ਰੋਮੀਆਂ ਨੂੰ ਪੱਤ੍ਰੀ
1
ਪੌਲੁਸ, ਮਸੀਹ ਯਿਸੂ ਦੇ ਸੇਵਕ ਵੱਲੋਂ ਸ਼ੁਭਕਾਮਨਾਵਾਂ।
ਪਰਮੇਸ਼ੁਰ ਨੇ ਮੈਨੂੰ ਰਸੂਲ ਬਨਣ ਲਈ ਸੱਦਿਆ। ਮੈਨੂੰ ਪਰਮੇਸ਼ੁਰ ਦੀ ਖੁਸ਼ਖਬਰੀ ਸਾਰੇ ਲੋਕਾਂ ਨੂੰ ਸੁਨਾਉਣ ਲਈ ਚੁਣਿਆ ਗਿਆ।
ਪਰਮੇਸ਼ੁਰ ਨੇ ਆਪਣੇ ਨਬੀਆਂ ਦੁਆਰਾ ਇਹ ਖੁਸ਼ਖਬਰੀ ਆਪਣੇ ਲੋਕਾਂ ਨੂੰ ਸੁਨਾਉਣ ਦਾ ਪਹਿਲਾਂ ਤੋਂ ਹੀ ਵਚਨ ਦਿੱਤਾ ਸੀ। ਉਹ ਵਚਨ ਪਵਿੱਤਰ ਪੋਥੀਆਂ ਵਿੱਚ ਲਿਖਿਆ ਹੋਇਆ ਹੈ। 3-4 ਇਹ ਖੁਸ਼ਖਬਰੀ ਪਰਮੇਸ਼ੁਰ ਦੇ ਪੁੱਤਰ, ਸਾਡੇ ਪ੍ਰਭੂ ਯਿਸੂ ਮਸੀਹ ਬਾਰੇ ਹੈ। ਉਹ ਇੱਕ ਮਨੁੱਖ ਦੇ ਤੌਰ ਤੇ ਦਾਊਦ ਦੇ ਪਰਿਵਾਰ ਵਿੱਚ ਪੈਦਾ ਹੋਇਆ ਸੀ। ਪਰ ਪਵਿੱਤਰਤਾ ਦੇ ਆਤਮਾ ਰਾਹੀਂ ਉਹ ਸ਼ਕਤੀ ਨਾਲ ਪਰਮੇਸ਼ੁਰ ਦਾ ਪੁੱਤਰ ਵਿਖਾਇਆ ਗਿਆ, ਜਦੋਂ ਉਹ ਮੁਰਦਿਆਂ ਤੋਂ ਜੀ ਉੱਠਿਆ ਸੀ। ਉਹ ਯਿਸੂ ਮਸੀਹ ਸਾਡਾ ਪਰਮੇਸ਼ੁਰ ਹੈ।
ਮਸੀਹ ਰਾਹੀਂ, ਪਰਮੇਸ਼ੁਰ ਨੇ ਮੈਨੂੰ ਰਸੂਲ ਦਾ ਕਾਰਜ ਕਰਨ ਲਈ ਵਿਸ਼ੇਸ਼ ਅਧਿਕਾਰ ਦਿੱਤਾ ਹੈ। ਪਰਮੇਸ਼ੁਰ ਨੇ ਮੈਨੂੰ ਸਾਰੀਆਂ ਕੌਮਾਂ ਵਿੱਚ ਲੋਕਾਂ ਨੂੰ ਪ੍ਰਚਾਰ ਕਰਨ ਅਤੇ ਉਨ੍ਹਾਂ ਨੂੰ ਵਿਸ਼ਵਾਸ ਅਤੇ ਆਗਿਆਕਾਰਤਾ ਵੱਲ ਪ੍ਰੇਰਿਤ ਕਰਨ ਦਾ ਕੰਮ ਦਿੱਤਾ ਹੈ। ਇਹ ਉਸ ਦੇ ਨਾਂ ਲਈ ਮਹਿਮਾ ਲਿਆਵੇਗਾ। ਤੁਹਾਨੂੰ ਵੀ ਯਿਸੂ ਮਸੀਹ ਨਾਲ ਸੰਬੰਧਿਤ ਹੋਣ ਲਈ ਸੱਦਿਆ ਗਿਆ ਹੈ।
ਇਹ ਚਿੱਠੀ ਤੁਹਾਨੂੰ ਸਾਰੇ ਰੋਮੀਆਂ ਨੂੰ ਲਿਖੀ ਗਈ ਹੈ ਜਿਹੜੇ ਪਰਮੇਸ਼ੁਰ ਨੂੰ ਪਿਆਰੇ ਹਨ। ਉਸ ਨੇ ਤੁਹਾਨੂੰ ਆਪਣੇ ਪਵਿੱਤਰ ਲੋਕ ਹੋਣ ਲਈ ਸੱਦਿਆ ਹੈ।
ਤੁਹਾਨੂੰ ਸਾਡੇ ਪਿਤਾ ਪਰਮੇਸ਼ੁਰ ਵੱਲੋਂ ਅਤੇ ਪ੍ਰਭੂ ਯਿਸੂ ਮਸੀਹ ਵੱਲੋਂ ਕਿਰਪਾ ਅਤੇ ਸ਼ਾਂਤੀ।
ਧੰਨਵਾਦ ਦੀ ਪ੍ਰਾਰਥਨਾ
ਸਭ ਤੋਂ ਪਹਿਲਾਂ ਤਾਂ ਮੈਂ ਯਿਸੂ ਮਸੀਹ ਰਾਹੀਂ ਤੁਹਾਡੇ ਸਭਨਾਂ ਲਈ ਆਪਣੇ ਪਰਮੇਸ਼ੁਰ ਦਾ ਧੰਨਵਾਦ ਕਰਦਾ ਹਾਂ, ਕਿਉਂਕਿ ਸਾਰੀ ਦੁਨੀਆਂ ਵਿੱਚ ਲੋਕ ਤੁਹਾਡੇ ਮਹਾਨ ਵਿਸ਼ਵਾਸ ਬਾਰੇ ਗੱਲਾਂ ਕਰ ਰਹੇ ਹਨ। 9-10 ਮੈਂ ਹਰ ਵੇਲੇ ਆਪਣੀਆਂ ਪ੍ਰਾਰਥਨਾ ਵਿੱਚ ਤੁਹਾਨੂੰ ਯਾਦ ਕਰਦਾ ਹਾਂ। ਪਰਮੇਸ਼ੁਰ ਜਾਣਦਾ ਹੈ ਕਿ ਇਹ ਸੱਚ ਹੈ। ਇੱਕ ਪਰਮੇਸ਼ੁਰ ਹੀ ਹੈ ਜਿਸਦੇ ਪੁੱਤਰ ਦੀ ਖੁਸ਼ਖਬਰੀ ਬਾਰੇ ਦੱਸੱਕੇ ਮੈਂ ਆਪਣੇ ਦਿਲੋਂ ਉਸ ਦੀ ਸੇਵਾ ਕਰਦਾ ਹਾਂ। ਮੈਂ ਉਸ ਅੱਗੇ ਲਗਾਤਾਰ ਪ੍ਰਾਰਥਨਾ ਕਰਦਾ ਹਾਂ ਕਿ ਉਸਦੀ ਇੱਛਾ ਅਨੁਸਾਰ ਮੈਨੂੰ ਤੁਹਾਡੇ ਕੋਲ ਆਉਣ ਦੀ ਆਗਿਆ ਦਿੱਤੀ ਜਾਵੇਗੀ। 11 ਮੈਂ ਤੁਹਾਨੂੰ ਮਿਲਣ ਲਈ ਉਤਸੁਕ ਹਾਂ ਅਤੇ ਤੁਹਾਨੂੰ ਬਲਵਾਨ ਬਨਾਉਣ ਲਈ ਕੁਝ ਆਤਮਕ ਤੋਹਫ਼ੇ ਦੇਣਾ ਚਾਹੁੰਦਾ ਹਾਂ। 12 ਅਸੀਂ ਆਪਣੇ ਆਪ ਨੂੰ ਵਿਸ਼ਵਾਸ ਰਾਹੀਂ ਪਰਸਪਰ ਤਾਕਤਵਰ ਬਣਾ ਸੱਕਦੇ ਹਾਂ ਇਸ ਵਿਸ਼ਵਾਸ ਤੋਂ ਮੇਰਾ ਭਾਵ, ਜਿਹੜਾ ਤੁਹਾਨੂੰ ਤੇ ਮੈਨੂੰ ਹੈ।
13 ਭਰਾਵੋ ਅਤੇ ਭੈਣੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਬੜੀ ਵਾਰ ਤੁਹਾਡੇ ਕੋਲ ਆਉਣ ਦੀ ਯੋਜਨਾ ਬਣਾਈ ਪਰ ਹੁਣ ਤੱਕ ਮੈਨੂੰ ਆਗਿਆ ਨਹੀਂ ਸੀ ਦਿੱਤੀ ਗਈ। ਮੈਂ ਤੁਹਾਨੂੰ ਮਿਲਣਾ ਚਾਹੁੰਨਾ ਤਾਂ ਜੋ ਮੈਂ ਤੁਹਾਡੇ ਆਤਮਕ ਵਾਧੇ ਵਿੱਚ ਤੁਹਾਡੀ ਸਹਾਇਤਾ ਕਰ ਸੱਕਾਂ ਉਵੇਂ ਜਿਵੇਂ ਮੈਂ ਹੋਰਨਾਂ ਕੌਮਾਂ ਵਿੱਚ ਲੋਕਾਂ ਦੀ ਸਹਾਇਤਾ ਕੀਤੀ ਹੈ।
14 ਸਭ ਲੋਕਾਂ ਦੀ, ਯੂਨਾਨੀਆਂ ਅਤੇ ਗੈਰ-ਯੂਨਾਨੀਆਂ, ਬੁੱਧੀਵਾਨ ਅਤੇ ਮੂਰਖ ਲੋਕਾਂ ਦੀ, ਸੇਵਾ ਕਰਨੀ ਮੇਰਾ ਫ਼ਰਜ਼ ਹੈ। 15 ਇਸੇ ਲਈ ਮੈਂ ਤੁਹਾਨੂੰ ਵੀ, ਜਿਹੜੇ ਰੋਮ ਵਿੱਚ ਹੋ, ਖੁਸ਼ਖਬਰੀ ਦੇਣ ਦਾ ਇੱਛੁਕ ਹਾਂ।
16 ਮੈਨੂੰ ਖੁਸ਼ਖਬਰੀ ਤੇ ਮਾਣ ਹੈ। ਇਹ ਉਹ ਤਾਕਤ ਹੈ, ਜਿਹੜੀ ਪਰਮੇਸ਼ੁਰ ਉਨ੍ਹਾਂ ਸਭਨਾਂ ਨੂੰ ਬਚਾਉਣ ਲਈ ਇਸਤੇਮਾਲ ਕਰਦਾ ਹੈ, ਜਿਹੜੇ ਵਿਸ਼ਵਾਸ ਕਰਦੇ ਹਨ, ਪਹਿਲਾਂ ਯਹੂਦੀਆਂ ਨੂੰ ਅਤੇ ਗੈਰ ਯਹੂਦੀਆਂ ਨੂੰ ਵੀ ਬਚਾਉਣ ਲਈ ਇਸਤੇਮਾਲ ਕਰਦਾ ਹੈ। 17 ਖੁਸ਼ਖਬਰੀ ਇਹ ਵਿਖਾਉਂਦੀ ਹੈ ਕਿ ਪਰਮੇਸ਼ੁਰ ਕਿਵੇਂ ਲੋਕਾਂ ਨੂੰ ਧਰਮੀ ਬਣਾਉਂਦਾ ਹੈ। ਪਰਮੇਸ਼ੁਰ ਆਪਣੇ ਲੋਕਾਂ ਨੂੰ ਵਿਸ਼ਵਾਸ ਰਾਹੀਂ ਧਰਮੀ ਬਣਾਉਂਦਾ ਹੈ। ਜਿਵੇਂ ਕਿ ਪੋਥੀਆਂ ਵਿੱਚ ਆਖਿਆ ਗਿਆ ਹੈ, “ਜਿਹੜਾ ਮਨੁੱਖ ਨਿਹਚਾ ਨਮਿੱਤ ਧਰਮੀ ਹੈ ਉਹ ਹਮੇਸ਼ਾ ਜਿਉਂਦਾ ਰਹੇਗਾ।”
ਸਭ ਲੋਕਾਂ ਨੇ ਗਲਤੀ ਕੀਤੀ ਹੈ
18 ਪਰਮੇਸ਼ੁਰ ਦਾ ਕਰੋਧ ਸਵਰਗੋਂ ਪਰਗਟ ਹੋਇਆ ਹੈ। ਪਰਮੇਸ਼ੁਰ ਸਭ ਗਲਤ ਕੰਮਾਂ ਅਤੇ ਪਾਪਾਂ ਉੱਤੇ ਗੁੱਸੇ ਹੈ ਜੋ ਲੋਕ ਉਸ ਦੇ ਵਿਰੋਧ ਵਿੱਚ ਕਰਦੇ ਹਨ। ਇਨ੍ਹਾਂ ਲੋਕਾਂ ਕੋਲ ਸੱਚ ਹੈ ਪਰ ਆਪਣੀਆਂ ਭੈੜੀਆਂ ਕਰਨੀਆਂ ਦੁਆਰਾ ਸੱਚ ਨੂੰ ਲਕੋਂਦੇ ਹਨ। 19 ਪਰਮੇਸ਼ੁਰ ਆਪਣਾ ਗੁੱਸਾ ਵਿਖਾਉਂਦਾ ਹੈ ਕਿਉਂਕਿ ਜੋ ਕੁਝ ਕੋਈ ਪਰਮੇਸ਼ੁਰ ਬਾਰੇ ਜਾਣ ਸੱਕਦਾ ਹੈ ਉਹ ਸਭ ਜਾਣਦੇ ਹਨ। ਹਾਂ, ਉਸ ਨੇ ਸਪੱਸ਼ਟ ਤੌਰ ਤੇ ਆਪਣੇ ਆਪ ਨੂੰ ਲੋਕਾਂ ਨੂੰ ਵਿਖਾਇਆ ਹੈ।
20 ਪਰਮੇਸ਼ੁਰ ਬਾਰੇ ਕੁਝ ਅਜਿਹੀਆਂ ਗੱਲਾਂ ਹਨ ਜੋ ਲੋਕ ਨਹੀਂ ਵੇਖ ਸੱਕਦੇ। ਉਹ ਉਸਦੀ ਸਦੀਵੀ ਸ਼ਕਤੀ ਅਤੇ ਉਹ ਸਭ ਚੀਜ਼ਾਂ ਹਨ ਜੋ ਉਸ ਨੂੰ ਪਰਮੇਸ਼ੁਰ ਬਣਾਉਂਦੀਆਂ ਹਨ। ਸੰਸਾਰ ਦੇ ਅਰੰਭ ਵੇਲੇ ਤੋਂ ਉਨ੍ਹਾਂ ਗੱਲਾਂ ਨੂੰ ਸਮਝਣਾ ਸੌਖਾ ਹੈ। ਕਿਉਂਕਿ ਉਸਦੀ ਸਿਰਜਣਾ ਵਿੱਚ ਉਹ ਗੱਲਾਂ ਸਪੱਸ਼ਟ ਹਨ। ਇਸ ਲਈ ਲੋਕਾਂ ਕੋਲ ਉਨ੍ਹਾਂ ਮੰਦੇ ਕੰਮਾਂ ਲਈ ਕੋਈ ਬਹਾਨਾ ਨਹੀਂ ਹੋਵੇਗਾ ਜਿਹੜੇ ਉਹ ਕਰਦੇ ਹਨ।
21 ਲੋਕ ਪਰਮੇਸ਼ੁਰ ਨੂੰ ਜਾਣਦੇ ਸਨ, ਪਰ ਉਨ੍ਹਾਂ ਨੇ ਉਸ ਨੂੰ ਪਰਮੇਸ਼ੁਰ ਵਾਂਗ ਨਹੀਂ ਸਤਿਕਾਰਿਆ ਅਤੇ ਨਾ ਹੀ ਉਹ ਉਸ ਦੇ ਸ਼ੁਕਰਗੁਜ਼ਾਰ ਸਨ। ਉਨ੍ਹਾਂ ਦੀਆਂ ਸੋਚਾਂ ਵਿਅਰਥ ਹੋ ਗਈਆਂ। ਉਨ੍ਹਾਂ ਦੇ ਮੂਰਖ ਦਿਲ ਹਨੇਰੇ ਨਾਲ ਭਰ ਗਏ ਸਨ। 22 ਭਾਵੇਂ ਉਨ੍ਹਾਂ ਨੇ ਦਾਵ੍ਹਾ ਕੀਤਾ ਸੀ ਕਿ ਉਹ ਸਿਆਣੇ ਹਨ, ਪਰ ਉਹ ਮੂਰਖ ਬਣ ਗਏ। 23 ਉਨ੍ਹਾਂ ਨੇ ਅਬਨਾਸ਼ੀ ਪਰਮੇਸ਼ੁਰ ਨੂੰ ਸਤਿਕਾਰਨਾ ਬੰਦ ਕਰ ਦਿੱਤਾ, ਤੇ ਇਸਦੀ ਜਗ਼੍ਹਾ ਉਨ੍ਹਾਂ ਨੇ ਮੂਰਤੀਆਂ ਦੀ ਉਪਾਸਨਾ ਕਰਨੀ ਸ਼ੁਰੂ ਕਰ ਦਿੱਤੀ। ਜੋ ਧਰਤੀ ਦੇ ਲੋਕਾਂ ਵਾਂਗ ਦਿਖਦੀਆਂ ਹਨ। ਉਨ੍ਹਾਂ ਨੇ ਪੰਛੀਆਂ, ਜਾਨਵਰਾਂ ਤੇ ਸੱਪਾਂ ਵਰਗੀਆਂ ਨਾਸ਼ਵਾਨ ਚੀਜ਼ਾਂ ਵਾਸਤੇ ਪਰਮੇਸ਼ੁਰ ਦੀ ਮਹਿਮਾ ਦਾ ਵਪਾਰ ਕੀਤਾ।
24 ਲੋਕੀਂ ਪਾਪਾਂ ਨਾਲ ਭਰੇ ਹੋਏ ਸਨ ਅਤੇ ਸਿਰਫ਼ ਮੰਦੀਆਂ ਗੱਲਾਂ ਹੀ ਕਰਨਾ ਚਾਹੁੰਦੇ ਸਨ। ਇਸ ਲਈ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੇ ਪਾਪੀ ਰਾਹ ਵੱਲ ਜਾਣ ਲਈ ਛੱਡ ਦਿੱਤਾ। ਇਸ ਲਈ ਉਹ ਇੱਕ ਦੂਜੇ ਨਾਲ ਸ਼ਰਮਨਾਕ ਗੱਲਾਂ ਕਰਕੇ ਆਪਣੇ ਸਰੀਰਾਂ ਦੀ ਗਲਤ ਵਰਤੋਂ ਕਰਨ ਲੱਗੇ। 25 ਉਨ੍ਹਾਂ ਨੇ ਪਰਮੇਸ਼ੁਰ ਦੇ ਸੱਚ ਨੂੰ ਇੱਕ ਝੂਠ ਵਿੱਚ ਬਦਲ ਦਿੱਤਾ। ਉਨ੍ਹਾਂ ਨੇ ਉਸ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਦੀ ਉਪਾਸਨਾ ਅਤੇ ਸੇਵਾ ਕੀਤੀ ਪਰ ਉਸ ਪਰਮੇਸ਼ੁਰ ਦੀ ਨਹੀਂ, ਜਿਸਨੇ ਉਨ੍ਹਾਂ ਚੀਜ਼ਾਂ ਨੂੰ ਬਣਾਇਆ ਸੀ। ਸਿਰਫ਼ ਪਰਮੇਸ਼ੁਰ ਦੀ ਹੀ ਉਸਤਤਿ ਸਦਾ ਹੋਣੀ ਚਾਹੀਦੀ ਹੈ। ਆਮੀਨ।
26 ਪਰਮੇਸ਼ੁਰ ਨੇ ਉਨ੍ਹਾਂ ਨੂੰ ਸ਼ਰਮਸਾਰੀ ਵਾਲੀਆਂ ਗੱਲਾਂ ਕਰਨ ਲਈ ਛੱਡ ਦਿੱਤਾ, ਜਿਨ੍ਹਾਂ ਦੀ ਉਨ੍ਹਾਂ ਨੇ ਇੱਛਾ ਕੀਤੀ ਸੀ। ਉਨ੍ਹਾਂ ਦੀਆਂ ਔਰਤਾਂ ਨੇ ਮਰਦਾਂ ਨਾਲੋਂ ਜਿਨਸੀ ਸੰਬੰਧ ਤੋੜ ਲਏ ਅਤੇ ਦੂਸਰੀਆਂ ਔਰਤਾਂ ਨਾਲ ਜਿਨਸੀ ਸੰਬੰਧ ਜੋੜ ਲਏ। 27 ਇਸੇ ਤਰ੍ਹਾਂ ਮਰਦਾਂ ਨੇ ਵੀ ਔਰਤਾਂ ਨਾਲ ਜਿਨਸੀ ਸੰਬੰਧ ਤੋੜ ਲਏ ਅਤੇ ਆਪਸ ਵਿੱਚ ਕਾਮਾਤੁਰ ਹੋਕੇ ਕਾਮਅਗਨੀ ਵਿੱਚ ਮੱਚਣ ਲੱਗੇ। ਇੰਝ ਮਰਦਾਂ ਨੇ ਇੱਕ ਦੂਜੇ ਨਾਲ ਸ਼ਰਮਸਾਰ ਕੰਮ ਕਰਨੇ ਸ਼ੁਰੂ ਕਰ ਦਿੱਤੇ ਅਤੇ ਇਸ ਕਰਕੇ ਉਨ੍ਹਾਂ ਨੂੰ ਆਪਣੇ ਸਰੀਰਾਂ ਵਿੱਚ, ਕੀਤੇ ਬੁਰੇ ਕੰਮਾਂ ਦੀ ਸਜ਼ਾਂ ਭੁਗਤਨੀ ਪਈ।
28 ਲੋਕਾਂ ਨੇ ਪਰਮੇਸ਼ੁਰ ਦੇ ਸੱਚੇ ਗਿਆਨ ਨੂੰ ਪਾਉਣਾ ਜ਼ਰੂਰੀ ਨਾ ਸਮਝਿਆ, ਤੇ ਪਰਮੇਸ਼ੁਰ ਨੇ ਉਨ੍ਹਾਂ ਨੂੰ ਉਨ੍ਹਾਂ ਦੀਆਂ ਨਿਕੰਮੀਆਂ ਸੋਚਾਂ ਤੇ ਛੱਡ ਦਿੱਤਾ। ਤਾਂ ਲੋਕ ਉਹ ਕੰਮ ਕਰਨ ਲੱਗ ਪਏ ਜਿਹੜੇ ਕਿ ਉਨ੍ਹਾਂ ਨੂੰ ਨਹੀਂ ਕਰਨੇ ਚਾਹੀਦੇ ਸਨ। 29 ਉਹ ਲੋਕ ਹਰ ਤਰ੍ਹਾਂ ਦੇ ਪਾਪਾਂ, ਬਦੀ, ਸੁਆਰਥ, ਨਫ਼ਰਤ, ਦੁਸ਼ਮਣੀ, ਕਤਲ, ਲੜਾਈ, ਬੇਈਮਾਨੀ ਨਾਲ ਭਰੇ ਹੋਏ ਹਨ ਅਤੇ ਉਹ ਦੂਜਿਆਂ ਬਾਰੇ ਭੈੜੀਆਂ ਗੱਲਾਂ ਸੋਚਦੇ ਹਨ। 30 ਉਹ ਲੋਕ ਅਫ਼ਵਾਹਾਂ ਫ਼ੈਲਾਉਂਦੇ ਗੱਪਾਂ ਮਾਰਦੇ ਅਤੇ ਇੱਕ ਦੂਜੇ ਬਾਰੇ ਨਿੰਦਾ ਕਰਦੇ ਰਹਿੰਦੇ ਹਨ। ਉਹ ਪਰਮੇਸ਼ੁਰ ਨੂੰ ਘਿਰਣਾ ਕਰਦੇ ਹਨ। ਉਹ ਢੀਠ, ਹੰਕਾਰੀ, ਸ਼ੇਖੀਬਾਜ਼, ਹਨ ਅਤੇ ਉਹ ਬਦਕਰਨੀਆਂ ਕਰਨ ਲਈ ਨਿੱਤ ਨਵੇਂ ਰਾਹਾਂ ਦੀ ਈਜਾਦ ਕਰਦੇ ਹਨ। ਉਹ ਆਪਣੇ ਮਾਪਿਆਂ ਦੇ ਆਗਿਆਕਾਰੀ ਵੀ ਨਹੀਂ। 31 ਉਹ ਮੂਰਖ ਹਨ। ਉਹ ਆਪਣੇ ਵਚਨ ਵੀ ਨਹੀਂ ਨਿਭਾਉਂਦੇ ਤੇ ਨਾ ਹੀ ਦੂਜੇ ਲੋਕਾਂ ਲਈ ਕੋਈ ਦਯਾ ਭਾਵਨਾ ਜਾਂ ਨਿਮਰਤਾ ਰੱਖਦੇ ਹਨ। 32 ਉਹ ਲੋਕ ਪਰਮੇਸ਼ੁਰ ਦੇ ਨੇਮ ਤੋਂ ਵਾਕਿਫ਼ ਹਨ। ਉਹ ਜਾਣਦੇ ਹਨ ਕਿ ਪਰਮੇਸ਼ੁਰ ਦਾ ਨੇਮ ਇਹ ਆਖਦਾ ਹੈ ਕਿ ਜਿਹੜੇ ਲੋਕ ਅਜਿਹਾ ਜੀਵਨ ਬਤੀਤ ਕਰਦੇ ਹਨ ਉਹ ਮਰ ਜਾਣੇ ਚਾਹੀਦੇ ਹਨ। ਫ਼ਿਰ ਵੀ ਉਹ ਉਹੀ ਬਦਕਰਨੀਆਂ ਕਰਨੀਆਂ ਜਾਰੀ ਰੱਖਦੇ ਹਨ, ਅਤੇ ਉਹ ਉਨ੍ਹਾਂ ਲੋਕਾਂ ਨੂੰ ਵੀ ਮਨਜ਼ੂਰੀ ਦਿੰਦੇ ਹਨ ਜਿਹੜੇ ਇਸ ਤਰ੍ਹਾਂ ਦੀਆਂ ਬਦਕਾਰੀਆਂ ਕਰਦੇ ਹਨ।
1:17 ਹਵਾਲਾ: ਹਬੱਕੂਕ 2:4