ਮੈਦੇ ਦੀ ਭੇਟ ਦੇ ਬਿਧੀ
1ਜਦੋਂ ਕੋਈ ਯਹੋਵਾਹ ਦੇ ਅੱਗੇ ਮੈਦੇ ਦੀ ਭੇਟ ਚੜ੍ਹਾਵੇ ਤਾਂ ਉਸ ਦੀ ਭੇਟ ਸ਼ੁੱਧ ਆਟੇ ਦੀ ਹੋਵੇ ਅਤੇ ਉਹ ਉਸ ਦੇ ਉੱਤੇ ਤੇਲ ਪਾਵੇ ਅਤੇ ਉਸ ਦੇ ਉੱਤੇ ਲੁਬਾਨ ਰੱਖੇ। 2ਉਹ ਉਸ ਨੂੰ ਹਾਰੂਨ ਦੇ ਪੁੱਤਰਾਂ ਦੇ ਕੋਲ ਜੋ ਜਾਜਕ ਹਨ ਲਿਆਵੇ ਅਤੇ ਉਹ ਮੈਦੇ, ਤੇਲ ਅਤੇ ਸਾਰੇ ਲੁਬਾਨ ਵਿੱਚੋਂ ਇੱਕ ਮੁੱਠ ਭਰ ਲਵੇ ਅਤੇ ਜਾਜਕ ਉਸ ਨੂੰ ਜਗਵੇਦੀ ਉੱਤੇ ਉਸ ਦੀ ਯਾਦਗਾਰੀ ਲਈ ਯਹੋਵਾਹ ਦੇ ਅੱਗੇ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਕਰਕੇ ਸਾੜੇ। 3ਅਤੇ ਮੈਦੇ ਦੀ ਭੇਟ ਵਿੱਚੋਂ ਜੋ ਬਚ ਜਾਵੇ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ। ਇਹ ਯਹੋਵਾਹ ਦੇ ਅੱਗੇ ਅੱਗ ਦੀ ਭੇਟ ਵਿੱਚੋਂ ਅੱਤ ਪਵਿੱਤਰ ਹੈ।“
4“ਜੇਕਰ ਤੂੰ ਤੰਦੂਰ ਵਿੱਚ ਪਕਾਏ ਹੋਏ ਮੈਦੇ ਦੀ ਭੇਟ ਦਾ ਚੜ੍ਹਾਵਾ ਲਿਆਵੇਂ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦੀ ਪਤੀਰੀ ਰੋਟੀ ਜਾਂ ਤੇਲ ਨਾਲ ਚੋਪੜੀਆਂ ਹੋਈਆਂ ਮੱਠੀਆਂ ਦਾ ਹੋਵੇ। 5ਜੇਕਰ ਤੇਰਾ ਚੜ੍ਹਾਵਾ ਤਵੇ ਉੱਤੇ ਪਕਾਈ ਹੋਈ ਮੈਦੇ ਦੀ ਭੇਟ ਦਾ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਪਤੀਰੇ ਮੈਦੇ ਦਾ ਹੋਵੇ। 6ਤੂੰ ਉਸ ਨੂੰ ਟੁੱਕੜੇ-ਟੁੱਕੜੇ ਕਰਕੇ ਉਸ ਦੇ ਉੱਤੇ ਤੇਲ ਪਾਵੀਂ। ਇਹ ਇੱਕ ਮੈਦੇ ਦੀ ਭੇਟ ਹੈ। 7ਅਤੇ ਜੇਕਰ ਤੇਰਾ ਚੜ੍ਹਾਵਾ ਕੜਾਹੀ ਵਿੱਚ ਪਕਾਏ ਹੋਏ ਮੈਦੇ ਦੀ ਭੇਟ ਦਾ ਹੋਵੇ ਤਾਂ ਉਹ ਤੇਲ ਨਾਲ ਗੁੰਨੇ ਹੋਏ ਮੈਦੇ ਦਾ ਹੋਵੇ। 8ਤੂੰ ਇੰਨ੍ਹਾਂ ਵਸਤੂਆਂ ਦੀ ਬਣੀ ਹੋਈ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਲਿਆਵੀਂ ਅਤੇ ਜਦੋਂ ਉਹ ਜਾਜਕ ਦੇ ਕੋਲ ਲਿਆਈ ਜਾਵੇ ਤਾਂ ਉਹ ਉਸ ਨੂੰ ਜਗਵੇਦੀ ਦੇ ਕੋਲ ਲਿਆਵੇ। 9ਅਤੇ ਜਾਜਕ ਉਸ ਦੀ ਯਾਦਗੀਰੀ ਲਈ ਮੈਦੇ ਦੀ ਭੇਟ ਤੋਂ ਕੁਝ ਲੈ ਕੇ ਉਸ ਨੂੰ ਜਗਵੇਦੀ ਉੱਤੇ ਸਾੜੇ, ਇਹ ਯਹੋਵਾਹ ਦੇ ਲਈ ਇੱਕ ਸੁਗੰਧਤਾ ਅਰਥਾਤ ਅੱਗ ਦੀ ਭੇਟ ਹੈ। 10ਅਤੇ ਜੋ ਕੁਝ ਉਸ ਮੈਦੇ ਦੀ ਭੇਟ ਤੋਂ ਬਚ ਜਾਵੇ ਉਹ ਹਾਰੂਨ ਅਤੇ ਉਸ ਦੇ ਪੁੱਤਰਾਂ ਦਾ ਹੋਵੇ, ਇਹ ਯਹੋਵਾਹ ਦੇ ਲਈ ਅੱਗ ਦੀਆਂ ਭੇਟਾਂ ਵਿੱਚੋਂ ਅੱਤ ਪਵਿੱਤਰ ਹੈ।
11“ਕੋਈ ਵੀ ਮੈਦੇ ਦੀ ਭੇਟ ਜੋ ਤੁਸੀਂ ਯਹੋਵਾਹ ਦੇ ਅੱਗੇ ਚੜ੍ਹਾਓ ਉਸ ਵਿੱਚ ਕੁਝ ਖ਼ਮੀਰ ਨਾ ਹੋਵੇ, ਤੁਸੀਂ ਯਹੋਵਾਹ ਦੇ ਲਈ ਕਿਸੇ ਅੱਗ ਦੀ ਭੇਟ ਵਿੱਚ ਖ਼ਮੀਰ ਅਤੇ ਸ਼ਹਿਦ ਨਾ ਸਾੜਿਓ। 12ਤੁਸੀਂ ਪਹਿਲੇ ਫ਼ਲਾਂ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਓ ਪਰ ਉਹ ਸੁਗੰਧਤਾ ਕਰਕੇ ਜਗਵੇਦੀ ਦੇ ਉੱਤੇ ਸਾੜੀ ਨਾ ਜਾਵੇ। 13ਤੂੰ ਆਪਣੀ ਮੈਦੇ ਦੀ ਭੇਟ ਦੇ ਸਾਰੇ ਚੜ੍ਹਾਵਿਆਂ ਵਿੱਚ ਲੂਣ ਰਲਾਵੀਂ। ਤੂੰ ਆਪਣੀ ਮੈਦੇ ਦੀ ਭੇਟ ਵਿੱਚ ਆਪਣੇ ਪਰਮੇਸ਼ੁਰ ਦੇ ਨਾਲ ਬੰਨ੍ਹੇ ਹੋਵੇ ਨੇਮ ਦਾ ਲੂਣ ਨਾ ਘਟਾਵੀਂ ਅਤੇ ਆਪਣੀਆਂ ਸਾਰੀਆਂ ਭੇਟਾਂ ਨਾਲ ਲੂਣ ਚੜ੍ਹਾਵੀਂ।
14“ਜੇਕਰ ਤੂੰ ਆਪਣੀ ਉਪਜ ਦੇ ਪਹਿਲੇ ਫ਼ਲਾਂ ਵਿੱਚੋਂ ਮੈਦੇ ਦੀ ਭੇਟ ਯਹੋਵਾਹ ਦੇ ਅੱਗੇ ਚੜ੍ਹਾਵੇਂ, ਤਾਂ ਤੂੰ ਮੈਦੇ ਦੀ ਭੇਟ ਵਿੱਚ ਆਪਣੇ ਪਹਿਲੇ ਫ਼ਲਾਂ ਦੇ ਦਾਣਿਆਂ ਦੇ ਹਰੇ ਸਿੱਟੇ ਅੱਗ ਨਾਲ ਭੁੰਨੇ ਹੋਏ ਅਰਥਾਤ ਮਸਲ ਦੇ ਕੱਢੇ ਹੋਏ ਦਾਣੇ ਚੜ੍ਹਾਵੀਂ। 15ਤੂੰ ਉਸ ਤੇ ਤੇਲ ਪਾਵੀਂ ਅਤੇ ਉਸ ਉੱਤੇ ਲੁਬਾਨ ਰੱਖੀਂ, ਇਹ ਇੱਕ ਮੈਦੇ ਦੀ ਭੇਟ ਹੈ। 16ਅਤੇ ਜਾਜਕ ਉਸ ਦੀ ਯਾਦਗਿਰੀ ਲਈ ਉਸ ਦੇ ਕੱਢੇ ਹੋਏ ਦਾਣਿਆਂ ਵਿੱਚੋਂ ਅਤੇ ਤੇਲ ਵਿੱਚੋਂ ਕੁਝ ਲੈ ਕੇ ਉਸ ਦੇ ਸਾਰੇ ਲੁਬਾਨ ਸਮੇਤ ਸਾੜੇ। ਇਹ ਯਹੋਵਾਹ ਦੇ ਲਈ ਅੱਗ ਦੀ ਭੇਟ ਹੈ।

Notes


*2:13 2:13 ਲੂਣ ਦੀ ਤੁਲਣਾ ਪਰਮੇਸ਼ੁਰ ਦੇ ਨੇਮ ਨਾਲ ਕੀਤੀ ਜਾਂਦੀ ਹੈ ਜੋ ਇਸਰਾਏਲ ਨਾਲ ਸੀ l