ਰਊਬੇਨ ਦੇ ਉੱਤਰਾਧਿਕਾਰੀ
5
1-3 ਇਸਰਾਏਲ ਦਾ ਪਲੋਠਾ ਪੁੱਤਰ ਰਊਬੇਨ ਸੀ। ਰਊਬੇਨ ਨੂੰ ਪਲੋਠਾ ਪੁੱਤਰ ਹੋਣ ਕਰਕੇ ਵਿਸੇਸ ਅਧਿਕਾਰ ਮਿਲਣੇ ਚਾਹੀਦੇ ਸਨ ਪਰ ਉਸ ਨੇ ਆਪਣੇ ਪਿਤਾ ਦੀ ਬੀਵੀ ਨਾਲ ਸੰਭੋਗ ਕੀਤਾ ਇਸ ਲਈ ਉਸ ਨੂੰ ਉਸ ਦੇ ਹੱਕ ਤੋਂ ਵਾਂਝਾ ਕਰਕੇ ਉਹ ਹੱਕ ਯੂਸੁਫ਼ ਦੇ ਪੁੱਤਰਾਂ ਨੂੰ ਦਿੱਤੇ ਗਏ। ਰਊਬੇਨ ਦਾ ਨਾਂ ਇਉਂ ਕੁਲ ਪੱਤ੍ਰੀ ਵਿੱਚ ਪਲੋਠੇ ਕਰਕੇ ਨਹੀਂ ਗਿਣਿਆ ਜਾਂਦਾ। ਯਹੂਦਾਹ ਆਪਣੇ ਭਰਾਵਾਂ ਤੋਂ ਵੱਧ ਸ਼ਕਤੀਸ਼ਾਲੀ ਹੋਇਆ। ਇਸ ਕਰਕੇ ਉਸ ਦੇ ਘਰਾਣੇ ਦੇ ਲੋਕ ਆਗੂ ਬਣੇ। ਪਰ ਯੂਸੁਫ਼ ਦੇ ਘਰਾਣੇ ਨੂੰ ਹੋਰ ਹੱਕ ਪ੍ਰਾਪਤ ਸਨ ਜਿਹੜੇ ਕਿ ਸਭ ਤੋਂ ਵੱਡੇ ਪੁੱਤਰ ਨੂੰ ਪ੍ਰਾਪਤ ਸਨ।
ਰਊਬੇਨ ਦੇ ਪੁੱਤਰਾਂ ਦੇ ਨਾਂ ਹਨੋਕ, ਫ਼ੱਲੂ, ਹਸਰੋਨ ਅਤੇ ਕਰਮੀ ਸਨ।
ਯੋਏਲ ਦੇ ਉੱਤਰਾਧਿਕਾਰੀਆਂ ਵਿੱਚੋਂ ਸ਼ਮਅਯਾਹ ਉਸਦਾ ਪੁੱਤਰ ਸੀ। ਗੋਗ ਸ਼ਮਅਯਾਹ ਦਾ ਪੁੱਤਰ ਅਤੇ ਗੋਗ ਦਾ ਪੁੱਤਰ ਸ਼ਿਮਈ ਸੀ। ਮੀਕਾਹ ਸ਼ਿਮਈ ਦਾ ਅਤੇ ਮੀਕਾਹ ਦਾ ਪੁੱਤਰ ਰਆਯਾਹ ਅਤੇ ਉਸਦਾ ਪੁੱਤਰ ਬਆਲ ਸੀ। ਬਆਲ ਦਾ ਪੁੱਤਰ ਸੀ ਬੇਰਾਹ। ਬੇਰਾਹ ਨੂੰ ਅੱਸ਼ੂਰ ਦੇ ਪਾਤਸ਼ਾਹ ਤਿਲਗਬ-ਪਿਲਨਅਸਰ ਬੰਦੀ ਬਣਾ ਕੇ ਲੈ ਗਏ। ਬੇਰਾਹ ਰਊਬੇਨੀਆਂ ਦੇ ਪਰਿਵਾਰ-ਸਮੂਹ ਦਾ ਆਗੂ ਸੀ।
ਯੋਏਲ ਦੇ ਰਿਸ਼ਤੇਦਾਰ ਉਨ੍ਹਾਂ ਦੇ ਪਰਿਵਾਰ-ਸਮੂਹਾਂ ਮੁਤਾਬਕ ਓਵੇਂ ਹੀ ਦਰਜ ਗਏ ਹਨ ਜਿਵੇਂ ਕਿ ਉਹ ਪਰਿਵਾਰ ਦੇ ਇਤਿਹਾਸਾਂ ਵਿੱਚ ਲਿਖੇ ਗਏ ਹਨ: ਯਈੇਲ ਪਲੋਠਾ ਪੁੱਤਰ ਸੀ, ਫ਼ੇਰ ਜ਼ਕਰਯਾਹ ਅਤੇ ਬਲਆ। ਬਲਆ ਆਜ਼ਾਜ਼ ਦਾ ਪੁੱਤਰ ਸੀ, ਆਜ਼ਾਜ਼ ਸ਼ਮਆ ਦਾ ਪੁੱਤਰ ਸੀ ਅਤੇ ਸ਼ਮਆ ਯੋਏਲ ਦਾ ਪੁੱਤਰ ਸੀ। ਇਹ ਅਰੋਏਰ ਦੇ ਇਲਾਕੇ ਵਿੱਚ ਨਬੋ ਤੋਂ ਲੈ ਕੇ ਬਆਲ ਮਓਨ ਤੀਕ ਵਸਦੇ ਸਨ। ਬਲਆ ਦੇ ਲੋਕ ਮਾਰੂਬਲ ਦੀ ਨੁਕਰ ਤੀਕ ਰਹਿੰਦੇ ਸਨ, ਜੋ ਕਿ ਪੂਰਬ ਵੱਲ ਫ਼ਰਾਤ ਦਰਿਆ ਤੀਕ ਪਹੁੰਚਦੀ ਹੈ। ਉਹ ਇਸ ਇਲਾਕੇ ਵਿੱਚ ਇਸ ਲਈ ਵਸਦੇ ਸਨ ਕਿਉਂ ਕਿ ਉਨ੍ਹਾਂ ਦੇ ਪਸ਼ੂ ਗਿਲਆਦ ਦੇ ਦੇਸ਼ ਵਿੱਚ ਬਹੁਤ ਵੱਧ ਗਏ ਸਨ। 10 ਜਦੋਂ ਸ਼ਾਊਲ ਪਾਤਸ਼ਾਹ ਸੀ, ਬਲਆ ਦੇ ਲੋਕਾਂ ਨੇ ਹਗਰੀਆਂ ਨਾਲ ਜੰਗ ਕੀਤੀ ਅਤੇ ਉਨ੍ਹਾਂ ਨੂੰ ਹਰਾਇਆ। ਉਨ੍ਹਾਂ ਨੇ ਗਿਲਆਦ ਦੇ ਪੂਰਬੀ ਖੇਤਰ ਰਾਹੀਂ ਸਫ਼ਰ ਕੀਤਾ ਅਤੇ ਉਨ੍ਹਾਂ ਤੰਬੂਆਂ ਵਿੱਚ ਰਹੇ ਜੋ ਓਬੋਁ ਦੇ ਹਗਰੀ ਲੋਕਾਂ ਦੇ ਸਨ।
ਗਾਦੀ ਦੇ ਉੱਤਰਾਧਿਕਾਰੀ
11 ਗਾਦੀ ਪਰਿਵਾਰ-ਸਮੂਹ ਦੇ ਲੋਕ ਰਊਬੇਨ ਦੇ ਪਰਿਵਾਰ-ਸਮੂਹ ਦੇ ਲੋਕਾਂ ਦੇ ਨਜ਼ਦੀਕ ਹੀ ਵਸੇ। ਇਹ ਗਾਦੀ ਲੋਕ ਬਾਸ਼ਾਨ ਦੇ ਇਲਾਕੇ ਵਿੱਚ ਤੇ ਸਲਕਾਹ ਤੀਕ ਵਸੇ। 12 ਯੋਏਲ ਬਾਸ਼ਾਨ ਦਾ ਪਹਿਲਾ ਆਗੂ ਸੀ ਅਤੇ ਉਸ ਤੋਂ ਬਾਅਦ ਸ਼ਾਫ਼ਾਨ ਦੂਜਾ ਤੇ ਉਸ ਉਪਰੰਤ ਯਅਨਈ ਆਗੂ ਬਣਿਆ। 13 ਉਨ੍ਹਾਂ ਦੇ ਘਰਾਣਿਆਂ ਵਿੱਚੋਂ ਸੱਤਾਂ ਭਰਾਵਾਂ ਦੇ ਨਾਉਂ ਇਉਂ ਸਨ: ਮੀਕਾਏਲ, ਮਸ਼ੂੱਲਾਮ, ਸ਼ਬਾ, ਯੋਰਈ, ਯਅਕਾਨ, ਜ਼ੀਆ ਅਤੇ ਏਬਰ। 14 ਇਹ ਅਬੀਹਯਿਲ ਦੇ ਉੱਤਰਾਧਿਕਾਰੀ ਸਨ। ਅਬੀਹਯਿਲ ਹੂਰੀ ਦਾ ਪੁੱਤਰ ਸੀ ਅਤੇ ਹੂਰੀ ਯਾਰੋਅਹ ਦਾ ਪੁੱਤਰ ਅਤੇ ਯਾਰੋਆਹ ਗਿਲਆਦ ਦਾ। ਗਿਲਆਦ ਮੀਕਾਏਲ ਦਾ ਪੁੱਤਰ ਅਤੇ ਮੀਕਾਏਲ ਯਸ਼ੀਸ਼ਈ ਦਾ ਪੁੱਤਰ ਸੀ। ਯਸ਼ੀਸ਼ਈ ਯਹਦੋ ਦਾ ਪੁੱਤਰ ਅਤੇ ਯਹਦੋ ਬੂਜ ਦਾ ਪੁੱਤਰ ਸੀ। 15 ਅਬਦੀਏਲ ਦਾ ਪੁੱਤਰ ਸੀ ਅਹੀ ਅਤੇ ਅਬਦੀਏਲ ਗੂਨੀ ਦਾ ਪੁੱਤਰ ਸੀ। ਅਤੇ ਅਹੀ ਉਨ੍ਹਾਂ ਦੇ ਘਰਾਣਿਆਂ ਦਾ ਆਗੂ ਸੀ।
16 ਗਾਦ ਪਰਿਵਾਰ-ਸਮੂਹ ਬਾਸ਼ਾਨ ਦੇ ਗਿਲਆਦ ਅਤੇ ਉਸ ਦੇ ਆਸ-ਪਾਸ ਦੇ ਛੋਟੇ ਸ਼ਹਿਰਾਂ ਵਿੱਚ ਅਤੇ ਸ਼ਾਰੋਨ ਦੇ ਇਲਾਕੇ ਵਿੱਚ ਸੀਮਾ ਤਾਈਂ ਸਾਰੀਆਂ ਚਰਾਂਦਾ ਵਿੱਚ ਰਹਿੰਦਾ ਸੀ।
17 ਯੋਬਾਮ ਅਤੇ ਯਰਾਬੁਆਮ ਪਾਤਸ਼ਾਹ ਦੇ ਦਿਨੀਁ ਇਨ੍ਹਾਂ ਸਾਰੇ ਲੋਕਾਂ ਦੇ ਨਾਉਂ ਗਾਦ ਦੇ ਘਰਾਣੇ ਦੇ ਇਤਹਾਸ ਦੀਆਂ ਕੁੱਲ ਪੱਤ੍ਰੀਆਂ ਲਿਖੀਆਂ ਗਈਆਂ। ਯੋਬਾਮ ਉਨ੍ਹੀਁ ਦਿਨੀਁ ਯਹੂਦਾਹ ਦਾ ਪਾਤਸ਼ਾਹ ਸੀ ਅਤੇ ਯਰਾਬੁਆਮ ਇਸਰਾਏਲ ਦਾ।
ਯੁੱਧ ਵਿੱਚ ਕੁਝ ਮਾਹਰ ਸਿਪਾਹੀ
18 ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਅਤੇ ਰਊਬੇਨ ਅਤੇ ਗਾਦ ਦੇ ਪਰਿਵਾਰ-ਸਮੂਹ ਕੋਲ ਕੁੱਲ 44,760 ਬਹਾਦਰ ਸਿਪਾਹੀ ਸਨ। ਉਨ੍ਹਾਂ ਸਿਪਾਹੀਆਂ ਕੋਲ ਤਲਵਾਰਾਂ ਅਤੇ ਢਾਲਾਂ ਸਨ ਅਤੇ ਉਹ ਤੀਰਾਂ ਅਤੇ ਕਮਾਨਾਂ ਵਿੱਚ ਵੀ ਕੁਸ਼ਲ ਸਨ। 19 ਇਨ੍ਹਾਂ ਨੇ ਹਗਰੀਆਂ, ਯਟੂਰ, ਨਾਫ਼ੀਸ਼ ਤੇ ਨੋਦਾਬ ਦੇ ਲੋਕਾਂ ਵਿਰੁੱਧ ਲੜਾਈ ਕੀਤੀ। 20 ਅਤੇ ਉਹ ਲੋਕ ਜਿਹੜੇ ਮਨੱਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹਾਂ ਤੋਂ ਸਨ ਨੇ ਲੜਾਈ ਵਿੱਚ ਪਰਮੇਸ਼ੁਰ ਅੱਗੇ ਪ੍ਰਾਰਥਨਾ ਕੀਤੀ ਤੇ ਯਹੋਵਾਹ ਨੂੰ ਮਦਦ ਲਈ ਪੁਕਾਰ ਕੀਤੀ ਕਿਉਂ ਕਿ ਉਨ੍ਹਾਂ ਆਖਿਆ ਕਿ ਉਹ ਯਹੋਵਾਹ ਵਿੱਚ ਭਰੋਸਾ ਰੱਖਦੇ ਹਨ, ਭਰੋਸਾ ਕਰਦੇ ਹਨ। ਇਸ ਲਈ ਪਰਮੇਸ਼ੁਰ ਨੇ ਵੀ ਉਨ੍ਹਾਂ ਦੀ ਸਹਾਇਤਾ ਕੀਤੀ। ਪਰਮੇਸ਼ੁਰ ਨੇ ਉਨ੍ਹਾਂ ਨੂੰ ਹਗਰੀ ਮਨੁੱਖਾਂ ਨੂੰ ਹਾਰ ਦੇਣ ਵਿੱਚ ਮਦਦ ਕੀਤੀ। ਤਾਂ ਉਨ੍ਹਾਂ ਨੇ ਹਗਰੀ ਮਨੁੱਖਾਂ ਤੋਂ ਇਲਾਵਾ ਹੋਰ ਵੀ ਜਿਹੜੇ ਮਨੁੱਖਾਂ ਨੇ ਹਗਰੀਆਂ ਦਾ ਸਾਬ ਦਿੱਤਾ ਸੀ, ਉਨ੍ਹਾਂ ਨੂੰ ਵੀ ਹਰਾਇਆ। 21 ਉਨ੍ਹਾਂ ਨੇ ਹਗਰੀਆਂ ਦੇ ਪਸ਼ੂ ਵੀ ਲੈ ਲਿੱਤੇ। ਉਨ੍ਹਾਂ ਨੇ 50,000 ਊਠ 2,50,000 ਭੇਡਾਂ, 2,000 ਗਧੇ ਅਤੇ 1,00,000 ਮਨੁੱਖਾਂ ਨੂੰ ਵੀ ਲੁੱਟ ਲਿਆ ਭਾਵ ਲੈ ਗਏ। 22 ਬਹੁਤ ਸਾਰੇ ਹਗਰੀ ਮਾਰੇ ਗਏ ਸਨ ਕਿਉਂ ਕਿ ਇਹ ਯੁੱਧ ਪਰਮੇਸ਼ੁਰ ਵੱਲੋਂ ਸੀ ਅਤੇ ਪਰਮੇਸ਼ੁਰ ਰਊਬੇਨ ਦੇ ਪੱਖ ਵਿੱਚ ਸੀ। ਫ਼ਿਰ ਮਨੱਸ਼ਹ, ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਦੇ ਲੋਕਾਂ ਨੇ ਹਗਰੀਆਂ ਦੀ ਜ਼ਮੀਨ ਤੇ ਰਹਿਣਾ ਸ਼ੁਰੂ ਕਰ ਦਿੱਤਾ। ਇਹ ਲੋਕ ਇਸਰਾਏਲੀਆਂ ਦੇ ਜਲਾਵਤਨੀ ਕਰਕੇ ਕੈਦੀਆਂ ਵਜੋਂ ਬੇਬੀਲੋਨ ਨੂੰ ਲਿਜਾਏ ਜਾਣ ਤੀਕ ਇੱਥੇ ਰਹੇ।
23 ਮਨੱਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖ ਬਾਸ਼ਾਨ ਦੇ ਇਲਾਕੇ ਵਿੱਚ ਵਸਦੇ ਰਹੇ। ਉਹ ਬਾਸ਼ਾਨ ਤੋਂ ਬਅਲ-ਹਰਮੋਨ, ਸਨੀਰ ਅਤੇ ਹਰਮੋਨ ਪਰਬਤ ਤੀਕ ਵੱਧਦੇ ਬਹੁਤ ਸਾਰੇ ਮਨੁੱਖਾਂ ਦਾ ਦਲ ਬਣ ਗਏ।
24 ਮਨੱਸ਼ਹ ਪਰਿਵਾਰ-ਸਮੂਹ ਦੇ ਅੱਧੇ ਮਨੁੱਖਾਂ ਦੇ ਘਰਾਣੇ ਦੇ ਆਗੂ ਇਸ ਪ੍ਰਕਾਰ ਸਨ: ਏਫ਼ਰ, ਯਿਸ਼ਈ, ਅਲੀਏਲ, ਅਜ਼ਰੀਏਲ, ਯਿਰਮਿਯਾਹ, ਹੋਦਵਯਾਹ, ਯਹਦੀਏਲ। ਇਹ ਸਾਰੇ ਹੀ ਬਹਾਦੁਰ ਵੀਰ ਅਤੇ ਤਾਕਤਵਰ ਮਨੁੱਖ ਸਨ। ਇਹ ਸਾਰੇ ਪ੍ਰਸਿੱਧ ਮਨੁੱਖ ਸਨ ਅਤੇ ਆਪੋ-ਆਪਣੇ ਪਰਿਵਾਰ-ਸਮੂਹਾਂ ਦੇ ਆਗੂ। 25 ਪਰ ਉਨ੍ਹਾਂ ਨੇ ਆਪਣੇ ਪੁਰਖਿਆਂ ਦੇ ਪਰਮੇਸ਼ੁਰ ਵਿਰੁੱਧ ਪਾਪ ਕੀਤਾ ਅਤੇ ਉਨ੍ਹਾਂ ਲੋਕਾਂ ਦੇ ਝੂਠੇ ਦੇਵਤਿਆਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਪਰਮੇਸ਼ੁਰ ਨੇ ਉਨ੍ਹਾਂ ਦੇ ਧਰਤੀ ਤੇ ਕਬਜ਼ਾ ਲੈਣ ਤੋਂ ਪਹਿਲਾਂ ਤਬਾਹ ਕੀਤਾ ਸੀ।
26 ਇਸਰਾਏਲ ਦੇ ਪਰਮੇਸ਼ੁਰ ਨੇ ਅੱਸ਼ੂਰ ਦੇ ਰਾਜੇ ਪੂਲ ਨੂੰ ਉਕਸਾਰਿਆ ਉਹ ਤਿਲਗਬ ਪਿਲਨਸਰ ਵੀ ਕਹਾਉਂਦਾ ਸੀ ਅਤੇ ਉਸ ਦੇ ਅੰਦਰ ਜੰਗ ਨੂੰ ਜਾਣ ਦੀ ਇੱਛਾ ਪੈਦਾ ਕੀਤੀ, ਇਸ ਲਈ ਉਹ ਰਊਬੇਨ ਅਤੇ ਗਾਦ ਪਰਿਵਾਰ-ਸਮੂਹ ਅਤੇ ਮਨੱਸ਼ਹ ਦੇ ਅੱਧੇ ਪਰਿਵਾਰ-ਸਮੂਹ ਨਾਲ ਲੜਿਆ, ਅਤੇ ਉਨ੍ਹਾਂ ਨੂੰ ਸ਼ਹਿਰ ਤੋਂ ਬਾਹਰ ਹਲਹ, ਹਾਬੋਰ, ਹਾਰਾ, ਅਤੇ ਗੋਜ਼ਾਨ ਦਰਿਆ ਦੇ ਨੇੜੇ ਲੈ ਗਿਆ। ਇਸਰਾਏਲ ਦੇ ਉਹ ਪਰਿਵਾਰ-ਸਮੂਹ ਅੱਜ ਦੇ ਦਿਨ ਤੀਕ ਵੀ ਓਥੇ ਰਹਿੰਦੇ ਹਨ।