ।
19ਓਹ ਪਰਮੇਸ਼ੁਰ ਦੇ ਵਿਰੁੱਧ ਬੋਲੇ,
ਉਨ੍ਹਾਂ ਨੇ ਆਖਿਆ, ਕੀ ਪਰਮੇਸ਼ੁਰ ਉਜਾੜ ਵਿੱਚ ਵੀ ਲੰਗਰ ਦਾ ਅਡੰਬਰ ਰਚ ਸਕੇਗਾ?
20ਵੇਖੋ, ਉਸ ਨੇ ਚੱਟਾਨ ਨੂੰ ਮਾਰਿਆ,
ਪਾਣੀ ਫੁੱਟ ਨਿੱਕਲਿਆ,
ਅਤੇ ਧਾਰਾਂ ਵਗ ਪਈਆਂ,
ਕੀ ਉਹ ਰੋਟੀ ਵੀ ਦੇ ਸਕੇਗਾ?
ਨਾਲੇ ਆਪਣੀ ਪਰਜਾ ਨੂੰ ਮਹਾਂ ਪਰਸ਼ਾਦ ਵੀ ਪਹੁੰਚਾਵੇਗਾ?
21ਇਸ ਲਈ ਜਦ ਯਹੋਵਾਹ ਨੇ ਸੁਣਿਆ ਤਾਂ ਅੱਤ ਕ੍ਰੋਧਵਾਨ ਹੋਇਆ,
ਅਤੇ ਯਾਕੂਬ ਵਿੱਚ ਅੱਗ ਭੜਕੀ, ਨਾਲੇ ਇਸਰਾਏਲ ਉੱਤੇ ਵੀ ਕੋਪ ਹੋਇਆ,
22ਕਿਉਂਕਿ ਉਨ੍ਹਾਂ ਨੇ ਪਰਮੇਸ਼ੁਰ ਉੱਤੇ ਪਰਤੀਤ ਨਾ ਕੀਤੀ,
ਅਤੇ ਉਸ ਦੇ ਬਚਾਓ ਉੱਤੇ ਭਰੋਸਾ ਨਾ ਰੱਖਿਆ।
23ਤਾਂ ਵੀ ਉਸ ਨੇ ਉੱਪਰ ਗਗਣ ਨੂੰ ਹੁਕਮ ਦਿੱਤਾ,
ਅਤੇ ਅਕਾਸ਼ ਦੇ ਦਰਵਾਜ਼ੇ ਖੋਲ੍ਹ ਦਿੱਤੇ,
24ਅਤੇ ਉਨ੍ਹਾਂ ਦੇ ਖਾਣ ਲਈ ਮੰਨ ਵਰ੍ਹਾਇਆ,
ਅਤੇ ਉਨ੍ਹਾਂ ਨੂੰ ਸਵਰਗੀ ਅੰਨ ਦਿੱਤਾ।
25ਬਲਵੰਤਾਂ ਦੀ ਰੋਟੀ ਇਨਸਾਨ ਨੇ ਖਾਧੀ,
ਉਸ ਨੇ ਰੱਜਵੀਂ ਰੋਟੀ ਭੇਜੀ।
26ਉਸ ਨੇ ਅਕਾਸ਼ ਵਿੱਚ ਪੁਰੇ ਦੀ ਹਵਾ ਵਗਾਈ,
ਅਤੇ ਆਪਣੀ ਸਮਰੱਥਾ ਨਾਲ ਦੱਖਣੀ ਹਵਾ ਚਲਾਈ,
27ਅਤੇ ਉਨ੍ਹਾਂ ਉੱਤੇ ਧੂੜ ਵਾਂਗੂੰ ਮਹਾਂ ਪਰਸ਼ਾਦ,
ਅਤੇ ਸਮੁੰਦਰ ਦੀ ਰੇਤ ਵਾਂਗੂੰ ਪੰਖੇਰੂ ਵਰ੍ਹਾਏ,
28ਅਤੇ ਉਨ੍ਹਾਂ ਦੇ ਡੇਰੇ ਵਿੱਚ
ਅਤੇ ਉਨ੍ਹਾਂ ਦੇ ਵਸੇਬਿਆਂ ਦੇ ਆਲੇ-ਦੁਆਲੇ ਗਿਰਾਏ।
29ਸੋ ਉਨ੍ਹਾਂ ਨੇ ਬਹੁਤ ਰੱਜ ਕੇ ਖਾਧਾ,
ਅਤੇ ਉਸ ਨੇ ਉਨ੍ਹਾਂ ਦੀ ਇੱਛਿਆ ਨੂੰ ਪੂਰਾ ਕੀਤਾ।
30ਓਹ ਆਪਣੀ ਹਿਰਸ ਤੋਂ ਹਟੇ,
ਉਨ੍ਹਾਂ ਦਾ ਖਾਣਾ ਅਜੇ ਉਨ੍ਹਾਂ ਦੇ ਮੂੰਹ ਵਿੱਚ ਹੀ ਸੀ,
31ਕਿ ਪਰਮੇਸ਼ੁਰ ਦਾ ਕ੍ਰੋਧ ਉਨ੍ਹਾਂ ਉੱਤੇ ਭੜਕਿਆ,
ਅਤੇ ਉਸ ਨੇ ਉਨ੍ਹਾਂ ਦੇ ਡਾਢੇ ਮੋਟਿਆਂ ਨੂੰ ਵੱਢ ਸੁੱਟਿਆ,
ਅਤੇ ਇਸਰਾਏਲ ਦੇ ਗੱਭਰੂਆਂ ਨੂੰ ਨਿਵਾ ਲਿਆ।
32ਤਾਂ ਇਸ ਸਾਰੇ ਦੇ ਹੋਣ ਤੇ ਵੀ ਉਨ੍ਹਾਂ ਨੇ ਫੇਰ ਪਾਪ ਕੀਤਾ,
ਅਤੇ ਉਸ ਦੇ ਅਚਰਜ਼ ਕਰਤੱਬਾਂ ਤੇ ਪਰਤੀਤ ਨਾ ਕੀਤੀ।
33ਇਸ ਕਰਕੇ ਉਸ ਨੇ ਉਨ੍ਹਾਂ ਦੇ ਦਿਨ ਵਿਅਰਥ ਵਿੱਚ ਅਤੇ ਉਨ੍ਹਾਂ ਦੇ ਵਰ੍ਹੇ ਭੈਅ ਵਿੱਚ ਮੁਕਾਏ।
34ਜਦ ਉਸ ਨੇ ਉਹਨਾਂ ਨੂੰ ਵੱਢਿਆ ਤਾਂ ਉਨ੍ਹਾਂ ਨੇ ਉਸ ਦੀ ਭਾਲ ਕੀਤੀ,
ਓਹ ਮੁੜੇ ਤੇ ਉਨ੍ਹਾਂ ਨੇ ਮਨੋਂ ਤਨੋਂ ਪਰਮੇਸ਼ੁਰ ਨੂੰ ਭਾਲਿਆ।
35ਤਾਂ ਉਨ੍ਹਾਂ ਨੂੰ ਯਾਦ ਆਇਆ ਕਿ ਪਰਮੇਸ਼ੁਰ ਸਾਡੀ ਚੱਟਾਨ ਹੈ,
ਅਤੇ ਅੱਤ ਮਹਾਨ ਪਰਮੇਸ਼ੁਰ ਸਾਡਾ ਛੁਡਾਉਣ ਵਾਲਾ ਹੈ।
36ਉਨ੍ਹਾਂ ਨੇ ਆਪਣੇ ਮੂੰਹ ਨਾਲ ਲੱਲੋ-ਪੱਤੋ ਕੀਤੀ,
ਅਤੇ ਆਪਣੀ ਜ਼ਬਾਨ ਦੇ ਨਾਲ ਉਸ ਦੇ ਲਈ ਝੂਠ ਮਾਰਿਆ,
37ਕਿਉਂ ਜੋ ਉਨ੍ਹਾਂ ਦੇ ਮਨ ਉਸ ਦੇ ਨਾਲ ਕਾਇਮ ਨਹੀਂ ਸਨ,
ਨਾ ਓਹ ਉਸ ਦੇ ਨੇਮ ਵਿੱਚ ਵਫ਼ਾਦਾਰ ਰਹੇ,
38ਪਰ ਉਸ ਰਹੀਮ ਹੋ ਕੇ ਉਨ੍ਹਾਂ ਦੀ ਬੁਰਿਆਈ ਨੂੰ ਖਿਮਾ ਕੀਤਾ,
ਅਤੇ ਉਸ ਨੇ ਉਨ੍ਹਾਂ ਦਾ ਨਾਸ ਨਾ ਕੀਤਾ,
ਹਾਂ, ਬਹੁਤ ਵਾਰੀ ਉਸ ਨੇ ਆਪਣਾ ਕ੍ਰੋਧ ਰੋਕ ਛੱਡਿਆ,
ਅਤੇ ਆਪਣਾ ਸਾਰਾ ਗੁੱਸਾ ਨਾ ਭੜਕਾਇਆ।
39ਉਸ ਨੂੰ ਤਾਂ ਯਾਦ ਸੀ ਕਿ ਓਹ ਨਿਰੇ ਬਸ਼ਰ ਹੀ ਹਨ,
ਓਹ ਹਵਾ ਹਨ ਜਿਹੜੀ ਵਗਦੀ ਹੈ ਅਤੇ ਮੁੜ ਨਹੀਂ ਆਉਂਦੀ।
40ਕਿੰਨੀ ਵਾਰ ਓਹ ਉਜਾੜ ਵਿੱਚ ਉਸ ਤੋਂ ਆਕੀ ਹੋਏ,
ਅਤੇ ਉਸ ਨੂੰ ਥਲ ਵਿੱਚ ਉਦਾਸ ਕੀਤਾ!
41ਮੁੜ ਘਿੜ ਉਨ੍ਹਾਂ ਨੇ ਪਰਮੇਸ਼ੁਰ ਨੂੰ ਪਰਤਾਇਆ,
ਅਤੇ ਇਸਰਾਏਲ ਦੇ ਪਵਿੱਤਰ ਪੁਰਖ ਨੂੰ ਅਕਾਇਆ।
42ਉਨ੍ਹਾਂ ਨੇ ਉਸ ਦੇ ਹੱਥ ਨੂੰ ਚੇਤੇ ਨਾ ਰੱਖਿਆ,
ਨਾ ਉਸ ਦਿਨ ਨੂੰ ਜਦ ਉਸ ਨੇ ਉਨ੍ਹਾਂ ਨੂੰ ਵਿਰੋਧੀ ਤੋਂ ਛੁਡਾਇਆ,
43ਜਦ ਉਸ ਨੇ ਮਿਸਰ ਵਿੱਚ ਆਪਣੇ ਨਿਸ਼ਾਨ,
ਅਤੇ ਸੋਆਨ ਦੀ ਜੂਹ ਵਿੱਚ ਆਪਣੇ ਅਚੰਭੇ ਵਿਖਾਏ।
44ਉਸ ਨੇ ਉਨ੍ਹਾਂ ਦੋ ਦਰਿਆਵਾਂ ਨੂੰ ਲਹੂ ਬਣਾ ਦਿੱਤਾ,
ਨਾਲੇ ਉਨ੍ਹਾਂ ਦੀਆਂ ਨਦੀਆਂ ਨੂੰ, ਸੋ ਓਹ ਉਨ੍ਹਾਂ ਤੋਂ ਪੀ ਨਾ ਸਕੇ।
45ਉਸ ਨੇ ਉਨ੍ਹਾਂ ਵਿੱਚ ਮੱਖਾਂ ਦੇ ਝੁੰਡ ਭੇਜੇ ਜਿਹੜੇ ਉਨ੍ਹਾਂ ਨੂੰ ਖਾ ਗਏ,
ਅਤੇ ਡੱਡੂ ਜਿਨ੍ਹਾਂ ਨੇ ਉਨ੍ਹਾਂ ਦਾ ਸੱਤਿਆਨਾਸ ਕੀਤਾ।
46ਉਸ ਨੇ ਉਨ੍ਹਾਂ ਦੀ ਪੈਦਾਵਾਰ ਕੀੜਿਆਂ ਨੂੰ,
ਅਤੇ ਉਨ੍ਹਾਂ ਦੀ ਮਿਹਨਤ ਸਲਾ ਨੂੰ ਦਿੱਤੀ।
47ਉਸ ਨੇ ਉਨ੍ਹਾਂ ਦੀਆਂ ਦਾਖ ਦੀਆਂ ਵੇਲਾਂ ਨੂੰ ਗੜਿਆਂ ਨਾਲ,
ਅਤੇ ਉਨ੍ਹਾਂ ਦਿਆਂ ਗੁੱਲਰ ਰੁੱਖਾਂ ਨੂੰ ਵੱਡੇ-ਵੱਡੇ ਔਲਿਆਂ ਨਾਲ ਬਰਬਾਦ ਕਰ ਸੁੱਟਿਆ।
48ਉਸ ਨੇ ਉਨ੍ਹਾਂ ਦੇ ਪਸ਼ੂਆਂ ਨੂੰ ਗੜਿਆਂ ਦੇ
ਅਤੇ ਉਨ੍ਹਾਂ ਦੇ ਵੱਗਾਂ ਨੂੰ ਤੇਜ ਲਸ਼ਕਾਂ ਦੇ ਹਵਾਲੇ ਕੀਤਾ।
49ਉਸ ਨੇ ਬੁਰਿਆਈ ਦੇ ਦੂਤਾਂ ਨੂੰ ਭੇਜ ਕੇ
ਆਪਣੇ ਕ੍ਰੋਧ ਦਾ ਡਾਢਾ ਕਹਿਰ,
ਰੋਸਾ, ਗਜ਼ਬ ਅਤੇ ਬਿਪਤਾ ਉਨ੍ਹਾਂ ਉੱਤੇ ਪਾ ਦਿੱਤੀ।
50ਉਸ ਨੇ ਆਪਣੇ ਕ੍ਰੋਧ ਲਈ ਰਾਹ ਸਿੱਧਾ ਕੀਤਾ,
ਉਸ ਨੇ ਉਨ੍ਹਾਂ ਦੀਆਂ ਜਾਨਾਂ ਨੂੰ ਮੌਤ ਤੋਂ ਨਾ ਰੋਕਿਆ,
ਸਗੋਂ ਉਨ੍ਹਾਂ ਦੀਆਂ ਹਯਾਤੀਆਂ ਨੂੰ ਬਵਾ ਦੇ ਹਵਾਲੇ ਕੀਤਾ।
51ਉਸ ਨੇ ਮਿਸਰ ਵਿੱਚ ਸਾਰੇ ਪਹਿਲੌਠੇ ਮਾਰ ਸੁੱਟੇ,
ਜਿਹੜੇ ਹਾਮ ਦੇ ਤੰਬੂਆਂ ਵਿੱਚ ਉਨ੍ਹਾਂ ਦੀ ਸ਼ਕਤੀ ਦਾ ਮੁੱਢ ਸਨ,
52ਪਰ ਆਪਣੀ ਪਰਜਾ ਨੂੰ ਭੇਡਾਂ ਵਾਂਗੂੰ ਲੈ ਤੁਰਿਆ,
ਅਤੇ ਉਜਾੜ ਵਿੱਚ ਇੱਜੜ ਵਾਂਗੂੰ ਉਨ੍ਹਾਂ ਦੀ ਅਗਵਾਈ ਕੀਤੀ,
53ਅਤੇ ਉਨ੍ਹਾਂ ਨੂੰ ਸੁੱਖ ਨਾਲ ਲੈ ਗਿਆ ਸੋ ਓਹ ਨਾ ਡਰੇ,
ਪਰ ਉਨ੍ਹਾਂ ਦੇ ਵੈਰੀਆਂ ਨੂੰ ਸਮੁੰਦਰ ਨੇ ਢੱਕ ਲਿਆ।
54ਤਾਂ ਉਸ ਨੇ ਉਨ੍ਹਾਂ ਨੂੰ ਆਪਣੇ ਪਵਿੱਤਰ ਥਾਂ ਦੇ ਬੰਨੇ ਤੱਕ ਪਹੁੰਚਾਇਆ,
ਇਸ ਪਰਬਤ ਤੱਕ ਜਿਹ ਨੂੰ ਉਸ ਦੇ ਸੱਜੇ ਹੱਥ ਨੇ ਲਿਆ ਸੀ।
55ਉਸ ਨੇ ਕੌਮਾਂ ਨੂੰ ਉਨ੍ਹਾਂ ਦੇ ਅੱਗੋਂ ਕੱਢ ਦਿੱਤਾ,
ਅਤੇ ਜਰੀਬ ਨਾਲ ਮਿਣ ਕੇ ਉਨ੍ਹਾਂ ਨੂੰ ਮਿਲਖ਼ ਦਿੱਤੀ,
ਅਤੇ ਇਸਰਾਏਲ ਦੀਆਂ ਗੋਤਾਂ ਨੂੰ ਉਨ੍ਹਾਂ ਦੇ ਤੰਬੂਆਂ ਵਿੱਚ ਵਸਾਇਆ।
56ਤਾਂ ਵੀ ਉਨ੍ਹਾਂ ਨੇ ਅੱਤ ਮਹਾਨ ਪਰਮੇਸ਼ੁਰ ਨੂੰ ਪਰਤਾਇਆ ਅਤੇ ਉਸ ਤੋਂ ਆਕੀ ਹੋ ਗਏ,
ਅਤੇ ਉਸ ਦੀਆਂ ਸਾਖੀਆਂ ਦੀ ਪਾਲਣਾ ਨਾ ਕੀਤੀ।
57ਸਗੋਂ ਓਹ ਫਿਰ ਗਏ ਅਤੇ ਆਪਣੇ ਪੁਰਖਿਆਂ ਵਾਂਗੂੰ ਛਲੀਏ ਹੋ ਗਏ,
ਓਹ ਵਿੰਗੇ ਧਣੁੱਖ ਵਾਂਗੂੰ ਕੁੱਬੇ ਹੋ ਗਏ ਸਨ।
58ਆਪਣਿਆਂ ਉੱਚਿਆਂ ਥਾਵਾਂ ਦੇ ਕਾਰਨ ਉਸ ਦੇ ਗੁੱਸੇ ਨੂੰ ਛੇੜਿਆ,
ਅਤੇ ਆਪਣੀਆਂ ਉੱਕਰੀਆਂ ਹੋਈਆਂ ਮੂਰਤਾਂ ਦੇ ਕਾਰਨ ਉਸ ਦੀ ਅਣਖ ਨੂੰ ਹਿਲਾਇਆ।
59ਪਰਮੇਸ਼ੁਰ ਨੇ ਸੁਣਿਆ, ਤਾਂ ਬਹੁਤ ਤੱਪਿਆ,
ਅਤੇ ਇਸਰਾਏਲ ਤੋਂ ਬਹੁਤ ਘਿਣ ਖਾਧੀ।
60ਉਸ ਨੇ ਸ਼ੀਲੋਹ ਦੇ ਡੇਰੇ ਨੂੰ
ਅਤੇ ਉਸ ਤੰਬੂ ਨੂੰ ਜਿਹੜਾ ਉਸ ਨੇ ਆਦਮੀਆਂ ਵਿੱਚ ਖੜ੍ਹਾ ਕੀਤਾ ਸੀ ਛੱਡ ਦਿੱਤਾ।
61ਉਸ ਨੇ ਉਹ ਦਾ ਬਲ ਗ਼ੁਲਾਮੀ ਵਿੱਚ
ਅਤੇ ਉਹ ਦਾ ਤੇਜ ਵਿਰੋਧੀ ਦੇ ਹੱਥ ਵਿੱਚ ਦੇ ਦਿੱਤਾ।
62ਉਸ ਨੇ ਆਪਣੀ ਪਰਜਾ ਨੂੰ ਤਲਵਾਰ ਦੇ ਵੱਸ ਪਾਇਆ,
ਅਤੇ ਆਪਣੀ ਮਿਲਖ਼ ਨਾਲ ਅੱਤ ਕ੍ਰੋਧਵਾਨ ਹੋਇਆ।
63ਉਨ੍ਹਾਂ ਦੇ ਗੱਭਰੂਆਂ ਨੂੰ ਅੱਗ ਨੇ ਭਸਮ ਕਰ ਸੁੱਟਿਆ,
ਅਤੇ ਉਨ੍ਹਾਂ ਦੀਆਂ ਕੁਆਰੀਆਂ ਦੇ ਸੁਹਾਗ ਨਾ ਗਾਏ ਗਏ।
64ਉਨ੍ਹਾਂ ਦੇ ਜਾਜਕ ਤਲਵਾਰ ਨਾਲ ਡਿੱਗੇ,
ਪਰ ਉਨ੍ਹਾਂ ਦੀਆਂ ਵਿਧਵਾਂ ਨੇ ਵਿਰਲਾਪ ਨਾ ਕੀਤਾ।
65ਤਾਂ ਪ੍ਰਭੂ ਸੁੱਤੇ ਹੋਏ ਵਾਂਗੂੰ ਜਾਗ ਉੱਠਿਆ,
ਉਸ ਸੂਰਮੇ ਵਾਂਗੂੰ ਜਿਹੜਾ ਨਸ਼ੇ ਵਿੱਚ ਲਲਕਾਰੇ ਮਾਰਦਾ ਹੈ।
66ਉਸ ਨੇ ਆਪਣੇ ਵਿਰੋਧੀਆਂ ਨੂੰ ਮਾਰ ਕੇ ਪਿਛਾਂਹ ਹਟਾ ਦਿੱਤਾ,
ਉਸ ਨੇ ਉਨ੍ਹਾਂ ਨੂੰ ਸਦਾ ਲਈ ਨਿੰਦਿਆ ਦਾ ਥਾਂ ਬਣਾਇਆ।
67ਨਾਲੇ ਉਸ ਨੇ ਯੂਸੁਫ਼ ਦੇ ਵੰਸ਼ ਨੂੰ ਤਿਆਗ ਦਿੱਤਾ,
ਅਤੇ ਇਫ਼ਰਾਈਮ ਦੇ ਗੋਤ ਵਿੱਚੋਂ ਨਾ ਚੁਣਿਆ।
68ਪਰ ਉਸ ਨੇ ਯਹੂਦਾਹ ਦੇ ਗੋਤ ਨੂੰ ਚੁਣਿਆ,
ਅਰਥਾਤ ਸੀਯੋਨ ਦੇ ਪਰਬਤ ਨੂੰ ਜਿਹੜਾ ਉਸ ਨੂੰ ਪਿਆਰਾ ਸੀ,
69ਅਤੇ ਉਸ ਨੇ ਉੱਚਿਆਈਆਂ ਦੀ ਨਿਆਈਂ ਆਪਣਾ ਪਵਿੱਤਰ ਸਥਾਨ ਉਸਾਰਿਆ,
ਅਤੇ ਧਰਤੀ ਦੀ ਨਿਆਈਂ ਜਿਹ ਨੂੰ ਉਸ ਨੇ ਸਦਾ ਲਈ ਅਟੱਲ ਰੱਖਿਆ ਹੈ।
70ਉਸ ਨੇ ਆਪਣੇ ਦਾਸ ਦਾਊਦ ਨੂੰ ਵੀ ਚੁਣਿਆ,
ਅਤੇ ਭੇਡਾਂ ਦੇ ਵਾੜਿਆਂ ਵਿੱਚੋਂ ਉਹ ਨੂੰ ਲੈ ਲਿਆ।
71ਉਹ ਉਸ ਨੂੰ ਬੱਚਿਆਂ ਵਾਲੀਆਂ ਭੇਡਾਂ ਦੇ ਪਿੱਛੇ ਚੱਲਣ ਤੋਂ ਹਟਾ ਲਿਆਇਆ।
ਕਿ ਉਸ ਦੀ ਪਰਜਾ ਯਾਕੂਬ ਨੂੰ ਅਤੇ ਉਸ ਦੀ ਮਿਲਖ਼ ਇਸਰਾਏਲ ਨੂੰ ਚਰਾਵੇ।
72ਸੋ ਉਹ ਨੇ ਆਪਣੇ ਮਨ ਦੀ ਸਚਿਆਈ ਨਾਲ ਉਨ੍ਹਾਂ ਨੂੰ ਚਰਾਇਆ,
ਅਤੇ ਆਪਣੇ ਹੱਥਾਂ ਦੇ ਗੁਣ ਨਾਲ ਉਨ੍ਹਾਂ ਦੀ ਅਗਵਾਈ ਕੀਤੀ।