ਦਯਾ ਦੇ ਲਈ ਪ੍ਰਾਰਥਨਾ
1ਹੇ ਯਹੋਵਾਹ, ਜੋ ਕੁਝ ਸਾਡੇ ਨਾਲ ਬੀਤੀ ਉਸ ਨੂੰ ਯਾਦ ਕਰ!
ਧਿਆਨ ਦੇ ਅਤੇ ਸਾਡੀ ਨਿਰਾਦਰੀ ਨੂੰ ਦੇਖ!
2ਸਾਡੀ ਵਿਰਾਸਤ ਪਰਦੇਸੀਆਂ ਨੂੰ ਸੌਂਪੀ ਗਈ,
ਸਾਡੇ ਘਰ ਪਰਾਇਆਂ ਦੇ ਹੋ ਗਏ।
3ਅਸੀਂ ਯਤੀਮ ਹਾਂ, ਸਾਡੇ ਪਿਤਾ ਨਹੀਂ ਹਨ,
ਸਾਡੀਆਂ ਮਾਵਾਂ ਵਿਧਵਾ ਵਾਂਗੂੰ ਹੋ ਗਈਆਂ ਹਨ।
4ਅਸੀਂ ਆਪਣਾ ਪਾਣੀ ਮੁੱਲ ਲੈ ਕੇ ਪੀਤਾ,
ਅਤੇ ਸਾਡੀ ਲੱਕੜੀ ਸਾਨੂੰ ਮੁੱਲ ਦੇ ਕੇ ਮਿਲਦੀ ਹੈ।
5ਸਾਡਾ ਪਿੱਛਾ ਕਰਨ ਵਾਲੇ ਸਾਡੀਆਂ ਗਰਦਨਾਂ ਉੱਤੇ ਹਨ,
ਅਸੀਂ ਥੱਕੇ ਹੋਏ ਹਾਂ ਪਰ ਸਾਨੂੰ ਅਰਾਮ ਨਹੀਂ ਮਿਲਦਾ।
6ਅਸੀਂ ਆਪ ਮਿਸਰ ਦੇ ਅਧੀਨ ਹੋ ਗਏ,
ਅਤੇ ਅੱਸ਼ੂਰ ਦੇ ਵੀ, ਤਾਂ ਜੋ ਰੋਟੀ ਖਾ ਸਕੀਏ।
7ਸਾਡੇ ਪੁਰਖਿਆਂ ਨੇ ਪਾਪ ਕੀਤਾ ਅਤੇ ਉਹ ਚੱਲ ਵੱਸੇ,
ਪਰ ਅਸੀਂ ਉਹਨਾਂ ਦੀ ਬੁਰਿਆਈ ਦਾ ਭਾਰ ਚੁੱਕਦੇ ਹਾਂ।
8ਗੁਲਾਮ ਸਾਡੇ ਉੱਤੇ ਰਾਜ ਕਰਦੇ ਹਨ,
ਸਾਨੂੰ ਉਨ੍ਹਾਂ ਦੇ ਹੱਥੋਂ ਛੁਡਾਉਣ ਵਾਲਾ ਕੋਈ ਨਹੀਂ।
9ਉਜਾੜ ਵਿੱਚ ਤਲਵਾਰ ਦੇ ਕਾਰਨ,
ਅਸੀਂ ਆਪਣੀ ਜਾਨ ਤਲੀ ਉੱਤੇ ਰੱਖ ਕੇ ਰੋਟੀ ਕਮਾਉਂਦੇ ਹਾਂ।
10ਭੁੱਖ ਦੀ ਝੁਲਸਾ ਦੇਣ ਵਾਲੀ ਅੱਗ ਦੇ ਕਾਰਨ,
ਸਾਡਾ ਚਮੜਾ ਤੰਦੂਰ ਵਾਂਗੂੰ ਕਾਲਾ ਹੋ ਗਿਆ ਹੈ।
11ਸੀਯੋਨ ਵਿੱਚ ਇਸਤਰੀਆਂ,
ਅਤੇ ਯਹੂਦਾਹ ਦੇ ਨਗਰਾਂ ਵਿੱਚ ਕੁਆਰੀਆਂ ਭਰਿਸ਼ਟ ਕੀਤੀਆਂ ਗਈਆਂ।
12ਹਾਕਮ ਨੂੰ ਉਹਨਾਂ ਦੇ ਹੱਥਾਂ ਭਾਰ ਟੰਗਿਆ ਗਿਆ,
ਬਜ਼ੁਰਗਾਂ ਦਾ ਕੁਝ ਮਾਣ ਨਾ ਕੀਤਾ ਗਿਆ।
13ਜੁਆਨਾਂ ਨੂੰ ਚੱਕੀ ਚਲਾਉਣੀ ਪਈ,
ਬੱਚਿਆਂ ਨੇ ਲੱਕੜਾਂ ਦੇ ਭਾਰ ਹੇਠ ਠੋਕਰਾਂ ਖਾਧੀਆਂ।
14ਬਜ਼ੁਰਗ ਫਾਟਕ ਵਿੱਚ ਨਹੀਂ ਬੈਠਦੇ,
ਅਤੇ ਜੁਆਨ ਆਪਣੇ ਗਾਉਣ ਵਜਾਉਣ ਤੋਂ ਹੱਟ ਗਏ ਹਨ।
15ਸਾਡੇ ਦਿਲਾਂ ਦੀ ਖੁਸ਼ੀ ਮੁੱਕ ਗਈ ਹੈ,
ਸਾਡਾ ਨੱਚਣਾ ਸੋਗ ਵਿੱਚ ਬਦਲ ਗਿਆ ਹੈ।
16ਮੁਕਟ ਸਾਡੇ ਸਿਰਾਂ ਤੋਂ ਡਿੱਗ ਪਿਆ ਹੈ,
ਸਾਡੇ ਉੱਤੇ ਹਾਏ! ਕਿਉਂ ਜੋ ਅਸੀਂ ਪਾਪ ਕੀਤਾ ਹੈ।
17ਇਸੇ ਕਾਰਨ ਸਾਡੇ ਦਿਲ ਕਮਜ਼ੋਰ ਹੋ ਗਏ,
ਇਨ੍ਹਾਂ ਗੱਲਾਂ ਦੇ ਕਾਰਨ ਸਾਡੀਆਂ ਅੱਖਾਂ ਧੁੰਦਲੀਆਂ ਪੈ ਗਈਆਂ,
18ਕਿਉਂ ਜੋ ਸੀਯੋਨ ਪਰਬਤ ਉਜਾੜ ਹੋ ਗਿਆ,
ਉਸ ਵਿੱਚ ਗਿੱਦੜ ਫਿਰਦੇ ਹਨ।
19ਹੇ ਯਹੋਵਾਹ, ਤੂੰ ਸਦਾ ਲਈ ਬਿਰਾਜਮਾਨ ਹੈਂ,
ਤੇਰਾ ਸਿੰਘਾਸਣ ਪੀੜ੍ਹੀਓਂ ਪੀੜ੍ਹੀ ਕਾਇਮ ਹੈ।
20ਤੂੰ ਕਿਉਂ ਸਾਨੂੰ ਸਦਾ ਲਈ ਵਿਸਾਰ ਦਿੱਤਾ ਹੈ,
ਅਤੇ ਕਿਉਂ ਸਾਨੂੰ ਇੰਨ੍ਹੇ ਲੰਬੇ ਸਮੇਂ ਲਈ ਤਿਆਗ ਦਿੱਤਾ ਹੈ?
21ਹੇ ਯਹੋਵਾਹ, ਸਾਨੂੰ ਆਪਣੀ ਵੱਲ ਮੋੜ ਲੈ, ਤਾਂ ਅਸੀਂ ਮੁੜ ਆਵਾਂਗੇ,
ਸਾਡੇ ਦਿਨ ਪਹਿਲਾਂ ਵਾਂਗੂੰ ਨਵੇਂ ਬਣਾ ਦੇ।
22ਕੀ ਤੂੰ ਸਾਨੂੰ ਪੂਰੀ ਤਰ੍ਹਾਂ ਹੀ ਛੱਡ ਦਿੱਤਾ ਹੈ?
ਕੀ ਤੂੰ ਸਾਡੇ ਨਾਲ ਬਹੁਤ ਹੀ ਕ੍ਰੋਧਿਤ ਹੋ ਗਿਆ ਹੈਂ?