ਕੂਚ
ਲੇਖਕ
ਪਰੰਪਰਾਗਤ ਰੂਪ ਵਿੱਚ ਮੂਸਾ ਨੂੰ ਇਸ ਪੁਸਤਕ ਦਾ ਲੇਖਕ ਮੰਨਿਆ ਜਾਂਦਾ ਹੈ। ਦੋ ਪ੍ਰਮੁੱਖ ਕਾਰਨਾਂ ਕਰਕੇ ਬਿਨ੍ਹਾਂ ਪ੍ਰਸ਼ਨ ਕੀਤੇ ਮੂਸਾ ਨੂੰ ਇਸ ਪੁਸਤਕ ਦੇ ਪਰਮੇਸ਼ੁਰ ਵੱਲੋਂ ਪ੍ਰੇਰਿਤ ਕੀਤੇ ਗਏ ਲੇਖਕ ਦੇ ਰੂਪ ਵਿੱਚ ਸਵੀਕਾਰ ਕੀਤਾ ਜਾ ਸਕਦਾ ਹੈ। ਪਹਿਲਾ, ਕੂਚ ਦੀ ਪੁਸਤਕ ਆਪ ਹੀ ਮੂਸਾ ਦੀਆਂ ਲਿਖਤਾਂ ਦਾ ਵਰਣਨ ਕਰਦੀ ਹੈ। ਕੂਚ 34:27 ਪਰਮੇਸ਼ੁਰ ਨੇ ਮੂਸਾ ਨੂੰ ਹੁਕਮ ਦਿੱਤਾ “ਤੂੰ ਇਨ੍ਹਾਂ ਗੱਲਾਂ ਨੂੰ ਲਿਖ।” ਇੱਕ ਹੋਰ ਭਾਗ ਦੱਸਦਾ ਹੈ ਕਿ ਪਰਮੇਸ਼ੁਰ ਦਾ ਹੁਕਮ ਮੰਨਦੇ ਹੋਏ “ਮੂਸਾ ਨੇ ਯਹੋਵਾਹ ਦੀਆਂ ਸਾਰੀਆਂ ਗੱਲਾਂ ਲਿਖੀਆਂ” (24:4)। ਇਸ ਲਈ ਇਹ ਮੰਨਿਆ ਜਾ ਸਕਦਾ ਹੈ ਕਿ ਇਹ ਆਇਤਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਹਨ ਕਿ ਮੂਸਾ ਉਹ ਸਭ ਕੁਝ ਲਿਖ ਰਿਹਾ ਹੈ ਜੋ ਅਸੀਂ ਕੂਚ ਦੀ ਪੁਸਤਕ ਵਿੱਚ ਪੜ੍ਹਦੇ ਹਾਂ। ਦੂਸਰਾ, ਮੂਸਾ ਨੇ ਕੂਚ ਦੀ ਪੁਸਤਕ ਵਿੱਚ ਦੱਸੀਆਂ ਗਈਆਂ ਘਟਨਾਵਾਂ ਦਾ ਜਾਂ ਤਾਂ ਨਿਰੀਖਣ ਕੀਤਾ ਜਾਂ ਉਹ ਆਪ ਇਨ੍ਹਾਂ ਵਿੱਚ ਸ਼ਾਮਿਲ ਸੀ। ਉਸ ਦੀ ਸਿੱਖਿਆ ਫ਼ਿਰਊਨ ਦੇ ਮਹਿਲ ਵਿੱਚ ਹੋਈ ਸੀ ਅਤੇ ਲਿਖਣ ਵਿੱਚ ਉਸ ਨੂੰ ਮਾਹਰਤਾ ਹਾਸਿਲ ਸੀ।
ਤਾਰੀਖ਼ ਅਤੇ ਲਿਖਣ ਦਾ ਸਥਾਨ
ਇਹ ਪੁਸਤਕ ਲਗਭਗ 1446 - 1405 ਈ. ਪੂ. ਦੇ ਵਿਚਕਾਰ ਲਿਖੀ ਗਈ।
ਇਸਰਾਏਲੀ ਆਪਣੀ ਬੇਵਫ਼ਾਈ ਦੇ ਕਾਰਨ 40 ਸਾਲਾਂ ਤੱਕ ਉਜਾੜ ਵਿੱਚ ਭਟਕਦੇ ਰਹੇ। ਹੋ ਸਕਦਾ ਹੈ ਕਿ ਇਸੇ ਸਮੇਂ ਦੇ ਦੌਰਾਨ ਇਹ ਪੁਸਤਕ ਲਿਖੀ ਗਈ ਹੋਵੇ।
ਪ੍ਰਾਪਤ ਕਰਤਾ
ਇਸ ਪੁਸਤਕ ਦੀ ਪ੍ਰਾਪਤ ਕਰਤਾ ਸ਼ਾਇਦ ਉਹੋ ਪੀੜ੍ਹੀ ਸੀ ਜਿਹੜੀ ਮਿਸਰ ਦੀ ਗੁਲਾਮੀ ਤੋਂ ਛੁਟਕਾਰਾ ਪਾ ਕੇ ਬਾਹਰ ਆਈ ਸੀ। ਮੂਸਾ ਨੇ ਇਹ ਪੁਸਤਕ ਸੀਨਈ ਦੇ ਸਮਾਜ ਲਈ ਲਿਖੀ, ਜਿਸ ਨੂੰ ਉਹ ਮਿਸਰ ਤੋਂ ਬਾਹਰ ਕੱਢ ਕੇ ਲਿਆਇਆ ਸੀ। (ਕੂਚ 17:14; 24:4; 34:27-28)
ਉਦੇਸ਼
ਕੂਚ ਦੀ ਪੁਸਤਕ ਉਸ ਘਟਨਾ ਦਾ ਵਰਣਨ ਕਹਾਣੀ ਦੇ ਰੂਪ ਵਿੱਚ ਕਰਦੀ ਹੈ ਕਿ ਇਸਰਾਏਲੀ ਕਿਵੇਂ ਯਹੋਵਾਹ ਪਰਮੇਸ਼ੁਰ ਦੇ ਲੋਕ ਬਣ ਗਏ ਅਤੇ ਉਨ੍ਹਾਂ ਨਿਯਮਾਂ ਦਾ ਵਰਣਨ ਕਰਦੀ ਹੈ ਜਿਨ੍ਹਾਂ ਦੀ ਪਾਲਣਾ ਕਰਕੇ ਉਨ੍ਹਾਂ ਨੂੰ ਪਰਮੇਸ਼ੁਰ ਦੇ ਲੋਕਾਂ ਦੇ ਰੂਪ ਵਿੱਚ ਬਣੇ ਰਹਿਣਾ ਸੀ। ਕੂਚ ਦੀ ਪੁਸਤਕ ਪਰਮੇਸ਼ੁਰ ਦੇ ਵਫ਼ਾਦਾਰ, ਸ਼ਕਤੀਮਾਨ, ਛੁਡਾਉਣ ਵਾਲੇ ਅਤੇ ਪਵਿੱਤਰ ਚਰਿੱਤਰ ਨੂੰ ਪੇਸ਼ ਕਰਦੀ ਹੈ, ਜਿਸ ਨੇ ਇਸਰਾਏਲ ਦੇ ਨਾਲ ਇੱਕ ਨੇਮ ਬੰਨ੍ਹਿਆ। ਪਰਮੇਸ਼ੁਰ ਦੇ ਚਰਿੱਤਰ ਨੂੰ ਉਸ ਦੇ ਨਾਮਾਂ ਅਤੇ ਕੰਮਾਂ ਦੁਆਰਾ ਪ੍ਰਗਟ ਕੀਤਾ ਗਿਆ ਹੈ ਅਤੇ ਇਹ ਪੁਸਤਕ ਦਰਸਾਉਂਦੀ ਹੈ ਕਿ ਕਿਵੇਂ ਉਹ ਵਾਅਦਾ ਜਿਹੜਾ ਪਰਮੇਸ਼ੁਰ ਨੇ ਅਬਰਾਹਮ ਨਾਲ ਕੀਤਾ ਸੀ, ਉਹ ਪਰਮੇਸ਼ੁਰ ਦੁਆਰਾ ਅਬਰਾਹਮ ਦੀ ਸੰਤਾਨ ਨੂੰ ਮਿਸਰ ਦੀ ਗੁਲਾਮੀ ਤੋਂ ਛੁਡਾਉਣ ਦੇ ਦੁਆਰਾ ਪੂਰਾ ਹੁੰਦਾ ਹੈ। ਇਹ ਕਹਾਣੀ ਇੱਕ ਪਰਿਵਾਰ ਦੀ ਹੈ ਜੋ ਕਿ ਚੁਣਿਆ ਹੋਇਆ ਦੇਸ ਬਣ ਗਿਆ (ਕੂਚ 2:24; 6:5; 12:37)। ਉਨ੍ਹਾਂ ਯਹੂਦੀਆਂ ਦੀ ਸੰਖਿਆ ਜਿਹੜੇ ਮਿਸਰ ਤੋਂ ਬਾਹਰ ਨਿਕਲੇ ਸਨ 2 ਤੋਂ 3 ਲੱਖ ਦੇ ਲਗਭਗ ਸੀ।
ਵਿਸ਼ਾ-ਵਸਤੂ
ਛੁਟਕਾਰਾ
ਰੂਪ-ਰੇਖਾ
1. ਪ੍ਰਸਤਾਵਨਾ — 1:1-2:25
2. ਇਸਰਾਏਲ ਦਾ ਛੁਟਕਾਰਾ — 3:1-18:27
3. ਸੀਨਈ ਪਰਬਤ ਉੱਤੇ ਨੇਮ ਬੰਨ੍ਹਣਾ — 19:1-24:18
4. ਪਰਮੇਸ਼ੁਰ ਦਾ ਸ਼ਾਹੀ ਤੰਬੂ — 25:1-31:18
5. ਵਿਦਰੋਹ ਦੇ ਨਤੀਜੇ ਵੱਜੋਂ ਪਰਮੇਸ਼ੁਰ ਤੋਂ ਦੂਰ ਹੋ ਜਾਣਾ — 32:1-34:35
6. ਪਰਮੇਸ਼ੁਰ ਦੇ ਤੰਬੂ ਦਾ ਸ਼ਾਹੀ ਪ੍ਰਬੰਧ — 35:1-40:38
ਮਿਸਰ ਵਿੱਚ ਇਸਰਾਏਲੀਆਂ ਦਾ ਬੁਰਾ ਹਾਲ
1ਹੁਣ ਇਸਰਾਏਲ ਦੇ ਪੁੱਤਰਾਂ ਦੇ ਨਾਮ, ਜਿਹੜੇ ਮਿਸਰ ਵਿੱਚ ਇੱਕ-ਇੱਕ ਜਣਾ ਆਪੋ ਆਪਣੇ ਟੱਬਰ ਨਾਲ ਯਾਕੂਬ ਦੇ ਨਾਲ ਆਏ ਸੋ ਇਹ ਹਨ; 2ਰਊਬੇਨ ਸ਼ਿਮਓਨ ਲੇਵੀ ਯਹੂਦਾਹ 3ਯਿੱਸਾਕਾਰ ਜ਼ਬੂਲੁਨ ਬਿਨਯਾਮੀਨ 4ਦਾਨ ਨਫ਼ਤਾਲੀ ਗਾਦ ਅਤੇ ਆਸ਼ੇਰ। 5ਇਸ ਤਰ੍ਹਾਂ ਇਹ ਸਾਰੇ ਪ੍ਰਾਣੀ ਜਿਹੜੇ ਯਾਕੂਬ ਦੀ ਅੰਸ ਤੋਂ ਨਿੱਕਲੇ ਸੱਤਰ ਪ੍ਰਾਣੀ ਸਨ ਅਤੇ ਯੂਸੁਫ਼ ਮਿਸਰ ਵਿੱਚ ਹੀ ਸੀ। 6ਯੂਸੁਫ਼, ਉਸ ਦੇ ਭਰਾ ਅਤੇ ਉਹ ਸਾਰੀ ਪੀੜ੍ਹੀ ਮਰ ਚੁੱਕੀ ਸੀ। 7ਪਰ ਇਸਰਾਏਲੀ ਫਲੇ ਅਤੇ ਉਨ੍ਹਾਂ ਦੇ ਦਲਾਂ ਦੇ ਦਲ ਹੋ ਗਏ, ਵਧ ਕੇ ਬਹੁਤ ਬਲਵੰਤ ਹੋ ਗਏ ਕਿ ਧਰਤੀ ਉਨ੍ਹਾਂ ਨਾਲ ਭਰ ਗਈ। 8ਤਦ ਮਿਸਰ ਵਿੱਚ ਨਵਾਂ ਰਾਜਾ ਉੱਠਿਆ ਜਿਹੜਾ ਯੂਸੁਫ਼ ਨੂੰ ਨਹੀਂ ਜਾਣਦਾ ਸੀ। 9ਉਸ ਨੇ ਆਪਣੇ ਲੋਕਾਂ ਨੂੰ ਆਖਿਆ, ਵੇਖੋ ਇਸਰਾਏਲੀ ਲੋਕ ਸਾਡੇ ਨਾਲੋਂ ਵਧੀਕ ਅਤੇ ਬਲਵੰਤ ਹਨ। 10ਆਓ ਅਸੀਂ ਉਨ੍ਹਾਂ ਨਾਲ ਸਮਝ ਨਾਲ ਵਰਤਾਓ ਕਰੀਏ, ਅਜਿਹਾ ਨਾ ਹੋਵੇ ਕਿ ਉਹ ਹੋਰ ਵਧ ਜਾਣ ਅਤੇ ਇਸ ਤਰ੍ਹਾਂ ਹੋਵੇ ਕਿ ਜਦ ਲੜਾਈ ਆ ਪਵੇ ਤਾਂ ਉਹ ਸਾਡੇ ਵੈਰੀਆਂ ਦੇ ਨਾਲ ਮਿਲ ਜਾਣ ਅਤੇ ਸਾਡੇ ਵਿਰੁੱਧ ਲੜਨ, ਫੇਰ ਇਸ ਦੇਸ਼ ਤੋਂ ਉਤਾਹਾਂ ਨੂੰ ਚਲੇ ਜਾਣ। 11ਤਦ ਉਸ ਉਨ੍ਹਾਂ ਦੇ ਉੱਪਰ ਬੇਗ਼ਾਰੀਆਂ ਦੇ ਕੋਰੜੇ ਠਹਿਰਾਏ ਜਿਹੜੇ ਉਨ੍ਹਾਂ ਨੂੰ ਉਨ੍ਹਾਂ ਦੇ ਭਾਰਾਂ ਨਾਲ ਜਿੱਚ ਕਰਨ ਅਤੇ ਉਨ੍ਹਾਂ ਫ਼ਿਰਊਨ ਲਈ ਫਿਤੋਮ ਅਤੇ ਰਾਮਸੇਸ ਭੰਡਾਰ ਦੇ ਨਗਰ ਬਣਾਏ। 12ਪਰ ਜਿੰਨਾਂ ਉਹ ਉਨ੍ਹਾਂ ਨੂੰ ਦੁੱਖ ਦਿੰਦੇ ਸਨ ਉਹ ਉੱਨਾ ਹੀ ਵਧਦੇ ਅਤੇ ਫੈਲਦੇ ਜਾਂਦੇ ਸਨ, ਇਸ ਤਰ੍ਹਾਂ ਉਹ ਇਸਰਾਏਲੀਆਂ ਤੋਂ ਅੱਕ ਗਏ। 13ਉਪਰੰਤ ਮਿਸਰੀ ਇਸਰਾਏਲੀਆਂ ਤੋਂ ਸਖ਼ਤੀ ਨਾਲ ਟਹਿਲ ਕਰਾਉਣ ਲੱਗੇ। 14ਅਤੇ ਉਨ੍ਹਾਂ ਨੇ ਔਖੀ ਟਹਿਲ ਨਾਲ ਅਰਥਾਤ ਗਾਰੇ, ਇੱਟਾਂ ਅਤੇ ਖੇਤਾਂ ਵਿੱਚ ਹਰ ਪਰਕਾਰ ਦੀ ਟਹਿਲ ਨਾਲ ਉਨ੍ਹਾਂ ਦਾ ਜੀਉਣ ਖੱਟਾ ਕਰ ਦਿੱਤਾ। ਜਿਹੜੀ ਟਹਿਲ ਉਨ੍ਹਾਂ ਤੋਂ ਕਰਾਉਂਦੇ ਸਨ ਉਹ ਸਖ਼ਤੀ ਨਾਲ ਸੀ। 15ਤਦ ਮਿਸਰ ਦੇ ਰਾਜੇ ਨੇ ਇਬਰਾਨੀ ਦਾਈਆਂ ਨੂੰ ਜਿਨ੍ਹਾਂ ਵਿੱਚੋਂ ਇੱਕ ਦਾ ਨਾਮ ਸਿਫਰਾਹ ਅਤੇ ਦੂਜੀ ਦਾ ਨਾਮ ਫੂਆਹ ਸੀ ਆਖਿਆ 16ਜਦ ਇਬਰਾਨਣਾਂ ਲਈ ਤੁਸੀਂ ਦਾਈ ਪੁਣਾ ਕਰਦੀਆਂ ਹੋ ਅਤੇ ਤੁਸੀਂ ਉਨ੍ਹਾਂ ਨੂੰ ਜਣਾਉਣ ਦੇ ਪੀੜ੍ਹੇ ਉੱਤੇ ਵੇਖਦੀਆਂ ਹੋ ਤਾਂ ਜੇਕਰ ਉਹ ਪੁੱਤਰ ਹੋਵੇ ਉਸ ਨੂੰ ਮਾਰ ਸੁੱਟੋ ਪਰ ਜੇਕਰ ਧੀ ਹੋਵੇ ਤਾਂ ਉਹ ਜਿਉਂਦੀ ਰਹੇ। 17ਪਰ ਦਾਈਆਂ ਪਰਮੇਸ਼ੁਰ ਤੋਂ ਡਰਦੀਆਂ ਸਨ ਅਤੇ ਜਿਵੇਂ ਮਿਸਰ ਦੇ ਰਾਜੇ ਨੇ ਹੁਕਮ ਦਿੱਤਾ ਸੀ ਉਨ੍ਹਾਂ ਤਿਵੇਂ ਨਾ ਕੀਤਾ, ਉਹ ਮੁੰਡਿਆਂ ਨੂੰ ਜਿਉਂਦੇ ਰੱਖਦੀਆਂ ਸਨ। 18ਤਦ ਮਿਸਰ ਦੇ ਰਾਜੇ ਨੇ ਦਾਈਆਂ ਨੂੰ ਸੱਦ ਕੇ ਆਖਿਆ, ਤੁਸੀਂ ਇਹ ਗੱਲ ਕਿਉਂ ਕੀਤੀ ਕਿ ਮੁੰਡਿਆਂ ਨੂੰ ਜਿਉਂਦੇ ਰਹਿਣ ਦਿੱਤਾ? 19ਫਿਰ ਦਾਈਆਂ ਨੇ ਫ਼ਿਰਊਨ ਨੂੰ ਆਖਿਆ ਕਿ ਇਬਰਾਨੀ ਔਰਤਾਂ ਮਿਸਰੀ ਔਰਤਾਂ ਵਾਂਗੂੰ ਨਹੀਂ ਹਨ ਕਿਉਂ ਜੋ ਉਹ ਜਿੰਦ ਵਾਲੀਆਂ ਹਨ ਅਤੇ ਦਾਈਆਂ ਦੇ ਆਉਣ ਤੋਂ ਪਹਿਲਾਂ ਹੀ ਜਣ ਲੈਂਦੀਆਂ ਹਨ। 20ਇਸ ਲਈ ਪਰਮੇਸ਼ੁਰ ਨੇ ਦਾਈਆਂ ਨਾਲ ਭਲਿਆਈ ਕੀਤੀ ਅਤੇ ਉਹ ਲੋਕ ਵਧ ਗਏ ਅਤੇ ਬਹੁਤ ਬਲਵੰਤ ਹੋ ਗਏ। 21ਇਸ ਤਰ੍ਹਾਂ ਹੋਇਆ ਇਸ ਲਈ ਕਿ ਦਾਈਆਂ ਪਰਮੇਸ਼ੁਰ ਤੋਂ ਡਰੀਆਂ ਉਸ ਉਨ੍ਹਾਂ ਦੇ ਘਰ ਵਸਾਏ। 22ਉਪਰੰਤ ਫ਼ਿਰਊਨ ਨੇ ਆਪਣੀ ਸਾਰੀ ਪਰਜਾ ਨੂੰ ਹੁਕਮ ਦਿੱਤਾ ਕਿ ਹਰ ਇੱਕ ਪੁੱਤਰ ਨੂੰ ਜਿਹੜਾ ਇਬਰੀਆਂ ਦੇ ਜੰਮਣ ਨੀਲ ਨਦੀ ਵਿੱਚ ਸੁੱਟ ਦਿਓ ਪਰ ਹਰ ਇੱਕ ਧੀ ਨੂੰ ਜਿਉਂਦੀ ਰੱਖ ਲਓ।