1ਜਦ ਤੂੰ ਕਿਸੇ ਹਾਕਮ ਦੇ ਨਾਲ ਰੋਟੀ ਖਾਣ ਬੈਠੇਂ,
ਤਾਂ ਚੰਗੀ ਤਰ੍ਹਾਂ ਸੋਚ ਕਿ ਤੇਰੇ ਸਾਹਮਣੇ ਕੀ ਹੈ।
2ਜੇ ਤੂੰ ਪੇਟੂ ਹੈਂ,
ਤਾਂ ਆਪਣੇ ਗਲੇ ਉੱਤੇ ਛੁਰੀ ਰੱਖ!
3ਉਹ ਦੇ ਸੁਆਦਲੇ ਭੋਜਨ ਦਾ ਲੋਭ ਨਾ ਕਰੀਂ,
ਕਿਉਂ ਜੋ ਉਹ ਧੋਖੇ ਦੀ ਰੋਟੀ ਹੈ।
4ਧਨਵਾਨ ਹੋਣ ਦੀ ਖੇਚਲ ਨਾ ਕਰ,
ਆਪਣੀ ਸਿਆਣਪ ਨੂੰ ਛੱਡ ਦੇ।
5ਕੀ ਤੂੰ ਉਸ ਚੀਜ਼ ਉੱਤੇ ਆਪਣੀ ਨਿਗਾਹ ਲਾਵੇਂਗਾ
ਜੋ ਹੈ ਹੀ ਨਹੀਂ?
ਉਹ ਨੂੰ ਜ਼ਰੂਰ ਖੰਭ ਲੱਗਦੇ ਅਤੇ ਉਕਾਬ ਵਾਂਗੂੰ ਅਕਾਸ਼ ਵੱਲ ਉੱਡ ਜਾਂਦੀ ਹੈ।
6ਤੂੰ ਬਦ ਨਜ਼ਰ ਵਾਲੇ ਦੀ ਰੋਟੀ ਨਾ ਖਾਹ,
ਨਾ ਉਹ ਦੇ ਸੁਆਦਲੇ ਭੋਜਨ ਦਾ ਲੋਭ ਕਰ,
7ਕਿਉਂ ਜੋ ਜਿਹੇ ਉਹ ਦੇ ਮਨ ਦੇ ਵਿਚਾਰ ਹਨ ਤਿਹਾ ਉਹ ਆਪ ਹੈ,
ਉਹ ਤੈਨੂੰ ਆਖਦਾ ਤਾਂ ਹੈ “ਖਾਹ,
ਪੀ” ਪਰ ਉਹ ਦਾ ਮਨ ਤੇਰੀ ਵੱਲ ਨਹੀਂ ਹੈ।
8ਜੋ ਗਰਾਹੀ ਤੂੰ ਖਾਧੀ ਹੈ ਉਹ ਨੂੰ ਉਗਲ ਦੇਵੇਂਗਾ,
ਅਤੇ ਆਪਣੀਆਂ ਮਿੱਠੀਆਂ ਗੱਲਾਂ ਨੂੰ ਗੁਆ ਬੈਠੇਂਗਾ।
9ਮੂਰਖ ਦੇ ਸਾਹਮਣੇ ਨਾ ਬੋਲ,
ਕਿਉਂ ਜੋ ਉਹ ਤੇਰੇ ਸਿਆਣੇ ਬੋਲ ਨੂੰ ਤੁੱਛ ਹੀ ਜਾਣੇਗਾ।
10ਪੁਰਾਣੇ ਬੰਨਿਆਂ ਨੂੰ ਨਾ ਸਰਕਾ,
ਅਤੇ ਯਤੀਮਾਂ ਦੇ ਖੇਤ ਵਿੱਚ ਨਾ ਵੜ,
11ਕਿਉਂ ਜੋ ਉਹਨਾਂ ਦਾ ਛੁਡਾਉਣ ਵਾਲਾ ਸਮਰੱਥ ਹੈ,
ਉਹਨਾਂ ਦਾ ਮੁਕੱਦਮਾ ਤੇਰੇ ਨਾਲ ਓਹੋ ਲੜੇਗਾ।
12ਆਪਣਾ ਮਨ ਸਿੱਖਿਆ ਵੱਲ,
ਅਤੇ ਆਪਣੇ ਕੰਨ ਗਿਆਨ ਦੀਆਂ ਗੱਲਾਂ ਵੱਲ ਲਾ।
13ਬਾਲਕ ਦੇ ਤਾੜਨ ਦੇਣ ਤੋਂ ਨਾ ਰੁੱਕ,
ਭਾਵੇਂ ਤੂੰ ਸੋਟੀ ਨਾਲ ਉਹ ਨੂੰ ਮਾਰੇਂ ਤਾਂ ਉਹ ਨਾ ਮਰੇਗਾ।
14ਤੂੰ ਸੋਟੀ ਨਾਲ ਉਹ ਨੂੰ ਮਾਰ,
ਅਤੇ ਉਹ ਦੀ ਜਾਨ ਨੂੰ ਪਤਾਲੋਂ ਬਚਾ ਲੈ।
15ਮੇਰੇ ਪੁੱਤਰ, ਜੇ ਤੇਰਾ ਮਨ ਬੁੱਧਵਾਨ ਹੋਵੇ,
ਤਾਂ ਮੇਰਾ ਮਨ ਅਨੰਦ ਹੋਵੇਗਾ, ਹਾਂ, ਮੇਰਾ ਵੀ!
16ਅਤੇ ਜਦ ਤੇਰੇ ਮੂੰਹ ਤੋਂ ਸਿੱਧੀਆਂ ਗੱਲਾਂ ਨਿੱਕਲਣਗੀਆਂ,
ਤਾਂ ਮੇਰਾ ਦਿਲ ਅਨੰਦਿਤ ਹੋਵੇਗਾ।
17ਤੇਰਾ ਮਨ ਪਾਪੀਆਂ ਨੂੰ ਦੇਖ ਕੇ ਨਾ ਕੁੜ੍ਹੇ,
ਸਗੋਂ ਤੂੰ ਦਿਨ ਭਰ ਯਹੋਵਾਹ ਦਾ ਭੈਅ ਮੰਨ,
18ਕਿਉਂ ਜੋ ਸੱਚ-ਮੁੱਚ ਅੰਤ ਵਿੱਚ ਫਲ ਮਿਲੇਗਾ,
ਅਤੇ ਤੇਰੀ ਆਸ ਨਾ ਟੁੱਟੇਗੀ।
19ਹੇ ਮੇਰੇ ਪੁੱਤਰ, ਤੂੰ ਸੁਣ ਅਤੇ ਬੁੱਧਵਾਨ ਹੋ,
ਅਤੇ ਆਪਣੇ ਮਨ ਨੂੰ ਸਿੱਧੇ ਰਾਹ ਵਿੱਚ ਚਲਾ।
20ਤੂੰ ਸ਼ਰਾਬੀਆਂ ਦੇ ਨਾਲ ਨਾ ਰਲ,
ਨਾ ਹੀ ਪੇਟੂ ਕਬਾਬੀਆਂ ਨਾਲ,
21ਕਿਉਂ ਜੋ ਸ਼ਰਾਬੀ ਅਤੇ ਪੇਟੂ ਗਰੀਬ ਹੋ ਜਾਂਦੇ ਹਨ,
ਅਤੇ ਨੀਂਦ ਆਦਮੀ ਨੂੰ ਲੀਰਾਂ ਪਹਿਨਾਉਂਦੀ ਹੈ।
22ਆਪਣੇ ਪਿਉ ਦੀ ਗੱਲ ਸੁਣ ਜਿਸ ਤੋਂ ਤੂੰ ਜੰਮਿਆ ਹੈਂ,
ਅਤੇ ਆਪਣੀ ਮਾਂ ਨੂੰ ਬੁਢੇਪੇ ਦੇ ਸਮੇਂ ਤੁੱਛ ਨਾ ਜਾਣ।
23ਸੱਚ ਨੂੰ ਮੁੱਲ ਲੈ, ਉਹ ਨੂੰ ਵੇਚੀਂ ਨਾ,
ਨਾਲੇ ਬੁੱਧ, ਸਿੱਖਿਆ ਅਤੇ ਸਮਝ ਨੂੰ ਵੀ।
24ਧਰਮੀ ਦਾ ਪਿਉ ਅੱਤ ਖੁਸ਼ ਹੋਵੇਗਾ,
ਅਤੇ ਜਿਹ ਦੇ ਬੁੱਧਵਾਨ ਪੁੱਤਰ ਜੰਮੇ ਉਹ ਉਸ ਉੱਤੇ ਅਨੰਦ ਰਹੇਗਾ।
25ਤੇਰੇ ਮਾਪੇ ਅਨੰਦ ਹੋਣ,
ਤੈਨੂੰ ਜਨਮ ਦੇਣ ਵਾਲੀ ਖੁਸ਼ ਹੋਵੇ!
26ਹੇ ਮੇਰੇ ਪੁੱਤਰ, ਆਪਣਾ ਮਨ ਮੇਰੇ ਵੱਲ ਦੇ,
ਅਤੇ ਤੇਰੀਆਂ ਅੱਖਾਂ ਮੇਰੇ ਰਾਹਾਂ ਵੱਲ ਲੱਗੀਆਂ ਰਹਿਣ।
27ਵੇਸਵਾ ਤਾਂ ਇੱਕ ਡੂੰਘਾ ਟੋਆ ਹੈ,
ਅਤੇ ਓਪਰੀ ਔਰਤ ਇੱਕ ਭੀੜਾ ਖੂਹ ਹੈ।
28ਉਹ ਡਾਕੂ ਵਾਂਗੂੰ ਘਾਤ ਲਾਉਂਦੀ ਹੈ,
ਅਤੇ ਆਦਮੀਆਂ ਵਿੱਚ ਵਿਸ਼ਵਾਸਘਾਤੀਆਂ ਦੀ ਗਿਣਤੀ ਵਧਾਉਂਦੀ ਹੈ।
29ਕੌਣ ਹਾਏ ਹਾਏ ਕਰਦਾ ਹੈ? ਕੌਣ ਅਫ਼ਸੋਸ ਕਰਦਾ ਹੈ? ਕੌਣ ਝਗੜਾਲੂ ਹੈ?
ਕੌਣ ਕੁੜਦਾ ਹੈ? ਕੌਣ ਐਂਵੇਂ ਘਾਇਲ ਹੁੰਦਾ ਹੈ? ਅਤੇ ਕਿਹਦੀਆਂ ਅੱਖਾਂ ਵਿੱਚ ਲਾਲੀ ਹੈ?
30ਓਹੋ ਹਨ ਜਿਹੜੇ ਮੈਅ ਪੀਣ ਉੱਤੇ ਚਿਰ ਲਾਉਂਦੇ ਹਨ,
ਅਤੇ ਰਲੀ ਹੋਈ ਸ਼ਰਾਬ ਦੀ ਭਾਲ ਕਰਦੇ ਹਨ।
31ਜਦੋਂ ਸ਼ਰਾਬ ਲਾਲ ਹੋਵੇ, ਜਦ ਉਹ ਪਿਆਲੇ ਵਿੱਚ ਚਮਕੇ,
ਅਤੇ ਉਹ ਸਹਿਜ ਨਾਲ ਹੇਠਾਂ ਉਤਰੇ,
ਤਾਂ ਤੂੰ ਉਹ ਦੀ ਵੱਲ ਨਾ ਤੱਕ।
32ਓੜਕ ਉਹ ਸੱਪ ਦੀ ਵਾਂਗੂੰ ਡੰਗ ਮਾਰਦੀ ਹੈ,
ਅਤੇ ਠੂਹੇਂ ਵਾਂਗੂੰ ਡੰਗ ਮਾਰਦੀ ਹੈ!
33ਤੇਰੀਆਂ ਅੱਖੀਆਂ ਅਨੋਖੀਆਂ ਚੀਜ਼ਾਂ ਵੇਖਣਗੀਆਂ,
ਅਤੇ ਤੇਰਾ ਮਨ ਉਲਟੀਆਂ ਗੱਲਾਂ ਦੀ ਕਲਪਨਾ ਕਰੇਗਾ!
34ਤੂੰ ਸਗੋਂ ਉਹ ਦੇ ਵਰਗਾ ਬਣ ਜਾਏਂਗਾ ਜਿਹੜਾ ਸਮੁੰਦਰ ਵਿੱਚ ਲੰਮਾ ਪਵੇ,
ਅਥਵਾ ਮਸਤੂਲ ਦੇ ਸਿਰ ਉੱਤੇ ਲੇਟ ਜਾਵੇ।
35ਤੂੰ ਆਖੇਂਗਾ ਭਈ ਮੈਂ ਮਾਰ ਤਾਂ ਖਾਧੀ ਪਰ ਮੈਨੂੰ ਪੀੜ ਨਾ ਹੋਈ,
ਮੈਂ ਕੁੱਟਿਆ ਤਾਂ ਗਿਆ ਪਰ ਮੈਨੂੰ ਕੁਝ ਸੁੱਧ ਨਹੀਂ ਸੀ।
ਮੈਂ ਸੁਰਤ ਵਿੱਚ ਕਦੋਂ ਆਵਾਂਗਾ? ਮੈਂ ਫੇਰ ਉਸ ਦੀ ਭਾਲ ਕਰਾਂਗਾ!

Notes


*23:1 23:1 ਸਾਹਮਣੇ ਕੌਣ ਬੈਠਾ ਹੈ